Sunday, November 3, 2013

ਇਤਿਹਾਸਕ ਦ੍ਰਿਸ਼ਟੀ ਤੋਂ-ਦੀਵਾ

                 ਇਤਿਹਾਸਕ ਦ੍ਰਿਸ਼ਟੀ ਤੋਂ-ਦੀਵਾ
                                            ਰਣਜੀਤ ਸਿੰਘ ਪ੍ਰੀਤ
ਧਰਤੀ ਉੱਤੇ ਦੀਵਾ ਕਦੋਂ ਜਗਾਇਆ ਗਿਆ,ਇਹਦਾ ਪਿਛੋਕੜ ਕੀ ਹੈ,ਇਸ ਬਾਰੇ ਇਤਿਹਾਸਕ-ਮਿਥਿਹਾਸਕ ਜਾਣਕਾਰੀ ਬਹੁਤ ਘੱਟ ਮਿਲਦੀ ਹੈ । ਪਰ ਫਿਰ ਵੀ ਜੋ ਕੁੱਝ ਕੁ ਹਵਾਦਲੇ ਮਿਲਦੇ ਹਨ,ਉਹਨਾਂ ਰਾਹੀਂ ਇਸ ਦੀ ਹੋਂਦ ਨਾਲ ਜੁੜਨ ਦਾ ਯਤਨ ਕਰਾਂਗੇ। ਲੋਕ ਕਥਾਵਾਂ ਦਾ ਹਵਾਲਾ ਵੀ ਰੌਚਕ ਹੈ ।
                  ਮਿਸਰ ਦੀ ਲੋਕ ਕਥਾ ਮੁਤਾਬਕ ਇੱਕ ਦਿਨ ਦੇਰ ਸ਼ਾਮ ਨੂੰ ਸੂਰਜ ਨੇ ਅਪਣਾ ਦਿਨ ਦਾ ਸਫ਼ਰ ਨਿਬੇੜਦਿਆਂ ਅਤੇ ਮੱਸਿਆ ਦਾ ਖ਼ਿਆਲ ਕਰਦਿਆਂ ਲਲਕਾਰ ਦਿੱਤੀ ਕਿ ਹੈ ਕੋਈ ਮਾਈ ਦਾ ਲਾਲ ਜੋ ਮੇਰੀ ਥਾਂ ਰੌਸ਼ਨੀ ਕਰ ਸਕੇ ? ਉਸ ਸਮੇ ਅਕਾਸ਼ ਤੇ ਇੱਕ ਤਾਰਾ ਟਿਮ ਟਿਮਾਉਂਦਾ ਦਿਖਾਈ ਦਿੱਤਾ । ਉਸ ਨੂੰ ਵੇਖ ਕੇ ਹੀ ਧਰਤੀ ਉੱਤੇ ਦੀਵੇ ਦੀ ਕਲਪਨਾ ਜਗਮਗਾਈ ।
              ਇੱਕ ਯੂਨਾਨੀ ਲੋਕ ਕਥਾ ਦੇ ਜ਼ਿਕਰ ਅਨੁਸਾਰ ਇੱਕ ਔਰਤ ਇੱਕ ਸ਼ਾਮ ਨੂੰ ਕਿਸੇ ਬਰਤਨ ਵਿੱਚ ਘਿਓ ਗਰਮ ਕਰ ਰਹੀ ਸੀ ਤਾਂ ਅਸਮਾਨ ਵਿੱਚ ਉਡਦੀ ਇੱਲ੍ਹ ਕੋਲੋਂ ਚੂਹੇ ਦੀ ਪੂਛ ਇਸ ਬਰਤਨ ਵਿੱਚ ਇਸ ਤਰ੍ਹਾ ਡਿੱਗੀ ਕਿ ਉਸਦਾ ਇੱਕ ਸਿਰਾ ਅੱਗ ਦੀਆਂ ਲਾਟਾਂ ਵੱਲ ਨੂੰ ਹੋ ਗਿਆ ਅਤੇ ਉਹ ਅੱਗ ਲੱਗਣ ਨਾਲ ਅੱਜ ਦੇ ਦੀਵੇ ਦੀ ਬੱਤੀ ਵਾਂਗ ਜਲ ਕੇ ਰੌਸ਼ਨੀ ਕਰਨ ਲੱਗੀ । ਜਦ ਉਸ ਔਰਤ ਨੇ ਅਜਿਹਾ ਵੇਖਿਆ ਤਾਂ ਉਹਨੇ ਆਟੇ-ਮਿੱਟੀ ਦਾ ਅਣਘੜਤ ਜਿਹਾ ਦੀਵਾ ਬਣਾਇਆ ਅਤੇ ਉਹਦੇ ਵਿੱਚ ਘਿਓ ਪਾ ਕੇ ਕਪੜੇ ਦੀ ਬੱਤੀ ਜਿਹੀ ਬਣਾ ਕੇ ਰੌਸ਼ਨੀ ਕਰ ਲਈ ।
                        ਇਹ ਮੱਤ ਵੀ ਪ੍ਰਚੱਲਤ ਹੈ ਕਿ ਆਦਿ ਮਾਨਵ ਨੇ ਦੀਵੇ ਨੂੰ ਤਿਆਰ ਕਰਕੇ ਉਸ ਵਿੱਚ ਚਰਬੀ ਭਰੀ ਅਤੇ ਦਰੱਖਤਾਂ ਦੀ ਛਿਲੜ ਤੋਂ ਬੱਤੀਆਂ ਬਣਾ ਕੇ ਆਪਣੇ ਰਾਹਾਂ ਵਿੱਚ ਰੌਸ਼ਨੀ ਕੀਤੀ ।
               ਸੀਰੀਆ ਵਾਲੇ ਜੋ ਕਥਾ ਸਾਂਭੀ ਬੈਠੇ ਹਨ,ਉਸ ਮੁਤਾਬਕ ਪੁਰਾਤਨ ਯੁੱਗ ਵਿੱਚ ਇੱਕ ਅਜਿਹਾ ਰੁੱਖ ਸੀ,ਜਿਸ ਦੇ ਫ਼ਲ ਹੀ ਦੀਵਿਆਂ ਦੀ ਸ਼ਕਲ ਦੇ ਸਨ । ਜਦ ਅੰਨੇ੍ਹਰਾ ਹੁੰਦਾ ਤਾਂ ਇਹ ਆਪਣੇ ਆਪ ਰੌਸ਼ਨੀ ਦੇਣ ਲੱਗ ਪਿਆ ਕਰਦੇ ਸਨ । ਬਿਲਕੁੱਲ ਉਵੇਂ ਜਿਵੇਂ ਮੁਢਲੇ ਮਨੁੱਖ ਨੇ ਜੁਗਨੂਆਂ ਨੂੰ ਵੱਡੀ ਗਿਣਤੀ ਵਿੱਚ ਫੜ ਕੇ ਅਤੇ ਇੱਕ ਥਾਂ ਤੇ ਰੱਖ ਕੇ ਚਾਨਣ ਲੈਣ ਦਾ ਯਤਨ ਕੀਤਾ ਸੀ । ਇਵੇਂ ਹੀ ਇਹਨਾਂ ਲੋਕਾਂ ਨੇ ਕੀਤਾ । ਪਰ ਇੱਕ ਵਾਰ ਜਦ ਇਹ ਰੁੱਖ ਹਨ੍ਹੇਰੀ ਨਾਲ ਡਿੱਗ ਕੇ ਤਬਾਹ ਹੋ ਗਿਆ,ਤਾਂ ਹੰਨ੍ਹੇਰਾ ਰਹਿਣ ਲੱਗਿਆ । ਮਨੁੱਖ ਨੇ ਉਸ ਰੁੱਖ ਦੇ ਫ਼ਲ ਵਰਗੀ ਕਿਸੇ ਹੋਰ ਚੀਜ਼ ਦੀ ਤਲਾਸ਼ ਲਈ ਯਤਨ ਆਰੰਭੇ।
                ਓਸੇ ਅਕਾਰ ਦਾ ਦੀਵਾ ਤਿਆਰ ਕਰਕੇ ਉਸ ਵਿੱਚ ਚਰਬੀ ਅਤੇ ਮਾਸ ਭਰਿਆ । ਫਿਰ ਰੁੱਖ ਦੀ ਟਾਹਣੀ ਉਸ ਵਿੱਚ ਖੁਭੋ ਕੇ ਉਸ ਨੂੰ ਜਲਾ ਲਿਆ । ਇਸ ਨਾਲ ਰੌਸ਼ਨੀ ਹੋ ਗਈ ਤਾਂ ਲੋਕਾਂ ਨੇ ਖ਼ੂਬ ਖ਼ੁਸ਼ੀਆਂ ਮਨਾਈਆਂ । ਇਸ ਮਗਰੋਂ ਸਿੱਪੀਆਂ ਵਿੱਚ ਚਰਬੀ ਭਰਕੇ ਜਲਾਉਣ ਦਾ ਦੌਰ ਵੀ ਚਲਦਾ ਰਿਹਾ ।
                  ਜਪਾਨੀਆਂ ਅਨੁਸਾਰ ਜਦੋਂ ਹੰਨ੍ਹੇਰੇ ਤੋਂ ਡਰਦੀ ਇੱਕ ਮੁਟਿਆਰ ਨੇ ਜੰਗਲ ਵਿੱਚੋਂ ਲੰਘਦਿਆਂ,ਡਰ ਕੇ ਚੀਖਾਂ ਮਾਰੀਆਂ ਤਾਂ ਵਣਦੇਵੀ ਦੀਵਾ ਲੈ ਕੇ ਹਾਜ਼ਰ ਹੋ ਗਈ । ਇਸ ਦੀਵੇ ਦੀ ਰੌਸ਼ਨੀ ਅਤੇ ਅਕਾਰ ਤੋਂ ਪ੍ਰਭਾਵਿਤ ਹੋ ਉਸ ਜਪਾਨਣ ਨੇ ਕਈ ਦੀਵੇ ਤਿਆਰ ਕੀਤੇ । ਲਕੜੀਆਂ ਦਾ ਰਸ ਉਹਨਾਂ ਵਿੱਚ ਪਾਇਆ ਅਤੇ ਟਾਹਣੀਆਂ ਨੂੰ ਉਸ ਵਿੱਚ ਬੱਤੀ ਵਾਂਗ ਰੱਖ ਕੇ ਜਲਾਉਂਦਿਆਂ ਰੌਸ਼ਨੀ ਕੀਤੀ ।
      ਦੀਵੇ ਨਾਲ ਸਬੰਧਤ ਹੀ ਇੱਕ ਘਟਨਾ ਹੋਰ ਮਿਲਦੀ ਹੈ ਕਿ ਇੱਕ ਦੀਵਾ ਆਸਾਮ ਦੇ ਜੁਰਹਾਟ ਜ਼ਿਲ੍ਹੇ ਦੇ ਇੱਕ ਵੈਸ਼ਨਵ ਮੱਠ ਵਿੱਚ ਜੋ ਦੀਵਾ ਸਥਾਨਕ ਲੋਕਾਂ ਨੇ 1528 ਵਿੱਚ ਪਹਿਲੀ ਵਾਰ ਜਲਾਇਆ ਸੀ ਉਹ 484 ਸਾਲਾਂ ਤੋਂ ਅੱਜ ਤੱਕ ਲਗਾਤਾਰ ਜਗੀ ਜਾ ਰਿਹਾ ਹੈ । ਕਿਹਾ ਜਾਂਦਾ ਹੈ ਕਿ ਆਸਾਮੀ ਸੰਤ ਮਾਧਵਦੇਵ ਨੇ ਇਸ ਨਾਮ ਘਰ ਦਾ ਨਿਰਮਾਣ ਕਰਵਾਇਆ ਸੀ । ਇਸ ਦੀਵੇ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਸਥਾਨ ਦੇ ਦਿੱਤਾ ਗਿਆ ਹੈ । ਭਾਵੇਂ ਕੁੱਝ ਵੀ ਹੈ ਦੀਵਾ ਰੌਸ਼ਨੀ ਵੰਡਾਦਾ ਹੈ ਅਤੇ ਆਪ ਜਲ ਕੇ ਮਨਾਂ ਦੇ ਹੰਨ੍ਹੇਰੇ ਨੂੰ ਰੌਸ਼ਨ ਕਰਨ ਦਾ ਸੰਦੇਸ਼ਾ ਦਿੰਦਾ ਹੈ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232

No comments:

Post a Comment

preetranjit56@gmail.com