Friday, November 30, 2012

ਕੁਲਦੀਪ ਮਾਣਕ ਨੂੰ ਚੇਤੇ ਕਰਦਿਆਂ


        ਕੁਲਦੀਪ ਮਾਣਕ ਨੂੰ ਚੇਤੇ ਕਰਦਿਆਂ

                      ਰਣਜੀਤ ਸਿੰਘ ਪ੍ਰੀਤ   

             ਕਿਸੇ ਵੀ ਖੇਤਰ ਵਿੱਚ ਅਮਿੱਟ ਪੈੜਾਂ ਪਾਉਣ ਵਾਲਿਆਂ ਨੂੰ ਦੁਨੀਆਂ ਯਾਦ ਕਰਿਆ ਕਰਦੀ ਹੈ । ਇਤਿਹਾਸ ਦੇ ਪੰਨੇ ਉਸ ਦੇ ਵੇਰਵੇ ਸਾਂਭਣਾ ਆਪਣਾ ਸੁਭਾਗ ਸਮਝਿਆ ਕਰਦੇ ਹਨ । ਅਜਿਹੀ ਸਥਿੱਤੀ ਦਾ ਲਖਾਇਕ ਹੀ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ (ਨੇੜੇ ਭਗਤਾ ਭਾਈ ਕਾ) ਵਿਖੇ ਗਾਇਕ ਨਿੱਕਾ ਖਾਨ ਦੇ ਘਰ 15 ਨਵੰਬਰ 1951 ਨੂੰ ਜਨਮਿਆਂ ਸਾਡਾ ਜਮਾਤੀ ਲਤੀਫ਼ ਮੁਹੰਮਦ ,ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ । ਉਸ ਦੇ ਪੂਰਵਜ਼ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਦਰਬਾਰ ਵਿੱਚ ਹਜ਼ੂਰੀ ਰਾਗੀ ਸਨ । ਇਸ ਤਰ੍ਹਾ ਮੁਹੰਮਦ ਲਤੀਫ਼ ਨੂੰ ਗਾਇਕੀ ਦੀ ਗੁੜਤੀ ਵਿਰਸੇ ਵਿੱਚੋਂ ਮਿਲੀ ।

               ਸਦੀਕ ਅਤੇ ਰਫ਼ੀਕ ਦੇ ਭਰਾਤਾ ਲੱਧੇ ਦਾ ਜਲਾਲ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਅਧਿਆਪਕਾਂ ਦੇ ਥਾਪੜੇ ਨਾਲ ਬੋਲ ਬਾਲਾ ਹੁੰਦਾ । ਉਹ ਅਕਸਰ ਹੀ ਗਾਇਆ ਕਰਦਾ ਗੱਲ ਸੁਣ ਓ ਭੋਲਿਆ ਜੱਟਾ,ਤੇਰੇ ਸਿਰ ਪੈਂਦਾ ਘੱਟਾ,ਵਿਹਲੜ ਬੰਦੇ ਮੌਜਾਂ ਮਾਣਦੇਹਾਕੀ ਖਿਡਾਰੀ ਲੱਧੇ ਨੇ ਦਸਵੀ ਕਰਨ ਦੇ ਨਾਲ ਹੀ ਫ਼ਿਰੋਜ਼ਪੁਰ ਪਹੁੰਚ ਕਵਾਲ ਖ਼ੁਸ਼ੀ ਮਹੰਮਦ ਤੋਂ ਸੰਗੀਤ ਸਿਖਿਆ ਲੈਣੀ ਸ਼ੁਰੂ ਕੀਤੀ । ਮੁਹੰਮਦ ਲਤੀਫ਼ ,ਲੱਧਾ,ਫਿਰ ਕੁਲਦੀਪ ਮਣਕਾ ਅਖਵਾਉਂਦੇ ਨੇ ਜਦ ਇੱਕ ਸਮਾਗਮ ਸਮੇ ਗਾਇਆ,ਤਾਂ ਉੱਥੇ ਮੌਜੂਦ ਪੰਜਾਬ ਦੇ ਮੁਖ ਮੰਤਰੀ ਸ.ਪਰਤਾਪ ਸਿੰਘ ਕੈਰੋਂ ਨੇ 100 ਰੁਪਏ ਇਨਾਮ ਦਿੰਦਿਆਂ ਕਿਹਾ ਇਹ ਤਾਂ ਮਾਣਕ ਹੈ ਮਾਣਕ । ਇਸ ਤਰ੍ਹਾਂ ਮਣਕਾ ਤੋਂ ਮਾਣਕ ਬਣ ਉਹ ਬਠਿੰਡਾ ਛੱਡ ਲੁਧਿਆਣੇ ਕਲਾਕਾਰਾਂ ਨੂੰ ਮਿਲਦਾ ਮਿਲਦਾ,ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਕਰਨ ਲੱਗਿਆ । ਦਿੱਲੀ ਵਿਖੇ 1968 ਵਿੱਚ ਐਚ ਐਮ ਵੀ ਨੇ ਕੇਸਰ ਸਿੰਘ ਨਰੂਲਾ ਦੇ ਸੰਗੀਤ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈ ਕੱਲ੍ਹ ਦੀ ਕੁੜੀ ਸੀਮਾਂ ਨਾਲ ਡਿਊਟ ਗੀਤ ਵਜੋਂ ਗਾਇਆ । ਗੁਰਦੇਵ ਸਿੰਘ ਮਾਨ ਦਾ ਗੀਤ ਲੌਂਗ ਕਰਾ ਮਿੱਤਰਾ,ਮੱਛਲੀ ਪਾਉਂਣਗੇ ਮਾਪੇ,ਵੀ ਇਸ ਵਿੱਚ ਸ਼ਾਮਲ ਸੀ । ਇਸ ਨਾਲ ਰਾਤੋ ਰਾਤੋ ਮਾਣਕ ਮਾਣਕ ਹੋ ਗਈ ।

                  ਸੋਲੋ ਗਾਇਕੀ ਵੱਲ ਮੁੜੇ ਮਾਣਕ ਨੂੰ ਦੇਵ ਥਰੀਕੇਵਾਲੇ ਨੇ ਪਹਿਚਾਣਿਆਂ ਅਤੇ ਆਪਣੇ ਨਾਲ ਜੋੜ ਲਿਆ । ਲੋਕ ਗਥਾਵਾਂ ਲਿਖ ਲਿਖ ਕੇ ਦਿੱਤੀਆਂ ਅਤੇ ਮਾਣਕ ਦਾ ਪਹਿਲਾ ਈ ਪੀ ਪੰਜਾਬ ਦੀਆਂ ਲੋਕ ਗਾਥਾਵਾਂ (1973) ਰਿਕਾਰਡ ਹੋਇਆ । ਫਿਰ ਐਚ ਐਮ ਵੀ ਨੇ ਹੀ 1976 ਵਿੱਚ ਐਲ ਪੀ ਇੱਕ ਤਾਰਾ ਮਾਰਕੀਟ ਵਿੱਚ ਉਤਾਰਿਆ । ਇਸ ਵਿਲਾ ਗੀਤ ਤੇਰੇ ਟਿੱਲੇ ਤੋਂ ਸੂਰਤ ਦੀਹਦੀ ਐ ਹੀਰ ਦੀ ਨੇ ਸਮਕਾਲੀਆਂ ਨੂੰ ਸੋਚੀਂ ਪਾ ਦਿੱਤਾ । ਉਹਦੇ ਨਾਅ ਨਾਲ ਸ਼ਬਦ ਕਲੀਆਂ ਦਾ ਬਾਦਸ਼ਾਹ ਜੁੜ ਗਿਆ । ਏਸੇ ਦੌਰਾਂਨ ਮਾਣਕ ਦਾ ਰਾਬਤਾ ਚਰਨਜੀਤ ਅਹੂਜਾ ਨਾਲ ਬਣਿਆਂ । ਸਰਬਜੀਤ ਕੌਰ ਸ਼ਾਦੀ ਹੋਈ ,ਬੇਟਾ ਯੁਧਵੀਰ ਅਤੇ ਬੇਟੀ ਸ਼ਕਤੀ ਵਿਹੜੇ ਦੀ ਰੌਣਕ ਬਣੇ ।
                      ਗਾਇਕੀ ਦੇ ਨਾਲ ਨਾਲ ਉਸਨੇ ਬਲਵੀਰੋ ਭਾਬੀ,ਰੂਪ ਸ਼ੁਕੀਨਣ ਦਾ,ਬਗਾਵਤ,ਵਿਹੜਾ ਲੰਬੜਾ ਦਾ,ਲੰਬੜਦਾਰਨੀ,ਸੈਦਾ ਜੋਗਨ,ਸੱਸੀ ਪੁਨੂੰ ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕਰਿਆ ਅਤੇ ਯਾਰਾਂ ਦਾ ਟਰੱਕ ਬੱਲੀਏ ਵਰਗੇ ਗੀਤ ਲੋਕਾਂ ਦਾ ਜ਼ੁਬਾਂਨ ਰਸ ਬਣੇ । ਉਸਦੇ ਗਾਏ ਦਰਜਨਾਂ ਗੀਤ ਲੋਕ ਗੀਤਾਂ ਵਾਂਗ ਪੰਜਾਬੀਆਂ ਲਈ ਅੱਜ ਵੀ ਤਰੋ-ਤਾਜ਼ਾ ਹਨ ਅਤੇ ਲੋਕ ਚਾਅ ਨਾਲ ਗੁਣਗੁਣਾਉਂਦੇ ਹਨ । ਮਾਣਕ ਦੀਆਂ 41 ਧਾਰਮਿਕ ਟੇਪਾਂ,ਈ ਪੀ, ਪੀ ਆਦਿ ਸਮੇਤ ਕੁੱਲ 198 ਟੇਪਾਂ ਰਿਕਾਰਡ ਹੋਈਆਂ । ਉਸ ਨੇ 90 ਗੀਤਕਾਰਾਂ ਦੇ ਗੀਤ 26 ਸੰਗੀਤਕਾਰਾਂ ਦੀਆਂ ਤਰਜ਼ਾਂ ਤੇ ਗਾਏ । ਜਿੱਥੇ ਉਸ ਨੇ 1977-78 ਵਿੱਚ ਪਹਿਲਾ ਸਫ਼ਲ ਵਿਦੇਸ਼ੀ ਟੂਰ ਲਾਇਆ,ਉਥੇ ਸਤਿੰਦਰ ਬੀਬਾ,ਸੁਰਿੰਦਰ ਕੌਰ, ਗੁਰਮੀਤ ਬਾਵਾ, ਅਮਰਜੋਤ ਕੌਰ, ਗੁਲਸ਼ਨ ਕੋਮਲ,ਕੁਲਵੰਤ ਕੋਮਲ,ਪ੍ਰਕਾਸ਼ ਕੌਰ ਸੋਢੀ,ਦਿਲਬਾਗ਼ ਕੌਰ, ਅਤੇ ਪ੍ਰਕਾਸ਼ ਸਿੱਧੂ ਨਾਲ ਵੀ ਮਾਣਕ ਨੇ ਗਾਇਕੀ ਸਾਥ ਦਿੱਤਾ । ਆਜ਼ਾਦ ਉਮੀਦਵਾਰ ਵਜੋਂ 1996 ਵਿੱਚ ਬਠਿੰਡਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ ,ਪਰ ਸਫਲਤਾ ਨਾ ਮਿਲੀ । ਗਾਇਕੀ ਖੇਤਰ ਦੇ ਇੱਕ ਮੁਕਾਬਲੇ ਵਿੱਚ ਨਾਮੀ ਕਲਾਕਾਰਾਂ ਤੋਂ ਅੱਗੇ ਲੰਘਦਿਆਂ ਅੰਬੈਸਡਰ ਕਾਰ ਵੀ ਇਨਾਮ ਵਜੋਂ ਜਿਤੀ । ਪੰਜਾਬ ਸਰਕਾਰ ਵੱਲੋਂ ਹੁਣ ਰਾਜ ਗਾਇਕ ਦਾ ਪੁਰਸਕਾਰ ਵੀ ਦਿੱਤਾ ਗਿਆ ਹੈ ।                           
                           1968 ਤੋਂ 2011 ਤੱਕ ਗਾਇਕੀ ਨਾਲ ਰਾਬਤਾ ਬਣਾਈ ਰੱਖਣ ਵਾਲੇ ਮਾਣਕ ਦਾ ਦਲੀਪ ਸਿੰਘ ਸਿੱਧੂ ਕਣਕਵਾਲੀਆ,ਕਰਨੈਲ ਸਿੱਧੂ ਜਲਾਲ ਨਾਲ ਵੀ ਬਹੁਤ ਪਿਆਰ ਰਿਹਾ । ਮਾਣਕ ਨੇ ਪਹਿਲਾ ਲੋਕ ਗੀਤ ਮਾਂ ਮਿਰਜ਼ੇ ਦੀ ਬੋਲਦੀ ਅਤੇ ਉਹਨੂੰ ਮੌਤ ਨੇ ਵਾਜਾਂ ਮਾਰੀਆਂ ਗਾਇਆ । ਪਰ ਸ਼ਰਾਬ ਨੇ ਉਹਦੇ ਗੁਰਦਿਆਂ ਵਿੱਚ ਖ਼ਰਾਬੀ ਲਿਆ ਦਿੱਤੀ । ਫਿਰ ਇਕਲੌਤੇ ਪੁੱਤਰ ਯੁਧਵੀਰ ਦੇ ਬਰੇਨ ਹੈਮਰਿਜ ਨੇ ਉਸ ਨੂੰ ਅਸਲੋਂ ਹੀ ਤੋੜ ਦਿੱਤਾ । ਫੇਫੜਿਆਂ ਦੀ ਸਮੱਸਿਆ ਹੋਣ ਕਰਕੇ ਡੀ ਐਮ ਸੀ ਵਿਖੇ ਦਾਖਲ ਕਰਵਾਇਆ ਗਿਆ । ਜਿੱਥੇ 30 ਨਵੰਬਰ 2011 ਨੂੰ ਉਸ ਨੇ ਆਖ਼ਰੀ ਸਾਹ ਲਿਆ ਅਤੇ ਜਲਾਲ ਵਿਖੇ ਸਪੁਰਦ ਇ ਖ਼ਾਕ ਕੀਤਾ ਗਿਆ । ਮਾਣਕ ਦੀ ਆਖਰੀ ਕੈਸਟ ਮਹਾਰਾਜਾ ਹੈ । ਜਿਸ ਵਿੱਚ ਉਸ ਦੇ ਦੋ ਗੀਤ ਹਨ । ਬਾਕੀ ਜੈਜੀ ਬੈਂਸ ਅਤੇ ਯੁਧਵੀਰ ਮਾਣਕ ਦੇ ਹਨ ।

             ਇਸ ਮਹਾਂਨ ਲੋਕ ਗਾਇਕ ਦੀ ਯਾਦ ਵਿੱਚ ਇੱਕ ਯਾਦ  ਵਜੋਂ ਭਗਤਾ ਭਾਈਕਾ ਵਿਖੇ ਭੂਤਾਂ ਵਾਲੇ ਖੂਹ ਤੇ ਉਹਦੇ ਸ਼ਗਿਰਦ ਗਾਇਕ ਗੁਰਦੀਪ ਬਰਾੜ,ਚਹੇਤਿਆਂ,ਜਮਾਤੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਹਿਲੀ ਬਰਸੀ ਮੌਕੇ 2 ਦਸੰਬਰ ਐਤਵਾਰ ਨੂੰ ਗਾਇਕੀ ਮੇਲਾ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਹਰੇਕ ਨੂੰ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ । ਇਹ ਮੇਲਾ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਜਾਰੀ ਰਹੇਗਾ । ਆਓ ਉਸ ਦਿਨ ਸਾਰੇ ਰਲਕੇ ਉਸ ਮਹਾਂਨ ਸ਼ਖ਼ਸ਼ੀਅਤ ਨੂੰ ਯਾਦ ਕਰਦੇ ਹੋਏ ਸ਼ਰਧਾਜਲੀ ਭੇਂਟ ਕਰੀਏ,ਤਾਂ ਜੋ ਸਾਡਾ ਆਪਣਾ ਹੀ ਪਿਆਰਾ ਸਾਡੇ ਸਾਹਾਂ ਦੀ ਸੁਗੰਧੀ ਵਿੱਚ ਵਾਸਾ ਕਰਦਾ ਰਹੇ ਅਤੇ ਉਹਦੀ ਚੁੱਪ ਮੌਜੂਦਗੀ ਦਾ ਅਹਿਸਾਸ ਚੇਤਿਆਂ ਦਾ ਸ਼ਹਿਨਸ਼ਾਹ ਬਣਿਆਂ ਰਹੇ ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;-9815707232

Sunday, November 25, 2012

ਪੰਜਾਬੀ ਲੋਕ ਗੀਤਾਂ ਦੀ ਮਹਿਕ ; ਸੁਰਿੰਦਰ ਕੌਰ


   ਮਾਵਾਂ'ਤੇ ਧੀਆਂ ਰਲ ਬੈਠੀਆਂ ਨੀ ਮਾਏ (ਸੁਰਿੰਦਰ ਕੌਰ ਅਤੇ ਧੀ ਡੌਲੀ)
       ਪੰਜਾਬੀ ਲੋਕ ਗੀਤਾਂ ਦੀ ਮਹਿਕ ; ਸੁਰਿੰਦਰ ਕੌਰ
                         ਰਣਜੀਤ ਸਿੰਘ ਪ੍ਰੀਤ          
           ਜਦੋਂ ਲੜਕੀ ਲਈ ਘਰੋਂ ਬਾਹਰ ਜਾਣਾ,ਪੜ੍ਹਾਈ ਕਰਨਾ,ਸੁੰਦਰ ਕਪੜੇ ਪਹਿਨਣਾ ਸਮਾਜ ਦੀਆਂ ਨਜ਼ਰਾਂ ਵਿੱਚ ਦਾਲ ਵਿਚਲੇ ਕੋਕੜੂਆਂ ਵਾਂਗ ਸੀ, ਠੀਕ ਉਸ ਸਮੇ ਪ੍ਰਕਾਸ਼ ਕੌਰ ਅਤੇ ਫਿਰ ਸੁਰਿੰਦਰ ਕੌਰ ਨੇ ਉਸਦੀ ਰੀਸੋ-ਰੀਸੀ ਇਹਨਾਂ ਗੱਲਾਂ ਤੋਂ ਬਗਾਵਤ ਕਰਦਿਆਂ ਸ਼ਰੇਆਮ ਗਾਇਕੀ ਖੇਤਰ ਨੂੰ ਅਪਣਾਇਆ । ਜਿਸ ਨੂੰ ਲੋਕ ਨਫ਼ਰਤ ਕਰਿਆ ਕਰਦੇ ਸਨ । ਨਾਈਟਿੰਗੇਲ ਆਫ਼ ਪੰਜਾਬ ਅਖਵਾਈ ਸੁਰਿੰਦਰ ਕੌਰ ਦਾ ਜਨਮ ਲਾਹੌਰ ਵਿੱਚ 25 ਨਵੰਬਰ 1929 ਪਿਤਾ ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆਉਸ ਦੀਆਂ ਚਾਰ ਭੈਣਾਂ, (ਪ੍ਰਕਾਸ਼ ਕੌਰ, ਮੁਹਿੰਦਰ ਕੌਰ, ਮਨਜੀਤ ਕੌਰ, ਤੇ ਨਰਿੰਦਰ ਕੌਰ) ਅਤੇ ਪੰਜ ਭਰਾ ਸਨ ਪਰ ਹੁਣ ਇਹਨਾਂ ਵਿੱਚੋਂ ਮਨਜੀਤ ਕੌਰ ਦਾ ਸਾਥ ਹੀ ਉਸ ਲਈ ਬਾਕੀ ਰਹਿ ਗਿਆ ਸੀ । ਬਾਰਾਂ  ਸਾਲ ਦੀ ਉਮਰ ਵਿਚ ਸੁਰਿੰਦਰ ਕੌਰ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਦੇ ਨਾਲ ਹੀ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿਖਿਆ ਹਾਸਲ ਕਰਨ ਲੱਗੀ | ਜਿਸ ਦੀ ਬਦੌਲਤ ਅਗਸਤ 1943 ਵਿਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿਚ ਪਹਿਲੀ ਵਾਰ ਲਾਹੋਰ ਰੇਡੀਓ ਤੇ ਗਾਇਆ | ਏਸੇ ਸਾਲ ਦੀ 31 ਅਗਸਤ ਨੂੰ ਐਚ ਐਮ ਵੀ ਨੇ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ  ਮਾਵਾਂ ਤੇ ਧੀਆਂ ਰਲ ਬੈਠੀਆਂ ਰਿਕਾਰਡ ਕਰਿਆ , ਜੋ ਬਹੁਤ ਸਲਾਹਿਆ ਗਿਆ ।
                      ਦੇਸ਼ ਵੰਡ ਸਮੇ ਉਹ ਪਰਿਵਾਰ ਦੇ ਨਾਲ ਹੀ ਗਾਜ਼ੀਆਬਾਦ (ਦਿੱਲੀ) ਆ ਵਸੀ ਅਤੇ ਫੇਰ ਮੁੰਬਈ ।  ਓਥੇ ਉਸਨੇ 1948 ਵਿਚ ਪਿਠਵਰਤੀ ਗਾਇਕਾ ਵਜੋਂ ਫਿਲਮ ਸ਼ਹੀਦਲਈ ਯਾਦਗਾਰੀ ਗੀਤ ਬਦਨਾਮ ਨਾ ਹੋ ਜਾਏ ਮੁਹਬਤ ਕਾ ਫ਼ਸਾਨਾਰਿਕਾਰਡ ਕਰਵਇਆ | ਸਨ 1952 ਚ ਵਾਪਸ ਦਿੱਲੀ ਪਰਤੀ ਸੁਰਿੰਦਰ ਦਾ ਵਿਆਹ ਦਿੱਲੀ ਯੂਨੀਵਰਸਿਟੀ  ਵਿਚ ਪੰਜਾਬੀ ਸਾਹਿਤ ਦੇ ਲੇਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਗਿਆ । ਜੋ ਉਸਦਾ ਵਿਸ਼ੇਸ਼ ਸਹਾਇਕ ਅਤੇ ਸਹਿਯੋਗੀ ਬਣਿਆਂ । ਆਪ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ ,ਜਿੰਨ੍ਹਾਂ ਵਿੱਚੋਂ ਵੱਡੀ ਡੌਲੀ ਗੁਲੇਰੀਆਂ ਪੰਜਾਬੀ ਦੀ ਨਾਮਵਰ ਗਾਇਕਾ ਹੈ । *ਚੰਨ ਕਿਥਾ ਗੁਜਰੀ ਆ ਰਾਤ ਵੇ”,”*ਲੱਠੇ ਦੀ ਚਾਦਰ” ,” *ਸ਼ੋਕਣ ਮੇਲੇ ਦੀ” ,” *ਗੋਰੀ ਦੀਆਂ ਝਾਂਜਰਾਂ” “*ਸੜਕੇ-ਸੜਕੇ ਜਾਂਦੀਏ ਮੁਟਿਆਰੇ* ਮਾਵਾਂ ਤੇ ਧੀਆਂ”, *ਜੁੱਤੀ ਕਸੂਰੀ ਪੈਰੀ ਨਾ ਪੂਰੀ”, *ਮਧਾਣੀਆਂ”, *ਇਹਨਾ ਅੱਖੀਆ ਚ ਪਾਵਾਂ ਕਿਵੇਂ ਕਜਲਾ* ਗਮਾਂ ਦੀ ਰਾਤ  ਲੰਮੀ ਏ ਜਾਂ ਮੇਰੇ ਗੀਤ *ਸੂਹੇ ਵੇ ਚੀਰੇ ਵਾਲਿਆਵਰਗੇ ਕਈ ਯਾਦਗਾਰੀ ਗੀਤ ਵੀ ਰਿਕਾਰਡ ਕਰਵਾਏ | ਇਹੋ ਜਿਹੇ ਸਦਾ ਬਹਾਰ ਗੀਤਾਂ ਦੀ ਗਾਇਕਾ ਨੇ ਬਾਬਾ ਬੁਲੇ ਸ਼ਾਹ ਦੀਆਂ ਕਾਫੀਆਂ ਤੋਂ ਇਲਾਵਾ ਨੰਦ ਲਾਲ ਨੂਰਪੁਰੀ , ਅਮ੍ਰਿਤਾ ਪ੍ਰੀਤਮ ,ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੁੰ ਪ੍ਰਮੁੱਖਤਾ ਦਿੱਤੀ ।

                     ਆਸਾ ਸਿੰਘ ਮਸਤਾਨਾ,ਕਰਨੈਲ ਗਿੱਲ,ਹਰਚਰਨ ਗਰੇਵਾਲ , ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਦੋਗਾਨਿਆ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਉਂਣ ਵਾਲੀ ਅਤੇ ਕਈ ਮੁਲਕਾਂ ਦੇ ਸਫ਼ਲ ਟੂਰ ਲਾਉਂਣ ਵਾਲੀ ਸੁਰਿੰਦਰ ਦੇ ਗੀਤਾਂ ਦੀ ਉਦੋਂ ਲੈਅ ਹੀ ਬਦਲ ਗਈ ਜਦ 1975 ਵਿੱਚ ਉਸ ਦੇ ਪਤੀ ਨੂੰ ਮੌਤ ਨੇ ਦਬੋਚ ਲਿਆ । ਪਰ ਉਹ ਕਸੀਸ ਵੱਟ ਇਹਨਾਂ ਹਾਲਾਤਾਂ ਵਿੱਚ ਆਪਣੀ ਬੇਟੀ ਰੁਪਿੰਦਰ ਕੌਰ (ਡੌਲੀ ਗੁਲੇਰੀਆ) ਅਤੇ ਦੋਹਤੀ ਸੁਨੈਨਾ ਨਾਲ ਮਿਲਕੇ ਗਾਉਂਦੀ ਰਹੀ । ਸੁਰਿੰਦਰ ਕੌਰ: ਦ ਥ੍ਰੀ ਜਨਰੇਸ਼ਨਸਨਾਅ ਦੀ ਐਲਬਮ ਵੀ 1995 ਵਿਚ ਰਿਲੀਜ ਹੋਈ    

               ਪੰਜਾਬ ਦੀ ਕੋਇਲ, ਸੰਗੀਤ ਨਾਟਕ ਅਕੈਡਮੀ ਐਵਾਰਡ (1984),ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ,ਪਦਮ ਸ਼੍ਰੀ ਐਵਾਰਡ (2006),ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ (2002),ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਨਸ ਅਤੇ ਥਿਏਟਰ ਵਰਗੇ ਐਵਾਰਡ-ਸਨਮਾਨ ਹਾਸਲ ਕਰਨ ਵਾਲੀ ਸੁਰਿੰਦਰ ਕੌਰ ਆਪਣੀ ਮਿੱਟੀ ਦੇ ਮੋਹ ਦੀ ਮਾਰੀ 2004 ਵਿੱਚ ਪੰਚਕੂਲਾ ਜਾ ਵਸੀ । ਉਸ ਨੇ ਜੀਰਕਪੁਰ ਵਿਖੇ ਵੀ ਘਰ ਬਣਾਇਆ । ਪਰ 22 ਦਸੰਬਰ 2005 ਨੂੰ ਉਹ ਹਰਟ ਅਟੈਕ ਦਾ ਸ਼ਿਕਾਰ ਹੋ ਗਈ ਅਤੇ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਠੀਕ ਹੋਣ ਉਪਰੰਤ ਦਿੱਲੀ ਵਿਖੇ ਜਨਵਰੀ 2006 ਵਿੱਚ ਉਹ ਪਦਮ ਸ਼੍ਰੀ ਐਵਾਰਡ ਹਾਸਲ ਕਰਨ ਲਈ ਵੀ ਪਹੁੰਚੀ । ਸਿਹਤ ਦੀ ਖ਼ਰਾਬੀ ਸਦਕਾ 2006 ਵਿੱਚ ਉਸ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਲੜਕੀਆਂ ਕੋਲ ਜਾਣਾ ਪਿਆ । ਜਿੱਥੇ ਉਸ ਨੂੰ ਨਿਊ ਜਰਸੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਪਰ ਹਸਪਤਾਲ ਵਿੱਚ ਹੀ ਪੰਜਾਬ ਦੀ ਇਸ ਮਹਾਂਨ ਗਾਇਕਾ ਨੇ 15 ਜੂਨ 2006 ਨੂੰ ਆਖ਼ਰੀ ਸਾਹ ਲਿਆ । ਪੰਜਾਬੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ । ਅੱਜ ਉਹ ਜਿਸਮਾਨੀ ਤੌਰ ਤੇ ਤਾਂ ਭਾਵੇਂ ਸਾਡੇ ਵਿੱਚ ਨਹੀਂ ਰਹੀ,ਪਰ ਆਪਣੀ ਕਲਾ ਸਹਾਰੇ ਉਹ ਚੇਤਿਆਂ ਵਿੱਚੋਂ ਦੂਰ ਨਹੀਂ ਜਾ ਸਕਦੀ । ਖ਼ਾਸ਼ਕਰ ਉਤਨੀ ਦੇਰ,ਜਿਤਨੀ ਦੇਰ ਤੱਕ ਸਾਫ਼-ਸੁਥਰੀ ਗਾਇਕੀ ਗਾਉਂਣ ਅਤੇ ਸੁਣਨ ਵਾਲੇ ਮੌਜੂਦ ਹਨ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232

Saturday, November 17, 2012

ਬਿੰਦਰੱਖੀਏ ਨੂੰ ਚੇਤੇ ਕਰਦਿਆਂ


                     ਬਿੰਦਰੱਖੀਏ ਨੂੰ ਚੇਤੇ ਕਰਦਿਆਂ
                                                ਰਣਜੀਤ ਸਿੰਘ ਪ੍ਰੀਤ
                             ਜੇ ਪਿਛਲੇ ਡੇਢ ਕੁ ਦਹਾਕੇ ਵੱਲ ਮੋੜਾ ਕੱਟੀਏ ਤਾਂ ਕਰਮਜੀਤ ਧੂਰੀ ਤੋਂ ਮਗਰੋਂ ਕੰਨ ਉੱਤੇ ਹੱਥ ਰੱਖ ਕੇ 42 ਸਕਿੰਟਾਂ ਦੀ ਲੰਬੀ ਹੇਕ ਦਾ ਰਿਕਾਰਡ ਬਨਾਉਂਣ ਵਾਲਾ ਸੁਟਜੀਤ ਬਿੰਦਰੱਖੀਆ ਦੂਜਿਆਂ ਤੋਂ ਮੁਹਰੀ ਬਣਿਆਂ ਰਿਹਾ । ਸ਼ਾਇਦ ਇਹ ਗੱਲ ਅੱਜ ਵੀ ਕਈਆਂ ਨੂੰ ਪਤਾ ਨਾ ਹੋਵੇ ਕਿ ਉਹ ਯੂਨੀਵਰਸਿਟੀ ਤੱਕ ਕੁਸ਼ਤੀਆਂ ਵੀ ਲੜਦਾ ਰਿਹਾ ਅਤੇ ਕਬੱਡੀ ਖੇਡਣਾ ਵੀ ਉਹਦਾ ਸ਼ੌਕ ਰਿਹਾ । ਆਨੰਦਪੁਰ ਸਾਹਿਬ ਅਤੇ ਰੋਪੜ ਦੇ ਕਾਲਜ ਵਿੱਚੋਂ ਬੀ ਏ ਕਰਨ ਸਮੇਂ ਕਾਲਜ ਦੀ ਭੰਗੜਾ ਟੀਮ ਲਈ,ਦਮਦਾਰ,ਉੱਚੀ ਅਤੇ ਸੁਰੀਲੀ ਆਵਾਜ਼ ਵਿੱਚ ਬੋਲੀਆਂ ਪਾਉਂਣਾ ਵੀ ਉਹਦਾ ਹਾਸਲ ਸੀ ।

          ਇਸ ਆਵਾਜ਼ ਦੇ ਭਲਵਾਨ ਸੁਰਜੀਤ ਦਾ ਜਨਮ ਪਿੰਡ ਬਿੰਦਰੱਖ (ਰੂਪਨਗਰ) ਵਿੱਚ 15 ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ । ਸੁੱਚਾ ਸਿੰਘ ਖ਼ੁਦ ਭਲਵਾਨ ਸੀ ,ਅਤੇ ਇਲਾਕੇ ਵਿੱਚ ਉਹਦੀ ਝੰਡੀ ਸੀ । ਉਹ ਸੁਰਜੀਤ ਨੂੰ ਵੀ ਭਲਵਾਨ ਜਾਂ ਉਹਦੀਆਂ ਬੋਲੀਆਂ ਆਦਿ ਤੋਂ ਪ੍ਰਭਾਵਿਤ ਹੋ ਉਸ ਨੂੰ ਗਾਇਕ ਬਨਾਉਂਣ ਦਾ ਚਾਹਵਾਨ ਸੀ । ਸੁਰਜੀਤ ਨੇ ਸੰਗੀਤ ਸਿਖਿਆ ਅਤੁਲ ਸ਼ਰਮਾਂ ਤੋਂ ਹਾਸਲ ਕੀਤੀ । ਸਭ ਤੋਂ ਪਹਿਲਾਂ 1991 ਵਿੱਚ ਜੱਟ ਜਿਓਣਾ ਮੌੜ ਅਤੇ ਮੁੰਡੇ ਆਖਦੇ ਪਟਾਖਾ ਨਾਲ ਉਸ ਨੇ ਹਾਜ਼ਰੀ ਲਵਾਈ । ਫਿਰ ਦੁਪੱਟਾ ਤੇਰਾ ਸੱਤ ਰੰਗ ਦਾ,ਤੇਰੇ ਚ ਤੇਰਾ ਯਾਰ ਬੋਲਦਾ,ਬੱਸ ਕਰ ਬੱਸ ਕਰ,ਜੱਟ ਦੀ ਪਸੰਦ ਵਰਗੇ ਗੀਤਾਂ ਨੇ ਉਸ ਨੂੰ ਫਰਸ਼ ਤੋਂ ਅਰਸ਼ ਤੇ ਪੁਚਾ ਦਿੱਤਾ । ਪਹਿਲਾਂ ਉਹ ਆਪਣੇ ਨਾਅ ਨਾਲ ਬੈਂਸ,ਸਾਗਰ ਵੀ ਲਿਖਦਾ ਰਿਹਾ। ਪਰ ਫਿਰ ਉਸ ਨੇ ਪਿੰਡ ਦਾ ਨਾਅ ਹੀ ਆਪਣੇ ਨਾਅ ਨਾਲ ਜੋੜ ਲਿਆ । ਪ੍ਰੀਤ ਕਮਲ ਨਾਲ 27 ਅਪ੍ਰੈਲ 1990 ਨੂੰ ਸ਼ਾਦੀ ਹੋੱਈ ਅਤੇ ਬੇਟੇ ਗੀਤਾਜ਼ ਬਿੰਦਰੱਖੀਆ (ਗਾਇਕ) ਅਤੇ ਬੇਟੀ ਮੀਨਾਜ਼ ਬਿੰਦਰੱਖੀਆ ਦਾ ਪਿਤਾ ਬਣਿਆਂ ।

              ਬਿੰਦਰੱਖੀਆ ਦੇ ਪਹਿਲਾਂ ਗਾਏ ਗੀਤਾਂ ਦਾ ਰੀਮਿਕਸ 1990 ਵਿੱਚ ਹੀ ਤਿਆਰ ਹੋ ਗਿਆ ਸੀ । ਏਥੇ ਮੇਰੀ ਨੱਥ ਡਿੱਗ ਪਈ ਨੇ ਧਮਾਲਾਂ ਪਾਈਆਂ ਸਨ । ਪਰ 1995 ਵਿੱਚ ਗਾਏ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ ਨੇ ਇੰਗਲੈਂਡ ਦੇ ਹਫ਼ਤਾਵਾਰੀ ਚਾਰਟ ਵਿੱਚ ਸਿਖਰਲਾ ਸਥਾਨ ਮੱਲ ਕੇ ਰਿਕਾਰਡ ਬਣਾਇਆ । ਆਕਾਸ਼ਵਾਣੀ ਜਲੰਧਰ ਤੋਂ ਪਹਿਲਾ ਗੀਤ ਸਾਡਾ ਚਿੜੀਆਂ ਦਾ ਚੰਬਾ ਵੇ  ਬਾਬਲ ਅਸੀਂ ਉੱਡ ਜਾਣਾ ਰਿਕਾਰਡ ਕਰਵਾਇਆ । ਏਥੋਂ ਤੱਕ ਕਿ ਬਿੰਦਰੱਖੀਏ ਦੀ ਭੰਗੜਾ ਟੀਮ ਨੇ ਦਿੱਲੀ ਦੀਆਂ 1982 ਵਾਲੀਆਂ ਏਸ਼ੀਆਈ ਖੇਡਾਂ ਸਮੇ ਵੀ ਧੰਨ ਧੰਨ ਕਰਵਾਈ । ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ 1985 ਨੂੰ ਮੇਰੇ ਚਰਖੇ ਦੀ ਟੁੱਟ ਗਈ ਮਾਹਲ ਗਾ ਕੇ ਸਭ ਦੇ ਮਨ ਮੋਹ ਲਏ । ਆਰਟ ਲਿੰਕ ਮੁਹਾਲੀ, ਇਕ ਮਹਿਕਦੀ ਸ਼ਾਮ ਪ੍ਰੋਗਰਾਮ, ਟੈਗੋਰ ਥੀਏਟਰ ਵਿਚ 28 ਨਵੰਬਰ 1986 ਨੂੰ ਭਾਗ  ਲੈਂਦਿਆਂ ਸ਼ਹੀਦ ਭਗਤ ਸਿੰਘ ਸਨਮਾਨ ਵੀ ਹਾਸਲ ਕਰਿਆ ਅਤੇ ਏਥੇ ਹੀ ਸ਼ਮਸ਼ੇਰ ਸੰਧੂ ਨਾਲ ਮੁਲਾਕਾਤ ਹੋਈ । ਅਵਾਜ਼ ਦੀ ਵਿਲੱਖਣਤਾ ਅਤੇ ਸਟੇਜੀ ਹਾਵ ਭਾਵ ਆਮ ਗਾਇਕਾਂ ਤੋਂ ਵੱਖਰੇ ਸਨ । ਇਸ ਨੇ ਆਮ ਨਾਲੋਂ ਹਟ ਕੇ ਭੰਗੜਾ ਬੀਟ,ਮਿਰਜ਼ਾ,ਜੁਗਨੀ,ਲੋਕ ਤੱਥ,ਟੱਪੇ,ਬੋਲੀਆਂ,ਨੂੰ ਸਫ਼ਲਤਾ ਨਾਲ ਗਾ ਕੇ ਆਪਣੇ ਆਪ ਨੂੰ ਸਹੀ ਰੂਪ ਵਿੱਚ ਲੋਕ ਗਾਇਕ ਵਜੋਂ ਸਥਾਪਤ ਕੀਤਾ ।
                 28 ਸੋਲੋ ਹਿੱਟ ਕੈਸਿਟਾਂ ਤੋਂ ਬਿਨਾਂ 6 ਰੀਮਿਕਸ (3 ਧਾਰਮਿਕ,3 ਵੀਡੀਓ,3 ਅਖਾੜੇ )ਵੀ ਪੰਜਾਬੀਆਂ ਦੀ ਝੋਲੀ ਪਾਈਆਂ । ਸਭ ਤੋਂ ਵੱਧ ਸ਼ਮਸ਼ੇਰ ਸੰਧੂ ਦੇ ਗੀਤ ਗਾਉਂਣ ਵਾਲੇ ਬਿੰਦਰੱਖੀਏ ਨੇ ਕੁੱਲ 34 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਬਹੁਤਿਆਂ ਨੂੰ ਅਤੁਲ ਸ਼ਰਮਾ ਨੇ ਸੰਗੀਤ ਨਾਲ ਨਿਖਾਰਿਆ-ਸ਼ਿੰਗਾਰਿਆ । ਅਣਖ ਜੱਟਾਂ ਦੀ, ਜ਼ੋਰਾਵਰ,ਬਦਲਾ ਜੱਟੀ ਦਾ,ਜੱਟ ਜਿਓਣਾ ਮੌੜ,ਕਚਹਿਰੀ,ਜੱਟ ਸੁੱਚਾ ਸੂਰਮਾਂ,ਵੈਰੀ, ਰੱਬ ਦੀਆਂ ਰੱਖਾ ਫ਼ਿਲਮਾਂ ਵਿੱਚ ਵੀ ਉਹਦੇ ਗੀਤ ਮੌਜੂਦ ਹਨ । ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਂਣੀਆਂ ,ਕਿਸੇ ਐਰੇ ਗੈਰੇ ਦੇ ਵੱਸ ਦਾ ਕੰਮ ਨਹੀਂ ਹੈ । ਮੁਖੜਾ ਕੈਸਿਟ ਨਾਲ ਉਹ ਡੀ ਜੇ ਦਾ ਕਿੰਗ ਅਖਵਾਇਆ । ਉਸਦੇ ਗਾਏ ਗੀਤ ਲੋਕ ਗੀਤਾਂ ਵਾਂਗ ਅੱਜ ਵੀ ਤਰੋ ਤਾਜ਼ਾ ਹਨ;- * ਵੰਗ ਵਰਗੀ ਕੁੜੀ*ਜਵਾਨੀ*ਗੱਭਰੂ ਗੁਲਾਬ ਵਰਗਾ*ਫੁੱਲ ਕੱਢਦਾ ਫੁਲਕਾਰੀ*ਅੱਡੀ ਉੱਤੇ ਘੁੰਮ*ਸੁਹਣੀ ਨਾਰ*ਇਸ਼ਕੇ ਦੀ ਅੱਗ ਅਤੇ ਹੁਸਨ ਕਮਾਲ ਦਾ ਨੇ ਕਮਾਲਾਂ ਕਰੀ ਰੱਖੀਆਂ ।
                  ਜਦ 17 ਨਵੰਬਰ 2003 ਨੂੰ ਸਵੇਰੇ ਸਵੇਰੇ ਲੋਕਾਂ ਨੇ ਖ਼ਬਰਾਂ ਸੁਣੀਆਂ ਤਾਂ ਪੰਜਾਬੀਆਂ ਦੇ ਤਾਂ ਹੋਸ਼ ਈ ਉੱਡ ਗਏ । ਇਹ ਖ਼ਬਰ ਵਾਰ ਵਾਰ ਦਿਖਾਈ-ਸੁਣਾਈ ਜਾ ਰਹੀ ਸੀ ਕਿ ਮੁਹਾਲੀ ਦੇ ਫੇਸ -7 ਵਿਖੇ ਆਪਣੇ ਨਿਵਾਸ ਉੱਤੇ ਸੁਰਜੀਤ ਬਿੰਦਰੱਖੀਆ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ । ਪੰਜਾਬੀ ਜਗਤ ਵਿੱਚ ਚੁੱਪ ਪਸਰ ਗਈ ਸੀ । ਪਰ ਜੋ ਭਾਣਾ ਵਾਪਰਨਾ ਸੀ ਉਹ ਤਾਂ  ਵਾਪਰ ਹੀ ਚੁੱਕਾ ਸੀ । ਬਿੰਦਰੱਖੀਏ ਦੀਆਂ ਆਪਣੀਆਂ ਗਾਈਆਂ ਇਹ ਗੱਲਾਂ ਸੱਚ ਹੋ ਗਈਆਂ ਸਨ ;-
ਹੋਵੀਂ ਨਾ ਨਰਾਜ਼ ਵੇ ਤੂੰ ਹੋਵੀਂ ਨਾ ਨਿਰਾਸ਼ ਵੇ,
ਡੋਲੀ ਵਿੱਚ ਮੈ ਨੀ ਜਾਣਾ ਜਾਊ ਮੇਰੀ ਲਾਸ਼ ਵੇ,
ਗੱਲਾਂ ਸੱਚੀਆਂ,ਭਾਵੇਂ ਨਾ ਸੱਚ ਜਾਣੀ,
ਮੈ ਕੱਲ੍ਹ ਤੱਕ ਨਹੀਂ ਰਹਿਣਾ
ਵੇ ਮੈ ਤਿੜਕੇ ਘੜੇ ਦਾ ਪਾਣੀ ।
                                  **********************************
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;9815707232

Thursday, November 15, 2012

ਦੋਹਾਂ ਟੀਮਾਂ ਲਈ ਪਰਖ਼ ਦਾ ਸਮਾਂ


          ਦੋਹਾਂ ਟੀਮਾਂ ਲਈ ਪਰਖ਼ ਦਾ ਸਮਾਂ
                                                      ਰਣਜੀਤ ਸਿੰਘ ਪ੍ਰੀਤ
                  ਇੰਗਲੈਂਡ ਕ੍ਰਿਕਟ ਟੀਮ ਏਲਿਸਟਰ ਕੁੱਕ ਦੀ ਕਪਤਾਨੀ ਅਧੀਨ 30 ਅਕਤੂਬਰ 2012 ਤੋਂ 27 ਜਨਵਰੀ 2013 ਤੱਕ 4 ਟੈਸਟ ਮੈਚ ,5 ਇੱਕ ਰੋਜ਼ਾ ਮੈਚ ਅਤੇ ਦੋ ਟੀ-20 ਮੈਚ ਖੇਡਣ ਲਈ ਭਾਰਤ ਆ ਚੁੱਕੀ ਹੈਜਿਸ ਨੇ 30 ਅਕਤੂਬਰ ਤੋਂ  ਮੁੰਬਈ ਵਾਲੇ ਅਭਿਆਸੀ ਮੈਚ ਨਾਲ ਟੂਰ ਸ਼ੁਰੂ ਕਰਿਆ ਹੈ ਦੋਹਾਂ ਮੁਲਕਾਂ ਦੇ ਕ੍ਰਿਕਟ ਸਬੰਧ 1932 ਵਿੱਚ ਲਾਰਡਜ਼ ਵਿਖੇ ਹੋਏ ਪਹਿਲੇ ਟੈਸਟ ਮੈਚ ਨਾਲ ਸ਼ੁਰੂ ਹੋਏ ਹਨ ਉਦੋਂ ਇੰਗਲੈਂਡ ਨੇ 269 ਅਤੇ 275/8 ਰਨਜ਼ ਬਣਾਏ ਸਨ,ਪਰ ਭਾਰਤੀ ਟੀਮ 189,187 ਰਨਜ਼ ਹੀ ਬਣਾ ਸਕੀ ਸੀਇਸ ਤਰਾਂ ਇੰਗਲੈਂਡ ਟੀਮ 158 ਦੌੜਾਂ ਦੇ ਫ਼ਰਕ ਨਾਲ ਪਹਿਲੀ ਜੇਤੂ ਬਣੀ ਸੀਇੰਗਲੈਂਡ ਟੀਮ ਨੇ 1933-34 ਵਿੱਚ ਭਾਰਤ ਦਾ ਦੌਰਾ ਕੀਤਾਭਾਰਤ ਦੀ ਸਰ ਜਮੀਂ ਤੇ ਪਹਿਲਾ ਟੈਸਟ ਮੈਚ ਜਿਮਖਾਨਾ (ਮੁੰਬਈ) ਵਿਖੇ ਖੇਡਿਆ ਗਿਆ,ਇੰਗਲੈਂਡ ਟੀਮ 9 ਵਿਕਟਾਂ ਨਾਲ ਜੇਤੂ ਰਹੀ ਦੋਹਾਂ ਮੁਲਕਾਂ ਦਰਮਿਆਂਨ ਹੁਣ ਤੱਕ 103 ਟੈਸਟ ਮੈਚ ਹੋਏ ਹਨ,ਜਿਹਨਾਂ ਵਿੱਚੋਂ ਭਾਰਤ ਨੇ 19 ਅਤੇ ਇੰਗਲੈਂਡ ਨੇ 38 ਜਿੱਤੇ ਹਨਜਦੋਂ ਕਿ 46 ਮੈਚ ਬਰਾਬਰ ਰਹੇ ਹਨਦੋਹਾਂ ਮੁਲਕਾਂ ਨੇ ਆਪਣੇ ਕ੍ਰਿਕਟ ਇਤਿਹਾਸ ਦਾ 100 ਟੈਸਟ ਮੈਚ 21 ਤੋਂ 25 ਜੁਲਾਈ 2011 ਤੱਕ ਲਾਰਡਜ਼ ਵਿੱਚ ਖੇਡਿਆਜੋ ਇੰਗਲੈਂਡ ਨੇ ਜਿੱਤਿਆ, 103 ਵਾਂ ਟੈਸਟ ਮੈਚ 18 ਤੋਂ 22 ਅਗਸਤ ਤੱਕ ਕੇਨਿੰਗਸਟਨ ਓਵਲ (ਲੰਡਨ) ਵਿੱਚ ਹੋਇਆਮੌਜੂਦਾ ਟੂਰ ਦੀ ਸ਼ੁਰੂਆਤ 104 ਵੇਂ ਟੈਸਟ ਮੈਚ ਨਾਲ ਅੱਜ15 ਨਵੰਬਰ ਤੋਂ ਹੋਣੀ ਹੈਇੰਗਲੈਂਡ 1984-85 ਤੋਂ ਭਾਰਤ ਵਿੱਚ ਸਫ਼ਲ ਨਹੀਂ ਹੋ ਰਿਹਾ ਹੈਜੇ ਕਰ ਭਾਰਤੀ ਟੀਮ ਇਹ ਟੈਸਟ ਲੜੀ 2-0 ਜਾਂ ਇਸ ਤੋਂ ਵੱਧ ਅੰਤਰ ਨਾਲ ਜਿੱਤ ਲੈਂਦੀ ਹੈ,ਤਾਂ ਭਾਰਤੀ ਟੀਮ ਰੈਂਕਿੰਗ ਵਿੱਚ 5 ਵੇਂ ਸਥਾਨ ਤੋਂ ਤੀਜੇ ਸਥਾਨ ਉੱਤੇ ਆ ਪਹੁੰਚੇਗੀ ਜੇ ਇੰਗਲੈਂਡ ਟੀਮ ਇਹ ਟੈਸਟ ਲੜੀ 3-0 ਨਾਲ ਜਿੱਤਦੀ ਹੈ ਤਾਂ ਉਸਦਾ ਸਿਖ਼ਰਲਾ ਸਥਾਨ ਹੀ ਬਰਕਰਾਰ ਰਹੇਗਾ
                    ਇੰਗਲੈਂਡ ਅਤੇ ਭਾਰਤ ਦਰਮਿਆਨ ਪਹਿਲਾ ਇੱਕ ਰੋਜ਼ਾ ਮੈਚ 13 ਜੁਲਾਈ 1974 ਨੂੰ ਹੈਡਿੰਗਲੇ ਲੀਡਜ਼ ਵਿੱਚ ਹੋਇਆ ਅਤੇ 4 ਵਿਕਟਾਂ ਨਾਲ ਇੰਗਲੈਂਡ ਦੇ ਹਿੱਸੇ ਰਿਹਾਹੁਣ ਤੱਕ ਦੋਹਾਂ ਮੁਲਕਾਂ ਨੇ 81 ਇੱਕ ਰੋਜ਼ਾ ਮੈਚ ਖੇਡੇ ਹਨ,ਜਿਹਨਾਂ ਵਿੱਚੋਂ ਭਾਰਤ ਨੇ 43, ਇੰਗਲੈਂਡ ਨੇ 33 ਜਿੱਤੇ ਹਨ,ਜਦੋਂ ਕਿ ਦੋ ਮੈਚ ਟਾਈਡ ਹੋਏ ਹਨ, 3 ਮੈਚ ਬੇ-ਸਿੱਟਾ ਰਹੇ ਹਨਦੋਹਾਂ ਮੁਲਕਾਂ ਨੇ 5 ਟੀ-20 ਖੇਡੇ ਹਨ, ਭਾਰਤ ਨੇ 2 ਅਤੇ ਇੰਗਲੈਂਡ ਨੇ 3 ਜਿੱਤੇ ਹਨਪਹਿਲਾ ਮੈਚ 19 ਸਤੰਬਰ 2007 ਨੂੰ ਡਰਬਨ ਵਿੱਚ ਭਾਰਤ ਨੇ 18 ਦੌੜਾਂ ਨਾਲ ਅਤੇ ਆਖ਼ਰੀ ਮੈਚ ਟੀ-20 ਵਿਸ਼ਵ ਕੱਪ 2012 ਦੌਰਾਂਨ 23 ਸਤੰਬਰ ਨੂੰ ਕੋਲੰਬੋ ਵਿੱਚ ਵੀ ਭਾਰਤ ਨੇ ਹੀ 90 ਦੌੜਾਂ ਦੇ ਫ਼ਰਕ ਨਾਲ ਜਿੱਤਿਆ ਹੈ
   
              ਭਾਰਤ ਵਿੱਚ ਦੋਹਾਂ ਮੁਲਕਾਂ ਨੇ 40 ਇੱਕ ਰੋਜ਼ਾ ਮੈਚ ਖੇਡੇ ਹਨ,ਜਿਨ੍ਹਾਂ ਵਿੱਚੋ ਭਾਰਤ ਨੇ 26,ਇੰਗਲੈਂਡ ਨੇ 13 ਜਿੱਤੇ ਹਨ।। ਜਦੋਂ ਕਿ ਇੱਕ ਮੈਚ ਟਾਈ ਰਿਹਾ ਹੈ ਭਾਰਤ ਦੇ ਸਚਿਨ ਤੇਂਦੂਲਕਰ ਨੇ 1455 ਦੌੜਾਂ (17 ਮੈਚ,37 ਪਾਰੀਆਂ),ਵੱਧ ਵਿਕਟਾਂ 36 ਹਰਭਜਨ ਸਿੰਘ (23 ਮੈਚ) ਦੇ ਹਿੱਸੇ ਰਹੀਆਂ ਹਨਵਧੀਆ ਬੱਲੇਬਾਜ਼ੀ ਨਾਬਾਦ 138 ਦੌੜਾਂ ਯੁਵਰਾਜ ਸਿੰਘ ਦੀਆਂ (78 ਗੇਂਦਾਂ,ਤੇ) ਅਤੇ ਵਧੀਆ ਗੇਂਦਬਾਜ਼ੀ ਅਸ਼ੀਸ਼ ਨੈਹਿਰਾ ਦੀ 6 ਵਿਕਟਾਂ (23 ਰਨਜ਼) ਰਹੀ ਹੈਇੰਗਲੈਂਡ ਵਿੱਚ 33 ਮੈਚ ਹੋਏ ਹਨ,ਭਾਰਤ ਨੇ 11 ਅਤੇ ਇੰਗਲੈਂਡ ਨੇ 18 ਮੈਚ ਜਿੱਤੇ ਹਨਤਿੰਨ ਮੈਚਾਂ ਦਾ ਫ਼ੈਸਲਾ ਨਹੀ ਹੋਇਆ ਹੈਇੱਕ ਮੈਚ ਟਾਈ ਰਿਹਾ ਹੈਹੋਰਨਾਂ ਥਾਵਾਂ 'ਤੇ ਦੋਹਾਂ ਦੇਸ਼ਾਂ ਨੇ 8 ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ 6 ਭਾਰਤ ਨੇ,2 ਇੰਗਲੈਂਡ ਨੇ,ਜਿੱਤੇ ਹਨਇੰਗਲੈਂਡ ਦੇ ਪਾਲ ਕੌਲਿੰਗਵੁੱਡ ਨੇ 866 ਰਨ (14 ਮੈਚ,31 ਪਾਰੀਆਂ),ਵੱਧ ਵਿਕਟਾਂ ਐਂਡਰਿਊ ਫਿਲਟਾਫ 37 (30 ਮੈਚ),ਵੱਧ ਸਕੋਰ ਐਂਡਰਿਊ ਸਟਰਾਸ 158 ਰਨਜ਼ (145 ਗੇਂਦਾਂ),ਅਤੇ ਵਧੀਆ ਗੇਂਦਬਾਜ਼ੀ ਰੋਨੀ ਇਰਾਨੀ ਦੀ 5 ਵਿਕਟਾਂ (26 ਦੌੜਾਂ),ਨਾਲ ਰਹੀ ਹੈਇੰਗਲੈਂਡ ਪਿਛਲੇ ਤਿੰਨ ਦੌਰਿਆਂ ਦੌਰਾਨ ਭਾਰਤੀ ਟੀਮ ਤੋਂ ਇੱਕ ਰੋਜ਼ਾ ਮੈਚਾਂ ਵਿੱਚ 5-1,5-0 ਅਤੇ 5-0 ਨਾਲ ਮਾਤ ਖਾ ਚੁੱਕਿਆ ਹੈਸ਼ੁਰੂ ਹੋ ਚੁੱਕੇ ਮੌਜੂਦਾ ਟੂਰ ਦੌਰਾਂਨ ਵਿਸ਼ੇਸ਼ ਗੱਲ ਇਹ ਵੀ ਹੈ ਕਿ ਕ੍ਰਿਕਟ ਨਾਲ ਸਬੰਧਤ ਤਿੰਨੋਂ ਵੰਨਗੀਆਂ ਦੇ ਮੁਕਾਬਲੇ ਹੋਣੇ ਹਨ ਅਤੇ ਭਾਰਤ ਨੇ ਆਪਣੇ ਬਿਹਤਰ ਪ੍ਰਦਰਸ਼ਨ ਦਾ ਪ੍ਰਗਟਾਵਾ ਕਰਨਾ ਹੈਇਸ ਵਾਰ ਟੈਸਟ ਮੈਚ,ਇੱਕ ਰੋਜ਼ਾ ਮੈਚ ਅਤੇ ਟੀ-20 ਮੈਚ ਖੇਡੇ ਜਾਣੇ ਹਨਫ਼ਿਲਮੀ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਇਸ ਸੀਰੀਜ਼ ਦਾ ਨਾਂਅ ਨਵਾਬ ਪਟੌਦੀ ਟਰਾਫ਼ੀ ਰੱਖਣ ਦੀ ਵੀ ਲਿਖਤੀ ਮੰਗ ਕੀਤੀ ਸੀ,ਪਰ ਉਸਦੀ ਇਹ ਮੰਗ ਇਹ ਕਹਕੇ ਖਾਰਜ ਕਰ ਦਿੱਤੀ ਕਿਓਂਕਿ 1951 ਤੋਂ ਇਹ ਲਡ਼ੀ ਪਹਿਲੇ ਕ੍ਰਿਕਟ ਸਕੱਤਰ ਐਂਥਨੀ ਡਿਮੈਲੋ ਦੇ ਨਾਅ ਨਾਲ ਚੱਲਦੀ ਆ ਰਹੀ ਹੈ ਅਤੇ ਇਸ ਵਿੱ ਤਬਦੀਲੀ ਕਰਨਾ ਮੁਨਾਸਿਬ ਨਹੀਂ ਹੈ ਕਿਹੜੀ ਟੀਮ ਕਿੰਨੀ ਦਮ-ਖਮ ਵਾਲੀ ਰਹਿੰਦੀ ਹੈ,ਇਸ ਦਾ ਪਤਾ ਤਾਂ ਸਾਲ 2013 ਦੀ 27 ਜਨਵਰੀ ਨੂੰ ਹੀ ਸਪੱਸ਼ਟ ਹੋ ਸਕੇਗਾਉਂਜ ਭਾਵੇਂ ਦੋ ਵੰਨਗੀਆਂ ਦੇ ਨਤੀਜੇ ਇਸ ਤੋਂ ਪਹਿਲਾਂ ਹੀ ਮਿਲ ਜਾਣਗੇਦੋਹਾਂ ਮੁਲਕਾਂ ਦਾ 11 ਜਨਵਰੀ ਵਾਲਾ ਮੈਚ ਨਵੇਂ ਸਾਲ 2013 ਦਾ ਪਲੇਠਾ ਮੈਚ ਬਣੇਗਾ
ਖੇਡੀ ਜਾਣ ਵਾਲੀ ਲੜੀ ਦਾ ਕੰਪਲੀਟ ਵੇਰਵਾ ਇਓਂ ਹੈ;-
ਟੈਸਟ ਮੈਚਾਂ ਦਾ ਵੇਰਵਾ;-
15 ਤੋਂ 19 ਨਵੰਬਰ  ਅਹਿਮਦਾਬਾਦ (ਪਹਿਲਾ ਟੈਸਟ,9.30)
23 ਤੋਂ 27 ਨਵੰਬਰ  ਮੁੰਬਈ (ਦੂਜਾ ਟੈਸਟ,9.30)
5 ਤੋਂ 9 ਦਸੰਬਰ ਤੀਜਾ ਟੈਸਟ (ਕੋਲਕਾਤਾ,9.30)
13 ਤੋਂ 17 ਦਸੰਬਰ ਚੌਥਾ ਟੈਸਟ (ਨਾਗਪੁਰ,9.30)
ਟੀ-20 ਮੈਚਾਂ ਦਾ ਵੇਰਵਾ;-
20 ਦਸੰਬਰ (ਪੂਨਾ,20.00 ਦਿਨ-ਰਾਤ)
22 ਦਸੰਬਰ  (ਮੁੰਬਈ,20.00 ਦਿਨ-ਰਾਤ)
ਇੱਕ ਰੋਜ਼ਾ ਮੈਚਾਂ ਦਾ ਵੇਰਵਾ ;-
11 ਜਨਵਰੀ (ਰਾਜਕੋਟ,14.30, ਦਿਨ-ਰਾਤ ) ਭਾਰਤ- ਇੰਗਲੈਂਡ ਦਾ ਨਵੇਂ ਸਾਲ ਦਾ ਪਲੇਠਾ ਮੈਚ। ।
15 ਜਨਵਰੀ (ਕੋਚੀ,14.30, ਦਿਨ-ਰਾਤ)
19 ਜਨਵਰੀ (ਰਾਂਚੀ,14.30, ਦਿਨ-ਰਾਤ)
23 ਜਨਵਰੀ (ਮੁਹਾਲੀ,12.00)
27 ਜਨਵਰੀ (ਧਰਮਸ਼ਾਲਾ,9.00,)
*************************************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Tuesday, November 13, 2012

ਪਰੰਪਰਾਵਾਂ ਦੇ ਝਰੋਖੇ’ਚੋਂ ; ਦੀਵਾਲੀ


           ਪਰੰਪਰਾਵਾਂ ਦੇ ਝਰੋਖੇਚੋਂ ; ਦੀਵਾਲੀ
                                                ਰਣਜੀਤ ਸਿੰਘ ਪ੍ਰੀਤ
                         ਭਾਰਤ ਦੇ ਹਰ ਪੁਰਾਤਨ ਤਿਓਹਾਰ ਨਾਲ ਇਤਿਹਾਸਕ ਜਾਂ ਮਿਥਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ । ਜਿੰਨ੍ਹਾਂ ਦਾ ਕੇਂਦਰ ਬਿੰਦੂ ਘੁੰਮ-ਘੁਮਾਕੇ ਭਾਵੇਂ ਇੱਕ ਸਥਾਨ ਉੱਤੇ ਹੀ ਆ ਪਹੁੰਚਿਆ ਕਰਦਾ ਹੈ । ਜਾਂ ਇਓਂ ਕਹਿ ਲਓ ਕਿ ਇਹ ਧਾਰਨਾਵਾਂ ਵਿੰਗਾ-ਟੇਡਾ ਰਸਤਾ ਤੈਅ ਕਰਕੇ ਪਰੰਪਰਾਵਾਂ ਦਾ ਰੂਪ ਧਾਰ ਲਿਆ ਕਰਦੀਆਂ ਹਨ ।
              ਦੀਵਾਲੀ ਦਾ ਸਬੰਧ ਕਿਸੇ ਨਾ ਕਿਸੇ ਰੂਪ ਵਿੱਚ ਹਰ ਧਰਮ ਨਾਲ ਜੁੜਦਾ ਹੈ । ਇਸ ਦੀ ਆਮ ਮੰਨੀ ਜਾਣ ਵਾਲੀ ਘਟਨਾ ਸ਼੍ਰੀ ਰਾਮ ਚੰਦਰ ਜੀ ਨਾਲ ਜੁੜਦੀ ਹੈ । ਜੋ 14 ਸਾਲ ਦੇ ਬਣਵਾਸ ਮਗਰੋਂ ਰਾਵਣ ਨੂੰ ਸ਼ਿਕੱਸ਼ਤ ਦੇ ਕੇ,ਜਦ ਅਯੁੱਧਿਆ ਪਰਤੇ ਅਤੇ ਰਾਜ ਗੱਦੀ ਸੰਭਾਲੀ ਤਾਂ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਦੀਵੇ ਜਗਾ ਕੇ ਰੌਸ਼ਨੀ ਕੀਤੀ ।
             ਪੰਜਾਬ ਦੇ ਇਤਿਹਾਸ ਮੁਤਾਬਕ ਜਦ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਰਾਇ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਉਮਰ ਕੈਦ ਭੁਗਤ ਰਹੇ 52 ਰਾਜਿਆਂ ਨੂੰ ਕੈਦ ਤੋਂ ਖ਼ਲਾਸੀ ਦਿਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ,ਉਸ ਦਿਨ ਬਾਬਾ ਬੁੱਢਾ ਜੀ ਨੇ ਦੀਪ ਜਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਹ ਪਰੰਪਰਾ ਤੋਰੀ । ਭਾਈ ਮਨੀ ਸੀੰਘ ਜੀ ਦਾ ਬੰਦ ਬੰਦ ਕੱਟਿਆ ਜਾਣਾਂ ਵੀ ਦੀਵਾਲੀ ਨਾਲ ਹੀ ਸਬੰਧਤ ਹੈ । ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 1833 ਦੀ ਦੀਵਾਲੀ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ । ਚਾਂਦੀ ਦੇ ਚੋਭਾਂ ਵਾਲਾ ਤੰਬੂ ਵੀ ਭੇਂਟਾ ਕੀਤਾ । ਏਵੇਂ 1835 ਦੀ ਦੀਵਾਲੀ ਸਮੇ 511 ਸੋਨੇ ਦੀਆਂ ਮੁਹਰਾਂ ਵੀ ਭੇਂਟ ਕੀਤੀਆਂ ।
              ਮਹਾਂਰਾਸ਼ਟਰ ਦੇ ਲੋਕ ਇਸ ਤਿਓਹਾਰ ਦਾ ਸਬੰਧ ਬਹੁਤ ਚੰਗੇਰੇ ਰਾਜ ਪ੍ਰਬੰਧਕ ਰਾਜਾ ਬਾਲੀ ਨਾਲ ਜੋੜਦੇ ਹਨ । ਮੰਨਿਆਂ ਜਾਂਦਾ ਹੈ ਕਿ ਉਹਨੇ ਦੀਵਾਲੀ ਵਾਲੇ ਦਿਨ ਹੀ ਰਾਜ ਭਾਗ ਸੰਭਾਲਿਆ ਸੀ । ਔਰਤਾਂ ਉਸਦੀਆਂ ਅਕ੍ਰਿਤੀਆਂ ਬਣਾਉਂਦੀਆਂ ਹਨ ਅਤੇ ਪੂਜਾ ਕਰਕੇ, ਮੁੜ ਉਸ ਵਰਗੇ ਚੰਗੇਰੇ ਰਾਜ ਪ੍ਰਬੰਧ ਦੀ ਕਾਮਨਾ ਕਰਦੀਆਂ ਹਨ ।
           ਮੱਧ ਭਾਰਤ ਦੇ ਵਾਸੀ ਇਸ ਤਿਓਹਾਰ ਦਾ ਸਬੰਧ ਮਹਾਰਾਜਾ ਵਿਕਰਮ ਦਿਤਿਯ ਨਾਲ ਜੋੜਕੇ ਮਨਾਉਂਦੇ ਹਨ । ਕਿਹਾ ਜਾਂਦਾ ਹੈ ਕਿ ਏਸੇ ਹੀ ਦਿਨ ਵਿਕਰਮ ਦਿਤਿਯ ਨੇ ਰਾਜ ਗੱਦੀ ਸੰਭਾਲੀ ਸੀ ਅਤੇ ਲੋਕਾਂ ਨੇ ਦੀਪਮਾਲਾ ਕਰਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਸੀ ।
          ਬੰਗਾਲ ਦੇ ਲੋਕ ਇਸ ਦਿਨ ਨੂੰ ਕਾਲੀ ਦੇਵੀ ਕਲਕੱਤੇ ਵਾਲੀ ਵਜੋਂ ਮਨਾਉਂਦੇ ਹਨ । ਉਹ ਇਸ ਦਿਨ ਮਿੱਟੀ ਤੋਂ ਤਿਆਰ ਕੀਤੀ ਕਾਲੀ ਦੇਵੀ ਦੀ ਮੂਰਤੀ ਨੂੰ ਘਰ ਲਿਆ ਕੇ, ਰੁਪਈਆਂ ਵਿੱਚ ਰੱਖ ਕੇ ਪੂਜਾ ਕਰਦੇ ਹਨ । ਚਾਂਦੀ ਦੇ ਰੁਪਿਆਂ ਨੂੰ ਵਿਸ਼ਨੂੰ ਦਾ ਰੂਪ ਮੰਨਦੇ ਹਨ । ਉੱਥੋਂ ਦੇ ਲੋਕ ਕਾਲੀ ਦੇਵੀ ਨੂੰ ਲਕਸ਼ਮੀ ਅਤੇ ਸਰਸਵਤੀ ਕਹਿੰਦੇ ਹਨ ।
                  ਦੀਵਾਲੀ ਵਾਲੀ ਰਾਤ ਨੂੰ ਸਫੈਦੀ ਕੀਤੇ ਘਰਾਂ ਵਿੱਚ ਕੁੜੀਆਂ ਆਪਣੇ ਛੋਟੇ ਜਿਹੇ ਸੰਭਾਵਤ ਘਰ ਹਟੜੀ ਜਾਂ ਘਰੂੰਡੀ ਵਿੱਚ ਖਾਣ-ਪੀਣ ਦਾ ਸਮਾਨ ਅਤੇ ਪੈਸੇ ਆਦਿ ਰੱਖ ਕਿ ਘੱਟੋ-ਘੱਟ 5 ਦੀਵੇ ਜਗਾ ਕੇ ਉਸ ਦੇ ਕੋਲ ਬੈਠ,ਆਪਣੇ ਰੌਸ਼ਨ ਅਤੇ ਖੁਰਾਕ ਭੰਡਾਰਾਂ ਵਾਲੇ ਘਰ ਨੂੰ ਮਨ ਹੀ ਮਨ ਚਿਤਵਿਆ ਕਰਦੀਆਂ ਹਨ ।
          ਦੀਵਾਲੀ ਦਾ ਤਿਓਹਾਰ ਜਿੱਥੇ ਗੁੱਜਰ ਲੋਕ ਬਲਦਾਂ ਦੀ ਪੂਜਾ ਕਰਕੇ ਮਨਾਉਂਦੇ ਹਨ,ਉੱਥੇ ਇਹ ਮੱਤ ਵੀ ਪ੍ਰਚੱਲਤ ਹੈ ਕਿ ਇਹ ਦਿਨ ਸ਼੍ਰੀ ਰਾਮ ਚੰਦਰ ਜੀ ਤੋਂ ਪਹਿਲਾਂ ਵੀ ਯਖ਼ਸ਼ਰਾਤ ਵਜੋਂ ਮਨਾਇਆ ਜਾਂਦਾ ਸੀ । ਉਦੋਂ ਯਖ਼ਸ਼ ਲੋਕ ਕੁਬੇਰ ਅਤੇ ਲਕਸ਼ਮੀ ਦੀ ਪੂਜਾ ਏਸੇ ਰਾਤ ਕਰਿਆ ਕਰਦੇ ਸਨ । ਸ਼੍ਰੀ ਕ੍ਰਿਸ਼ਨ ਜੀ ਵੱਲੋਂ ਕੰਸ ਨੂੰ ਮਾਰ ਕੇ ਅਗਰਸੈਨ ਦੇ ਰਾਜ ਤਿਲਕ ਵਾਲੀ ਗੱਲ ਨਾਲ ਵੀ ਇਸ ਦਿਨ ਨਾਲ ਜੋੜੀ ਜਾਂਦੀ ਹੈ ।
                ਕਹਿੰਦੇ ਹਨ ਕਿ ਇੱਕ ਵਾਰ ਇੱਕ ਔਰਤ ਨੇ ਸੱਪ ਤੋਂ ਆਪਣੇ ਪਤੀ ਨੂੰ ਬਚਾਉਂਣ ਲਈ ਲੋਕਾਂ ਨੂੰ ਦੀਵੇ ਜਗਾ ਕੇ ਚਾਨਣ ਕਰਨ ਲਈ ਕਿਹਾ,ਤਾਂ ਜੋ ਸੱਪ ਨਜ਼ਰ ਪੈ ਜਾਵੇ । ਸੱਪ ਆਇਆ ਦੀਵਿਆਂ ਦੀ ਰੌਸ਼ਨੀ ਵੇਖੀ ਅਤੇ ਵਾਪਸ ਮੁੜ ਗਿਆ । ਅੱਜ ਵੀ ਇਹ ਮੌਸਮੀ ਗੱਲ ਸਹੀ ਮੰਨੀ ਜਾਂਦੀ ਹੈ ਕਿ ਸੱਪ ਦੀਵਾਲੀ ਤੋਂ ਬਾਅਦ ਦਿਖਾਈ ਨਹੀਂ ਦਿੰਦੇ ।
                      ਵਿਗਿਆਨਕ ਤਰਕ ਅਨੁਸਾਰ ਇਹ ਤਿਓਹਾਰ ਸਫਾਈ,ਮੌਸਮ ਅਤੇ ਰੌਸ਼ਨੀ ਨਾਲ ਸਬੰਧਤ ਹੈ । ਸਮੂਹ ਵਰਗ ਦੇ ਲੋਕ ਸਮੂਹਕ ਤੌਰ ਤੇ ਸਫਾਈ ਕਰਦੇ ਹਨ । ਕਿਓਂਕਿ ਗਰਮੀ ਮਗਰੋਂ ਅੰਦਰ ਪੈਣ ਦੀ ਰੁੱਤ ਸਦਕਾ ਅਜਿਹੀ ਸਫਾਈ ਜ਼ਰੂਰੀ ਹੁੰਦੀ ਹੈ । ਸਰ੍ਹੌ ਦੇ ਤੇਲ ਵਾਲੇ ਦੀਵੇ ਨਾਲ ਵਤਾਵਰਣ ਵਿੱਚ ਖ਼ਾਸ਼ ਤਬਦੀਲੀ ਆਉਂਦੀ ਹੈ ।
                              ਪਰ ਇਹ ਸਾਰਾ ਕੁੱਝ ਉਦੋਂ ਧਰਿਆ ਧਰਾਇਆ ਹੀ ਰਹਿ ਜਾਂਦਾ ਹੈ ਜਦ ਪਟਾਖਿਆਂ, ਆਤਿਸ਼ਬਾਜ਼ੀ, ਆਦਿ ਨਾਲ ਜਿੱਥੇ ਧੁਨੀ ਪ੍ਰਦੂਸ਼ਣ ਫ਼ੈਲਦਾ ਹੈ,ਉੱਥੇ ਬਰੂਦ ਨਾਲ ਵੀ ਵਾਤਾਵਰਣ ਗੰਦਲਾ ਹੁੰਦਾ ਹੈ । ਜਿਸ ਨਾਲ ਬਿਮਾਰੀਆਂ ਫੈਲਦੀਆਂ ਹਨ । ਦਮੇ ਵਾਲੇ ਮਰੀਜ਼ਾਂ ਲਈ ਤਾਂ ਇਹ ਬੜਾ ਹੀ ਖ਼ਤਰਨਾਕ ਹੁੰਦਾ ਹੈ । ਕਈ ਲੜਾਈਆਂ,  ਹਾਦਸੇ ਵੀ ਹੋ ਜਾਂਦੇ ਹਨ । ਜੂਆ ਖੇਡਣ ਵਾਲੇ ਆਮ ਹੀ ਸ਼ਰਾਬ ਪੀ ਕੇ ਲੜ ਪੈਂਦੇ ਹਨ । ਹਜ਼ਾਰਾਂ ਨੂੰ ਇਹ ਦੀਵਿਆਂ ਦੀ ਰੌਸ਼ਨੀ ਵਾਲੀ ਰਾਤ ਪੁਲੀਸ ਦੀ ਰੌਸ਼ਨੀ ਵਿੱਚ ਵੀ ਬਿਤਾਉਣੀ ਪੈਂਦੀ ਹੈ । ਲੋੜ ਹੈ ਇਹਨਾਂ ਬੁਰਾਈਆਂ ਉੱਤੇ ਕਾਬੂ ਪਾਉਂਣ ਦੀ,ਮਨਾਂ ਦੇ ਅੰਦਰ ਤੱਕ ਨੇਕ-ਨੀਤੀ ਵਾਲੀ ਰੌਸਨੀ ਨਾਲ ਚਾਨਣ ਕਰਨ ਦੀ,ਤਾਂ ਜੋ ਇਸ ਦਿਨ ਦੀ ਅਹਿਮੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ ਅਤੇ ਚੰਗੇ ਭਾਰਤੀ ਬਣਨ ਦਾ ਮਾਣ ਹਾਸਲ ਹੋ ਸਕੇ ।
ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਬੇ-ਤਾਰ;98157-07232