ਟਰੈਕ ਐਂਡ ਫੀਲਡ ਈਵੈਂਟਸ ਦੀਆਂ ਓਲੰਪਿਕ ਸੋਨ ਪਰੀਆਂ
ਸ਼ੈਲੀ ਆਨ ਫ੍ਰੇਜ਼ਰ ਪਰੇਸੀ
ਰਣਜੀਤ ਸਿੰਘ ਪ੍ਰੀਤ
30 ਵੀਆਂ ਲੰਦਨ ਗਰਮ ਰੁੱਤ ਓਲੰਪਿਕ ਖੇਡਾਂ ਵਿੱਚ ਇਸ ਵਾਰੀ ਜਮਾਇਕਾ ਦੇ ਦੌੜਾਕਾਂ ਨੇ ਤਹਿਲਕਾ ਮਚਾਈ ਰੱਖਿਆ । ਫ਼ਰਾਟਾ ਦੌੜ 100 ਮੀਟਰ ਸ਼ੈਲੀ ਆਨ ਫ੍ਰੇਜ਼ਰ ਪਰੇਸੀ ਨੇ ਜਿੱਤੀ ਅਤੇ ਉਧਰ ਬੋਲਟ ਛਾਇਆ ਰਿਹਾ । ਜਮਾਇਕਾ ਦੇ ਕਿੰਗਸਟਨ ਸ਼ਹਿਰ ਵਿੱਚ 27 ਦਸੰਬਰ 1986 ਨੂੰ ਜਨਮੀ ਸ਼ੈਲੀ ਪਰੇਸੀ ਨੇ 21 ਸਾਲ ਦੀ ਉਮਰ ਵਿੱਚ 100 ਮੀ ਦੌੜ ਵੱਚੋਂ 10.78 ਸੈਕਿੰਡ ਸਮੇਂ ਨਾਲ 2008 ਦੀਆ ਪੇਈਚਿੰਗ (ਚੀਨ) ਓਲੰਪਿਕ ਖੇਡਾਂ ਸਮੇ ਹਿੱਸਾ ਲੈਂਦਿਆਂ, ਸੋਨ ਤਮਗਾ ਜਿੱਤਿਆ । ਉਦੋਂ ਇਸ ਕਰੇਬੀਅਨ ਮਹਿਲਾ ਅਥਲੀਟ ਨੂੰ ਕੋਈ ਨਹੀਂ ਸੀ ਜਾਣਦਾ । ਪਰ 2012 ਦੀਆਂ ਓਲੰਪਿਕ ਖੇਡਾਂ ਸਮੇ 5 ਫੁਟੀ,52 ਕਿਲੋ ਵਜ਼ਨੀ ਇਹ ਦੁਨੀਆਂ ਭਰ ਦੇ ਖੇਡ ਪ੍ਰੇਮੀਆਂ ਦੀਆਂ ਨਿਗਾਹਾਂ ਦਾ ਕੇਂਦਰ ਸੀ । ਲੰਦਨ ਵਿੱਚ ਇਹ ਆਪਣੇ ਤਮਗੇ ਨੂੰ ਸੁਰੱਖਿਅਤ ਰੱਖਣ ਵਾਲੀ ਤੀਜੀ ਅਤੇ ਗੈਰ ਅਮਰੀਕਨ ਪਹਿਲੀ ਮਹਿਲਾ ਅਖਵਾਈ । ਸ਼ੈਲੀ ਨੇ 7 ਨੰਬਰ ਲੇਨ ਵਿੱਚ ਦੌੜਦਿਆਂ 10.75 ਸੈਕਿੰਡ ਨਾਲ ਸੋਨ ਤਮਗਾ ਚੁੰਮਿਆਂ । ਉਂਜ ਉਸਦਾ ਬਿਹਤਰ ਪ੍ਰਦਰਸ਼ਨ ਸਮਾਂ 10.70 ਸੈਕਿੰਡ ਹੈ ।ਐਮ ਵੀ ਪੀ ਕਲੱਬ ਨਾਲ ਸਬੰਧਤ ਸ਼ੈਲੀ ਪਰੇਸੀ ਨੇ 15 ਸਾਲ ਦੀ ਉਮਰ ਵਿੱਚ ਪਹਿਲੀ ਵਾਰੀ ਸੀ ਏ ਸੀ ਜੂਨੀਅਰ ਚੈਂਪੀਅਨਸ਼ਿੱਪ 2002 ਵਿੱਚੋਂ ਬਰਿਜਟਾਊਂਨ ਵਿਖੇ 4 *100 ਮੀ ਰਿਲੇਅ ਦਾ ਸੋਨ ਤਮਗਾ ਜਿੱਤਿਆ । ਸਰਿਫਟਾ ਖੇਡਾਂ (ਅੰਡਰ-20) 2005 ਬਾਕੋਲਿਟ ਵਿਖੇ 4*100 ਮੀ ਰਿਲੇਅ,100 ਮੀ ਫਰਾਟਾ ਦੌੜ ਵਿੱਚੋਂ ਸੋਨੇ ਅਤੇ ਚਾਂਦੀ ਦਾ ਤਮਗਾ ਹਾਸਲ ਕਰਿਆ । ਵਿਸ਼ਵ ਅਥਲੈਟਿਕਸ ਫਾਈਨਲ 2008 ਸਟੂਗਰਟ (100 ਮੀ) ਸੁਨਹਿਰੀ ਤਮਗਾ ਅਤੇ 2009 ਥਿਸਾਲੋਨਿਕੀ ਵਿਖੇ (100 ਮੀ) ਚਾਂਦੀ ਦਾ ਮੈਡਲ ਜਿੱਤਿਆ । ਵਿਸ਼ਵ ਚੈਂਪੀਅਨਸ਼ਿੱਪ 2009 ਬਰਲਿਨ (100 ਮੀ,4*100 ਮੀ ਰਿਲੇਅ) ਸਮੇਂ ਗੋਲਡ ਮੈਡਲ ਜਿੱਤੇ । ਓਸਾਕਾ-2007,ਦਾਇਗੂ-2011 ਸਮੇ 4*100 ਮੀ ਰਿਲੇਅ,ਵਿੱਚੋਂ ਚਾਂਦੀ ਦੇ ਤਮਗੇ ਪ੍ਰਾਪਤ ਕੀਤੇ । ਓਲੰਪਿਕ ਖੇਡਾਂ 2012 ਸਮੇ 200 ਮੀ (22.09 ਸੈਕਿੰਡ),4*100 ਮੀ ਰਿਲੇਅ (41.41 ਸੈਕਿੰਡ)ਵਿੱਚੋਂ ਚਾਂਦੀ ਦੇ ਅਤੇ 2008 ਦੀਆਂ ਓਲੰਪਿਕ ਵਾਂਗ ਹੀ 100 ਮੀ ਵਿੱਚੋਂ ਸੋਨ ਤਮਗਾ ਜਿੱਤ ਕੇ ਓਲੰਪਿਕ ਸੁਨਹਿਰੀ ਪਰੀ ਅਖਵਾਉਂਣ ਦਾ ਮਾਣ ਹਾਸਲ ਕਰਿਆ ਹੈ ।