Monday, December 31, 2012

ਇਤਿਹਾਸਕ ਦ੍ਰਿਸ਼ਟੀ ਤੋਂ ਵਧਾਈ ਕਾਰਡ

       ਇਤਿਹਾਸਕ ਦ੍ਰਿਸ਼ਟੀ ਤੋਂ ਵਧਾਈ ਕਾਰਡ
                              ਰਣਜੀਤ ਸਿੰਘ ਪ੍ਰੀਤ
                       ਅੱਜ ਬਾਜ਼ਾਰ ਵਿੱਚ ਰੰਗ ਬਰੰਗੇ,ਰੰਗ ਬਰੰਗੀਆਂ ਤਸਵੀਰਾਂ ਵਾਲੇ,ਲੱਚਰ ਭਾਸ਼ਾ ਲੱਚਰ ਫੋਟੋਆਂ ਵਾਲੇ,ਤਹਿ ਖੋਲ੍ਹਣ ਉੱਤੇ ਆਈ ਲਵ ਯੂ ਜਾਂ ਹੋਰ ਕਈ ਕਿਸਮ ਦੀਆਂ ਆਵਾਜ਼ਾਂ ਪੈਦਾ ਕਰਨ ਵਾਲੇ ਕਾਰਡ ਵਿਕਿਆ ਕਰਦੇ ਹਨ । ਪਰ ਪਹਿਲੋਂ ਪਹਿਲ ਕਪੜੇ,ਚਮੜੇ,ਜਾਂ ਪੱਤਿਆਂ-ਟਾਹਣੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਰਹੀ ਹੈ । ਇਹ ਕਾਰਡ ਨਵੇਂ ਸਾਲ ਦੀ ਆਮਦ ਮੌਕੇ,ਦੀਵਾਲੀ,ਦੁਸਹਿਰੇ,ਜਨਮ ਦਿਨ,ਵਿਸਾਖੀ ਜਾਂ ਹੋਰ ਅਹਿਮ ਦਿਹਾੜਿਆਂ ਮੌਕੇ ਦੋਸਤ ਆਪਣੇ ਦੂਜੇ ਦੋਸਤਾਂ ਨੂੰ ਵਧਾਈ ਸੰਦੇਸ਼ ਵਜੋਂ ਭੇਜਿਆ ਕਰਦੇ ਹਨ । ਪਰ ਸੱਭ ਤੋਂ ਪਹਿਲਾਂ ਇਹਨਾਂ ਕਾਰਡਾਂ ਦੀ ਵਰਤੋਂ ਕ੍ਰਿਸਮਿਸ ਮੌਕੇ ਹੋਈ । ਇਸ ਕਾਰਡ ਉੱਤੇ ਲੋਕ ਨਾਚ ਕਰਦੇ ਦਿਖਾਏ ਗਏ ਸਨ । ਇਤਿਹਾਸਕ ਹਵਾਲੇ ਮਿਲਦੇ ਹਨ ਕਿ 1843 ਵਿੱਚ ਕਲਕੌਟ ਹਰਸਲੇ ਨੇ ਪਹਿਲਾ ਕਾਰਡ ਡਿਜ਼ਾਇਨ ਕਰਿਆ । ਡਾਕ ਖਰਚਿਆਂ ਨੂੰ ਵੀ ਸੋਧਿਆ ਗਿਆ । ਮਾਰਕਸ ਵਾਰਡ ਅਤੇ ਸਹਿ,ਗੁਡਾਲ ਅਤੇ ਚਾਰਲਸ ਬੇਨੇਟ ਵਰਗੀਆਂ ਕੰਪਨੀਆਂ ਨੇ ਵੱਡੇ ਪੱਧਰ ਉੱਤੇ 1960 ਵਿੱਚ ਕਾਰਡ ਉਤਪਾਦਨ ਸ਼ੁਰੂ ਕੀਤਾ । ਗਰੀਨ ਵੇਅ ਅਤੇ ਵਾਲਟਰ ਕਰੇਨ ਵਰਗੇ ਵੀ ਇਸ ਕਾਰਜ ਵਿੱਚ ਜੁਟੇ ਰਹੋ । ਹਲਮਾਰਕ ਕਾਰਡ,ਅਮਰੀਕਨ ਗਰੀਟਿੰਗਜ਼ ਨੇ ਵੀ ਬਹੁਤ ਵੱਡੀ ਪੱਧਰ ਉੱਤੇ ਕਾਰਡ ਤਿਆਰ ਕੀਤੇ । ਇੰਗਲੈਂਡ ਵਿੱਚ ਇੱਕ ਬਿਲਿਅਨ ਪੌਂਡਜ਼,ਤੱਕ ਹਰੇਕ ਸਾਲ ਵਿੱਕਰੀ ਹੋਣ ਲੱਗੀ । ਔਸਤ 55 ਕਾਰਡ ਇੱਕ ਵਿਅਕਤੀ ।
                      ਚੀਨ ਤੋਂ ਸ਼ੁਰੂ ਹੋਣ ਵਾਲੇ ਸੰਦੇਸ਼ਾ ਕਾਰਡਾਂ ਨੇ ਮਿਸਰ ਆਦਿ ਰਾਹੀਂ ਪੱਛਮੀ ਮੁਲਕਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ । ਚੌਧਵੀਂ-ਪੰਦਰਵੀਂ ਸਦੀ ਵਿੱਚ ਜੋ ਕਾਰਡ ਵਰਤੇ ਜਾਂਦੇ ਸਨ,ਉਹਨਾਂ ਦਾ ਕੁੱਝ ਨਮੂਨਾ ਬਰਤਾਨੀਆਂ ਦੇ ਮਿਊਜ਼ਿਮ ਵਿੱਚ ਵੀ ਮੌਜੂਦ ਹੈ ।ਦਸੰਬਰ ਮਹੀਨੇ ਇਹਨਾਂ ਕਾਰਡਾਂ ਦੀ ਵਰਤੋਂ ਵੱਡੀ ਪੱਧਰ ਉੱਤੇ ਹੋਣ ਲੱਗੀ । ਗਰੀਟਿੰਗ ਕਾਰਡ ਐਸੋਸੀਏਸ਼ਨ ਵੀ ਹੋਂਦ ਵਿੱਚ ਆ ਗਈ । ਸੀਜ਼ਨਲ ਕਾਰਡਾਂ ਦਾ ਹੁਨਰ ਵਪਾਰੀ ਲੋਕਾਂ ਦੇ ਸਿਰ ਚੜ੍ਹ ਬੋਲਿਆ । ਉਹਨਾਂ ਨੇ ਆਪਣੇ ਗਾਹਕਾਂ ਨੂੰ ਇਹ ਭੇਜਣੇ ਸ਼ੁਰੂ ਕੀਤੇ । ਖੁਸ਼ ਛੁਟੀਆਂ,ਖੁਸ਼ ਮੌਸਮ ਵਰਗੇ ਕਾਰਡ ਵੀ ਵਰਤੇ ਜਾਣ ਲੱਗੇ।ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੌਹਨ ਬੀਡਰ ਦਾ ਮੰਨਣਾ ਸੀ ਕਿ ਇਹ ਇੱਕ ਵਧੀਆ ਅਤੇ ਕਾਰਗਰ ਢੰਗ ਹੈ । ਜਿਸ ਦਾ ਪ੍ਰਭਾਵ ਵਧੀਆ ਰਹਿੰਦਾ ਹੈ।
                       ਸਟੈਂਡਰਡ ਗਰੀਟਿੰਗ ਕਾਰਡ ਲਈ ਉੱਚ ਕੁਆਲਟੀ ਦਾ ਕਾਗਜ਼ ਵਰਤਿਆ ਜਾਂਦਾ ਹੈ । ਗੋਲ ਲੀਫ, ਰਿਬਿਨਜ਼, ਗਲਿੱਟਰ ਇਸ ਦੀਆਂ ਉਦਾਹਰਣਾਂ ਹਨ । ਫੋਟੋ ਗਰੀਟਿੰਗ ਕਾਰਡਾਂ ਵਿੱਚ ਵਿਚਕਾਰੋਂ ਕਾਰਡ ਨੂੰ ਕੱਟ ਕਿ ਹੇਠਾਂ ਤੋਂ ਫੋਟੋ ਦਰਸਾਈ ਜਾਂਦੀ ਹੈ । ਇਹਨਾਂ ਵਿੱਚ ਬਹੁਤੇ ਮਸ਼ਹੂਰ ਛੁਟੀਆਂ ਗਰੀਟਿੰਗਜ਼, ਕ੍ਰਿਸਮਿਸ,ਹਾਂਨੁਕਾਹ ਅਤੇ ਬੇਬੀ ਸ਼ਾਵਰ ਪਸੰਦ ਕੀਤੇ ਜਾਂਦੇ ਹਨ । ਪਰਸੋਨਾਲਾਈਜ਼ਿਡ ਗਰੀਟਿੰਗ ਕਾਰਡਜ਼, ਰਿਯੁਸਏਬਲ ਗਰੀਟਿੰਗ ਕਾਰਡਜ਼,ਮਿਊਜ਼ੀਕਲ ਗਰੀਟਿੰਗ ਕਾਰਡਜ਼,ਇਲੈਕਟਰਾਨਿਕਸ ਗਰੀਟਿੰਗ ਕਾਰਡਜ਼, ਪੌਪ ਅਪ ਕਾਰਡਜ਼,ਆਦਿ ਬਹੁਤ ਮਕਬੂਲ ਰਹੇ ਹਨ ।
                         ਅੱਜ ਦੇ ਦੌਰ ਵਿੱਚ ਅਜਿਹਾ ਰੁਝਾਨ ਬਹੁਤ ਘਟ ਗਿਆ ਹੈ । ਉਸੇ ਗੱਲ ਵਾਂਗ "ਹੁਣ ਚਿੱਠੀਆਂ ਪਾਉਣੀਆਂ ਭੁੱਲ ਗਏ,ਜਦੋਂ ਦਾ ਟੈਲੀਫ਼ੋਨ ਲੱਗਿਆ" ਵਾਲੀ ਗੱਲ ਵਾਂਗ ਫੋਨ ਉੱਤੇ ਹੀ ਵਧਾਈ ਸੰਦੇਸ਼ ਦੇ ਦਿੱਤਾ ਜਾਂਦਾਂ ਹੈ ਜਾਂ ਮੁਬਾਇਲ ਉੱਤੇ ਸੰਦੇਸ਼ਾ ਭੇਜ ਕਿ ਹੀ ਬੁੱਤਾ ਸਾਰ ਲਿਆ ਜਾਂਦਾ ਹੈ । ਅੱਗੋਂ ਜਵਾਬ ਦੇਣ ਵਾਲਾ ਵੀ ਇਹੀ ਮੈਸੇਜ਼ ਭੇਜਦਾ ਹੈ " ਸੇਮ ਟੂ ਯੂ, ਧੰਨਵਾਦ"। ਕਾਰਡ ਖਰੀਦਣ -ਭੇਜਣ ਦਾ ਸਿਲਸਿਲਾ ਬਹੁਤੀਆਂ ਹੋਰ ਗੱਲਾਂ ਵਾਂਗ ਦਮ ਤੋੜ ਰਿਹਾ ਹੈ । ਭਾਵੇਂ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ । ਸੈਂਕੜੇ ਪੈਲਸਾਂ ਵਿੱਚ ਸ਼ਬਾਬ,ਸ਼ਰਾਬ,ਕਬਾਬ ਦਾ ਸਾਰੀ ਸਾਰੀ ਰਾਤ ਬੋਲਬਾਲਾ ਰਿਹਾ ਕਰਦਾ ਹੈ । ਕੀ ਪੱਛਮੀ ਸਭਿਅਤਾ ਦੀ ਦੇਣ ਇਹ ਸਿਲਸਿਲਾ ਸਾਡੀ ਸਭਿਅਤਾ ਨਾਲ ਮੇਲ ਖਾਦਾ ਹੈ ? ਕੀ ਇਸ ਨੂੰ ਨੱਥ ਪਾਉਂਣ ਦੀ ਲੋੜ ਹੈ ? ਜਾਂ ਮੁਸ਼ਕਲ ਹਾਲਾਤ ਵੇਖ ਕੇ ਕਬੂਤਰ ਵਾਂਗ ਅੱਖਾਂ ਮੀਚਿਆਂ ਸਰ ਜਾਵੇਗਾ ? ਇਹ ਤਾਂ ਫੈਸਲਾ ਆਪਣੇ ਸਾਰਿਆਂ ਦੇ ਹੀ ਹੱਥ ਹੈ ਕਿ ਅਸੀਂ ਕੀ ਹਾਂ,ਸਾਡੀ ਗੈਰਤ ਕੀ ਹੈ ? ਜਾਂ ਅਸੀਂ ਬੇ-ਗੈਰਤੇ ਹੋ ਗਏ ਹਾਂ ?

2012 ਦੀਆਂ ਖੱਟੀਆਂ ਮਿੱਠੀਆਂ ਖੇਡ ਘਟਨਾਵਾਂ

  2012 ਦੀਆਂ ਖੱਟੀਆਂ ਮਿੱਠੀਆਂ ਖੇਡ ਘਟਨਾਵਾਂ
                              ਰਣਜੀਤ ਸਿੰਘ ਪ੍ਰੀਤ
                                            ਉਂਜ ਤਾਂ ਇਤਿਹਾਸ ਬਣਨ ਜਾ ਰਹੇ ਵਰ੍ਹੇ 2012 ਦੌਰਾਂਨ ਵੱਖ ਵੱਖ ਖੇਤਰਾਂ ਵਿੱਚ ਬਹੁਤ ਕੁੱਝ ਚੰਗਾ ਅਤੇ ਬੜਾ ਕੁੱਝ ਮਾੜਾ ਵਾਪਰਦਾ ਰਿਹਾ ਹੈ । ਚੜ੍ਹਦੇ-ਲਹਿੰਦੇ ਪੰਜਾਬ ਦੀਆਂ ਖੇਡਾਂ ਵੀ ਰੌਚਕ ਰਹੀਆਂ ਅਤੇ ਓਲੰਪਿਕ ਖੇਡਾਂ ਵੀ । ਕਈ ਖਿਡਾਰੀ ਮੈਦਾਨੋਂ ਬਾਹਰ ਵੀ ਰਹੇ,ਕਈ ਜ਼ਿੰਦਗੀ ਤੋਂ ਹੀ ਬਾਹਰ ਹੋ ਗਏ । ਦੁਨੀਆਂ ਨੂੰ ਆਖ਼ਰੀ ਸਲਾਮ ਕਹਿਣ ਵਾਲਿਆਂ ਵਿੱਚ ਭਲਵਾਨ ਦਾਰਾ ਸਿੰਘ,ਲੈਸਲੀ ਕਲਾਡੀਅਸ ਤੋ ਇਲਾਵਾ ਕੁੱਝ ਹੋਰ ਖਿਡਾਰੀ ਵੀ ਸ਼ਾਮਲ ਰਹੇ । ਭਾਰਤੀ ਓਲੰਪਿਕ ਸੰਘ ਉਤੇ ਪਾਬੰਦੀ ਲੱਗਣਾ ਵੀ ਸ਼ਰਮਜਨਕ ਰਿਹਾ । ਖੇਡ ਘੁਟਾਲਿਆਂ ਦੀ ਚਰਚਾ ਵੀ ਸੁਰਖੀਆਂ  ਵਿੱਚ ਰਹੀ । ਹੁਣ ਵੇਖਣਾ ਇਹ ਹੈ ਕਿ ਵਿਸ਼ਵ ਪੱਧਰ ਦੇ ਖੇਡ ਮੁਕਾਬਲਿਆਂ ਸਮੇਂ ਕੌਣ ਕਿੰਨੇ ਕੁ  ਪਾਣੀ ਵਿੱਚ ਰਿਹਾ । ਜਾਂ ਇਹ ਕਹਿ ਲਓ ਕਿ ਖੇਡ ਜਗਤ ਦੀਆਂ ਕਿਹੜੀਆਂ ਕਿਹੜੀਆਂ ਘਟਨਾਵਾਂ ਚਰਚਿਤ ਰਹੀਆਂ ;-
ਦਾਰਾ ਸਿੰਘ ਰੰਧਾਵਾ ;-                             
                    ਕਿੰਗਕਾਂਗ ਅਤੇ ਫ਼ੌਲਾਦ ਵਰਗੇ ਨਾਵਾਂ ਨਾਲ ਜਾਣੇ ਜਾਂਦੇ ਹਨੂਮਾਨ ਦੀ ਭੂਮਿਕਾ ਨਿਭਾਉਣ ਵਾਲੇ ਦਾਰਾ ਸਿੰਘ  ਰੰਧਾਵਾ ਦਾ ਜਨਮ 19 ਨਵੰਬਰ 1928 ਨੂੰ ਧਰਮੂਚੌਕ (ਅੰਮ੍ਰਿਤਸਰ) ਵਿਖੇ ਸੂਰਤ ਸਿੰਘ ਰੰਧਾਵਾ ਅਤੇ ਬਲਵੰਤ ਕੌਰ ਦੇ ਘਰ ਹੋਇਆ ਦਾਰਾ ਸਿੰਘ ਨੇ ਅਮਰੀਕਾ ਦੇ ਲੌ ਥੈਸਿਜ਼ ਨੂੰ ਮਾਤ ਦਿੱਤੀ ਅਤੇ 29 ਮਈ 1968 ਨੂੰ ਉਹ ਵਿਸ਼ਵ ਚੈਂਪੀਅਨ ਬਣਿਆਂ ।ਉਸ ਨੇ ਕਰੀਬ 100 ਫ਼ਿਲਮਾਂ ਵਿੱਚ ਕੰਮ ਕਰਿਆ ਅਤੇ 500 ਭਲਵਾਨੀ ਜੌਹਰ ਦਿਖਾਏ । ਉਸ ਨੇ 1962 ਵਿੱਚ ਹਿੰਦੀ ਫ਼ਿਲਮਾਂ ਰਾਹੀਂ ਫ਼ਿਲਮ ਖ਼ੇਤਰ ਵਿੱਚ ਪ੍ਰਵੇਸ਼ ਪਾਇਆ । ਅਗਸਤ 2003 ਵਿੱਚ ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਵੀ ਨੌਮੀਨੇਟ ਕੀਤਾ ਸੀ । ਰੁਸਤ-ਇ-ਪੰਜਾਬ ਦਾ ਖ਼ਿਤਾਬ 1966 ਵਿੱਚ ਅਤੇ ਰੁਸਤਮ-ਇ-ਹਿੰਦ ਦਾ ਖ਼ਿਤਾਬ 1978 ਵਿੱਚ ਹਾਸਲ ਕਰਿਆ ਦਾਰਾ ਸਿੰਘ ਨੇ ਸਾਰੇ ਕਾਮਨਵੈਲਥ ਮੁਲਕਾਂ ਦਾ ਟੂਰ ਲਾਇਆ ਅਤੇ ਕਿੰਗ ਕੌਂਗ,ਜੌਰਜ ਗੌਰਡਿੰਕੋ, (ਕੈਨੇਡਾ),ਜੌਹਨ ਡਿਸਿਲਵਾ (ਨਿਊਜ਼ੀਲੈਂਡ),ਨੂੰ ਵੀ ਹਰਾਇਆ ਅਤੇ 1959 ਵਿੱਚ ਕਾਮਨਵੈਲਥ ਚੈਂਪੀਅਨ ਵੀ ਅਖਵਾਇਆ ਰੈਸਲਰ ਅਤੇ ਐਕਟਰ ਦਾਰਾ ਸਿੰਘ ਨੂੰ ਮੁੰਬਈ ਦੇ ਕੋਕਿਲਾਬਨ ਹਸਪਤਾਲ ਵਿੱਚ 7 ਜੁਲਾਈ ਸਨਿਚਰਵਾਰ ਨੂੰ ਦਾਖ਼ਲ ਕਰਵਾਇਆ ਗਿਆ । ਜਿੱਥੇ ਉਹਨਾਂ ਦੀ ਸਿਹਤ ਵਿਗੜਦੀ ਗਈ ਅਤੇ ਅਖ਼ੀਰ 12 ਜੁਲਾਈ 2012 ਨੂੰ ਮੁੰਬਈ ਵਿੱਚ ਜ਼ਿੰਦਗੀ ਦਾ ਆਖ਼ਰੀ ਘੋਲ ਹਾਰ ਗਿਆ ।
ਲੈਸਲੀ ਕਲਾਡੀਅਸ;-
             ਐਂਗਲੋ ਇੰਡੀਅਨ ਭਾਰਤੀ ਹਾਕੀ ਖਿਡਾਰੀ ਲੈਸਲੀ ਵਾਲਟਰ ਕਲਾਡੀਅਸ ਦਾ ਜਨਮ ਬਿਲਾਸਪੁਰ (ਮੱਧ ਪ੍ਰਦੇਸ਼ ) ਵਿੱਚ 25 ਮਾਰਚ 1927 ਨੂੰ ਹੋਇਆ । ਰਾਈਟ ਹਾਫ਼ ਪੁਜ਼ੀਸ਼ਨ ਦੇ ਇਸ ਖਿਡਾਰੀ ਨੇ 1948 ਤੋਂ 1960 ਤੱਕ ਵਧੀਆ ਖੇਡ ਦਾ ਪ੍ਰਦਰਸ਼ਨ ਕਰਿਆ । ਲੰਦਨ ਓਲੰਪਿਕ 1948 ਸਮੇ,1952 ਹੈਲਸਿੰਕੀ ਓਲੰਪਿਕ, 1956 ਮੈਲਬੌਰਨ ਓਲੰਪਿਕ ਮੌਕੇ ਜਦ ਭਾਰਤੀ ਟੀਮ ਨੇ ਸੋਨ ਤਮਗੇ ਜਿੱਤੇ ਤਾਂ ਲੈਸਲੀ ਟੀਮ ਦਾ ਮੈਂਬਰ ਸੀ । ਪਰ ਇਹਦੀ ਕਪਤਾਨੀ ਅਧੀਨ 1960 ਨੂੰ ਰੋਮ ਓਲੰਪਿਕ ਸਮੇ ਭਾਰਤੀ ਟੀਮ ਪਾਕਿਸਤਾਨ ਤੋਂ ਇੱਕ ਗੋਲ ਨਾਲ ਹਾਰ ਕੇ ਪਹਿਲੀ ਵਾਰ ਚਾਂਦੀ ਦਾ ਤਮਗਾ ਹੀ ਜਿੱਤ ਸਕੀ, 1971 ਵਿੱਚ ਪਦਮ ਸ਼੍ਰੀ ਐਵਾਰਡ ਪ੍ਰਾਪਤ ਕਰਤਾ ਮਿਡਫੀਲਡਰ ਵਜੋਂ 100 ਤੋਂ ਵੱਧ ਮੈਚ ਖੇਡਣ ਵਾਲਾ ਪਹਿਲਾ ਭਾਰਤੀ, ਲੈਸਲੀ ਕਲਾਡੀਅਸ 85 ਵਰ੍ਹਿਆਂ ਦੀ ਉਮਰ ਵਿੱਚ ਕੋਲਕਾਤਾ ਵਿਖੇ ਜਿਗਰ ਦੀ ਬਿਮਾਰੀ ਨਾਲ 20 ਦਸੰਬਰ 2012 ਨੂੰ ਸਦੀਵੀ ਵਿਛੋੜਾ ਦੇ ਗਿਆ ।            
ਗੱਲ ਓਲੰਪਿਕ ਖੇਡਾਂ ਦੀ; -
           ਲੰਦਨ ਓਲੰਪਿਕ 2012 ਲਈ ਭਾਰਤ ਨੇ 13 ਖੇਡਾਂ ਦੀਆਂ 55 ਵੰਨਗੀਆਂ ਲਈ 60 ਪੁਰਸ਼ ਅਤੇ 23 ਮਹਿਲਾ ਖਿਡਾਰਨਾਂ ਨੂੰ ਭੇਜਿਆ ਸੀ । ਗਗਨ ਨਾਰੰਗ ਨੇ 30 ਜੁਲਾਈ ਨੂੰ ਭਾਰਤ ਦਾ ਖਾਤਾ ਖੋਲ੍ਹਦਿਆਂ ਨਿਸ਼ਾਨੇਬਾਜ਼ੀ ਵਿੱਚੋਂ ਕਾਂਸੀ ਦਾ,ਵਿਜੇ ਕੁਮਾਰ ਨੇ 3 ਅਗਸਤ ਨੂੰ ਨਿਸ਼ਾਨੇਬਾਜ਼ੀ ਵਿੱਚੋਂ ਹੀ ਚਾਂਦੀ ਦਾ,ਸਾਇਨਾ ਨੇਹਵਾਲ ਨੇ 4 ਅਗਸਤ ਨੂੰ ਬੈਡਮਿੰਟਨ ਮਹਿਲਾ ਸਿੰਗਲਜ਼ ਵੰਨਗੀ ਵਿੱਚੋਂ ਕਾਂਸੀ ਦਾ,ਮੈਰੀ ਕੌਮ ਨੇ ਵੀ 8 ਅਗਸਤ ਨੂੰ ਮੁੱਕੇਬਾਜ਼ੀ ਦੇ 51 ਕਿਲੋ ਫਲਾਈਵੇਟ ਮਹਿਲਾ ਵਰਗ ਵਿੱਚੋਂ ਕਾਂਸੀ ਦਾ,ਯੁਗੇਸ਼ਵਰ ਦੱਤ ਨੇ 11 ਅਗਸਤ ਨੂੰ 60 ਕਿਲੋ ਫ੍ਰੀ-ਸਟਾਈਲ ਕੁਸ਼ਤੀ ਵੱਚੋਂ ਵੀ ਕਾਂਸੀ ਦਾ,ਅਤੇ 12 ਅਗਸਤ ਨੂੰ 66 ਕਿਲੋ ਫ੍ਰੀ-ਸਟਾਈਲ ਕੁਸ਼ਤੀ ਵੱਚੋਂ ਸੁਸ਼ੀਲ ਕੁਮਾਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਭਾਰਤੀ ਤਮਗਿਆਂ ਦੀ ਗਿਣਤੀ 6 ਤੱਕ ਪੁਚਾਈ । ਭਾਵੇਂ ਤਮਗਿਆਂ ਦੀ ਗਿਣਤੀ ਦੇ ਪੱਖ ਤੋਂ ਭਾਰਤ ਦਾ ਓਲੰਪਿਕ ਰਿਕਾਰਡ ਹੈ,ਪਰ 2008 ਸਮੇਂ ਇੱਕ ਸੋਨ ਤਮਗਾ ਸੀ ,ਰੈਂਕ ਵੀ 50 ਵਾਂ ਸੀ । ਇਸ ਵਾਰੀ ਬਗੈਰ ਸੋਨ ਤਮਗੇ ਤੋਂ ਰੈਂਕ 55 ਵਾਂ ਰਿਹਾ । ਟੇਨਿਸ ਵਿਵਾਦ ਵੀ ਕਿਸੇ ਤੋਂ ਗੁੱਝਾ ਨਾ ਰਿਹਾ । ਪੈਰਾਓਲੰਪਿਕ ਦੇ ਖਿਡਾਰੀਆਂ ਦਾ ਉਲਾਂਭਾ ਵੀ ਸੁਰਖੀਆਂ ਬਣਿਆਂ । ਓਲੰਪਿਕ ਵਿੱਚੋਂ ਅਮਰੀਕਾ 46,ਚੀਨ 38 ਸੋਨੇ ਦੇ ਤਮਗਿਆਂ ਨਾਲ ਪਹਿਲੇ ਅਤੇ ਦੂਜੇ ਸਥਾਨ ਉੱਤੇ ਰਹੇ । 
                       ਲੰਦਨ ਪੈਰਾਲੰਪਿਕਸ 2012 ਲਈ ਭਾਰਤ ਨੇ 10 ਖਿਡਾਰੀ ਭੇਜੇ ਸਨ । ਇਹਨਾਂ ਵਿੱਚੋਂ ਗਿਰੀਸ਼ ਹੋਸਨਾਗਰਾ ਨਗਰਾਜ ਗੌਡਾ ਨੇ 4 ਸਤੰਬਰ ਨੂੰ ਐਫ-42 ਤਹਿਤ ਉੱਚੀ ਛਾਲ 1.74 ਮੀਟਰ ਲਾ ਕੇ ਚਾਂਦੀ ਦਾ ਤਮਗਾ ਜਿੱਤਿਆ । ਸਾਇਨਾ ਨੇਹਵਾਲ ਨੇ ਫਰਾਖ਼ਦਿਲੀ ਦਾ ਸਬੂਤ ਦਿੰਦਿਆਂ ਆਪਣੇ ਕੋਲੋਂ ਇੱਕ ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕਰਿਆ ।   
                      ਪੁਰਸ਼ ਵਰਗ ਦੇ ਤੈਰਾਕ ਮਾਈਕਲ ਫਰਿੱਡ ਫ਼ੇਲਪਸ ਜੋ ਬੈਕ ਸਟਰੌਕ,ਬਟਰਫਲਾਈ,ਫ੍ਰੀ-ਸਟਾਈਲ,ਵਿਅਕਤੀਗਤ ਮੈਡਲੇ ਈਵੈਂਟਸ ਦਾ ਤਾਰੂ ਹੈ ਨੇ ਓਲੰਪਿਕ  ਸਮੇ 27 ਦਸੰਬਰ 1934 ਨੂੰ ਜਨਮੀ ਰੂਸਣ ਜਿਮਨਾਸਟ ਲਾਰੀਸਾ ਸਿਮੋਨੋਵਨਾ ਲਾਟੇਨਿਨਾ ਵੱਲੋਂ 1956 ਤੋਂ 1964 ਤੱਕ ਦੀਆਂ ਓਲੰਪਿਕਸ ਵਿੱਚ 18 ਤਮਗੇ ਜਿੱਤਣ ਵਾਲੇ ਰਿਕਾਰਡ ਨੂੰ,48 ਸਾਲਾਂ ਦੇ ਵਕਫ਼ੇ ਮਗਰੋਂ 18 ਸੋਨੇ ਦੇ ਤਮਗਿਆਂ ਸਮੇਤ ਕੁੱਲ 22 ਤਮਗੇ ਹਾਸਲ ਕਰਦਿਆਂ ਨਵਾਂ ਰਿਕਾਰਡ ਆਪਣੇ ਨਾਅ ਦਰਜ ਕਰਵਾ ਲਿਆ ਹੈ । ਜਿਸ ਨੂੰ ਤੋੜਨ ਲਈ ਹੁਣ ਵੇਖੋ ਕਿੰਨਾ ਸਮਾਂ ਲਗਦਾ ਹੈ ?
                                 ਪੈਰਾਓਲੰਪਿਕ ਵਿੱਚ 20 ਵਰ੍ਹਿਆਂ ਦੀ 6 ਜੂਨ 1992 ਨੂੰ ਜਨਮੀ ਅਤੇ ਹੁਣ ਪੜ੍ਹਾਈ ਕਰ ਰਹੀ ਆਸਟਰੇਲੀਅਨ ਤੈਰਾਕ ਫਰੈਂਸੀ ਜੈਕੂਲੀਨ ਨੇ ਪੈਰਾਲੰਪਿਕ ਖੇਡਾਂ ਵਿੱਚੋਂ 8 ਸੋਨ ਤਮਗੇ ਜਿੱਤ ਕੇ ਸਭ ਦੇ ਮਨ ਮੋਹ ਲਏ । ਇਸ ਦਾ ਦਾਦਾ ਪੀਟਰ ਫਰੈਂਸੀ ਵੀ ਤੈਰਾਕ ਅਤੇ ਕੋਚ ਸੀ । ਪਿਤਾ ਮਾਈਕਲ ਫਰੈਂਸੀ ਅਥਲੀਟ ਸੀ ਬਲੇਡ ਰੱਨਰ,ਨਤਾਲਿਆ ਅਤੇ ਨੈਟਲੀ ਵੀ ਨੇ ਵੀ ਕਮਾਲ ਦੀ ਖੇਡ ਵਿਖਾਈ ।
ਸ਼ਤਰੰਜ:-
                    ਫ਼ੈਡਰੇਸ਼ਨ ਇੰਟਰਨੈਸ਼ਨਲ ਦੇਸ ਐਚਿਸ (ਵਰਲਡ ਚੈੱਸ ਫੈ਼ਡਰੇਸ਼ਨ) ਐਫ਼ ਆਈ ਡੀ ਏ ਨੇ ਜੋ ਮਈ 2012 ਵਿੱਚ ਰੈਕਿੰਗ ਵੇਰਵਾ ਜਾਰੀ ਕੀਤਾ ਸੀ ਉਸ ਅਨੁਸਾਰ ਭਾਰਤ ਦਾ ਵਿਸ਼ਵਾਨਾਥਨ ਅਨੰਦ 2791 ਦੀ ਰੇਟਿੰਗ ਨਾਲ ਚੌਥੇ ਸਥਾਨ ਉੱਤੇ ਸੀ । ਭਾਰਤ ਦੀ ਗਰੈਂਡ ਮਾਸਟਰ ਕੋਨਰੂ ਹੰਪੀ ਦਾ ਵੀ ਚੌਥਾ ਹੀ ਨੰਬਰ ਸੀ ਅਤੇ ਉਹਦੀ ਰੇਟਿੰਗ 2589 ਸੀ । ਭਾਰਤੀ ਚੈੱਸ ਗਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਜੋ ਮੌਜੂਦਾ ਵਿਸ਼ਵ ਚੈਂਪੀਅਨ ਵੀ ਹੈ, ਨੇ ਵਿਸ਼ਵ ਪੱਧਰ ਦਾ ਚਤਰੰਗ ਜਾਂ ਸ਼ਤਰੰਜ ਮੁਕਾਬਲਾ 5 ਵਾਰ (2000, 2007, 2008,2010,2012) ਜਿੱਤਿਆ ਹੈ । ਇਸ ਵਾਰ ਦੇ ਫਾਈਨਲ ਵਿੱਚ ਇਜ਼ਰਾਈਲ ਦੇ ਬੌਰਿਸ ਗਲਫੈਂਡ ਨੂੰ ਮਾਤ ਦਿੱਤੀ । ਆਨੰਦ ਦੀ ਰੇਟਿੰਗ 2791 ( ਕੁੱਲ ਸਾਢੇ ਅੱਠ) ਅਤੇ ਵਿਰੋਧੀ ਦੀ 2727 (ਕੁੱਲ ਕੁੱਲ ਸਾਢੇ ਸੱਤ) ਰਹੀ ਹੈ । ਇਸ ਸਾਲ ਹੋਏ 40 ਵੇਂ ਓਲੰਪੀਆਡ ਓਪਨ ਚੈੱਸ ਮੁਕਾਬਲੇ ਸਮੇ ਪੁਰਸ਼ ਵਰਗ ਵਿੱਚ 157 ਅਤੇ ਮਹਿਲਾ ਵਰਗ ਵਿੱਚ 127 ਟੀਮਾਂ ਨੇ ਹਿੱਸਾ ਲਿਆ । ਕ੍ਰਮਵਾਰ ਅਰਮੀਨੀਆ ਅਤੇ ਰੂਸ ਜੇਤੂ ਰਹੇ । ਟਾਟਾ ਸਟੀਲ ਚੈੱਸ ਅਤੇ ਕਈ ਹੋਰ ਮੁਕਾਬਲੇ ਵੀ ਇਸ ਸਾਲ ਹੋਏ ਹਨ । ਸਾਲ ਦਾ ਅਖ਼ੀਰਲਾ ਮੁਕਾਬਲਾ ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿੱਪ ਰਿਹਾ ਹੈ ।
ਬੈਡਮਿੰਟਨ;-
                        ਆਲ ਇੰਗਲੈਂਡ ਬੈਡਮਿੰਟਨ ਮੁਕਬਲਾ (ਪੁਰਸ਼) ਚੀਨੀ ਖਿਡਾਰੀ ਲਿਨ ਡਾਨ ਨੇ ਮਲੇਸ਼ੀਆ ਦੇ ਲੀ ਚੋਗ ਵੇਈ ਨੂੰ 21-19,6-2 ਨਾਲ,ਅਤੇ ਮਹਿਲਾ ਵਰਗ ਵਿੱਚੋਂ ਚੀਨਣ ਲੀ ਜੂਈ ਰੂਈ ਨੇ ਜਿੱਤ ਹਾਸਲ ਕੀਤੀ।ਬੈਡਮਿੰਟਨ ਵਰਲਡ ਫੈਡਰੇਸ਼ਨ ਸੁਪਰ ਸੀਰੀਜ਼ ਦਾ ਛੇਵਾਂ ਸੀਜ਼ਨ ਪ੍ਰੀਮੀਅਰ ਸੀਰੀਜ਼ ਵਜੋਂ ਕੋਰੀਆ ਵਿੱਚ ਸ਼ੁਰੂ ਹੋਇਆ ਅਤੇ ਹਾਂਗਕਾਂਗ ਵਿੱਚ ਸਮਾਪਤੀ ਹੋਈ । ਮਾਸਟਰਜ਼ --ਸੀਜ਼ਨ ਸ਼ੇਨਜ਼ਹਨ (ਚੀਨ) ਵਿੱਚ 12 ਤੋਂ 16 ਤੱਕ ਚੱਲਿਆ । ਬੈਡਮਿੰਟਨ ਦਾ ਓਲੰਪਿਕ ਖਿਤਾਬ ਚੀਨ ਦੇ ਲਿਨ ਡਾਨ ਨੇ,ਮਹਿਲਾ ਵਰਗ ਦਾ ਟਾਈਟਲ ਵੀ ਚੀਨਣ ਲੀ ਐਕਸੂਰੀ ਨੇ ਜਿੱਤਿਆ । ਭਾਰਤ ਦੀ ਸਾਇਨਾ ਨੇਹਵਾਲ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਲਈ ਰਿਕਾਰਡ ਬਣਾਇਆ । ਇਹੀ ਖਿਡਾਰਨ ਡੈਨਮਾਰਕ ਮੁਕਾਬਲਾ ਜਿੱਤਣ ਵਿੱਚ ਵੀ ਸਫ਼ਲ ਰਹੀ । ਐਕਸੀਅੱਟਾ ਕੱਪ ਇੰਡੋਨੇਸ਼ੀਆ ਗਰੁਡਾ ਨੇ ਇੰਡੋਨੇਸ਼ੀਆ ਰਾਜਾਵਲੀ ਨੂੰ 5-1 ਨਾਲ ਹਰਾਕੇ ਜਿੱਤਿਆ । ਮਹਿਲਾ ਓਲੰਪਿਕ ਮੁਕਾਬਲਿਆਂ ਸਮੇ ਮੈਚ ਫ਼ਿਕਸਿੰਗ ਕਾਰਣ 8 ਖਿਡਾਰਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ । ਜਿੰਨਾਂ ਨੇ ਅਗਲੇ ਹੋਣ ਵਾਲੇ ਮੈਚਾਂ ਅਨੁਸਾਰ ਮੈਚ ਹਾਰਨੇ ਬਿਹਤਰ ਸਮਝੇ ਸਨ,ਕਿਓਂਕਿ ਉਹ ਪਹਿਲਾ ਗੇੜ ਤਾਂ ਪਾਰ ਕਰ ਹੀ ਚੁਕੀਆਂ ਸਨ । ਬੈਡਮਿੰਟਨ ਨੈਸ਼ਨਲ ਚੈਂਪੀਅਨਸ਼ਿੱਪ ਵਿੱਚੋਂ ਸੌਰਭ ਵਰਮਾ ਨੇ ਬੀ ਸਾਈ ਪਰਾਂਨੀਥ ਨੂੰ,ਮਹਿਲਾ ਵਰਗ ਵਿੱਚ ਪੀ ਵੀ ਸਿੰਧੂ ਨੇ ਨੇਹਾ ਪੰਡਿਤ ਨੂੰ ਹਰਾਕੇ ਖਿਤਾਬ ਜਿੱਤੇ । ਕੌਮੀ ਕੋਚ ਪੁਲੇਲਾ ਗੋਪੀ ਚੰਦ ਵੀ ਪ੍ਰਾਜਕਤਾ ਵਿਵਾਦ ਵਿੱਚ ਘਿਰੇ ਰਹੇ ।
ਗੌਲਫ਼:-
                     ਗੌਲਫ਼ (ਗੌਫ਼) ਨਾਲ ਸਬੰਧਤ ਓਪਨ ਚੈਪੀਅਨਸ਼ਿੱਪ 141 ਵੀਂ ਵਾਰੀ ਜੁਲਾਈ ਮਹੀਨੇ ਰੌਇਲ ਲੈਥਿਮ ਅਤੇ ਐਸਟੀ ਐਨਿਸ ਗੋਲਫ਼ ਕਲੱਬ ਲੰਕਾਸ਼ਾਇਰ (ਇੰਗਲੈਂਡ ) ਵਿੱਚ ਹੋਈ । ਜੋ 273(-7) ਨਾਲ ਦੱਖਣੀ ਅਫਰੀਕਾ ਦੇ ਇਰਨੀ ਇਲਸ ਨੇ ਜਿੱਤੀ । ਭਾਰਤੀ ਹੀਰੋ ਚੈਂਪੀਅਨਜ਼ ਕਰਨਾਟਕਾ ਗੌਲਫ਼ ਐਸੋਸੀਏਸ਼ਨ ਨੇ ਕਰਵਾਈ ਅਤੇ ਥਾਈਲੈਂਡ ਦਾ ਥਵੌਰਨ ਵਿਰਾਟਚੰਟ 270 ਸਕੋਰ ਕਰਕੇ ਜੇਤੂ ਅਖਵਾਇਆ । ਸੇਲ ਐਸ ਬੀ ਆਈ ਓਪਨ (ਏਸ਼ੀਅਨ ਟੂਰ) ਟੂਰਨਾਮੈਂਟ ਭਾਰਤ ਵਿੱਚ ਦਿੱਲੀ ਗੌਲਫ਼ ਕਲੱਬ ਵਿਖੇ ਹੋਇਆ ਅਤੇ ਭਾਰਤੀ ਗੌਲਫ਼ਰ ਅਨੀਰਬਨ ਲਹਿਰੀ 274(-14) ਸਕੋਰ ਨਾਲ ਖ਼ਿਤਾਬ ਜੇਤੂ ਬਣਿਆਂ । ਗਗਨਜੀਤ ਭੁੱਲਰ ਨੇ ਮਾਕਾਓ ਓਪਨ ਟਰਾਫ਼ੀ ਜਿੱਤੀ । ਗੌਲਫ਼ ਦੇ ਆਸਟਰੇਲੀਅਨ ਓਪਨ,ਯੂਰਪੀਅਨ ਗੌਲਫ਼,ਮਲੇਸ਼ੀਅਨ ਗੌਲਫ਼, ਯੂ.ਐਸ.ਓਪਨ, ਆਦਿ ਮੁਕਾਬਲੇ ਕਰਵਾਏ ਗਏ । ਭਾਰਤੀ ਖਿਡਾਰੀਆਂ ਵਿੱਚ ਮੌਰੀਸਿਨ,ਰਾਮਸੇ,ਸ਼ਿਵ ਕਪੂਰ,ਮਹਿਲਾ ਵਰਗ ਵਿੱਚ ਕੈਲੀ,ਮਹਿਰਾ ਸਨੈਗਜ਼ ਤੋਂ ਇਲਾਵਾ ਜੀਵ ਮਿਲਖਾ ਸਿੰਘ ਨੇ 3 ਜਿੱਤਾ,3 ਵਾਰੀ ਦੂਜਾ,2 ਵਾਰੀ ਤੀਜਾ ਸਥਾਨ ਲਿਆ ਹੈ । ਇਹ 30 ਵਾਰ ਟੌਪ 10 ਵਿੱਚ ਅਤੇ 80 ਵਾਰ ਟੌਪ 25 ਵਿੱਚ ਵੀ ਸ਼ਾਮਲ ਹੋਇਆ ਹੈ ।
ਕੁਸ਼ਤੀਆਂ ;-
                        ਕੁਸ਼ਤੀਆਂ ਵਿੱਚ ਵੱਖ ਵੱਖ ਵਰਗਾਂ ਦੀਆਂ ਵੱਖ ਵੱਖ ਈਵੈਂਟਸ ਕਰਵਾਈਆਂ ਜਾਂਦੀਆਂ ਹਨ । ਇੰਟਰਨੈਸ਼ਨਲ ਫ਼ੈਡਰੇਸ਼ਨ ਆਫ਼ ਐਸੋਸੀਏਟਿਡ ਰੈਸਲਿੰਗ (ਫ਼ਿਲਾ ਰੈਸਲਿੰਗ ਵਰਲਡ ਕੱਪ) ਵੱਲੋਂ 1973 ਤੋਂ ਸ਼ੁਰੂ ਕੀਤਾ ਮੁਕਾਬਲਾ ਇਸ ਵਾਰੀ ਮਹਿਲਾ ਵਰਗ ਦੀ ਈਵੈਂਟ ਫ੍ਰੀ-ਸਟਾਈਲ (ਟੋਕੀਓ) ਵਿਖੇ ਜਪਾਨ ਨੇ,ਗਰੀਕੋ ਰੋਮਨ (ਸਾਰਾਂਸਕ) ਵਿੱਚੋਂ ਇਰਾਨ ਨੇ ਟਾਈਟਲ ਹਾਸਲ ਕਰਿਆ ਹੈ । ਪੁਰਸ਼ ਫ੍ਰੀ-ਸਟਾਈਲ ਈਵੈਂਟਸ (ਬਾਕੂ) ਵਿੱਚੋਂ ਵੀ ਇਰਾਨ ਹੀ ਜੇਤੂ ਬਣਨ ਵਿੱਚ ਸਫ਼ਲ ਰਿਹਾ ਹੈ । ਜਿੱਥੇ ਓਲੰਪਿਕ ਵਿੱਚ ਕੁਸ਼ਤੀ ਮੁਕਾਬਲਿਆਂ ਦੇ ਫ਼ੈਸਲਿਆਂ ਉੱਤੇ ਉਂਗਲ ਉਠਦੀ ਰਹੀ ਉਥੇ ਸਟ੍ਰਾਥਸੋਨਾ ਕਾਊਂਟੀ,ਅਲਬਰਟਾ,ਕੈਨੇਡਾ ਵਿਖੇ ਵਰਲਡ ਰੈਸਲਿੰਗ ਚੈਪੀਅਨਸ਼ਿੱਪ ਕਰਵਾਈ ਗਈ । ਮਹਿਲਾ ਵਰਗ ਫ੍ਰੀ-ਸਟਾਈਲ ਕੁਸ਼ਤੀ ਵਨੀਸਾ ਕਾਲਾਦਜ਼ਿਨਸਕਾਈ (ਬੇਲਾਰੂਸ 48 ਕਿਲੋ),ਜੈਸਿਕਾ ਮੈਕਡਾਲਨਡ (ਕੈਨੇਡਾ 51 ਕਿਲੋ), ਸਾਓਰੀ ਯੋਸ਼ਿਧਾ (ਜਪਾਨ 55 ਕਿਲੋ),ਜ਼ਹਾਂਗ ਲਾਨ (ਚੀਨ 59 ਕਿਲੋ),ਇਲੀਨਾ ਪੀਰੋਜ਼ਕੋਵਾ (ਅਮਰੀਕਾ 63 ਕਿਲੋ),ਅਡਲੀਨੇ ਗਰੇਅ (ਅਮਰੀਕਾ 67 ਕਿਲੋ),ਜੈਨੀ ਫਰੈਂਸਨ (ਸਵੀਡਨ,72 ਕਿਲੋ) ਨੇ ਸੋਨ ਤਮਗਿਆਂ ਉੱਤੇ ਕਬਜ਼ਾ ਜਮਾਇਆ । ਭਾਰਤ ਦੀ ਗੀਤਾ ਫੌਗਟ ਨੇ 55 ਕਿਲੋ ਵਰਗ ਵਿੱਚੋਂ ਕਾਂਸੀ ਦਾ ਤਮਗਾ ਜਿੱਤਿਆ । ਪਰ ਟੀਮ ਰੈਕਿੰਗ ਅਨੁਸਾਰ 54 ਅੰਕ ਲੈ ਕੇ ਚੀਨ ਮੀਰੀ ਅਤੇ 43 ਅੰਕਾਂ ਨਾਲ ਜਪਾਨ ਦੋਇਮ ਰਿਹਾ ।
ਅਥਲੈਟਿਕਸ;-
                          ਜਮਾਇਕਾ ਦਾ ਉਸੇਨ ਬੁਲੇਟ 9.63 ਸੈਕਿੰਡ ਸਮੇ ਨਾਲ ਓਲੰਪਿਕ ਰਿਕਾਰਡ ਬਣਾਕੇ ਦੁਨੀਆਂ ਦਾ ਤੇਜ਼ ਦੌੜਾਕ ਬਣਿਆਂ ਹੈ । ਜਮਾਇਕਾ ਦੀ ਹੀ ਦੌੜਾਕ ਸ਼ੈਲੀ ਆਨ ਫ੍ਰੇਜ਼ਰ ਪਰੇਸੀ ਨੇ 100 ਮੀਟਰ ਦੌੜ ਚੋਂ 10.75 ਸੈਕਿੰਡ ਨਾਲ ਸੋਨ ਤਮਗਾ ਚੁੰਮਿਆਂ । ਇਹ ਆਪਣੇ ਤਮਗੇ ਨੂੰ ਸੁਰੱਖਿਅਤ ਰੱਖਣ ਵਾਲੀ ਤੀਜੀ ਅਤੇ ਗੈਰ ਅਮਰੀਕਨ ਪਹਿਲੀ ਮਹਿਲਾ ਅਖਵਾਈ ਹੈ । ਚੈਂਪੀਅਨਸ਼ਿੱਪ ਵਿੱਚੋਂ ਮੁੰਬਈ ਮੈਰਾਥਨ ਦੌੜ ਸਮੇ ਕੀਨੀਆਂ ਦਾ ਲਾਬਾਨ ਮੋਇਬਨ ਅਤੇ ਮਹਿਲਾ ਵਰਗ ਵਿੱਚੋਂ ਇਥੋਪੀਆ ਦੀ ਨਿਟਸਨੈੱਟ ਅਬੀਓ ਜੇਤੂ ਬਣੀ । ਭਾਰਤੀ ਚੈਂਪੀਅਨਸ਼ਿੱਪ ਸਮੇ ਰਾਮ ਸਿੰਘ ਯਾਦਵ (ਪੁਰਸ਼) ਅਤੇ ਲਲਿਤਾ ਬਾਬਰ (ਮਹਿਲਾ) ਨੇ ਜਿੱਤਾਂ ਦਰਜ ਕੀਤੀਆਂ ਹਨ। ਦੋਹਾ (ਕਤਰ) ਏਸ਼ੀਆਈ ਖੇਡਾਂ ਸਮੇ 400 ਮੀ ਰਿਲੇਅ ਵਿੱਚੋਂ ਸੋਨ ਤਮਗਾ ਜੇਤੂ ਭਾਰਤੀ ਅਥਲੀਟ ਪਿੰਕੀ ਪ੍ਰਮਾਣਿਕ 'ਤੇ ਮਹਿਲਾ ਨਾ ਹੋ ਕਿ ਪੁਰਸ਼ ਹੋਣ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
ਫੁੱਟਬਾਲ;-
                        ਓਲੰਪਿਕ ਫੁਟਬਾਲ ਪੁਰਸ਼ ਵਰਗ ਵਿੱਚ 28 ਟੀਮਾਂ ਨੇ ਹਿੱਸਾ ਲਿਆ ,58 ਮੈਚਾਂ ਵਿੱਚ 146 ਗੋਲ ਹੋਏ । ਪੁਰਸ਼ ਵਰਗ ਦਾ ਖ਼ਿਤਾਬ ਬਰਾਜ਼ੀਲ ਨੂੰ ਹਰਾਕੇ ਮੈਕਸੀਕੋ ਨੋ ਜਿੱਤਿਆ । ਮਹਿਲਾ ਵਰਗ ਦੀਆਂ 12 ਟੀਮਾਂ ਨੇ 26 ਮੈਚ ਖੇਡੇ ਅਤੇ 70 ਗੋਲ ਹੋਏ । ਅਮਰੀਕਾ ਨੇ ਚੌਥੀ ਵਾਰੀ ਜਪਾਨ ਨੂੰ ਹਰਾਕੇ ਖਿਤਾਬ ਉੱਤੇ ਕਬਜ਼ਾ ਕਰਿਆ । ਯੂਰੋ ਕੱਪ ਸਪੇਨ ਨੇ ਇਟਲੀ ਨੂੰ 4-0 ਨਾਲ ਹਰਾਕੇ ਜਿੱਤਿਆ । ਪਰ ਓਲੰਪਿਕ ਸਮੇ ਕਿਧਰੇ ਨਹੀਂ ਰੜਕਿਆ ।
ਨਹਿਰੂ ਕੱਪ ਭਾਰਤ ਨੇ ਪਨੈਲਟੀਆਂ ਰਾਹੀਂ ਕੈਮਰੂਨ ਬੀ ਨੂੰ 5-4 ਨਾਲ ਹਰਾ ਕੇ ਜੇਤੂ ਹੈਟ੍ਰਿਕ ਬਣਾਈ ਇਲਾਈਟ ਫੁਟਬਾਲ ਲੀਗ ਵੀ ਨਵੰਬਰ ਵਿੱਚ ਹੋਈ ਫੁਟੱਬਾਲ ਚੈਂਪੀਅਨਜ਼ ਲੀਗ ਦੇ ਜੇਤੂ ਦਾ ਫੈਸਲਾ ਵੀ ਪਨੈਲਟੀਆਂ ਜ਼ਰੀਏ ਬਾਇਰਿਨ ਮਿਊਨਿਖ ਨੂੰ ਚਾਲੀਸਾ ਦੇ 4-3 ਨਾਲ ਹਰਾਉਣ ਸਦਕਾ ਹੋਇਆ । ਫੁਟਬਾਲ ਦੇ ਖੇਤਰ ਦੀ ਦੁਨੀਆਂ ਵਿੱਚ ਮੈਸੀ ਦੇ ਨਾਅ ਦੀ ਚਰਚਾ ਰਹੀ । ਜਿਸ ਨੇ 301 ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਬਣਾਇਆ । ਇਸ ਨੇ 2012 ਵਿੱਚ 91 ਗੋਲ ਕਰਕੇ ਨਵਾਂ ਰਿਕਾਰਡ ਆਪਣੇ ਨਾਅ ਕਰਵਾਇਆ ਹੈ । ਉਂਜ ਇਹਦਾ ਮੁਕਾਬਲਾ ਰੋਨਾਲਡੋ ਨਾਲ ਹੀ ਚਲਦਾ ਰਿਹਾ ।
ਟੇਨਿਸ;-
                          ਸੀਨੀਅਰ ਨੈਸ਼ਨਲ ਟੇਬਲ ਟੇਨਿਸ ਚੈਂਪੀਅਨਸ਼ਿੱਪ ਏ ਅਮ੍ਰਿਤਰਾਜ ਨੇ ਪੈਟਰੋਲੀਅਮ ਸਪੋਰਟਸ ਪਰਮੋਸ਼ਨ ਬੋਰਡ (ਪੀ ਐਸ ਪੀ ਬੀ) ਦਾ ਪਹਿਲੀ ਵਾਰੀ ਖ਼ਿਤਾਬ ਹਾਸਲ ਕਰਿਆ । ਮਹਿਲਾ ਵਰਗ ਵਿੱਚ ਟੀ ਟੀ ਟਾਈਟਲ ਪੌਲਾਮੀ ਘਟਕ ਨੇ ਜਿੱਤਿਆ । ਆਸਟਰੇਲੀਅਨ ਓਪਨ ਟੇਨਿਸ ਚੈਪੀਅਨਸ਼ਿੱਪ ਰਾਫੇਲ ਨਾਡਾਲ ਨੂੰ ਨੋਵਾਕ ਡਿਜੋਕੋਵਿਕ ਨੇ ਹਰਾਕੇ ਤੀਜੀ ਵਾਰ ਪੁਰਸ਼ ਸਿੰਗਲਜ਼ ਦਾ ਟਾਈਟਲ ਜਿੱਤਿਆ । ਇਸ ਮੈਚ ਨੂੰ ਸਮੇ ਦੇ ਹਿਸਾਬ ਨਾਲ ਲੰਬਾ ਸਮਾਂ ਚਲਿਆ ਮੈਚ ਮੰਨਿਆਂ ਗਿਆ । ਇਹ ਮੈਚ 5 ਘੰਟੇ 15 ਮਿੰਟ ਤੱਕ ਚੱਲਿਆ । ਮਹਿਲਾ ਵਰਗ ਵਿੱਚੋਂ  ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਪਛਾੜਕੇ ਵਿਕਟੋਰੀਆ  ਅਜ਼ਾਰਿੰਕਾ ਬੇਲਾਰੂਸੀਆ ਖ਼ਿਤਾਬ ਜੇਤੂ ਬਣੀ । ਭਾਰਤ ਦੇ ਲਿਏਂਡਰ ਪੇਸ ਅਤੇ ਚੈੱਕ ਗਣਰਾਜ ਦੇ ਰਾਡਿਕ ਸਟੈੱਪਪੈਨਿਕ ਨੇ ਬੌਬ ਅਤੇ ਮਾਈਕ ਬਰਾਇਨ ਨੂੰ ਹਰਾ ਕੇ ਡਬਲਜ਼ ਦਾ ਖ਼ਿਤਾਬ ਜਿੱਤਿਆ । ਜੇਤੂ ਜੋੜੀ ਦਾ ਮੇਡਿਨ ਡਬਲਜ਼ ਗ੍ਰੈਂਡ ਸਲੈਮ ਖ਼ਿਤਾਬ ਸੀ । ਮਹਿਲਾ ਵਰਗ ਵਿੱਚ ਰੂਸ ਦੀ ਸਵੇਤਲਾਨਾ ਕੁਨੇਤਿਓਸਾ ਅਤੇ ਵੇਰਾ ਜਵੋਨਾਰੋਵਾ ਨੇ ਇਤਾਲਵੀ ਜੋੜੀ ਨੂੰ ਮਾਤ ਦਿੰਦਿਆਂ ਜਿੱਤ ਹਾਸਲ ਕੀਤੀ । ਹਾਪਮੈਨ ਕੱਪ ਵਿੰਬਿਲਡਨ ਜੇਤੂ ਪੇਟਰਾ ਕਵੀਟੋਵਾ (ਚੈਕੋਸਲਵਾਕੀਆ) ਅਤੇ ਟਾਮਸ ਬ੍ਰਾਡਿਚ ਨੇ ਫਰਾਂਸੀਸੀ ਵਿਰੋਧੀਆਂ ਨੂੰ ਹਰਾਕੇ ਸਿੰਗਲਜ਼ ਖ਼ਿਤਾਬ ਜਿੱਤੇ । ਡੁਬਈ ਓਪਨ ਟੇਨਿਸ ਕੋਰਟ ਮੁਕਾਬਲਾ ਮਹੇਸ਼ ਭੂਪਤੀ ਅਤੇ ਰੌਹਨ ਬੋਪੰਨਾ ਤਾਂ ਜਿੱਤਿਆ,ਪਰ ਵਿਸ਼ਵ ਡਬਲਜ਼ ਰੈਕਿੰਗ ਵਿੱਚ ਇਹ ਜੋੜੀ ਚੌਥੇ ਸਥਾਨ ਉੱਤੇ ਰਹੀ । ਗਰੈਂਡ ਸਲੈਮ ਜੇਤੂ ਸਾਨੀਆਂ ਮਿਰਜ਼ਾ ਨੇ 3 ਖ਼ਿਤਾਬ ਅਤੇ 6 ਫਾਈਨਲ ਜਿੱਤਕੇ ਰੇਂਕਿੰਗ ਸੁਧਾਰੀ । ਇੰਗਲੈਂਡ ਨੇ 76 ਸਾਲਾਂ ਬਾਅਦ ਟੇਨਿਸ ਮੁਕਾਬਲਾ ਜਿੱਤਿਆ । ਵਿਲੀਅਮਜ਼ ਭੈਣਾਂ ਵੀ ਮੋਰਚੇ ਤੇ ਡਟੀਆਂ ਰਹੀਆਂ ।

ਬਿਲਿਅਰਡਜ਼ ਐਂਡ ਸਨੂਕਰ;-

                     ਇੰਡੀਅਨ ਨੈਸ਼ਨਲ ਬਿਲਿਅਰਡਜ਼ ਐਂਡ ਸਨੂਕਰ ਚੈਂਪੀਅਨਸ਼ਿੱਪ ਪੂਨਾ (ਮਹਾਂਰਾਸ਼ਟਰ) ਅਦਿਤਿਯਾ ਮਹਿਤਾ ਨੇ ਕਮਲ ਚਾਵਲਾ ਨੂੰ 6-2 ਨਾਲ ਹਰਾ ਕੇ ਜਿੱਤੀ । ਏਥੇ ਹੀ ਇੱਕ ਹੋਰ ਟੂਰਨਾਮੈਂਟ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਪੰਕਜ਼ ਅਡਵਾਨੀ ,ਗੀਤ ਸੇਠੀ ਨੇ 5 ਲੱਖੀ ਮੁਕਾਬਲੇ ਵਿੱਚ ਜ਼ੌਹਰ ਦਿਖਾਏ । ਇਹਨਾਂ ਤੋਂ ਇਲਾਵਾ ਪੀ ਵਾਈ ਸੀ ਹਿੰਦੂ ਜਿੰਮਖਾਨਾ ਵਿਖੇ ਦਵੇਂਦਰ ਜੋਸ਼ੀ,ਧਰੁਵ ਸਿਤਵਾਲਾ, ਅਲੋਕ ਕੁਮਾਰ,ਕਮਲ ਚਾਵਲਾ,ਰਫ਼ਥ ਹਬੀਬ,ਸੰਦੀਪ ਗੁਲਾਟੀ,ਰੁਪੇਸ਼ ਸ਼ਾਹ,ਸੌਰਿਯ ਕੋਠਾਰੀ,ਮਨਨ ਚੰਦਰਾ, ਅਸ਼ੋਕ ਸ਼ਾਂਡਿਅਲ,ਸਿਧਾਰਿਥ ਪਾਰਿਖ ਆਦਿ ਵੀ ਹਾਜ਼ਰ ਹੋਏ । ਇਸ ਟੂਰਨਾਂਮੈਂਟ ਵਿੱਚ 1000 ਤੋਂ ਵੱਧ ਖਿਡਾਰੀ,24 ਸੂਬਿਆਂ ਤੋਂ ਪਹੁੰਚੇ । ਪੰਕਜ਼ ਅਰਜੁਨ ਅਡਵਾਨੀ ਨੇ ਬਿਲਿਅਰਡਜ਼ ਐਂਡ ਸਨੂਕਰ ਵਰਗ ਦਾ ਖ਼ਿਤਾਬ ਡਿਫ਼ੈਡਿੰਗ ਚੈਪੀਅਨ ਇੰਗਲਿਸ਼ਮੈਨ ਮਾਈਕ ਰੁਸੈਲ ਨੂੰ ਲੀਡਜ਼ ਵਿਖੇ ਹਰਾਕੇ ਵਿਸ਼ਵ ਟਾਈਟਲ 7 ਵੀਂ ਵਾਰੀ ਜਿੱਤਿਆ । 2012 -13 ਦੀ ਵਿਸ਼ਵ ਰੈਕਿੰਗ ਤੀਜੀ ਰਿਵੀਜ਼ਨ ਅਨੁਸਾਰ ਇੰਗਲੈਂਡ ਦਾ ਜੁੱਡ ਟਰੁੰਪ (79155) ਮੀਰੀ,ਏਸੇ ਮੁਲਕ ਦਾ ਮਾਰਕ ਸੈਲਬੀ (76620) ਦੋਇਮ ਅਤੇ ਜੌਹਨ ਹਿਗਿਨਜ਼ ਸਕਾਟਲੈਂਡ (72040) ਤੀਜੇ ਸਥਾਨ ਉੱਤੇ ਹੈ ।

ਹਾਕੀ;-

             ਓਲੰਪਿਕ ਪੁਰਸ਼ ਹਾਕੀ ਦਾ ਖ਼ਿਤਾਬ ਜਰਮਨੀ ਨੇ ਨੀਦਰਲੈਂਡ ਨੂੰ 2-1 ਨਾਲ ਅਤੇ ਮਹਿਲਾ ਵਰਗ ਦਾ ਫ਼ਾਈਨਲ ਅਰਜਨਟੀਨਾਂ ਨੂੰ 2-0 ਨਾਲ ਹਰਾਕੇ ਨੀਦਰਲੈਂਡ ਦੇ ਹਿੱਸੇ ਰਿਹਾ । ਛੱਤੀਵੀਂ ਵਿਸ਼ਵ ਜੂਨੀਅਰ ਆਈਸ ਹਾਕੀ ਚੈਪੀਅਨਸ਼ਿੱਪ ਸਵੀਡਨ ਨੇ ਡਿਫੈਡਿੰਗ ਚੈਂਪੀਅਨ ਰੂਸ ਨੂੰ 1-0 ਨਾਲ,ਗਲਫ਼ ਆਈਸ ਹਾਕੀ ਚੈਪੀਅਨਸ਼ਿੱਪ (ਆਬੂ ਧਾਬੀ) ਯੂ ਏ ਈ ਨੇ ਕੁਵੈਤ ਨੂੰ ਹਰਾ ਕੇ ਜਿੱਤੀ । ਏਸੇ ਵਰਗ ਦਾ ਸੀ ਆਈ ਐੱਸ (ਮਹਿਲਾ)ਮੁਕਾਬਲਾ ਮਾਂਟਰੀਆਲ ਨੂੰ ਹਰਾ ਕੇ ਕੈਲਗਰੀ ਨੇ ਜਿੱਤਿਆ । ਵੀਹਵੀਂ ਮਹਿਲਾ ਚੈਂਪੀਅਨਜ਼ ਟਰਾਫ਼ੀ ਅਰਜਨਟੀਨਾ ਨੇ ਬਰਤਾਨੀਆਂ ਨੂੰ 1-0 ਨਾਲ ਹਰਾਕੇ ਜਿੱਤੀ । ਪੁਰਸ਼ ਵਰਗ ਦੀ 34 ਵੀਂ ਟਰਾਫ਼ੀ ਪਹਿਲੀ ਦਸੰਬਰ ਤੋਂ 9 ਦਸੰਬਰ ਤੱਕ ਆਸਟਰੇਲੀਆ ਵਿੱਚ ਹੋ ਹੈ । ਭਾਰਤੀਟੀਮ ਨੌਮੀਨੇਟਿਡ ਟੀਮ ਵਜੋਂ ਗਰੁੱਪ ਏ ਵਿੱਚ ਇੰਗਲੈਂਡ, ਜਰਮਨੀ,ਨਿਊਜ਼ੀਲੈਂਡ ਨਾਲ ਸ਼ਾਮਲ ਹੈ । ਟੀਮ ਦੀ ਕਪਤਾਨੀ ਸਰਦਾਰ ਸਿੰਘ ਨੂੰ ਸੌਂਪੀ ਗਈ ਹੈ । ਹੋਰਨਾਂ ਕਈ ਹਾਕੀ ਮੁਕਾਬਲਿਆਂ ਵਾਂਗ ਸੁਰਜੀਤ ਹਾਕੀ ਯਾਦਗਾਰੀ ਟੂਰਨਾਂਮੈਂਟ ਵੀ ਯਾਦਗਾਰ ਬਣਿਆਂ ਹੈ ।

            ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਲਈ 1980 ਤੋਂ ਬਾਅਦ ਕਦੇ ਵੀ ਕੁਆਲੀਫਾਈ ਨਹੀਂ ਕਰ ਸਕੀ,ਅਤੇ ਪੁਰਸ਼ ਟੀਮ 1980 ਮਗਰੋਂ ਕਦੇ ਵੀ ਸੈਮੀਫਾਈਨਲ ਤੱਕ ਨਹੀਂ ਪਹੁੰਚੀ । ਇਵੇਂ ਹੀ 1975 ਦਾ ਵਿਸ਼ਵ ਕੱਪ ਜਿੱਤਣ ਮਗਰੋਂ ਵੀ ਸੈਮੀਫਾਈਨਲ ਪ੍ਰਵੇਸ਼ ਕਦੇ ਨਹੀਂ ਪਾਇਆ । ਲੰਦਨ ਓਲੰਪਿਕ ਸਮੇ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਅਖ਼ੀਰਲਾ 12 ਵਾਂ ਸਥਾਨ ਰਿਹਾ । ਹਾਕੀ ਦਾ ਹੁਣ ਤੱਕ ਦਾ ਸੱਭ ਤੋਂ ਵੱਡੀ ਇਨਾਮੀ ਰਾਸ਼ੀ ਵਾਲਾ ਮੁਕਾਬਲਾ ਵਰਲਡ ਸੀਰੀਜ਼ ਹਾਕੀ ਹੁਝਤਾਂ ਦੇ ਬਾਵਜੂਦ ਵੀ ਸਿਰੇ ਚੜ੍ਹਿਆ । ਸ਼ੇਰ ਇ ਪੰਜਾਬ ਦੀ ਟੀਮ ਪੁਨਾ ਸਟਰਾਈਕਰਜ਼ ਨੂੰ 5-2 ਨਾਲ ਹਰਾਕੇ ਜੇਤੂ ਬਣੀ । ਗੁਰਜਿੰਦਰ ਸਿੰਘ (ਚੰਡੀਗੜ੍ਹ ਕੋਮਿਟਸ),ਅਤੇ ਸਾਈਦ ਇਮਰਾਨ ਵਾਰਸੀ (ਚੇਨੱਈ ਚੀਤਾਜ਼) 19-19 ਗੋਲ ਕਰਕੇ ਟਾਪ ਸਕੋਰਰ ਬਣੇ । ਹਾਕੀ ਇੰਡੀਆ ਨੇ ਵੀ ਟੂਰਨਾਮੈਂਟ ਕਰਵਾਉਣ ਦਾ ਝੰਡਾ ਚੁੱਕਿਆ ।ਖਿਡਾਰੀਆਂ ਦੀ ਆਈ ਪੀ ਐਲ ਵਾਂਗ ਬੋਲੀ ਲਗਾਈ ਜਾ ਰਹੀ ਹੈ । ਆਸਟਰੇਲੀਆ ਵਿੱਚ ਹਾਕੀ ਦੀ ਨਵੀਂ ਵੰਨਗੀ 9 ਏ ਸਾਈਡ ਸੁਪਰ ਸੀਰੀਜ਼ 22 ਤੋਂ 25 ਦਸੰਬਰ ਤੱਕ ਹੋਈ । ਜੋ ਆਸਟਰੇਲੀਆ ਨੇ ਜਿੱਤੀ । ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ ਵੀ ਆਸਟਰੇਲੀਆ ਨੇ ਹੀ ਜਿੱਤਿਆ । ਇੰਡੀਅਨ ਰੋਲਰ ਹਾਕੀ ਨੈਸ਼ਨਲ ਚੈਂਪੀਅਨਸ਼ਿੱਪ ਦੇ ਪੁਰਸ਼ ਵਰਗ ਵਿੱਚੋਂ ਚੰਡੀਗੜ੍ਹ ਨੂੰ ਹਰਾਕੇ ਹਰਿਆਣਾ ਨੇ,ਅਤੇ ਮਹਿਲਾ ਵਰਗ ਵਿੱਚ ਵੀ ਹਰਿਆਣਾ ਹੀ ਜੰਮੂ ਕਸ਼ਮੀਰ ਨੂੰ ਹਰਾਕੇ ਜੇਤੂ ਬਣਿਆਂ । ਪੰਜਾਬ ਦੀ ਟੀਮ ਵੀ ਗੁਰਬਾਜ਼ ਦੇ ਆਤਮਘਾਤੀ ਗੋਲ ਸਦਕਾ ਕੌਮੀ ਖਿਤਾਬਧਾਰੀ ਬਣੀ । ਦੋਹਾਂ ਪੰਜਾਬਾਂ ਦੇਟੂਰਨਾਮੈਟ ਸਮੇ ਲਾਹੌਰ ਵਿੱਚ ਭਾਰਤੀ ਹਾਕੀ ਟੀਮ ਜੇਤੂ ਰਹੀ । ਇੰਡੀਆ ਹਾਕੀ ਲੀਗ ਅਤੇ ਵਿਸ਼ਵ ਹਾਕੀ ਸੀਰੀਜ਼ ਦੀ ਗੱਲ ਵੀ ਤੁਰਦੀ ਰਹੀ ਅਤੇ ਸਭ ਤੋਂ ਉਪਰਲੀ ਕੀਮਤ ਸਰਦਾਰ ਸਿੰਘ ਅਤੇ ਟੇਨ ਡਿ ਨੂਈਜਰ ਦੀ ਲੱਗੀ। ਦੂਜੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪਾਕਿਸਤਾਨ ਨੇ ਭਾਰਤ ਨੂੰ 5-4 ਨਾਲ ਹਰਾ ਕੇ ਜਿੱਤੀ।
ਕ੍ਰਿਕਟ;-
                              ਰਣਜੀ ਟਰਾਫ਼ੀ ਮੁਕਾਬਲਾ ਤਾਮਿਲ ਨਾਇਡੂ ਨੂੰ ਹਰਾ ਕੇ ਰਾਜਸਥਾਨ ਨੇ, ਮੁੰਬਈ ਨੇ ਮਹਾਂਰਾਸ਼ਟਰ (ਅੰਡਰ-19) ਨੂੰ ਕੂਚ ਬਿਹਾਰ ਟਰਾਫ਼ੀ ਦੇ ਫਾਈਨਲ ਵਿੱਚ 23 ਰਨਜ਼ ਨਾਲ ਹਰਾ ਕੇ  ਟਰਾਫ਼ੀ ਤੇ ਕਬਜ਼ਾ ਜਮਾਇਆ । ਉੱਥੇ ਅੰਡਰ-19 ਵਰਗ ਵਿੱਚ ਭਾਰਤ ਕਪਤਾਨ ਉਨਮੁਕਤ ਚੰਦ ਦੇ ਸੈਂਕੜੇ ਦੀ ਬਦੌਲਤ ਫਾਈਨਲ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਜੇਤੂ ਵੀ ਬਣਿਆਂ । ਸਾਲ ਦੇ ਸ਼ੁਰੂ ਵਿੱਚ ਹੀ ਆਸਟਰੇਲੀਆ ਹੱਥੋਂ ਟੈਸਟ ਮੈਚਾਂ ਦੀ ਲੜੀ 4-0 ਨਾਲ ਹਾਰਨ ਵਾਲੀ ਭਾਰਤੀ ਟੀਮ ਨੇ ਸ਼੍ਰੀਲੰਕਾ ਵਿੱਚ 5 ਇੱਕ ਰੋਜ਼ਾ ਮੈਚਾਂ ਦੀ ਲੜੀ 4-1 ਨਾਲ ਜਿੱਤੀ ਅਤੇ ਇੱਕੋ ਇੱਕ ਟੀ-20 ਵੀ ਜਿੱਤਿਆ । ਰਾਹੁਲ ਦ੍ਰਾਵਿਡ,ਰਿੱਕੀ ਪੋਂਟਿੰਗ,ਵੀ ਲਕਸ਼ਮਣ,ਅਤੇ ਸਚਿਨ ਤੇਂਦੂਲਕਰ ਨੇ ਸੰਨਿਆਸ ਵੀ ਲਿਆ ਸਚਿਨ ਨੇ ਏਸ਼ੀਆ ਕੱਪ ਦੌਰਾਂਨ ਬੰਗਲਾ ਦੇਸ਼ ਵਿਰੁੱਧ 16 ਮਾਰਚ ਨੂੰ ਸੈਂਕੜਿਆ ਦਾ ਸੈਂਕੜਾ ਜੜਿਆ । ਇੰਗਲੈਂਡ ਟੀਮ ਨੇ ਭਾਰਤੀ ਟੀਮ ਨੂੰ ਹਰਾਉਂਦਿਆਂ ਕਈ ਸਾਲਾਂ ਬਾਅਦ ਟੈਸਟ ਮੈਚਾਂ ਵਿੱਚ ਸਰਦਾਰੀ ਹਾਸਲ ਕੀਤੀ । ਪਾਕਿਸਤਾਨੀ ਟੀਮ ਦਾ 2007 ਮਗਰੋਂ ਕੀਤਾ ਭਾਰਤੀ ਦੌਰਾ ਜਨਵਰੀ 2013 ਤੱਕ ਜਾਰੀ ਹੈ । ਦੋ ਟੀ-20 ਖੇਡੇ ਗਏ ਹਨ ,ਪਹਿਲਾ ਮੈਚ ਪਾਕਿਸਤਾਨ ਨੇ 5 ਵਿਕਟਾਂ ਨਾਲ ,ਦੂਜਾ ਭਾਰਤ ਨੇ 11 ਦੌੜਾਂ ਦੇ ਫ਼ਰਕ ਨਾਲ ਜਿੱਤ ਕੇ ਬਰਾਬਰੀ ਹਾਸਲ ਕੀਤੀ । ਇਸ ਸਾਲ ਦਾ ਭਾਰਤ ਅਤੇ ਪਾਕਿਸਤਾਨ ਦਾ ਆਖ਼ਰੀ ਇੱਕ ਰੋਜ਼ਾ ਮੈਚ ਪਾਕਿਸਤਾਨ ਨੇ ਜਿੱਤਿਆ । ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ,ਭਾਰਤੀ ਟੀਮ ਮਾੜੀ ਸ਼ੁਰੂਆਤ,ਫਿਰ 6 ਵੀਂ ਵਿਕਟ ਦੀ ਸਾਝੇਦਾਰੀ ਅਤੇ ਕਪਤਾਨ ਧੋਨੀ (113 ਨਾਟ ਆਊਟ) ਦੇ ਸੈਂਕੜੇ ਨਾਲ 227/6 ਸਕੋਰ ਕਰਿਆ । ਜਵਾਬ ਵਿੱਚ ਮਹਿਮਾਨ ਟੀਮ ਨੇ ਸੌਖੇ ਟੀਚੇ ਦਾ ਪਿੱਛਾ ਕਰਦਿਆਂ ਨਾਸਿਰ ਜਮਸ਼ੇਦ (101 ਨਾਟ ਆਊਟ) ਦੇ ਸੈਂਕੜੇ ਦੀ ਬਦੌਲਤ 48.1 ਓਵਰ ਵਿੱਚ 228/4 ਦੌੜਾਂ ਬਣਾ ਕੇ 6 ਵਿਕਟਾਂ ਨਾਲ ਮੈਚ ਜਿੱਤ ਲਿਆ ਅਤੇ ਇੱਕ ਰੋਜ਼ਾ ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ । ਕੱਲ੍ਹ ਨੂੰ ਸ਼ੁਰੂ ਹੋ ਰਹੇ ਨਵੇਂ ਸਾਲ 2013 ਦਾ ਦੋਹਾਂ ਨੇ ਪਹਿਲਾ ਮੈਚ 3 ਜਨਵਰੀ ਨੂੰ ਈਡਨ ਗਾਰਡਨ ਕੋਲਕਾਤਾ ਵਿੱਚ ਖੇਡਣਾ ਹੈ । ਉਧਰ ਆਂਧਰਾ ਪ੍ਰਦੇਸ਼ ਹਾਈਕੋਰਟ ਨੇ ਆਪਣੇ ਫ਼ੈਸਲੇ ਰਾਹੀਂ ਸਾਬਕਾ ਕਪਤਾਨ ਅਜ਼ਰੂਦੀਨ ਨੂੰ ਸਾਲ 2000 ਵਿੱਚ ਮੈਚ ਫ਼ਿਕਸਿੰਗ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ । ਇਸ ਸਾਲ ਦਾ ਆਈ ਪੀ ਐਲ ਖ਼ਿਤਾਬ ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ ਹਰਾਕੇ ਜਿੱਤਿਆ । ਡੈਕਨ ਚਾਰਜ਼ਿਰਸ ਨੂੰ ਆਈ ਪੀ ਐਲ ਤੋਂ ਬਾਹਰ ਕਰ ਦਿੱਤਾ ਗਿਆ । ਏਸ਼ੀਆ ਕੱਪ ਦੌਰਾਂਨ ਭਾਰਤੀ ਟੀਮ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਹਾਰ ਕੇ ਬਾਹਰ ਹੋ ਗਈ । ਸ਼੍ਰੀ ਲੰਕਾ ਵਿੱਰੁੱਧ ਹਾਸਲ ਕੀਤੀ ਜਿੱਤ ਕੁੱਝ ਨਾ ਸੰਵਾਰ ਸਕੀ । ਫਾਈਨਲ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 2 ਦੌੜਾਂ ਨਾਲ ਹਰਾ ਕੇ ਜਿੱਤਿਆ । ਸ਼੍ਰੀਲੰਕਾ ਵਿਖੇ ਖੇਡਿਆ ਗਿਆ ਟੀ-20 ਵਿਸ਼ਵ ਕੱਪ ਪਹਿਲੀ ਵਾਰੀ ਵੈਸਟ ਇੰਡੀਜ਼ ਨੇ ਮੇਜ਼ਬਾਨ ਟੀਮ ਨੂੰ 36 ਦੌੜਾਂ ਨਾਲ ਹਰਾ ਕੇ ਜਿੱਤਿਆ । ਭਾਰਤੀ ਟੀਮ ਸੈਮੀਫਾਈਨਲ ਤੱਕ ਵੀ ਨਾ ਪਹੁੰਚ ਸਕੀ । ਮਹਿਲਾ ਵਰਗ ਦਾ ਖ਼ਿਤਾਬ ਆਸਟੇਲੀਆ ਨੇ ਇੰਗਲੈਂਡ ਨੂੰ 4 ਰਨਜ਼ ਨਾਲ ਮਾਤ ਦੇ ਕੇ ਜਿੱਤਿਆ । ਜਿੱਥੇ ਭਾਰਤੀ ਟੀਮ ਪੂਲ ਦੇ ਸਾਰੇ ਮੈਚ ਹਾਰੀ,ਪਾਕਿਸਤਾਨ ਤੋਂ ਇੱਕ ਰਨ ਦੀ ਵੀ ਹਾਰ ਹੋਈ,ਉੱਥੇ ਪਲੇਅ ਆਫ਼ ਮੈਚ ਵਿੱਚ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ । ਬੱਸ ਇਹੀ ਇੱਕ ਜਿੱਤ ਨਸੀਬ ਹੋਈ ।
ਇੰਡੀਅਨ ਗ੍ਰਾਂਪ੍ਰੀ ਮੋਟਰ ਰੇਸ;-
                    28 ਅਕਤੂਬਰ ਨੂੰ ਖਤਮ ਹੋਈ ਦੂਜੀ ਇੰਡੀਅਨ  ਗ੍ਰਾਂ-ਪ੍ਰੀ ਫਾਰਮੂਲਾ ਵੰਨ ਮੋਟਰ ਰੇਸ 2011 ਦੇ ਹੀ ਵਿਜੇਤਾ ਜਰਮਨੀ ਦੇ ਸਬਸਟਿਨ ਵੈਟਿਲ (ਰੈੱਡ ਬੁਲ-ਰਿਨੌਲਟ) ਨੇ 1:25.283 ਸਮੇ ਨਾਲ ਜਿੱਤ ਲਈ ਹੈ । ਇਸ ਵਾਰੀ ਵੀ ਇਹ ਰੇਸ ਪਿਛਲੇ ਸਾਲ ਵਾਲੇ ਸੋਧੇ ਹੋਏ ਟਰੈਕ ਬੁੱਧ ਇੰਟਰਨੈਸ਼ਨਲ ਸਰਕਟ ਗਰੇਟਰ ਨੋਇਡਾ ਵਿਖੇ ਹੋਈ । ਇਸ ਸਾਲ ਮੋਟਰ ਰੇਸ ਦੇ ਕੁੱਲ 20 ਮੁਕਾਬਲੇ 18 ਮਾਰਚ ਤੋਂ 25 ਨਵੰਬਰ ਤੱਕ ਹੋਣੇ ਸਨ ਜਿੰਨਾਂ ਵਿੱਚੋਂ 16 ਹੋ ਚੁੱਕੇ ਸਨ ਸਤਾਰਵਾਂ ਰੁਮਾਂਟਿਕ ਰਫ਼ਤਾਰ ਮੁਕਾਬਲਾ ਭਾਰਤ ਵਿੱਚ 26 ਤੋਂ 28 ਅਕਤੂਬਰ ਤੱਕ ਹੋਇਆ ।  ਇਸ ਤੋਂ ਬਾਅਦ 18 ਵਾਂ ਆਬੂਧਾਬੀ ਵਿੱਚ 4 ਨਵੰਬਰ ਨੂੰ,19 ਵਾਂ ਅਮਰੀਕਾ ਵਿੱਚ 18 ਨਵੰਬਰ ਨੂੰ ਅਤੇ ਇਸ ਸਾਲ ਦਾ ਆਖ਼ਰੀ 20 ਵਾਂ ਮੁਕਾਬਲਾ 25 ਨਵੰਬਰ ਨੂੰ ਬਰਾਜ਼ੀਲ ਵਿੱਚ ਹੋਇਆ ਹੈ
ਕਬੱਡੀ;-
                       ਸਰਕਲ ਸਟਾਈਲ ਕਬੱਡੀ ਦਾ ਤੀਜਾ ਵਿਸ਼ਵ ਕੱਪ ਪਹਿਲੀ ਦਸੰਬਰ ਤੋਂ 15 ਤੱਕ ਹੋਇਆਭਾਰਤ ਨੇ ਸੁਖਵੀਰ ਸਰਾਵਾਂ ਦੀ ਕਪਤਾਨੀ ਅਧੀਨ ਪਾਕਿਸਤਾਨ ਨੂੰ 59-22 ਨਾਲ ਹਰਾ ਕੇ ਜੇਤੂ ਹੈਟ੍ਰਿਕ ਬਣਾਈ ।  ਮਹਿਲਾਵਾਂ ਨੇ ਕੁਲਵਿੰਦਰ ਕੌਰ ਦੀ ਕਪਤਾਨੀ ਅਧੀਨ ਮਲੇਸ਼ੀਆ ਨੂੰ ਫਾਈਨਲ ਵਿੱਚ 72-12 ਨਾਲ ਹਰਾ ਕੇ ਦੂਜੀ ਵਾਰ ਕੱਪ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ । ਇਸ ਦਾ ਉਦਘਾਟਨ ਬਠਿੰਡਾ ਵਿੱਚ ਅਤੇ ਕਲੋਸਿੰਗ ਲੁਧਿਆਣਾ ਵਿਖੇ ਹੋਈ ਸਾਰੇ ਮੈਚ ਇੱਕ ਤਰਫ਼ਾ ਹੀ ਰਹੇ । ਕਬੱਡੀ ਦਾ ਅਸਲੀ ਰੰਗ ਬਦਰੰਗ ਹੀ ਰਿਹਾ । ਪਰ ਘੜੰਮ ਚੌਧਰੀਆਂ ਅਤੇ ਮੌਸਮੀ ਕੋਚਾਂ ਦੀ ਕਬੱਡੀ ਪਹਿਲਾਂ ਵਾਂਗ ਹੀ ਰੰਗ ਰੰਗੀਲੀ ਰਹੀ । ਸੋਸਲਿਸਟ ਪਾਰਟੀ ਨੇ ਘਪਲਿਆਂ ਦੇ ਦੋਸ਼ ਵੀ ਲਗਾਏ ਹਨ,ਅਤੇ ਨਿਊਜ਼ੀਲੈਂਡ ਦੇ ਦੋ ਖਿਡਾਰੀਆਂ ਉੱਤੇ ਡੋਪ ਦੀ ਵਜ੍ਹਾ ਕਰਕੇ ਪਾਬੰਦੀ ਵੀ ਲਗਾਈ ਗਈ ਹੈ । ਬੀਚ ਕਬੱਡੀ ਟੂਰਨਾਮੈਂਟ ਵਿੱਚ ਮਹਿਲਾ ਵਰਗ ਵਿੱਚੋਂ ਭਾਰਤ ਨੇ ਸੋਨੇ ਦਾ ਅਤੇ ਪੁਰਸ਼ ਵਰਗ ਵਿੱਚੋਂ ਕਾਂਸ਼ੀ ਦਾ ਤਮਗਾ ਜਿੱਤਿਆ ਹੈ । ਦੂਜੇ ਏਸ਼ੀਆ ਕਬੱਡੀ ਕੱਪ ਦਾ ਫਾਈਨਲ ਪਾਕਿਸਤਾਨ ਅਤੇ ਭਾਰਤ ਦਰਮਿਆਂਨ 40-31 ਅੰਕਾਂ ਨਾਲ ਚੱਲੀ ਜਾ ਰਿਹਾ ਸੀ । ਭਾਰਤੀ ਕੋਚ ਗੁਰਮੇਲ ਸਿੰਘ ਨੂੰ ਜਦ ਹਰਾ ਕਾਰਡ ਦਿਖਾਇਆ ਗਿਆ ਤਾਂ ਗੁੱਸੇ ਵਿੱਚ ਆਈ ਭਾਰਤੀ ਟੀਮ ਮੈਦਾਨੋਂ ਬਾਹਰ ਚਲੀ ਗਈ । ਸਿੱਟੇ ਵਜੋਂ ਪਾਕਿਸਤਾਨੀ ਟੀਮ ਨੂੰ ਏਸੇ ਸਕੋਰ ਤਹਿਤ ਜੇਤੂ ਕਰਾਰ ਦੇ ਦਿੱਤਾ ਗਿਆ । ਇਸ ਮੁਕਾਬਲੇ ਵਿੱਚ 6 ਟੀਮਾਂ ਨੇ ਹਿੱਸਾ ਲਿਆ । ਬਿਹਾਰ ਸਰਕਾਰ ਨੇ ਮਹਿਲਾਵਾਂ ਦੀ ਕਬੱਡੀ ਵਰਲਡ ਚੈਂਪੀਅਨਸ਼ਿੱਪ ਕਰਵਾਈ ,ਜਿਸ ਵਿੱਚ ਭਾਰਤੀ ਟੀਮ ਇਰਾਂਨ ਨੂੰ 25-19 ਨਾਲ ਹਰਾ ਕੇ ਜੇਤੂ ਬਣੀ । ਦੋਹਾਂ ਪੰਜਾਬਾਂ ਦੀਆਂ ਦੋਸਤੀ ਖੇਡਾ ਵਿੱਚ ਵੀ ਭਾਰਤੀ ਪੰਜਾਬ ਦੀ ਟੀਮ ਫ਼ਸਵੇਂ ਮੈਚ ਵਿੱਚ 45-43 ਨਾਲ ਜੇਤੂ ਅਖਵਾਈ ।
ਅਰਸ਼ ਤੋਂ ਫ਼ਰਸ਼ 'ਤੇ ;-
                    ਟੂਰ ਡੀ ਫਰਾਂਸ ਚੈਂਪੀਅਨ ਨਾਮੀ ਸਾਇਕਲਿਸਟ ਆਰਮ ਸਟਰਾਂਗ ਨੂੰ ਉਸਦੇ 11 ਸਾਥੀਆਂ ਦੀ ਗਵਾਹੀ ਅਨੁਸਾਰ ਕੌਮਾਂਤਰੀ ਸਾਇਕਲਿੰਗ ਸੰਘ ਅਤੇ ਅਮਰੀਕੀ ਡੋਪਿੰਗ ਏਜੰਸੀ ਨੇ ਡੋਪਿੰਗ ਦੇ ਗੰਭੀਰ ਦੋਸ਼ਾਂ ਤਹਿਤ ਖੇਡ ਇਤਿਹਸ ਵਿੱਚ ਦਰਜ ਉਹਦੇ ਸਾਰੇ ਖ਼ਿਤਾਬਾਂ ਨੂੰ ਮਿਟਾ ਦਿੱਤਾ ਅਤੇ ਵਿਸ਼ਵ ਰਿਕਾਰਡ ਕਾਇਮ ਕਰਦਿਆਂ ਜਿੱਤੇ 7 ਤਮਗੇ ਵੀ ਵਾਪਸ ਲੈ ਲਏ । ਇਸ ਤੋਂ ਇੱਕ ਅਦਾਲਤੀ ਕੇਸ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232

ਹਾਕੀ ਤਜ਼ਰਬਿਆਂ ਦਾ ਹਸਤਾਖ਼ਰ ਬਾਲਕ੍ਰਿਸ਼ਨ ਸਿੰਘ



ਹਾਕੀ ਤਜ਼ਰਬਿਆਂ ਦਾ ਹਸਤਾਖ਼ਰ ਬਾਲਕ੍ਰਿਸ਼ਨ ਸਿੰਘ
                             ਰਣਜੀਤ ਸਿੰਘ ਪ੍ਰੀਤ
             ਭਾਰਤੀ ਹਾਕੀ ਦੇ ਸੁਨਿਹਰੀ ਦੌਰ ਨੂੰ ਦੁਨੀਆਂ ਜਾਣਦੀ ਹੈ। ਇਸ ਦੌਰ ਦੌਰਾਂਨ ਹਾਕੀ ਦੇ ਨਾਇਕ ਵੀ ਕਿਸੇ ਤੋਂ ਭੁੱਲੇ ਨਹੀਂ ਹਨ । ਭਾਰਤ ਵਿੱਚ ਭਾਵੇਂ ਇਹਨਾਂ ਨਾਇਕਾਂ ਦੀ ਸਥਿੱਤੀ ਅਜੋਕੀ ਹਾਕੀ ਵਰਗੀ ਹੀ ਹੈ । ਜਿੱਥੇ ਕੁੱਝ ਖਿਡਾਰੀ ਪਾਕਿਸਤਾਨ ਅਤੇ ਭਾਰਤ ਵੱਲੋਂ ਵੀ ਖੇਡੇ ਹਨ,ਉੱਥੇ ਇੱਕ ਅਜਿਹਾ ਖਿਡਾਰੀ ਵੀ ਇਤਿਹਾਸ ਦਾ ਮਾਣਮੱਤਾ ਪੰਨਾ ਹੈ,ਜਿਸ ਨੇ ਓਲੰਪੀਅਨ ਬਣੀ ਟੀਮ ਦੇ ਖਿਡਾਰੀ ਤੋਂ ਇਲਾਵਾ,ਕੋਚ ਵਜੋਂ ਤਿਆਰ ਕੀਤੀ ਟੀਮ ਵੀ ਓਲੰਪੀਅਨ ਬਣੀ ਹੈ । ਇਸ ਅਹਿਮ ਪ੍ਰਾਪਤੀ ਦਾ ਮਾਣ ਹਾਸਲ ਕਰਨ ਵਾਲਾ ਹੈ,ਅਥਲੀਟ, ਗੌਲਫਰ,ਹਾਕੀ ਖਿਡਾਰੀ ਹਾਕੀ ਕੋਚ ਬਾਲਕ੍ਰਿਸ਼ਨ ਸਿੰਘ । ਜਿਸ ਦਾ ਜਨਮ 10 ਮਾਰਚ 1933 ਨੂੰ 1924 ਅਤੇ 1928 ਦੀਆਂ ਓਲੰਪਿਕ ਖੇਡਾਂ ਵਿੱਚ ਲੰਬੀ ਛਾਲ ਈਵੈਂਟ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਪਹਿਲੇ ਅਥਲੀਟ ਬ੍ਰਿਗੇਡੀਅਰ ਦਲੀਪ ਸਿੰਘ ਦੇ ਘਰ ਹੋਇਆ ।       
                         ਘਰ ਵਿੱਚੋਂ ਅਥਲੈਟਿਕਸ ਦੀ ਲੱਗੀ ਜਾਗ ਸਦਕਾ ਬਾਲਕ੍ਰਿਸ਼ਨ ਵੀ ਇਸ ਖੇਤਰ ਵਿੱਚ ਸ਼ਾਮਲ ਹੋ ਗਏ । ਪੰਜਾਬ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨ ਸਮੇ ਬਾਲਕ੍ਰਿਸ਼ਨ ਸਿੰਘ ਨੇ 1949 ਵਿੱਚ ਪਹਿਲੇ ਸਾਲ ਦੀ ਪੜ੍ਹਾਈ ਸਮੇ ਹੀ ਯੂਨੀਵਰਸਿਟੀ ਦੇ ਮੁਕਾਬਲਿਆਂ ਵਿੱਚੋਂ ਤੀਹਰੀ ਛਾਲ ਲਗਾ ਕੇ ਨਵਾਂ ਰਿਕਾਰਡ ਬਣਾਇਆ । ਦੂਜੇ ਸਾਲ ਕੁੱਲ ਹਿੰਦ ਅੰਤਰ ਯੂਨੀਵਰਸਿਟੀ ਮੀਟ ਸਮੇਂ ਬੰਗਲੂਰੂ ਵਿਖੇ ਏਸੇ ਈਵੈਂਟ ਵਿੱਚੋਂ ਸੁਨਹਿਰੀ ਤਮਗਾ ਜਿੱਤਿਆ,ਉਹਨਾਂ ਲੰਬੀ ਛਾਲ ਰਿਕਾਰਡ ਬਣਾਕੇ ਜਿੱਤੀ ਅਤੇ ਫਿਰ ਯੂਨੀਵਰਸਿਟੀ ਦੇ ਕਲਰ ਹੋਲਡਰ ਬਣੇ । ਉਹ ਅਥਲੈਟਿਕਸ ਦੇ ਨਾਲ ਨਾਲ 1950 ਤੋਂ 1954 ਤੱਕ ਹਾਕੀ ਵੀ ਖੇਡਦੇ ਰਹੇ ।
                        1955 ਵਿੱਚ ਉਹ ਭਾਰਤੀ ਹਾਕੀ ਟੀਮ ਦੇ ਮੈਂਬਰ ਬਣਕੇ ਵਾਰਸਾ (ਪੋਲੈਂਡ) ਵਿਖੇ ਪਹਿਲੀ ਵਾਰ ਮੈਦਾਨ ਵਿੱਚ ਉਤਰੇ । ਘਰੇਲੂ ਹਾਕੀ ਵਿੱਚ ਰੇਲਵੇ ਵੱਲੋਂ ਖੇਡਣ ਵਾਲੇ ਬਾਲਕ੍ਰਿਸ਼ਨ ਸਿੰਘ ਨੇ 1963 ਅਤੇ 1964 ਵਿੱਚ ਆਪਣੀ ਟੀਮ ਨੂੰ ਕੌਮੀ ਜੇਤੂ ਵੀ ਬਣਾਇਆ । ਬਾਲਕ੍ਰਿਸ਼ਨ ਸਿੰਘ ਜੀ 1956 ਮੈਲਬੌਰਨ ਓਲੰਪਿਕ ਸਮੇ ਸੋਨ ਤਮਗਾ ਅਤੇ 1960 ਰੋਮ ਓਲੰਪਿਕ ਸਮੇ ਚਾਂਦੀ ਦਾ ਤਮਗਾ ਪ੍ਰਾਪਤ ਕਰਨ ਵਾਲੀ ਟੀਮ ਦੇ ਵੀ ਮੈਬਰ ਸਨ । ਇਵੇਂ ਹੀ 1958 ਦੀਆਂ ਏਸ਼ੀਆਈ ਖੇਡਾਂ ਸਮੇ ਪਾਕਿਸਤਾਨ ਨਾਲ ਫਾਈਨਲ ਗੋਲ ਰਹਿਤ ਬਰਾਬਰ ਰਿਹਾ,ਪਰ ਗੋਲ ਔਸਤ ਦੇ ਅਧਾਰ 'ਤੇ ਪਾਕਿਸਤਾਨ ਨੂੰ ਜੇਤੂ ਐਲਾਨਿਆਂ ਗਿਆ । ਚਾਂਦੀ ਦਾ ਤਮਗਾ ਜਿੱਤਣ ਵਾਲੀ ਟੀਮ ਵਿੱਚ ਵੀ ਬਾਲਕ੍ਰਿਸ਼ਨ ਸਿੰਘ ਸ਼ਾਮਲ ਸਨ।
                       ਸਰਗਰਮ ਹਾਕੀ ਤੋਂ ਸੰਨਿਆਸ ਲੈਂਦਿਆਂ ਉਹਨਾਂ ਕੌਮੀ ਖੇਡ ਇੰਸਟੀਚਿਊਟ (ਐਨ ਆਈ ਐਸ) ਪਟਿਆਲਾ ਵਿਖੇ ਉਘੇ ਹਾਕੀ ਖਿਡਾਰੀ ਮੇਜਰ ਧਿਆਂਨ ਚੰਦ ਦੀ ਅਗਵਾਈ ਵਿੱਚ ਵੀ ਕੰਮ ਕਰਿਆ । ਜਦ ਕੋਚਿੰਗ ਟ੍ਰੇਨਿੰਗ ਲਈ ਟੈਸਟ ਹੋਇਆ ਤਾਂ ਬਾਲਕ੍ਰਿਸ਼ਨ ਸਿੰਘ ਨੇ 93 % ਅੰਕ ਪ੍ਰਾਪਤ ਕਰਕੇ ਟਾਪਰ ਰਹਿਣ ਦਾ ਮਾਣ ਹਾਸਲ ਕਰਿਆ । ਐਨ ਆਈ ਐਸ ਵਿੱਚ ਹੀ ਉਹ ਕੋਚਾਂ ਨੂੰ ਟਰੇਂਡ ਕਰਨ ਲਈ ਅਧਿਆਪਕ ਵਜੋਂ ਵੀ ਕਾਰਜਕ੍ਰਤ ਰਹੇ । ਏਥੋਂ ਹੀ 1992 ਵਿੱਚ ਉਹ ਐਨ ਆਈ ਐਸ ਪਟਿਅਲਾ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ । ਇਸ ਸਮੇ ਹੀ ਉਹਨਾਂ ਬਾਰਸਿਲੋਨਾ ਓਲੰਪਿਕ 1992 ਵਿੱਚ ਬਤੌਰ ਕੋਚ ਆਖ਼ਰੀ ਜ਼ਿੰਮੇਵਾਰੀ ਨਿਭਾਈ । ਉਹ ਸਮੇ ਦੇ ਪਾਬੰਦ,ਗਲਤ ਸਮਝੌਤਿਆਂ ਦੇ ਵਿਰੋਧੀ,ਟੋਟਲ ਹਾਕੀ ਦੇ ਹਮਾਇਤੀ ਅਤੇ ਬਾਸਕਿਟਬਾਲ ਖੇਡ ਵਾਂਗ ਇਕੱਠਿਆਂ ਹਮਲਾ ਕਰਨਾ ਅਤੇ ਇਕੱਠਿਆਂ ਸੁਰੱਖਿਆ ਕਰਨ ਦੇ ਤਜ਼ੁਰਬੇ ਨੂੰ 1992 ਓਲੰਪਿਕ ਸਮੇ ਅਜ਼ਮਾਉਣ ਵਾਲੇ ਉਹ ਪਹਿਲੇ ਕੋਚ ਸਨ । ਅਨੁਸ਼ਾਸ਼ਣ ਦਾ ਉਹਨਾਂ ਉਮਰ ਭਰ ਪੱਲਾ ਨਹੀਂ ਸੀ ਛੱਡਿਆ ।
                        ਜਦ ਉਹਨਾਂ 1965 ਵਿੱਚ ਆਸਟਰੇਲੀਆ ਦੀ ਮਹਿਲਾ ਟੀਮ ਨੂੰ 5 ਮਹੀਨੇ ਸਿਖਲਾਈ ਦਿੱਤੀ ਤਾਂ ਉੱਥੋਂ ਦੇ ਪ੍ਰਧਾਨ ਮੰਤਰੀ ਮੈਕਾਲਮ ਫ਼ਰੇਜ਼ਰ ਉਹਨਾਂ ਤੋਂ ਬਹੁਤ ਮੁਤਾਸਰ ਹੋਏ ਅਤੇ ਬਹੁਤ ਸ਼ਲਾਘਾ ਕੀਤੀ । ਉਥੋਂ ਦੇ ਅੰਪਾਇਰਾਂ ਅਤੇ ਹੋਰ ਹਾਕੀ ਮਾਹਿਰਾਂ ਨੇ ਵੀ ਉਹਨਾਂ ਨੂੰ ਹਾਕੀ ਦਾ ਸਰਦਾਰ ਮੰਨਿਆਂ । ਇਸ ਉਪਰੰਤ ਉਹ ਮੁਰਾਰ ਜੀ ਡਿਸਾਈ ਨੂੰ ਵੀ ਮਿਲੇ।  
                       ਜਿੱਥੇ ਉਹਨਾਂ 1956,1960 ਓਲੰਪਿਕ ਸਮੇ ਖਿਡਾਰੀ ਵਜੋਂ ਹਿੱਸਾ ਲਿਆ ਅਤੇ 1956 ਮੈਲਬੌਰਨ ਵਿੱਚ ਓਲੰਪਿਕ ਗੋਲਡ ਮੈਡਲ ਜੇਤੂ ਰਹੀ ਟੀਮ ਦੇ ਮੈਂਬਰ ਰਹੇ,ਉੱਥੇ 1980 ਮਾਸਕੋ ਓਲੰਪਿਕ ਸਮੇ ਬਤੌਰ ਕੋਚ ਉਹਨਾਂ ਦੀ ਟੀਮ ਨੇ ਸੋਨ ਤਮਗਾ ਜਿੱਤਿਆ । ਉਹਨਾਂ ਦਾ ਇਹ ਵੀ ਰਿਕਾਰਡ ਹੈ ਕਿ ਉਹ ਚਾਰ ਓਲੰਪਿਕ ਟੀਮਾਂ ਦੇ ਕੋਚ ਵੀ ਰਹੇ । ਮੈਕਸੀਕੋ ਓਲੰਪਿਕ 1968 ਸਮੇਂ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ,ਉਦੋਂ ਵੀ ਬਾਲਕ੍ਰਿਸ਼ਨ ਸਿੰਘ ਹੀ ਟੀਮ ਦੇ ਕੋਚ ਸਨ । ਪਰ ਮੁੰਬਈ ਵਿਸ਼ਵ ਕੱਪ ਸਮੇ ਭਾਰਤੀ ਟੀਮ ਪਛੜ ਗਈ । ਦਿੱਲੀ ਏਸ਼ੀਆਈ ਖੇਡਾਂ -1982 ਸਮੇਂ ਜੇਤੂ ਰਹੀ ਭਾਰਤੀ ਮਹਿਲਾ ਟੀਮ ਨੂੰ ਵੀ ਬਾਲਕ੍ਰਿਸ਼ਨ ਸਿੰਘ ਨੇ ਹੀ ਸਿਖਲਾਈ ਦਿੱਤੀ ਸੀ । ਇਹ ਪਹਿਲਾ ਭਾਰਤੀ ਹਾਕੀਕੋਚ ਸੀ ਜਿਸ ਨੇ 4-4-2-1 ਦਾ ਫਾਰਮੂਲਾ ਅਪਣਾਇਆ ।
                    ਹਾਕੀ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੇ,ਹਾਕੀ ਖਿਡਾਰੀ ਅਤੇ ਹਾਕੀ ਕੋਚ ਵਜੋਂ ਸੇਵਾਵਾਂ ਨਿਭਾਉਣ ਵਾਲੇ ਬਾਲਕ੍ਰਿਸ਼ਨ ਸਿੰਘ 31 ਦਸੰਬਰ 2004 ਸ਼ੁਕਰਵਾਰ ਨੂੰ ਪਟਿਆਲਾ ਵਿਖੇ 79 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਏ । ਪਰ ਉਹਨਾਂ ਵੱਲੋਂ ਪਾਈਆਂ ਅਮਿੱਟ ਪੈੜਾਂ ਸਦਾ ਕਾਇਮ ਰਹਿਣਗੀਆਂ ,ਜਿੰਨ੍ਹਾਂ ਦੀ ਬਦੌਲਤ ਉਹ ਵੀ ਚੇਤਿਆਂ ਦੀ ਨਗਰੀ ਦੇ ਵਾਸੀ ਬਣੇ ਰਹਿਣਗੇ

Friday, December 28, 2012

ਦੂਜੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪਾਕਿਸਤਾਨ ਨੇ ਜਿੱਤੀ



ਦੂਜੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪਾਕਿਸਤਾਨ ਨੇ ਜਿੱਤੀ
                                        ਰਣਜੀਤ ਸਿੰਘ ਪ੍ਰੀਤ
                      ਦੂਜੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 20 ਦਸੰਬਰ ਤੋਂ 27 ਦਸੰਬਰ 2012 ਤੱਕ ਦੋਹਾ (ਕਤਰ) ਵਿੱਚ ਖੇਡੀ ਗਈ ਪਹਿਲੀ ਚੈਂਪੀਅਨਜ਼ ਟਰਾਫ਼ੀ ਓਰਡਸ (ਚੀਨ) ਵਿਖੇ 3 ਤੋਂ 11 ਸਤੰਬਰ 2011 ਤੱਕ ਖੇਡੀ ਗਈ ਸੀ । ਜਿਸ ਵਿੱਚ ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ, ਚੀਨ,ਅਤੇ ਭਾਰਤ ਨੇ ਸ਼ਮੂਲੀਅਤ ਕੀਤੀ ਸੀ ਅਤੇ ਉਦਘਾਟਨੀ ਮੈਚ 3 ਸਤੰਬਰ ਨੂੰ ਚੀਨ ਵਿਰੁੱਧ ਭਾਰਤ ਨੇ ਟੂਰਨਾਂਮੈਂਟ ਦੇ ਰਿਕਾਰਡ ਗੋਲ ਅੰਤਰ 5-0 ਨਾਲ ਜਿੱਤਿਆ ਸੀ । ਇਸ ਜਿੱਤ ਤੋਂ ਇਲਾਵਾ ਭਾਰਤੀ ਟੀਮ ਨੇ ਜਪਾਨ ਨਾਲ 1-1, ਮਲੇਸ਼ੀਆਂ ,ਪਾਕਿਸਤਾਨ ਨਾਲ 2-2 ਦੀ ਬਰਾਬਰੀ ਕੀਤੀ ਅਤੇ ਦੱਖਣੀ ਕੋਰੀਆ ਨੂੰ 5-3 ਨਾਲ,ਹਰਾਕੇ 9 ਅੰਕ ਪ੍ਰਾਪਤ ਕੀਤੇ । ਮਲੇਸ਼ੀਆ ਹੱਥੋਂ ਜਪਾਨ ਦੀ ਹੋਈ ਹਾਰ ਨੇ ਭਾਰਤ ਨੂੰ ਫਾਈਨਲ ਵਿੱਚ ਪੁਚਾਇਆ । ਜੇ ਜਪਾਨ ਜਿੱਤ ਜਾਂਦਾ ਤਾਂ ਉਹਦੇ 7 ਅੰਕਾਂ ਤੋਂ 10 ਅੰਕ ਹੋਣ ਨਾਲ ਫਾਈਨਲ ਉਸਨੇ ਖੇਡਣਾ ਸੀ । 
                           ਪਾਕਿਸਤਾਨ ਨੇ 10 ਅੰਕਾਂ ਦੀ ਪ੍ਰਾਪਤੀ ਲਈ ਮਲੇਸ਼ੀਆ ਨੂੰ 3-2 ਨਾਲ,ਚੀਨ ਨੂੰ 4-1 ਨਾਲ, ਦੱਖਣੀ ਕੋਰੀਆ ਨੂੰ 3-2 ਨਾਲ ਮਾਤ ਦਿੰਦਿਆਂ ਜਪਾਨ ਤੋਂ 1-3 ਨਾਲ ਹਾਰ ਖਾਧੀ ਅਤੇ ਭਾਰਤ ਨਾਲ 2-2ਤੇ ਬਰਾਬਰ ਰਿਹਾ ਦੱਖਣੀ ਕੋਰੀਆ ਨੇ ਚੀਨ ਨੂੰ 2-1 ਨਾਲ ਹਰਾਕੇ 5ਵਾਂ,ਮਲੇਸ਼ੀਆ ਨੇ ਜਪਾਨ ਨੂੰ 1-0 ਨਾਲ ਮਾਤ ਦੇ ਕੇ ਤੀਜਾ,ਅਤੇ ਪਨੈਲਟੀ ਸ਼ੂਟ ਆਊਟ ਰਾਹੀਂ ਭਾਰਤ ਨੇ ਪਾਕਿਸਤਾਨ ਨੂੰ 4-2 ਨਾਲ ਹਰਾਕੇ ਪਹਿਲਾ ਏਸ਼ੀਆਈ ਚੈਂਪੀਅਨਜ਼ ਬਣਨ ਦਾ ਮਾਣ ਹਾਸਲ ਕਰਿਆ ਸੀ । ਖੇਡੇ ਗਏ 18 ਮੈਚਾਂ ਵਿੱਚ 81 ਗੋਲ ਹੋਏ । ਸਭ ਤੋਂ ਵੱਧ 19 ਗੋਲ ਭਾਰਤ ਨੇ ਕੀਤੇ,ਅਤੇ 10 ਗੋਲ ਕਰਵਾਏ । ਇੱਕ ਮੈਚ ਵਿੱਚ ਸਭ ਤੋਂ ਵੱਧ 8 ਗੋਲ 6 ਸਤੰਬਰ ਨੂੰ ਭਾਰਤਕੋਰੀਆਂ ਮੈਚ ਦੌਰਾਨ ਹੋਏ ।
                 ਇਸ ਵਾਰੀ ਹਾਕੀ ਦੇ ਇਸ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਥਾਂ ਓਮਾਨ ਦੀ ਟੀਮ ਸ਼ਾਮਲ ਹੋਈ । ਸ਼ਾਮਲ ਹੋਈਆਂ6 ਏਸ਼ੀਅਨ  ਟੀਮਾਂ ਵਿੱਚ  ਭਾਰਤ, ਪਾਕਿਸਤਾਨ, ਚੀਨ, ਓਮਾਨ,ਮਲੇਸ਼ੀਆ,ਅਤੇ ਜਪਾਨ ਨੇ ਹਿੱਸਾ ਲੈਂਦਿਆਂ 18 ਮੈਚ ਰਾਊਂਡ ਰੌਬਿਨ ਅਤੇ ਪਲੇਆਫ਼ ਦੇ ਅਧਾਰ ਤੇ ਖੇਡੇ

                  ਭਾਰਤ ਨੇ ਖ਼ਿਤਾਬ ਦੀ ਰੱਖਿਆ ਲਈ 18 ਮੈਂਬਰੀ ਟੀਮ ਵਿੱਚ ਗੋਲਕੀਪਰ ਪੀ ਆਰ ਸ਼੍ਰੀਜੇਸ਼,ਪੀ ਟੀ ਰਾਓ,ਫੁੱਲ ਬੈਕ ਟੀਮ ਦਾ ਉਪ-ਕਪਤਾਨ ਵੀ ਆਰ ਰਘੂਨਾਥ, ਰਵਿੰਦਰ ਪਾਲ,ਹਰਬੀਰ ਸਿੰਘ,ਹਾਫ਼ਬੈਕ;ਕਪਤਾਨ ਸਰਦਾਰ ਸਿੰਘ,ਕੋਥਾਜੀਤ ਸਿੰਘ, ਬਰਿੰਦਰ ਲਾਕੜਾ, ਮਨਪ੍ਰੀਤ ਸਿੰਘ,ਗੁਰਮੇਲ ਸਿੰਘ,ਫਾਰਵਰਡ;ਐਸ ਵੀ ਸੁਨੀਲ,ਗੁਰਵਿੰਦਰ ਸਿੰਘ ਚੰਦੀ,ਦਾਨਿਸ਼ ਮੁਜ਼ਤਬਾ,ਐਸ ਕੇ ਉਥੱਪਾ,ਨਿਤਿਨ ਥਮਈਆ,ਯੁਵਰਾਜ ਬਾਲਮੀਕੀ,ਧਰਮਵੀਰ ਸਿੰਘ,ਆਕਾਸ਼ਦੀਪ ਸਿੰਘ ਤੋਂ ਇਲਾਵਾ ਡਰੈਗ ਫਲਿੱਕਰ ਸੰਦੀਪ ਸਿੰਘ ਅਤੇ ਸ਼ਿਵੇਂਦਰ ਸਿੰਘ ਨੂੰ ਰਾਖਵੇਂ ਖਿਡਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਸੀ ਰਾਊਂਡ ਰਾਬਿਨ ਅਧਾਰ ਉੱਤੇ ਖੇਡੇ ਗਏ ਮੈਚਾਂ ਦੌਰਾਂਨ ਭਾਰਤ ਨੇ ਚੀਨ ਨੂੰ 4-0 ਨਾਲ,ਜਪਾਨ 3-1 ਨਾਲ,ਉਮਾਨ ਨੂੰ 11-0 ਨਾਲ,ਪਾਕਿਸਤਾਨ ਨੂੰ 2-1 ਨਾਲ ਹਰਾਕੇ ਫਾਈਨਲ ਪਰਵੇਸ਼  ਪਾਇਆ ਪਰ ਮਲੇਸ਼ੀਆ ਤੋਂ 3-5 ਨਾਲ ਹਾਰ ਦਾ ਸਾਹਮਣਾ ਕਰਦਿਆਂ 12 ਅੰਕ ਲਏ । ਪਾਕਿਸਤਾਨੀ ਟੀਮ ਨੇ ਉਮਾਨ ਨੂੰ 8-3 ਨਾਲ,ਚੀਨ ਨੂੰ 5-2 ਨਾਲ,ਮਲੇਸ਼ੀਆ ਨਾਲ 3-3 ਦੀ ਬਰਾਬਰੀ,ਜਪਾਨ ਨੂੰ 5-2 ਨਾਲ,ਮਾਤ ਦਿੱਤੀ ਅਤੇ 10 ਅੰਕ ਲੈ ਕੇ ਫਾਈਨਲ ਦਾਖ਼ਲਾ ਪਾਇਆ । ਮਲੇਸ਼ੀਆ ਨੇ ਜਪਾਨ ਅਤੇ ਉਮਾਨ ਨੂੰ 4-1 ਨਾਲ ਹਰਾਕੇ ਅਤੇ ਚੀਨ ਤੋਂ 2-1 ਨਾਲ ਹਾਰਕੇ 10 ਅੰਕ ਹਾਸਲ ਕੀਤੇ । ਚੀਨ ਨੇ ਜਪਾਨ ਨੂੰ 4-2 ਨਾਲ,ਉਮਾਨ ਨੂੰ 6-1 ਨਾਲ ਹਰਾਕੇ 9 ਅੰਕ ਲਏ । ਜਪਾਨ ਨੇ ਉਮਾਨ ਨੂੰ 7-1 ਨਾਲ ਹਰਾਕੇ 3 ਅੰਕ ਅਤੇ ਉਮਾਨ ਟੀਮ ਕੋਈ ਮੈਚ ਨਾ ਜਿੱਤ ਸਕੀ । ਪਰ ਆਖ਼ਰੀ ਪੁਜ਼ਿਸ਼ਨ ਵਾਲੇ ਮੈਚ ਵਿੱਚ ਉਸ ਨੇ ਜਪਾਨ ਨੂੰ 2-1 ਨਾਲ ਹਰਾਕੇ ਪੰਜਵਾਂ,ਮਲੇਸ਼ੀਆ ਨੇ ਚੀਨ ਨੂੰ 3-1 ਨਾਲ ਹਰਾਕੇ ਤੀਜਾ,ਅਤੇ ਫਾਈਨਲ ਪਾਕਿਸਤਾਨ ਨੇ ਭਾਰਤ ਨੂੰ 5-4 ਨਾਲ ਹਰਾਕੇ ਜਿੱਤਿਆ । ਇਸ ਵਾਰੀ ਵੀ ਕੁੱਲ 18 ਮੈਚ ਹੋਏ ਜਿੰਨ੍ਹਾਂ ਵਿੱਚ 108 ਗੋਲ ਹੋਏ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;9815707232

Monday, December 10, 2012

ਪਹਿਲੀ ਬਰਸੀ ਮੌਕੇ ਭਾਰੀ ਇਕੱਠ ਨੇ ਮਾਣਕ ਨੂੰ ਕੀਤਾ ਯਾਦ



       ਪਹਿਲੀ ਬਰਸੀ ਮੌਕੇ ਭਾਰੀ ਇਕੱਠ ਨੇ ਮਾਣਕ ਨੂੰ ਕੀਤਾ ਯਾਦ
          ਯੁਧਵੀਰ ਮਾਣਕ ਵਿਸ਼ੇਸ਼ ਤੌਰ ਤੇ ਪਹੁੰਚਿਆ
                                               ਰਣਜੀਤ ਸਿੰਘ ਪ੍ਰੀਤ
                                     ਨਾਮਵਰ ਗਾਇਕ ਕੁਲਦੀਪ ਮਾਣਕ ਦੀ ਪਹਿਲੀ ਬਰਸੀ ਮੌਕੇ ਭਗਤਾ ਭਾਈ ਕਾ ਦੇ ਭੂਤਾਂ ਵਾਲੇ ਖੂਹਤੇ ਸ਼ਰਧਾਂਜਲੀ ਵਜੋਂ ਸਵੇਰ ਸਮੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਭਿਆਚਾਰਕ ਮੇਲੇ ਦਾ ਉਦਘਾਟਨ ਕੁਟੀਆ ਵਾਲੇ ਸੰਤ ਬਲਦੇਵ ਮੁਨੀ ਜੀ ਨੇ ਰੀਬਨ ਕੱਟ ਕਿ ਕਰਿਆ ,ਅਤੇ ਕੁਲਦੀਪ ਮਾਣਕ ਦੇ ਸ਼ਗਿਰਦ ਗੁਰਦੀਪ ਬਰਾੜ (ਲੋਕ ਗਾਇਕ) ਨੂੰ ਗੁਰਦੀਪ ਮਾਣਕ ਦਾ ਨਵਾਂ ਨਾਅ ਦਿੱਤਾ । ਕੁਲਦੀਪ ਮਾਣਕ ਦੀ ਫੋਟੋ ਤੇ ਫੁੱਲਾਂ ਦੇ ਹਾਰ ਪਾਏ ਗਏ । ਇਸ ਰਸਮ ਮੌਕੇ ਸੰਤਾਂ ਦੇ ਨਾਲ ਮੇਲਾ ਕਮੇਟੀ ਦੇ ਸੀਨੀਅਰ ਅਹੁਦੇਦਾਰ ਅਤੇ ਮਾਣਕ ਦੇ ਜਿਗਰੀ ਯਾਰ ਨਾਮਵਰ ਲੇਖਕ ਰਣਜੀਤ ਸਿੰਘ ਪ੍ਰੀਤ,ਡਾਕਟਰ ਸ਼ਾਂਤੀ ਸਰੂਪ ਤੋਂ ਇਲਾਵਾ ਪਰਮਜੀਤ ਬਿਦਰ, ,ਗੁਰਬਿੰਦਰ ਸਿੰਘ, ਬੂਟਾ ਸੋਢੀ,ਬਲਵਿੰਦਰ ਸਿੰਘ ਖਾਲਸਾ ਅਤੇ ਵਿਸ਼ੇਸ਼ ਸਹਿਯੋਗੀ ਖੂਹ ਕਮੇਟੀ ਦੇ ਸੇਵਾਦਾਰ ਮੈਂਬਰ ਵੀ ਹਾਜ਼ਰ ਸਨ ।
                              ਸਾਬਕਾ ਪੰਚ ਗੁਰਮੇਲ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਜਗਜੀਤ ਮਾਣਕ ਨੂੰ ਪੇਸ਼ ਕੀਤਾ,ਜਿਸ ਨੇ ਗੀਤ ਬਾਬਾ ਬੰਦਾ ਬਹਾਦਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ੳਪਰੰਤ ਸਟੇਜ ਕਾਰਜ ਜੀਵਨ ਜਈਆ ਨੇ ਨਿਭਾਇਆ । ਪੰਮਾ ਸਾਇਰ,ਜੱਗੀ ਪੂਹਲੀ,ਬੀਬਾ ਮਨਦੀਪ ਸਿੱਧੂ , ਜਗਰੂਪ ਸਿੱਧੂ,ਕ੍ਰਿਸ਼ਨ ਭਾਗੀ ਕੇ ਆਦਿ ਨੇ ਗੀਤ ਪੇਸ਼ ਕੀਤੇ । ਬਹੁਤ ਹੀ ਸੁਰੀਲੀ ਗਾਇਕਾ ਬੀਬਾ ਸੁਰਿੰਦਰ ਸਾਹੋ ਨੇ ਸਿਰ ਤੇ ਫੁਲਕਾਰੀ ਲੈ ਕੇ ਜਦ ਤੇਰੇ ਟਿੱਲੇ ਤੋਂ ਸੂਰਤ ਦੀਹਦੀ ਐ ਹੀਰ ਦੀ ਪੇਸ਼ ਕੀਤਾ,ਤਾਂ ਸਰੋਤੇ ਅਸ਼ ਅਸ਼ ਕਰ ਉੱਠੇ । ਫਿਰ ਚੋਟੀ ਦੇ ਗਾਇਕ ਅਤੇ ਬੁਲੰਦ ਅਵਾਜ਼ ਦੇ ਧਨੀ ਬਲਬੀਰ ਚੋਟੀਆਂ ਨੇ ਆਪਣਾ ਬਹੁ-ਚਰਚਿਤ ਗੀਤ ਇੱਕ ਮਾਂ,ਬੋਹੜ ਦੀ ਛਾਂ,ਤੇ ਰੱਬ ਦਾ ਨਾਅ ਪਿਆਰੇ ਇੱਕੋ ਜਿਹੇ ਅਤੇ ਫਿਰ ਕਿਸੇ ਨੇ ਮਾਣਕ ਨੀ ਬਣ ਜਾਣਾ ਪੇਸ਼ ਕੀਤਾ,ਤਾਂ ਸਮਾਂ ਖੜੋ ਗਿਆ ਪ੍ਰਤੀਤ ਹੋਣ ਲੱਗਿਆ । ਕੁਲਦੀਪ ਮਾਣਕ ਦੇ ਸ਼ਗਿਰਦ ਸੰਜੀਦਾ- ਸੁਰੀਲੇ ਲੋਕ ਗਇਕ ਗੋਰਾ ਚੱਕ ਵਾਲਾ ਨੇ ਡਟ ਕੇ ਗਾਉਂਦਿਆਂ ਫੱਟੇ ਚੱਕ ਦਿੱਤੇ ਅਤੇ ਸਰੋਤਿਆਂ ਦਾ ਰੱਜਵਾਂ ਪਿਆਰ ਹਾਸਲ ਕੀਤਾ । ਰਾਜਾ ਬਰਾੜ ਨੇ ਹਰਮਨ ਪਿਆਰੇ ਮਾਣਕ ਜੀ ਗੀਤ ਪੇਸ਼ ਕੀਤਾ । ਗੁਰਦੀਪ ਬਰਾੜ ਤੋਂ ਗੁਰਦੀਪ ਮਾਣਕ ਨਾਅ ਰਖੇ ਜਾਣ ਵਾਲੇ ਨੇ ਮਾਣਕ ਦੇ ਗਾਏ ਗੀਤ ਸ਼ਾਹਣੀ ਕੌਲਾਂ ਅਤੇ ਚਾਦਰ ਪੇਸ਼ ਕੀਤੇ । ਸੁਰਿੰਦਰ ਭਲਵਾਨ ਰਕਬਾ ਨੇ ਹੀਰ ਪੇਸ਼ ਕੀਤੀ ।
                                   ਯੁਧਵੀਰ ਮਾਣਕ ਨੇ ਵੀ ਭਾਰੀ ਇਕੱਠ ਦੀ ਗੱਲ ਮੰਨਦਿਆਂ ਤੇਰੇ ਟਿੱਲੇ ਤੋ,ਅਤੇ ਸੰਭਲ ਸੰਭਲ ਕੇ ਚੱਲ ਮੁਟਿਆਰੇ ਦੇ ਕੁੱਝ ਹਿੱਸੇ ਪੇਸ਼ ਕੀਤੇ । ਯੁਧਵੀਰ ਮਾਣਕ ਦੇ ਵਿਸ਼ੇਸ਼ ਸਨਮਾਨ ਸਮੇ ਉਸ ਦੇ ਜਲਦੀ ਸਿਹਤਯਾਬ ਹੋਣ ਬਾਰੇ ਖਚਾ ਖਚ ਭਰੇ ਪੰਡਾਲ ਦੇ ਲੋਕਾਂ ਅਤੇ ਬਹੁ-ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਨੇ ਪ੍ਰਾਰਥਨਾ ਵੀ ਕੀਤੀ । ਪੌਣਾ ਘੰਟਾ ਲਾਈਟ ਬੰਦ ਹੋਣਾ ਸੁਆਦੀ ਦਾਲ ਵਿੱਚ ਕੋਕੜੂ ਬਣ ਗਿਆ । ਪ੍ਰੋਗਰਾਮ ਭਾਵੇਂ ਮੁੜ ਫਿਰ ਲੀਹ ਤੇ ਆ ਗਿਆ ਪਰ ਪਹੁੰਚੇ 28 ਕਲਾਕਾਰਾਂ ਵਿੱਚੋਂ ਬੱਬੂ ਜਲਾਲ,ਤਨਵੀਰ ਗੋਗੀ , ਗਾਇਕ ਜੋੜੀ ਮੀਤ ਗੁਰਨਾਮ ਅਤੇ ਬੀਬਾ ਪ੍ਰੀਤ ਅਰਮਾਨ,ਦਿਲਬਾਗ ਫਤਿਹਗੜੀਆ, ਸੇਵਕ ਖ਼ਾਨ,ਗੁਰਜੰਟ ਜੁਗਤੀ, ਜਗਦੇਵ ਖਾਨ, ਗੀਤਾ ਦਿਆਲਪੁਰੀ,ਗੁਰਜੰਟ ਵਿਰਕ ਆਦਿ ਨੂੰ ਮੌਕਾ ਹੀ ਨਾ ਮਿਲ ਸਕਿਆ ਅਤੇ ਬਹੁਤਿਆਂ ਨੂੰ ਮਸਾਂ ਇੱਕ ਇੱਕ ਗੀਤ ਗਾਉਂਣ ਦਾ ਮੌਕਾ ਹੀ ਮਿਲਿਆ ।
                                 ਕਲਾਕਾਰਾਂ ਨੂੰ ਕੁਲਦੀਪ ਮਾਣਕ ਦੀ ਫੋਟੋ ਵਾਲੇ ਸਨਮਾਨ ਚਿੰਨ੍ਹ ਸੰਤ ਬਲਦੇਵ ਮੁਨੀ,ਰਣਜੀਤ ਸਿੰਘ ਪ੍ਰੀਤ,ਡਾ.ਸ਼ਾਤੀ ਸਰੂਪ,ਪੰਚ ਅਮਰਜੀਤ ਸਿੰਘ,ਡਾ.ਗੁਰਦੀਪ ਮਾਣਕ,ਨਛੱਤਰ ਸਿੰਘ ਸਿੱਧੂ,ਡਾਕਟਰ ਪੂਰਨ ਸਿੰਘ, ਮਨਜੀਤ ਇੰਦਰ ਸਿੰਘ ਨੇ ਦਿੱਤੇ । ਅਗਲੇ ਸਾਲ 2 ਦਸੰਬਰ ਨੂੰ ਹੀ ਫਿਰ ਪ੍ਰੋਗਰਾਮ ਕਰਵਾਉਂਣ ਦਾ ਐਲਾਨ ਕੀਤਾ ਗਿਆ । ਐਸ ਐਚ ਓ ਸੰਦੀਪ ਸਿੰਘ ਭਾਟੀ ਦੀ ਯੋਗ ਅਗਵਾਈ ਵਿੱਚ ਪੁਲੀਸ ਮੁਲਾਜ਼ਮਾਂ ਨੇ ਆਪਣਾ ਵਧੀਆ ਰੋਲ ਅਦਾਅ ਕਰਿਆ । ਅੰਨ੍ਹੇਰਾ ਹੋਣ ਤੱਕ ਪੂਰਾ ਦਿਨ ਚੱਲੇ ਇਸ ਪ੍ਰੋਗਰਾਮ ਦੀ ਚਰਚਾ ਅੱਜ ਹਰ ਵਿਅਕਤੀ ਦੀ ਜ਼ੁਬਾਂਨ ਤੇ ਹੈ । ਜੋ ਪ੍ਰੋਗਰਾਮ ਦੀ ਸਫ਼ਲਤਾ ਦਾ ਹੁੰਗਾਰਾ ਭਰਦੀ ਹੈ ਅਤੇ ਜ਼ਾਮਨ ਬਣਦੀ ਹੈ
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ-9815707232

ਆਸਟਰੇਲੀਆ ਚੈਪੀਅਨਜ਼ ਟਰਾਫ਼ੀ ਦਾ ਫਿਰ ਬਣਿਆਂ ਸਰਦਾਰ

   ਆਸਟਰੇਲੀਆ ਚੈਪੀਅਨਜ਼ ਟਰਾਫ਼ੀ ਦਾ ਫਿਰ ਬਣਿਆਂ ਸਰਦਾਰ 
                      ਰਣਜੀਤ ਸਿੰਘ ਪ੍ਰੀਤ
                               34 ਵੀਂ ਚੈਪੀਅਨਜ਼ ਟਰਾਫ਼ੀ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਸਟੇਟ ਨੈੱਟ ਬਾਲ ਐਂਡ ਹਾਕੀ ਸੈਂਟਰ ਮੈਦਾਨ ਵਿੱਚ ਪਹਿਲੀ ਦਸੰਬਰ ਤੋਂ 9 ਦਸੰਬਰ ਤੱਕ ਖੇਡੀ ਗਈ । ਜਿਸ ਵਿੱਚ ਸ਼ਾਮਲ 8 ਟੀਮਾਂ ਨੂੰ ਪੂਲ ਏ ਇੰਗਲੈਂਡ,ਜਰਮਨੀ,ਭਾਰਤ,ਨਿਊਜ਼ੀਲੈਂਡ,ਪੂਲ ਬੀ ਆਸਟਰੇਲੀਆ, ਨੀਦਰਲੈਂਡ, ਬੈਲਜੀਅਮ, ਪਾਕਿਸਤਾਨ ਅਨੁਸਾਰ ਵੰਡਿਆ ਗਿਆ । ਪਹਿਲੀ ਦਸੰਬਰ ਤੋਂ 4 ਦਸੰਬਰ ਤੱਕ ਦੋਹਾਂ ਪੂਲਾਂ ਵਿੱਚ 6-6 ਮੈਚ ਖੇਡੇ ਗਏ । ਭਾਰਤ ਪੂਲ ਏ ਵਿੱਚ ਇੰਗਲੈਂਡ,ਨਿਊਜ਼ੀਲੈਂਡ ਨੂੰ ਹਰਾਕੇ ,ਜਰਮਨੀ ਤੋਂ ਹਾਰਕੇ ਗੋਲ ਔਸਤ ਨਾਲ ਪੂਲ ਵਿੱਚੋਂ ਟਾਪਰ ਰਿਹਾ । ਇਸ ਨੇ 9 ਗੋਲ ਕੀਤੇ,6 ਕਰਵਾਏ ,6 ਹੀ ਅੰਕ ਲਏ । ਦੂਜਾ ਸਥਾਨ ਜਰਮਨੀ ਦਾ ਰਿਹਾ ਜਿਸ ਨੇ ਭਾਰਤ,ਨਿਊਜ਼ੀਲੈਂਡ ਨੂੰ ਤਾਂ ਹਰਾਇਆ ਪਰ ਇੰਗਲੈਂਡ ਤੋ ਹਾਰ ਖਾਧੀ ,7 ਗੋਲ ਕੀਤੇ 8 ਕਰਵਾਏ ਅਤੇ 6 ਅੰਕ ਹਾਸਲ ਕੀਤੇ । ਇੰਗਲੈਂਡ ਨੇ ਇੱਕ ਜਿੱਤ ਇੱਕ ਬਰਾਬਰੀ ਨਾਲ 4 ਅੰਕ ਲਏ । ਜਦੋਂ ਕਿ ਨਿਊਜ਼ੀਲੈਂਡ ਸਿਰਫ਼ ਇੱਕ ਬਰਾਬਰ ਨਾਲ ਇੱਕ ਅੰਕ ਹੀ ਲੈ ਸਕਿਆ । ਪੂਲ ਬੀ ਵਿੱਚ ਨੀਦਰਲੈਂਡ ਨੇ ਅਤੇ ਆਸਟਰੇਲੀਆ ਨੇ 2-2 ਮੈਚ ਜਿੱਤੇ,1-1 ਬਰਾਬਰ ਖੇਡਿਆ । ਕ੍ਰਮਵਾਰ 8 ਗੋਲ ਕੀਤੇ,5 ਕਰਵਾਏ,5 ਗੋਲ ਕੀਤੇ 2 ਕਰਵਾਏ । ਅੰਕ ਦੋਹਾਂ ਦੇ 7-7 ਰਹੇ । ਪਰ ਸਿਖਰ ਤੇ ਨੀਦਰਲੈਂਡ ਰਿਹਾ । ਪਾਕਿਸਤਾਨ ਨੇ 2 ਹਾਰਾਂ,ਇੱਕ ਜਿੱਤ ਨਾਲ 3 ਅੰਕ ਲਏ । ਜਦੋਂ ਕਿ ਬੈਲਜੀਅਮ ਟੀਮ ਕੋਈ ਅੰਕ ਹਾਸਲ ਨਾ ਕਰ ਸਕੀ । ਸੱਭ ਤੋਂ ਵੱਧ 11 ਗੋਲ ਏਸੇ ਟੀਮ ਸਿਰ ਹੋਏ ।
                                       ਕੁਆਰਟਰ ਫਾਈਨਲ ਵਿੱਚ ਵੱਡਾ ਉਲਟਫੇਰ ਕਰਦਿਆਂ ਪਾਕਿਸਤਾਨ ਨੇ ਜਰਮਨੀ ਨੂੰ 2-1 ਨਾਲ,ਨੀਦਰਲੈਂਡ ਨੇ ਨਿਊਜ਼ੀਲੈਂਡ ਨੂੰ 2-0 ਨਾਲ, ਤੀਜੇ ਕੁਆਰਟਰ ਫਾਈਨਲ ਮੈਚ ਵਿੱਚ ਬੜੀ ਮੁਸ਼ਕਲ ਨਾਲ ਭਾਰਤ ਨੇ ਬੈਲਜੀਅਮ ਨੂੰ 1-0 ਨਾਲ, ਆਸਟਰੇਲੀਆ ਨੇ ਇੰਗਲੈਂਡ ਨੂੰ 2-0 ਨਾਲ ਹਰਾਕੇ ਸੈਮੀਫਾਈਨਲ ਦੀ ਟਿਕਟ ਪੱਕੀ ਕੀਤੀ । ਸੈਮੀਫਾਈਨਲ ਵਿੱਚ ਨੀਦਰਲੈਂਡ ਨੇ ਪਾਕਿਸਤਾਨ ਨੂੰ 5-2 ਨਾਲ,ਅਤੇ ਆਸਟਰੇਲੀਆ ਨੇ ਭਾਰਤ ਨੂੰ 3-0 ਨਾਲ ਹਰਾਕੇ  ਫਾਈਨਲ ਪ੍ਰਵੇਸ਼ ਪਾਇਆ । ਆਸਟਰੇਲੀਆ ਦਾ ਇਹ 23 ਵਾਂ ਅਤੇ ਨੀਦਰਲੈਂਡ ਦਾ 14 ਵਾਂ ਫਾਈਨਲ ਸੀ                           
                    ਕਰਾਸਓਵਰ ਮੈਚਾਂ ਵਿੱਚ ਬੈਲਜੀਅਮ ਨੇ ਇੰਗਲੈਂਡ ਨੂੰ 4-0 ਨਾਲ,ਜਰਮਨੀ ਨੇ ਨਿਊਜ਼ੀਲੈਂਡ ਨੂੰ 6-4 ਨਾਲ ਹਰਾਕੇ ਅੱਗੇ ਕਦਮ ਵਧਾਏ । ਸੱਤਵਾਂ ਸਥਾਨ  ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 3-2 ਨਾਲ ਹਰਾਕੇ,5 ਵਾਂ ਸਥਾਨ ਬੈਲਜੀਅਮ ਨੇ ਜਰਮਨੀ ਨੂੰ 5-4 ਨਾਲ ਹਰਾਕੇ ਹਾਸਲ ਕਰਿਆ । ਪਾਕਿਸਤਾਨ ਨੇ ਭਾਰਤ ਨੂੰ 3-2 ਨਾਲ ਹਰਾਕੇ ਤੀਜਾ ਸਥਾਨ ਲਿਆ । ਭਾਰਤੀ ਟੀਮ 6 ਵੀਂ ਵਾਰੀ ਅਰਥਾਤ 2004 ਮਗਰੋਂ ਇੱਕ ਵਾਰ ਫਿਰ ਚੌਥੇ ਸਥਾਨ ਉੱਤੇ ਰਹੀ । ਆਸਟਰੇਲੀਆ ਨੇ ਵਾਧੂ ਸਮੇ ਤੱਕ ਚੱਲੇ ਫਾਈਨਲ ਮੈਚ ਵਿੱਚ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਲਗਾਤਾਰ 5 ਵੀਂ ਵਾਰੀ ਅਤੇ ਕੁੱਲ ਮਿਲਾਕੇ 13 ਵੀ ਵਾਰੀ ਇਹ ਟਰਾਫ਼ੀ ਜਿੱਤ ਲਈ । ਨੀਦਰਲੈਂਡ ਦੇ ਬਰਟ ਨੇ 18 ਵੇਂ ਮਿੰਟ ਵਿੱਚ ਪਹਿਲਾ ਗੋਲ ਕਰਿਆ । ਬਰਾਬਰੀ ਵਾਲਾ ਗੋਲ ਰਿਪੋਰਟ ਫੋਰਡ ਨੇ 31 ਵੇਂ ਮਿੰਟ ਵਿੱਚ ਦਾਗਿਆ । ਪੂਰੇ ਸਮੇ ਤੱਕ ਇਹੀ ਸਕੋਰ ਰਿਹਾ । ਪਰ ਵਾਧੂ ਸਮੇ ਦੌਰਾਂਨ 75 ਵੇਂ ਮਿੰਟ ਵਿੱਚ ਗੋਵਰਜ਼ ਨੇ ਗੋਲ ਕਰਕੇ ਆਸਟਰੇਲੀਆ ਨੂੰ ਜੇਤੂ ਬਣਾ ਦਿੱਤਾ ।
               ਨੀਦਰਲੈਂਡ ਟੀਮ 2006 ਪਿੱਛੋਂ ਪਹਿਲੀ ਵਾਰੀ ਫਾਈਨਲ ਤੱਕ ਪਹੁੰਚੀ ਸੀ,ਪਰ ਜੇਤੂ ਨਾ ਬਣ ਸਕੀ । ਕੁੱਲ 50 ਹਰੇ,24 ਪੀਲੇ ਅਤੇ ਇੱਕ ਲਾਲ ਕਾਰਡ ਦਿਖਾਇਆ ਗਿਆ । ਬੈਲਜੀਅਮ-ਆਸਟਰੇਲੀਆ, ਨੀਦਰਲੈਂਡ- ਨਿਊਜ਼ੀਲੈਂਡ, ਪਾਕਿਸਤਾਨ- ਨੀਦਰਲੈਂਡ ਦੇ ਮੈਚਾਂ ਸਮੇ ਕੋਈ ਕਾਰਡ ਨਹੀਂ ਵਰਤਿਆ ਗਿਆ । ਸੱਭ ਤੋ ਵੱਧ 9 ਕਾਰਡ ਇੰਗਲੈਂਡ ਜਰਮਨੀ ਵਾਲੇ ਮੈਚ ਵਿੱਚ ਵਰਤੇ ਗਏ । ਜਿੰਨਾਂ ਵਿੱਚ ਗਰਿਲ ਨਿਕਟਸ ਦਾ ਲਾਲ ਕਾਰਡ ਵੀ ਸ਼ਾਮਲ ਰਿਹਾ । ਖੇਡੇ ਗਏ 24 ਮੈਚਾਂ ਵਿੱਚ 103 ਗੋਲ ਹੋਏ,ਆਸਟਰੇਲੀਆ ਦਾ ਨਿੱਕ ਵਿਲਸਨ 5 ਗੋਲ ਕਰਕੇ ਟਾਪ ਸਕੋਰਰ ਰਿਹਾ । ਸਰਵੋਤਮ ਖਿਡਾਰੀ ਸ਼ਕੀਲ ਅਬਾਸੀ (ਪਾਕਿਸਤਾਨ),ਵਧੀਆ ਗੋਲ ਕੀਪਰ ਜਾਪ ਸਟਾਕਮਨ (ਨੀਦਰਲੈਂਡ) ਅਤੇ ਨੀਦਰਲੈਂਡ ਟੀਮ ਨੂੰ ਹੀ ਫ਼ੇਅਰ ਪਲੇਅ ਟਰਾਫ਼ੀ ਦਾ ਸਨਮਾਨ ਦਿੱਤਾ ਗਿਆ । ਹਾਕੀ ਦਾ ਇਹ ਅਹਿਮ ਟੂਰਨਾਮੈਟ ਆਸਟਰੇਲੀਆ ਨੇ 13 ਵਾਰੀ,ਜਰਮਨੀ ਨੇ 9 ਵਾਰੀ,ਨੀਦਰਲੈਂਡ ਨੇ 8 ਵਾਰੀ,ਪਾਕਿਸਤਾਨ ਨੇ 3 ਵਾਰੀ,ਸਪੇਨ ਨੇ ਇੱਕ ਵਾਰੀ ਜਿੱਤਿਆ ਹੈ । ਭਾਰਤ ਇੱਕ ਵਾਰ ਤੀਜੇ ਸਥਾਨ ਉੱਤੇ ਰਿਹਾ ਹੈ । ਹੁਣ ਤੱਕ ਕੁੱਲ ਮਿਲਾਕੇ 7 ਮੁਲਕ ਹੀ ਫਾਈਨਲ ਖੇਡੇ ਹਨ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232