Thursday, October 17, 2013

ਦੀਨ-ਦੁਖੀਆਂ ਦਾ ਮਸੀਹਾ ਸੀ;ਸੰਤ ਬਾਬਾ ਮੋਹਨ ਸਿੰਘ ਜੀ



18 ਅਕਤੂਬਰ ਬਰਸੀ ਤੇ ਵਿਸ਼ੇਸ਼
  ਦੀਨ-ਦੁਖੀਆਂ ਦਾ ਮਸੀਹਾ ਸੀ;ਸੰਤ ਬਾਬਾ ਮੋਹਨ ਸਿੰਘ ਜੀ
                               ਰਣਜੀਤ ਸਿੰਘ ਪਰੀਤ
                    ਬੇ-ਸਹਾਰਿਆਂ ਦਾ ਸਹਾਰਾ,ਨਿ-ਆਸਰਿਆਂ ਦਾ ਆਸਰਾ,ਦੀਨ ਦੁਖੀਆਂ ਦੇ ਮਸੀਹਾ,ਸੰਤ ਬਾਬਾ ਮੋਹਨ ਸਿੰਘ ਦਾ ਜਨਮ ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ ਪਾਕਿਸਤਾਨ ਵਿੱਚ ਹੋਇਆ । ਕੁਰਸੀਆਂ ਦੀ ਵੰਡ ਲਈ ਦੇਸ਼ ਦੀ ਵੰਡ ਨੇ ਪਰਵਾਰਾਂ ਦਾ ਵੀ ਨਿਖੇੜਾ ਪਾ ਦਿੱਤਾ । ਇਸ ਦਾ ਸ਼ਿਕਾਰ ਹੋਏ ਮੋਹਨ ਸਿੰਘ ਜੀ ਨੇ ਸ਼ਰਨਾਰਥੀ ਕੈਂਪਾਂ ਵਿੱਚ ਲੋੜਵੰਦਾਂ ਦੀ ਸੇਵਾ ਸੰਭਾਲ ਦੇ ਨਾਲ ਨਾਲ ਵਿਛੜਿਆਂ ਨੂੰ ਮਿਲਾਉਂਣ ਅਤੇ ਮੁੜ ਵਸੇਬੇ ਨੂੰ ਆਪਣਾ ਧਰਮ ਬਣਾ ਲਿਆ । ਕੁੱਝ ਸਮਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਤੇ ਫਿਰ ਭਗਤ ਪੂਰਨ ਸਿੰਘ ਨਾਲ ਵੀ ਬਿਤਾਇਆ । 
                   ਸੇਵਾ ਭਾਵਨਾਂ ਨੂੰ ਵੇਖਦਿਆਂ ਭਗਤ ਪੂਰਨ ਸਿੰਘ ਨੇ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਰਿਹਾਇਸ਼ ਦਾ ਪ੍ਰਬੰਧ ਕਰਦਿਆਂ ਇਲਾਕੇ ਵਿੱਚੋਂ ਦਸਵੰਧ ਇਕੱਠਾ ਕਰਨ ਅਤੇ ਲੋੜਵੰਦਾਂ ਨੂੰ ਅੰਮ੍ਰਿਤਸਰ ਵਿਖੇ ਲਿਆਉਂਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ । ਜਦ ਅੰਮ੍ਰਿਤਸਰ ਵਿਖੇ ਲਿਜਾਏ ਲੋੜਵੰਦਾਂ ਨੂੰ ਉੱਥੇ ਜਗ੍ਹਾ ਦੀ ਘਾਟ ਕਾਰਣ ਵਾਪਸ ਪਟਿਆਲੇ ਲਿਆਉਣਾਂ ਪੈਂਦਾ ਤਾਂ ਅਜਿਹੀ ਔਖਿਆਈ ਵੇਖ ਦੁਖ ਨਿਵਾਰਨ ਸਾਹਿਬ ਦੇ ਤਤਕਾਲੀਨ ਮੈਨੇਜਰ ਅਜਾਇਬ ਸਿੰਘ ਜੀ ਨੇ ਕਿਹਾ ਕਿ ਉਹ ਇਹਨਾਂ ਸਾਰੇ ਲਾਵਾਰਸਾਂ, ਅਪਾਹਜਾਂ, ਪਾਗਲਾਂ, ਬਿਮਾਰਾਂ ਨੂੰ ਏਥੇ ਹੀ ਸੰਭਾਲਣ ਲੱਗ ਜਾਣ ।                    

                    ਇਸ ਤਹਿਤ ਹੀ ਉਹਨਾਂ ਨੇ 1983 ਵਿੱਚ ਪਾਸੀ ਰੋਡ ਤੇ ਪਾਟੀਆਂ-ਪੁਰਾਣੀਆਂ ਬੋਰੀਆਂ ਨੂੰ ਤੰਬੂ- ਕਨਾਤਾਂ ਵਾਂਗ ਲਗਾ ਕੇ ਮਜ਼ਬੂਰ- ਲਾਚਾਰਾਂ ਨੂੰ  ਸੰਭਾਲਣਾ ਸ਼ੁਰੂ ਕਰ ਦਿੱਤਾ । ਲੋੜਵੰਦਾਂ ਨੂੰ ਦੁਆਈ ਦਿਵਾਉਂਣ ਲਈ ਖੁਦ ਹੀ ਰਿਕਸ਼ਾ ਰੇਹੜੀ ਚਲਾ ਕੇ ਲਿਜਾਂਦੇ ਅਤੇ ਇਹਨਾਂ ਦੀ ਪੇਟ ਪੂਰਤੀ ਲਈ ਨੇੜਲੇ ਇਲਾਕੇ ਵਿੱਚੋਂ ਭੋਜਨ ਆਦਿ ਮੰਗ ਕੇ ਲਿਆਉਂਦੇ । ਇਸ ਰੁਝੇਵੇਂ ਦੌਰਾਂਨ ਹੀ ਬਾਬਾ ਜੀ ਦੀ ਪੱਤਨੀ ਚਰਨ ਕੌਰ ਦਾ ਵੀ ਦਿਹਾਂਤ ਹੋ ਗਿਆ ਅਤੇ ਦੋ ਕੁ ਸਾਲ ਦੇ ਛੋਟੇ ਬੇਟੇ ਬਲਬੀਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਦੇਵਾ ਯਤੀਮਖਾਨੇ ਵਿੱਚ ਹੀ ਬਚਪਨ ਬਿਤਾਉਂਣਾ ਪਿਆ ।

                                ਜ਼ਰੂਰਤਵੰਦਾਂ ਦੀ ਗਿਣਤੀ ਵਧਣ ਨਾਲ ਜਗ੍ਹਾ ਘਟ ਗਈ,ਤਾਂ ਮੌਕੇ ਦੇ ਡਿਪਟੀ ਕਮਿਸ਼ਨਰ ਐਸ ਕੇ ਸਿਨਾਹ ਨੇ ਸਨੌਰ ਸੜਕ ਤੇ ਜਗ੍ਹਾ ਅਲਾਟ ਕਰ ਦਿੱਤੀ । ਜਿੱਥੇ ਦਾਨੀਆਂ ਦੀ ਮਦਦ ਨਾਲ ਉਸਾਰੇ ਆਸ਼ਰਮ ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਨਾਅ ਤਹਿਤ ਰਜਿਸਟਰਡ ਕਰਵਾਇਆ ਗਿਆ । ਪਰ ਸੰਤ ਬਾਬਾ ਮੋਹਨ ਸਿੰਘ ਜੀ 18 ਅਕਤੂਬਰ 1994 ਨੂੰ ਸਵਰਗ ਸੁਧਾਰ ਗਏ । ਉਹਨਾਂ ਦੀ ਬਰਸੀ ਹਰ ਸਾਲ 16 ਤੋਂ 18 ਅਕਤੂਬਰ ਤੱਕ ਮਨਾਈ ਜਾਂਦੀ ਹੈ,ਆਸ਼ਰਮ ਵਿੱਚ ਇਲਾਜ ਨਾਲ ਠੀਕ ਹੋਈਆਂ ਲੜਕੀਆਂ ਜਾਂ ਹੋਰ ਗਰੀਬ ਲੜਕੀਆਂ ਦੇ ਬਰਸੀ ਮੌਕੇ ਵਿਆਹ ਵੀ ਕੀਤੇ ਜਾਂਦੇ ਹਨ । ਇਸ ਵਾਰ 19 ਵੀਂ ਬਰਸੀ ਮੌਕੇ 11 ਲੜਕੀਆਂ ਦੇ ਵਿਆਹ ਕਰਨ ਦੇ ਨਾਲ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਲੋੜਵੰਦਾਂ ਦੇ ਮਸੀਹਾ ਸੁਰਿੰਦਰ ਪਾਲ ਸਿੰਘ ਓਬਰਾਏ ਨੂੰ ਸੰਤ ਬਾਬਾ ਮੋਹਣ ਸਿੰਘ ਮੈਮੋਰੀਅਲ ਨਿਸ਼ਕਾਮ ਸਮਾਜ ਸੇਵੀ ਸੰਤ ਰਤਨ ਐਵਾਰਡ ਦਿੱਤਾ ਜਾ ਰਿਹਾ ਹੈ । ਇਹ ਸਾਰਾ ਪ੍ਰਬੰਧ ਆਪਣੇ ਪਿਤਾ ਜੀ ਦੇ ਕਦਮ ਚਿੰਨ੍ਹਾ ਤੇ ਚਲਦਿਆਂ ਔਕੜਾਂ,ਘਾਟਾਂ ਦਾ ਸਾਹਮਣਾ ਕਰਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਦਾਨੀਆਂ ਦੀ ਮਦਦ ਨਾਲ ਚਲਾ ਰਹੇ ਹਨ । ਜਿੰਨ੍ਹਾਂ ਦੇ ਰੋਮ ਰੋਮ ਵਿੱਚ ਪਿਤਾ ਵਾਲੀਆਂ ਸੇਵਾ ਭਾਵਨਾਵਾਂ ਪੂਰੀ ਤਰ੍ਹਾਂ ਬਰਕਰਾਰ ਹਨ ।

No comments:

Post a Comment

preetranjit56@gmail.com