Thursday, November 15, 2012

ਦੋਹਾਂ ਟੀਮਾਂ ਲਈ ਪਰਖ਼ ਦਾ ਸਮਾਂ


          ਦੋਹਾਂ ਟੀਮਾਂ ਲਈ ਪਰਖ਼ ਦਾ ਸਮਾਂ
                                                      ਰਣਜੀਤ ਸਿੰਘ ਪ੍ਰੀਤ
                  ਇੰਗਲੈਂਡ ਕ੍ਰਿਕਟ ਟੀਮ ਏਲਿਸਟਰ ਕੁੱਕ ਦੀ ਕਪਤਾਨੀ ਅਧੀਨ 30 ਅਕਤੂਬਰ 2012 ਤੋਂ 27 ਜਨਵਰੀ 2013 ਤੱਕ 4 ਟੈਸਟ ਮੈਚ ,5 ਇੱਕ ਰੋਜ਼ਾ ਮੈਚ ਅਤੇ ਦੋ ਟੀ-20 ਮੈਚ ਖੇਡਣ ਲਈ ਭਾਰਤ ਆ ਚੁੱਕੀ ਹੈ। ਜਿਸ ਨੇ 30 ਅਕਤੂਬਰ ਤੋਂ  ਮੁੰਬਈ ਵਾਲੇ ਅਭਿਆਸੀ ਮੈਚ ਨਾਲ ਟੂਰ ਸ਼ੁਰੂ ਕਰਿਆ ਹੈ । ਦੋਹਾਂ ਮੁਲਕਾਂ ਦੇ ਕ੍ਰਿਕਟ ਸਬੰਧ 1932 ਵਿੱਚ ਲਾਰਡਜ਼ ਵਿਖੇ ਹੋਏ ਪਹਿਲੇ ਟੈਸਟ ਮੈਚ ਨਾਲ ਸ਼ੁਰੂ ਹੋਏ ਹਨ । ਉਦੋਂ ਇੰਗਲੈਂਡ ਨੇ 269 ਅਤੇ 275/8 ਰਨਜ਼ ਬਣਾਏ ਸਨ,ਪਰ ਭਾਰਤੀ ਟੀਮ 189,187 ਰਨਜ਼ ਹੀ ਬਣਾ ਸਕੀ ਸੀ। ਇਸ ਤਰ•ਾਂ ਇੰਗਲੈਂਡ ਟੀਮ 158 ਦੌੜਾਂ ਦੇ ਫ਼ਰਕ ਨਾਲ ਪਹਿਲੀ ਜੇਤੂ ਬਣੀ ਸੀ। ਇੰਗਲੈਂਡ ਟੀਮ ਨੇ 1933-34 ਵਿੱਚ ਭਾਰਤ ਦਾ ਦੌਰਾ ਕੀਤਾ। ਭਾਰਤ ਦੀ ਸਰ ਜਮੀਂ ਤੇ ਪਹਿਲਾ ਟੈਸਟ ਮੈਚ ਜਿਮਖਾਨਾ (ਮੁੰਬਈ) ਵਿਖੇ ਖੇਡਿਆ ਗਿਆ,ਇੰਗਲੈਂਡ ਟੀਮ 9 ਵਿਕਟਾਂ ਨਾਲ ਜੇਤੂ ਰਹੀ। ਦੋਹਾਂ ਮੁਲਕਾਂ ਦਰਮਿਆਂਨ ਹੁਣ ਤੱਕ 103 ਟੈਸਟ ਮੈਚ ਹੋਏ ਹਨ,ਜਿਹਨਾਂ ਵਿੱਚੋਂ ਭਾਰਤ ਨੇ 19 ਅਤੇ ਇੰਗਲੈਂਡ ਨੇ 38 ਜਿੱਤੇ ਹਨ।ਜਦੋਂ ਕਿ 46 ਮੈਚ ਬਰਾਬਰ ਰਹੇ ਹਨ। ਦੋਹਾਂ ਮੁਲਕਾਂ ਨੇ ਆਪਣੇ ਕ੍ਰਿਕਟ ਇਤਿਹਾਸ ਦਾ 100 ਟੈਸਟ ਮੈਚ 21 ਤੋਂ 25 ਜੁਲਾਈ 2011 ਤੱਕ ਲਾਰਡਜ਼ ਵਿੱਚ ਖੇਡਿਆ। ਜੋ ਇੰਗਲੈਂਡ ਨੇ ਜਿੱਤਿਆ, 103 ਵਾਂ ਟੈਸਟ ਮੈਚ 18 ਤੋਂ 22 ਅਗਸਤ ਤੱਕ ਕੇਨਿੰਗਸਟਨ ਓਵਲ (ਲੰਡਨ) ਵਿੱਚ ਹੋਇਆ। ਮੌਜੂਦਾ ਟੂਰ ਦੀ ਸ਼ੁਰੂਆਤ 104 ਵੇਂ ਟੈਸਟ ਮੈਚ ਨਾਲ ਅੱਜ15 ਨਵੰਬਰ ਤੋਂ ਹੋਣੀ ਹੈ। ਇੰਗਲੈਂਡ 1984-85 ਤੋਂ ਭਾਰਤ ਵਿੱਚ ਸਫ਼ਲ ਨਹੀਂ ਹੋ ਰਿਹਾ ਹੈ। ਜੇ ਕਰ ਭਾਰਤੀ ਟੀਮ ਇਹ ਟੈਸਟ ਲੜੀ 2-0 ਜਾਂ ਇਸ ਤੋਂ ਵੱਧ ਅੰਤਰ ਨਾਲ ਜਿੱਤ ਲੈਂਦੀ ਹੈ,ਤਾਂ ਭਾਰਤੀ ਟੀਮ ਰੈਂਕਿੰਗ ਵਿੱਚ 5 ਵੇਂ ਸਥਾਨ ਤੋਂ ਤੀਜੇ ਸਥਾਨ ਉੱਤੇ ਆ ਪਹੁੰਚੇਗੀ । ਜੇ ਇੰਗਲੈਂਡ ਟੀਮ ਇਹ ਟੈਸਟ ਲੜੀ 3-0 ਨਾਲ ਜਿੱਤਦੀ ਹੈ ਤਾਂ ਉਸਦਾ ਸਿਖ਼ਰਲਾ ਸਥਾਨ ਹੀ ਬਰਕਰਾਰ ਰਹੇਗਾ ।
                    ਇੰਗਲੈਂਡ ਅਤੇ ਭਾਰਤ ਦਰਮਿਆਨ ਪਹਿਲਾ ਇੱਕ ਰੋਜ਼ਾ ਮੈਚ 13 ਜੁਲਾਈ 1974 ਨੂੰ ਹੈਡਿੰਗਲੇ ਲੀਡਜ਼ ਵਿੱਚ ਹੋਇਆ ਅਤੇ 4 ਵਿਕਟਾਂ ਨਾਲ ਇੰਗਲੈਂਡ ਦੇ ਹਿੱਸੇ ਰਿਹਾ। ਹੁਣ ਤੱਕ ਦੋਹਾਂ ਮੁਲਕਾਂ ਨੇ 81 ਇੱਕ ਰੋਜ਼ਾ ਮੈਚ ਖੇਡੇ ਹਨ,ਜਿਹਨਾਂ ਵਿੱਚੋਂ ਭਾਰਤ ਨੇ 43, ਇੰਗਲੈਂਡ ਨੇ 33 ਜਿੱਤੇ ਹਨ,ਜਦੋਂ ਕਿ ਦੋ ਮੈਚ ਟਾਈਡ ਹੋਏ ਹਨ, 3 ਮੈਚ ਬੇ-ਸਿੱਟਾ ਰਹੇ ਹਨ। ਦੋਹਾਂ ਮੁਲਕਾਂ ਨੇ 5 ਟੀ-20 ਖੇਡੇ ਹਨ, ਭਾਰਤ ਨੇ 2 ਅਤੇ ਇੰਗਲੈਂਡ ਨੇ 3 ਜਿੱਤੇ ਹਨ। ਪਹਿਲਾ ਮੈਚ 19 ਸਤੰਬਰ 2007 ਨੂੰ ਡਰਬਨ ਵਿੱਚ ਭਾਰਤ ਨੇ 18 ਦੌੜਾਂ ਨਾਲ ਅਤੇ ਆਖ਼ਰੀ ਮੈਚ ਟੀ-20 ਵਿਸ਼ਵ ਕੱਪ 2012 ਦੌਰਾਂਨ 23 ਸਤੰਬਰ ਨੂੰ ਕੋਲੰਬੋ ਵਿੱਚ ਵੀ ਭਾਰਤ ਨੇ ਹੀ 90 ਦੌੜਾਂ ਦੇ ਫ਼ਰਕ ਨਾਲ ਜਿੱਤਿਆ ਹੈ।
   
              ਭਾਰਤ ਵਿੱਚ ਦੋਹਾਂ ਮੁਲਕਾਂ ਨੇ 40 ਇੱਕ ਰੋਜ਼ਾ ਮੈਚ ਖੇਡੇ ਹਨ,ਜਿਨ੍ਹਾਂ ਵਿੱਚੋ ਭਾਰਤ ਨੇ 26,ਇੰਗਲੈਂਡ ਨੇ 13 ਜਿੱਤੇ ਹਨ।। ਜਦੋਂ ਕਿ ਇੱਕ ਮੈਚ ਟਾਈ ਰਿਹਾ ਹੈ। ਭਾਰਤ ਦੇ ਸਚਿਨ ਤੇਂਦੂਲਕਰ ਨੇ 1455 ਦੌੜਾਂ (17 ਮੈਚ,37 ਪਾਰੀਆਂ),ਵੱਧ ਵਿਕਟਾਂ 36 ਹਰਭਜਨ ਸਿੰਘ (23 ਮੈਚ) ਦੇ ਹਿੱਸੇ ਰਹੀਆਂ ਹਨ। ਵਧੀਆ ਬੱਲੇਬਾਜ਼ੀ ਨਾਬਾਦ 138 ਦੌੜਾਂ ਯੁਵਰਾਜ ਸਿੰਘ ਦੀਆਂ (78 ਗੇਂਦਾਂ,ਤੇ) ਅਤੇ ਵਧੀਆ ਗੇਂਦਬਾਜ਼ੀ ਅਸ਼ੀਸ਼ ਨੈਹਿਰਾ ਦੀ 6 ਵਿਕਟਾਂ (23 ਰਨਜ਼) ਰਹੀ ਹੈ। ਇੰਗਲੈਂਡ ਵਿੱਚ 33 ਮੈਚ ਹੋਏ ਹਨ,ਭਾਰਤ ਨੇ 11 ਅਤੇ ਇੰਗਲੈਂਡ ਨੇ 18 ਮੈਚ ਜਿੱਤੇ ਹਨ। ਤਿੰਨ ਮੈਚਾਂ ਦਾ ਫ਼ੈਸਲਾ ਨਹੀ ਹੋਇਆ ਹੈ। ਇੱਕ ਮੈਚ ਟਾਈ ਰਿਹਾ ਹੈ। ਹੋਰਨਾਂ ਥਾਵਾਂ 'ਤੇ ਦੋਹਾਂ ਦੇਸ਼ਾਂ ਨੇ 8 ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ 6 ਭਾਰਤ ਨੇ,2 ਇੰਗਲੈਂਡ ਨੇ,ਜਿੱਤੇ ਹਨ। ਇੰਗਲੈਂਡ ਦੇ ਪਾਲ ਕੌਲਿੰਗਵੁੱਡ ਨੇ 866 ਰਨ (14 ਮੈਚ,31 ਪਾਰੀਆਂ),ਵੱਧ ਵਿਕਟਾਂ ਐਂਡਰਿਊ ਫਿਲਟਾਫ 37 (30 ਮੈਚ),ਵੱਧ ਸਕੋਰ ਐਂਡਰਿਊ ਸਟਰਾਸ 158 ਰਨਜ਼ (145 ਗੇਂਦਾਂ),ਅਤੇ ਵਧੀਆ ਗੇਂਦਬਾਜ਼ੀ ਰੋਨੀ ਇਰਾਨੀ ਦੀ 5 ਵਿਕਟਾਂ (26 ਦੌੜਾਂ),ਨਾਲ ਰਹੀ ਹੈ। ਇੰਗਲੈਂਡ ਪਿਛਲੇ ਤਿੰਨ ਦੌਰਿਆਂ ਦੌਰਾਨ ਭਾਰਤੀ ਟੀਮ ਤੋਂ ਇੱਕ ਰੋਜ਼ਾ ਮੈਚਾਂ ਵਿੱਚ 5-1,5-0 ਅਤੇ 5-0 ਨਾਲ ਮਾਤ ਖਾ ਚੁੱਕਿਆ ਹੈ। ਸ਼ੁਰੂ ਹੋ ਚੁੱਕੇ ਮੌਜੂਦਾ ਟੂਰ ਦੌਰਾਂਨ ਵਿਸ਼ੇਸ਼ ਗੱਲ ਇਹ ਵੀ ਹੈ ਕਿ ਕ੍ਰਿਕਟ ਨਾਲ ਸਬੰਧਤ ਤਿੰਨੋਂ ਵੰਨਗੀਆਂ ਦੇ ਮੁਕਾਬਲੇ ਹੋਣੇ ਹਨ ਅਤੇ ਭਾਰਤ ਨੇ ਆਪਣੇ ਬਿਹਤਰ ਪ੍ਰਦਰਸ਼ਨ ਦਾ ਪ੍ਰਗਟਾਵਾ ਕਰਨਾ ਹੈ।ਇਸ ਵਾਰ ਟੈਸਟ ਮੈਚ,ਇੱਕ ਰੋਜ਼ਾ ਮੈਚ ਅਤੇ ਟੀ-20 ਮੈਚ ਖੇਡੇ ਜਾਣੇ ਹਨ। ਫ਼ਿਲਮੀ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਇਸ ਸੀਰੀਜ਼ ਦਾ ਨਾਂਅ ਨਵਾਬ ਪਟੌਦੀ ਟਰਾਫ਼ੀ ਰੱਖਣ ਦੀ ਵੀ ਲਿਖਤੀ ਮੰਗ ਕੀਤੀ ਸੀ,ਪਰ ਉਸਦੀ ਇਹ ਮੰਗ ਇਹ ਕਹਕੇ ਖਾਰਜ ਕਰ ਦਿੱਤੀ ਕਿਓਂਕਿ 1951 ਤੋਂ ਇਹ ਲਡ਼ੀ ਪਹਿਲੇ ਕ੍ਰਿਕਟ ਸਕੱਤਰ ਐਂਥਨੀ ਡਿਮੈਲੋ ਦੇ ਨਾਅ ਨਾਲ ਚੱਲਦੀ ਆ ਰਹੀ ਹੈ ਅਤੇ ਇਸ ਵਿੱਚ ਤਬਦੀਲੀ ਕਰਨਾ ਮੁਨਾਸਿਬ ਨਹੀਂ ਹੈ । ਕਿਹੜੀ ਟੀਮ ਕਿੰਨੀ ਦਮ-ਖਮ ਵਾਲੀ ਰਹਿੰਦੀ ਹੈ,ਇਸ ਦਾ ਪਤਾ ਤਾਂ ਸਾਲ 2013 ਦੀ 27 ਜਨਵਰੀ ਨੂੰ ਹੀ ਸਪੱਸ਼ਟ ਹੋ ਸਕੇਗਾ। ਉਂਜ ਭਾਵੇਂ ਦੋ ਵੰਨਗੀਆਂ ਦੇ ਨਤੀਜੇ ਇਸ ਤੋਂ ਪਹਿਲਾਂ ਹੀ ਮਿਲ ਜਾਣਗੇ। ਦੋਹਾਂ ਮੁਲਕਾਂ ਦਾ 11 ਜਨਵਰੀ ਵਾਲਾ ਮੈਚ ਨਵੇਂ ਸਾਲ 2013 ਦਾ ਪਲੇਠਾ ਮੈਚ ਬਣੇਗਾ।
ਖੇਡੀ ਜਾਣ ਵਾਲੀ ਲੜੀ ਦਾ ਕੰਪਲੀਟ ਵੇਰਵਾ ਇਓਂ ਹੈ;-
ਟੈਸਟ ਮੈਚਾਂ ਦਾ ਵੇਰਵਾ;-
15 ਤੋਂ 19 ਨਵੰਬਰ  ਅਹਿਮਦਾਬਾਦ (ਪਹਿਲਾ ਟੈਸਟ,9.30)
23 ਤੋਂ 27 ਨਵੰਬਰ  ਮੁੰਬਈ (ਦੂਜਾ ਟੈਸਟ,9.30)
5 ਤੋਂ 9 ਦਸੰਬਰ ਤੀਜਾ ਟੈਸਟ (ਕੋਲਕਾਤਾ,9.30)
13 ਤੋਂ 17 ਦਸੰਬਰ ਚੌਥਾ ਟੈਸਟ (ਨਾਗਪੁਰ,9.30)
ਟੀ-20 ਮੈਚਾਂ ਦਾ ਵੇਰਵਾ;-
20 ਦਸੰਬਰ (ਪੂਨਾ,20.00 ਦਿਨ-ਰਾਤ)
22 ਦਸੰਬਰ  (ਮੁੰਬਈ,20.00 ਦਿਨ-ਰਾਤ)
ਇੱਕ ਰੋਜ਼ਾ ਮੈਚਾਂ ਦਾ ਵੇਰਵਾ ;-
11 ਜਨਵਰੀ (ਰਾਜਕੋਟ,14.30, ਦਿਨ-ਰਾਤ ) ਭਾਰਤ- ਇੰਗਲੈਂਡ ਦਾ ਨਵੇਂ ਸਾਲ ਦਾ ਪਲੇਠਾ ਮੈਚ। ।
15 ਜਨਵਰੀ (ਕੋਚੀ,14.30, ਦਿਨ-ਰਾਤ)
19 ਜਨਵਰੀ (ਰਾਂਚੀ,14.30, ਦਿਨ-ਰਾਤ)
23 ਜਨਵਰੀ (ਮੁਹਾਲੀ,12.00)
27 ਜਨਵਰੀ (ਧਰਮਸ਼ਾਲਾ,9.00,)
*************************************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Tuesday, November 13, 2012

ਪਰੰਪਰਾਵਾਂ ਦੇ ਝਰੋਖੇ’ਚੋਂ ; ਦੀਵਾਲੀ


           ਪਰੰਪਰਾਵਾਂ ਦੇ ਝਰੋਖੇ’ਚੋਂ ; ਦੀਵਾਲੀ
                                                ਰਣਜੀਤ ਸਿੰਘ ਪ੍ਰੀਤ
                         ਭਾਰਤ ਦੇ ਹਰ ਪੁਰਾਤਨ ਤਿਓਹਾਰ ਨਾਲ ਇਤਿਹਾਸਕ ਜਾਂ ਮਿਥਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ । ਜਿੰਨ੍ਹਾਂ ਦਾ ਕੇਂਦਰ ਬਿੰਦੂ ਘੁੰਮ-ਘੁਮਾਕੇ ਭਾਵੇਂ ਇੱਕ ਸਥਾਨ ਉੱਤੇ ਹੀ ਆ ਪਹੁੰਚਿਆ ਕਰਦਾ ਹੈ । ਜਾਂ ਇਓਂ ਕਹਿ ਲਓ ਕਿ ਇਹ ਧਾਰਨਾਵਾਂ ਵਿੰਗਾ-ਟੇਡਾ ਰਸਤਾ ਤੈਅ ਕਰਕੇ ਪਰੰਪਰਾਵਾਂ ਦਾ ਰੂਪ ਧਾਰ ਲਿਆ ਕਰਦੀਆਂ ਹਨ ।
              ਦੀਵਾਲੀ ਦਾ ਸਬੰਧ ਕਿਸੇ ਨਾ ਕਿਸੇ ਰੂਪ ਵਿੱਚ ਹਰ ਧਰਮ ਨਾਲ ਜੁੜਦਾ ਹੈ । ਇਸ ਦੀ ਆਮ ਮੰਨੀ ਜਾਣ ਵਾਲੀ ਘਟਨਾ ਸ਼੍ਰੀ ਰਾਮ ਚੰਦਰ ਜੀ ਨਾਲ ਜੁੜਦੀ ਹੈ । ਜੋ 14 ਸਾਲ ਦੇ ਬਣਵਾਸ ਮਗਰੋਂ ਰਾਵਣ ਨੂੰ ਸ਼ਿਕੱਸ਼ਤ ਦੇ ਕੇ,ਜਦ ਅਯੁੱਧਿਆ ਪਰਤੇ ਅਤੇ ਰਾਜ ਗੱਦੀ ਸੰਭਾਲੀ ਤਾਂ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਦੀਵੇ ਜਗਾ ਕੇ ਰੌਸ਼ਨੀ ਕੀਤੀ ।
             ਪੰਜਾਬ ਦੇ ਇਤਿਹਾਸ ਮੁਤਾਬਕ ਜਦ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਰਾਇ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਉਮਰ ਕੈਦ ਭੁਗਤ ਰਹੇ 52 ਰਾਜਿਆਂ ਨੂੰ ਕੈਦ ਤੋਂ ਖ਼ਲਾਸੀ ਦਿਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ,ਉਸ ਦਿਨ ਬਾਬਾ ਬੁੱਢਾ ਜੀ ਨੇ ਦੀਪ ਜਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਹ ਪਰੰਪਰਾ ਤੋਰੀ । ਭਾਈ ਮਨੀ ਸੀੰਘ ਜੀ ਦਾ ਬੰਦ ਬੰਦ ਕੱਟਿਆ ਜਾਣਾਂ ਵੀ ਦੀਵਾਲੀ ਨਾਲ ਹੀ ਸਬੰਧਤ ਹੈ । ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 1833 ਦੀ ਦੀਵਾਲੀ ਮੌਕੇ ਵਿਸ਼ੇਸ਼ ਤੌਰ ‘ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ । ਚਾਂਦੀ ਦੇ ਚੋਭਾਂ ਵਾਲਾ ਤੰਬੂ ਵੀ ਭੇਂਟਾ ਕੀਤਾ । ਏਵੇਂ 1835 ਦੀ ਦੀਵਾਲੀ ਸਮੇ 511 ਸੋਨੇ ਦੀਆਂ ਮੁਹਰਾਂ ਵੀ ਭੇਂਟ ਕੀਤੀਆਂ ।
              ਮਹਾਂਰਾਸ਼ਟਰ ਦੇ ਲੋਕ ਇਸ ਤਿਓਹਾਰ ਦਾ ਸਬੰਧ ਬਹੁਤ ਚੰਗੇਰੇ ਰਾਜ ਪ੍ਰਬੰਧਕ ਰਾਜਾ ਬਾਲੀ ਨਾਲ ਜੋੜਦੇ ਹਨ । ਮੰਨਿਆਂ ਜਾਂਦਾ ਹੈ ਕਿ ਉਹਨੇ ਦੀਵਾਲੀ ਵਾਲੇ ਦਿਨ ਹੀ ਰਾਜ ਭਾਗ ਸੰਭਾਲਿਆ ਸੀ । ਔਰਤਾਂ ਉਸਦੀਆਂ ਅਕ੍ਰਿਤੀਆਂ ਬਣਾਉਂਦੀਆਂ ਹਨ ਅਤੇ ਪੂਜਾ ਕਰਕੇ, ਮੁੜ ਉਸ ਵਰਗੇ ਚੰਗੇਰੇ ਰਾਜ ਪ੍ਰਬੰਧ ਦੀ ਕਾਮਨਾ ਕਰਦੀਆਂ ਹਨ ।
           ਮੱਧ ਭਾਰਤ ਦੇ ਵਾਸੀ ਇਸ ਤਿਓਹਾਰ ਦਾ ਸਬੰਧ ਮਹਾਰਾਜਾ ਵਿਕਰਮ ਦਿਤਿਯ ਨਾਲ ਜੋੜਕੇ ਮਨਾਉਂਦੇ ਹਨ । ਕਿਹਾ ਜਾਂਦਾ ਹੈ ਕਿ ਏਸੇ ਹੀ ਦਿਨ ਵਿਕਰਮ ਦਿਤਿਯ ਨੇ ਰਾਜ ਗੱਦੀ ਸੰਭਾਲੀ ਸੀ ਅਤੇ ਲੋਕਾਂ ਨੇ ਦੀਪਮਾਲਾ ਕਰਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਸੀ ।
          ਬੰਗਾਲ ਦੇ ਲੋਕ ਇਸ ਦਿਨ ਨੂੰ ਕਾਲੀ ਦੇਵੀ ਕਲਕੱਤੇ ਵਾਲੀ ਵਜੋਂ ਮਨਾਉਂਦੇ ਹਨ । ਉਹ ਇਸ ਦਿਨ ਮਿੱਟੀ ਤੋਂ ਤਿਆਰ ਕੀਤੀ ਕਾਲੀ ਦੇਵੀ ਦੀ ਮੂਰਤੀ ਨੂੰ ਘਰ ਲਿਆ ਕੇ, ਰੁਪਈਆਂ ਵਿੱਚ ਰੱਖ ਕੇ ਪੂਜਾ ਕਰਦੇ ਹਨ । ਚਾਂਦੀ ਦੇ ਰੁਪਿਆਂ ਨੂੰ ਵਿਸ਼ਨੂੰ ਦਾ ਰੂਪ ਮੰਨਦੇ ਹਨ । ਉੱਥੋਂ ਦੇ ਲੋਕ ਕਾਲੀ ਦੇਵੀ ਨੂੰ ਲਕਸ਼ਮੀ ਅਤੇ ਸਰਸਵਤੀ ਕਹਿੰਦੇ ਹਨ ।
                  ਦੀਵਾਲੀ ਵਾਲੀ ਰਾਤ ਨੂੰ ਸਫੈਦੀ ਕੀਤੇ ਘਰਾਂ ਵਿੱਚ ਕੁੜੀਆਂ ਆਪਣੇ ਛੋਟੇ ਜਿਹੇ ਸੰਭਾਵਤ ਘਰ ਹਟੜੀ ਜਾਂ ਘਰੂੰਡੀ ਵਿੱਚ ਖਾਣ-ਪੀਣ ਦਾ ਸਮਾਨ ਅਤੇ ਪੈਸੇ ਆਦਿ ਰੱਖ ਕਿ ਘੱਟੋ-ਘੱਟ 5 ਦੀਵੇ ਜਗਾ ਕੇ ਉਸ ਦੇ ਕੋਲ ਬੈਠ,ਆਪਣੇ ਰੌਸ਼ਨ ਅਤੇ ਖੁਰਾਕ ਭੰਡਾਰਾਂ ਵਾਲੇ ਘਰ ਨੂੰ ਮਨ ਹੀ ਮਨ ਚਿਤਵਿਆ ਕਰਦੀਆਂ ਹਨ ।
          ਦੀਵਾਲੀ ਦਾ ਤਿਓਹਾਰ ਜਿੱਥੇ ਗੁੱਜਰ ਲੋਕ ਬਲਦਾਂ ਦੀ ਪੂਜਾ ਕਰਕੇ ਮਨਾਉਂਦੇ ਹਨ,ਉੱਥੇ ਇਹ ਮੱਤ ਵੀ ਪ੍ਰਚੱਲਤ ਹੈ ਕਿ ਇਹ ਦਿਨ ਸ਼੍ਰੀ ਰਾਮ ਚੰਦਰ ਜੀ ਤੋਂ ਪਹਿਲਾਂ ਵੀ ਯਖ਼ਸ਼ਰਾਤ ਵਜੋਂ ਮਨਾਇਆ ਜਾਂਦਾ ਸੀ । ਉਦੋਂ ਯਖ਼ਸ਼ ਲੋਕ ਕੁਬੇਰ ਅਤੇ ਲਕਸ਼ਮੀ ਦੀ ਪੂਜਾ ਏਸੇ ਰਾਤ ਕਰਿਆ ਕਰਦੇ ਸਨ । ਸ਼੍ਰੀ ਕ੍ਰਿਸ਼ਨ ਜੀ ਵੱਲੋਂ ਕੰਸ ਨੂੰ ਮਾਰ ਕੇ ਅਗਰਸੈਨ ਦੇ ਰਾਜ ਤਿਲਕ ਵਾਲੀ ਗੱਲ ਨਾਲ ਵੀ ਇਸ ਦਿਨ ਨਾਲ ਜੋੜੀ ਜਾਂਦੀ ਹੈ ।
                ਕਹਿੰਦੇ ਹਨ ਕਿ ਇੱਕ ਵਾਰ ਇੱਕ ਔਰਤ ਨੇ ਸੱਪ ਤੋਂ ਆਪਣੇ ਪਤੀ ਨੂੰ ਬਚਾਉਂਣ ਲਈ ਲੋਕਾਂ ਨੂੰ ਦੀਵੇ ਜਗਾ ਕੇ ਚਾਨਣ ਕਰਨ ਲਈ ਕਿਹਾ,ਤਾਂ ਜੋ ਸੱਪ ਨਜ਼ਰ ਪੈ ਜਾਵੇ । ਸੱਪ ਆਇਆ ਦੀਵਿਆਂ ਦੀ ਰੌਸ਼ਨੀ ਵੇਖੀ ਅਤੇ ਵਾਪਸ ਮੁੜ ਗਿਆ । ਅੱਜ ਵੀ ਇਹ ਮੌਸਮੀ ਗੱਲ ਸਹੀ ਮੰਨੀ ਜਾਂਦੀ ਹੈ ਕਿ ਸੱਪ ਦੀਵਾਲੀ ਤੋਂ ਬਾਅਦ ਦਿਖਾਈ ਨਹੀਂ ਦਿੰਦੇ ।
                      ਵਿਗਿਆਨਕ ਤਰਕ ਅਨੁਸਾਰ ਇਹ ਤਿਓਹਾਰ ਸਫਾਈ,ਮੌਸਮ ਅਤੇ ਰੌਸ਼ਨੀ ਨਾਲ ਸਬੰਧਤ ਹੈ । ਸਮੂਹ ਵਰਗ ਦੇ ਲੋਕ ਸਮੂਹਕ ਤੌਰ ‘ਤੇ ਸਫਾਈ ਕਰਦੇ ਹਨ । ਕਿਓਂਕਿ ਗਰਮੀ ਮਗਰੋਂ ਅੰਦਰ ਪੈਣ ਦੀ ਰੁੱਤ ਸਦਕਾ ਅਜਿਹੀ ਸਫਾਈ ਜ਼ਰੂਰੀ ਹੁੰਦੀ ਹੈ । ਸਰ੍ਹੌ ਦੇ ਤੇਲ ਵਾਲੇ ਦੀਵੇ ਨਾਲ ਵਤਾਵਰਣ ਵਿੱਚ ਖ਼ਾਸ਼ ਤਬਦੀਲੀ ਆਉਂਦੀ ਹੈ ।
                              ਪਰ ਇਹ ਸਾਰਾ ਕੁੱਝ ਉਦੋਂ ਧਰਿਆ ਧਰਾਇਆ ਹੀ ਰਹਿ ਜਾਂਦਾ ਹੈ ਜਦ ਪਟਾਖਿਆਂ, ਆਤਿਸ਼ਬਾਜ਼ੀ, ਆਦਿ ਨਾਲ ਜਿੱਥੇ ਧੁਨੀ ਪ੍ਰਦੂਸ਼ਣ ਫ਼ੈਲਦਾ ਹੈ,ਉੱਥੇ ਬਰੂਦ ਨਾਲ ਵੀ ਵਾਤਾਵਰਣ ਗੰਦਲਾ ਹੁੰਦਾ ਹੈ । ਜਿਸ ਨਾਲ ਬਿਮਾਰੀਆਂ ਫੈਲਦੀਆਂ ਹਨ । ਦਮੇ ਵਾਲੇ ਮਰੀਜ਼ਾਂ ਲਈ ਤਾਂ ਇਹ ਬੜਾ ਹੀ ਖ਼ਤਰਨਾਕ ਹੁੰਦਾ ਹੈ । ਕਈ ਲੜਾਈਆਂ,  ਹਾਦਸੇ ਵੀ ਹੋ ਜਾਂਦੇ ਹਨ । ਜੂਆ ਖੇਡਣ ਵਾਲੇ ਆਮ ਹੀ ਸ਼ਰਾਬ ਪੀ ਕੇ ਲੜ ਪੈਂਦੇ ਹਨ । ਹਜ਼ਾਰਾਂ ਨੂੰ ਇਹ ਦੀਵਿਆਂ ਦੀ ਰੌਸ਼ਨੀ ਵਾਲੀ ਰਾਤ ਪੁਲੀਸ ਦੀ ਰੌਸ਼ਨੀ ਵਿੱਚ ਵੀ ਬਿਤਾਉਣੀ ਪੈਂਦੀ ਹੈ । ਲੋੜ ਹੈ ਇਹਨਾਂ ਬੁਰਾਈਆਂ ਉੱਤੇ ਕਾਬੂ ਪਾਉਂਣ ਦੀ,ਮਨਾਂ ਦੇ ਅੰਦਰ ਤੱਕ ਨੇਕ-ਨੀਤੀ ਵਾਲੀ ਰੌਸਨੀ ਨਾਲ ਚਾਨਣ ਕਰਨ ਦੀ,ਤਾਂ ਜੋ ਇਸ ਦਿਨ ਦੀ ਅਹਿਮੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ ਅਤੇ ਚੰਗੇ ਭਾਰਤੀ ਬਣਨ ਦਾ ਮਾਣ ਹਾਸਲ ਹੋ ਸਕੇ ।
ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਬੇ-ਤਾਰ;98157-07232 

Thursday, October 25, 2012

ਸਦਾ ਲਈ ਤੁਰ ਗਿਆ ਹਾਸਿਆਂ ਦਾ ਵਣਜ਼ਾਰਾ ;ਭੱਟੀ



           ਸਦਾ ਲਈ ਤੁਰ ਗਿਆ ਹਾਸਿਆਂ ਦਾ ਵਣਜ਼ਾਰਾ ;ਭੱਟੀ
                             ਰਣਜੀਤ ਸਿੰਘ ਪ੍ਰੀਤ
        ਦਮਦਾਰ ਕਮੇਡੀਅਨ ,ਦਮਦਾਰ ਕਮੇਡੀ ਨਾਲ ਪੰਜਾਬੀਆਂ ਦੇ ਢਿੱਡੀ ਪੀੜਾਂ ਪਾਉਂਣ ਵਾਲਾ 57 ਵਰ੍ਹਿਆਂ ਦਾ ਜਸਪਾਲ ਭੱਟੀ ਇੱਕ ਨਾ ਭੁਲਾਈ ਜਾਣ ਵਾਲੀ ਪੀੜ ਪੰਜਾਬੀਆਂ ਲਈ ਛੱਡ ਬਠਿੰਡਾ ਤੋਂ ਜਲੰਧਰ ਜਾਣ ਸਮੇ ਸ਼ਾਹਕੋਟ ਵਿਖੇ ਟਰੱਕ ਯੂਨੀਅਨ ਦੇ ਸਾਹਮਣੇ ਵਾਲੀ ਟਾਹਲੀ ਨਾਲ ਕਾਰ ਟਕਰਾਉਂਣ ਸਦਕਾ ਰਾਤ ਨੂੰ ਕਰੀਬ 3.15 ਵਜੇ ਸਵੇਰੇ ਚਲਾਣਾ ਕਰ ਗਿਆ । ਉਹਨਾਂ ਦੀ ਫ਼ਿਲਮ ਪਾਵਰ ਕੱਟ 26 ਅਕਤੂਬਰ ਨੂੰ ਰਿਲੀਜ਼ ਹੋਣੀ ਹੇ ਅਤੇ ਕੁੱਝ ਘੰਟੇ ਪਹਿਲਾ ਹੀ ਇਹ ਹੋਣੀ ਵਾਪਰ ਗਈ । ਇਸ ਐਕਸੀਡੈਂਟ ਵਿੱਚ ਜ਼ਖ਼ਮੀ ਹੋਇਆ ਫ਼ਿਲਮ ਦਾ ਹੀਰੋ ਅਤੇ ਕਰੰਟ ਦੇ ਨਾਅ ਨਾਲ ਰੋਲ ਕਰਨ ਵਾਲਾ ਜਸਪਾਲ ਭੱਟੀ ਦਾ ਬੇਟਾ ਜਸਰਾਜ ਭੱਟੀ , ਫਿਲਮ ਵਿੱਚ ਬਿਜਲੀ ਦੇ ਨਾਅ ਨਾਲ ਕੰਮ ਕਰਨ ਵਾਲੀ ਮੁੱਖ ਅਦਾਕਾਰਾ ਸੁਰੀਲੀ ਗੌਤਮ ਅਤੇ ਨਵਨੀਤ ਜੋਸ਼ੀ ਨੂੰ ਲੁਧਿਆਣਾ ਦੇ ਹਸਪਤਾਲ ਜ਼ੇਰੇ ਇਲਾਜ ਹਨ । ਜਸਪਾਲ ਭੱਟੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਮਗਰੋਂ ਚੰਡੀਗੜ੍ਹ ਦੇ ਸੈਕਟਰ 19 ਵਿਖੇ ਉਹਨਾਂ ਦੇ ਨਿਵਾਸ ਸਥਾਨ ਉੱਤੇ ਲਿਜਾਇਆ ਗਿਆ ਅਤੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਸ਼ਾਮ 5 ਵਜੇ ਸਪੁਰਦ ਇ ਆਤਸ਼ -------- ।
                             ਭਰੂਣ ਹੱਤਿਆ,ਬੇ ਰੁਜ਼ਗਾਰੀ,ਮਹਿੰਗਾਈ ਅਤੇ ਹੋਰਨਾਂ ਲੋਕ ਮਸਲਿਆਂ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕਰਨ ਵਾਲੇ,ਤੰਦਰੁਸਤ ਕਮੇਡੀ ਦੇ ਸ਼ਾਹ ਸਵਾਰ, ਐਕਟਰ, ਡਾਇਰੈਕਟਰ, ਪ੍ਰਡਿਊਸਰ,ਦਾ ਟ੍ਰਿਬਿਊਨ ਦੇ ਸਾਬਕਾ ਕਾਟੂਨਿਸਟ, ਵਜੋਂ ਮੁਹਾਲੀ ਵਿਖੇ ਟ੍ਰੇਨਿੰਗ ਅਤੇ ਸਟੁਡੀਓ ਜੌਕੀ ਫੈਕਟਰੀ ਦੇ ਨਾਅ ਨਾਲ ਚਲਾਉਂਣ ਵਾਲੇ,ਹਿੰਦੀ ਫ਼ਿਲਮਾਂ ਵਿੱਚ ਵੀ ਧਾਂਕ ਜਮਾਉਂਣ ਵਾਲੇ, ਨਾਨ ਸੈਂਸ ਕਲੱਬ ਨਾਲ ਆਪਣੇ ਜ਼ਬਰਦਸਤ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ,ਉਲਟਾ-ਪੁਲਟਾ,ਫਲਾਪ ਸ਼ੋਅ,ਫੁੱਲ ਟੈਨਸ਼ਨ,ਹਾਇ ਜ਼ਮਿੰਦਗੀ ਬਾਇ ਜ਼ਿੰਦਗੀ ਸੀਰੀਅਲਾਂ ਰਾਹੀਂ ਵਿਲੱਖਣ ਪੈੜਾਂ ਪਾਉਣ ਵਾਲੇ ਜਸਪਾਲ ਭੱਟੀ ਨੇ ਅੰਮ੍ਰਿਤਸਰ ਵਿੱਚ 3 ਮਾਰਚ 1955 ਨੂੰ ਇਸ ਦੁਨੀਆਂ ਦੀ ਪਹਿਲੀ ਕਿਰਨ ਵੇਖੀ । ਮੁਢਲੀ ਪੜ੍ਹਾਈ ਪੂਰੀ ਕਰਨ ਮਗਰੋਂ ਸਰਕਾਰੀ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਇਲੈਕਟਰੀਕਲ ਇੰਜਨੀਅਰ ਦੀ ਡਿਗਰੀ ਹਾਸਲ ਕੀਤੀ ਪੜ੍ਹਾਈ ਦੌਰਾਂਨ ਹੀ ਮਜਾਕੀਆ ਸੁਭਾਅ ਸਦਕਾ ਅਤੇ ਆਮ ਲੋਕਾਂ ਵਿੱਚ ਨਾਨਸੈਂਸ ਕਲੱਬ ਬਨਾਉਂਣ ਦੀ ਵਜ੍ਹਾ ਕਰਕੇ ਜਾਣੇ-ਪਛਾਣੇ ਵਿਅਕਤੀ ਬਣ ਗਏ ਸਨ ।
     24 ਮਾਰਚ 1985 ਨੂੰ ਸਵੀਤਾ ਭੱਟੀ ਨਾਲ ਵਿਆਹ ਹੋਣ ਮਗਰੋਂ ਬੇਟੇ ਜਸਰਾਜ ਅਤੇ ਬੇਟੀ ਰਾਬੀਆ ਭੱਟੀ ਦੇ ਪਿਤਾ ਜਸਪਾਲ ਭੱਟੀ ਨੇ ਦੂਰਦਰਸ਼ਨ ਦੇ ਸੀਰੀਅਲ ਫਲਾਪ ਸ਼ੋਅ ਵਿੱਚ ਵੀ ਸੁਵੀਤਾ ਭੱਟੀ ਨਾਲ ਉਹਦੇ ਪਤੀ ਵਜੋਂ ਹੀ ਭੂਮਿਕਾ ਨਿਭਾਈ  । ਘੱਟ ਤੋਂ ਘੱਟ ਬੱਜਟ ਵਾਲੇ ਇਸ ਸੀਰੀਅਲ ਦੀ ਪ੍ਰੋਡਿਊਸਰ ਵੀ ਸਵੀਤਾ ਹੀ ਸੀ । ਇਹਨਾ ਨਾਲ ਵਿਵੇਕ ਸ਼ੌਕ ਦਾ ਹੋਣਾ ਸੋਨੇ ‘ਤੇ ਸੁਹਾਗੇ ਵਾਂਗ ਰਿਹਾ । ਫਲਾਪ ਸ਼ੋਅ ਵਾਂਗ ਹੀ ਲੋਕਾਂ ਦੀ ਮਨ ਪਸੰਦ ਦਾ ਸੀਰੀਅਲ ਉਲਟਾ ਪੁਲਟਾ ਦੇ ਵੀ ਜਸਪਾਲ ਜੀ ਖ਼ੁਦ ਹੀ ਐਕਟਰ , ਡਾਇਰੈਕਟਰ ਸਨ । ਪੁਲੀਸ ਉੱਤੇ ਵਿਅੰਗ ਕਰਦੀ ਫਿਲਮ ਮਹੌਲ ਠੀਕ ਹੈ (1999) ਉਹਨਾਂ ਦੀ ਪਹਿਲੀ ਵੱਡੀ ਫ਼ਿਲਮ ਸੀ । ਜਿਸ ਵਿੱਚ ਪੁਲੀਸ ਅਫਸਰ ਦਾ ਰੋਲ ਲੋਕਾਂ ਨੂੰ ਅੱਜ ਵੀ ਭੁੱਲ ਨਹੀਂ ਸਕਿਆ ਹੈ । ਫ਼ਿਲਮ ਫਨਾ ਵਿੱਚ ਜੌਲੀ ਗੁੱਡ ਸਿੰਘ ਵਜੋਂ ਅਤੇ ਪ੍ਰਿੰਸੀਪਲ ਵਜੋਂ ਕੋਈ ਮੇਰੇ ਦਿਲ ਸੇ ਪੂਛੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਸਬ ਟੀਵੀ ਦੇ ਕਮੇਡੀ ਕਾ ਕਿੰਗ ਕੌਣ ਅਤੇ 52 ਕਿਸ਼ਤਾਂ ਵਾਲਾ ਸੀਰੀਅਲ ਥੈਂਕ ਯੂ ਜੀਜਾ ਜੀ, ਸਟਾਰ ਪਲੱਸ ਦੇ ਸ਼ੋਅ ਨੱਚ ਬੱਲੀਏ ਵਿੱਚ ਵੀ ਉਹਨਾਂ ਆਪਣੀ ਪਤਨੀ ਸਵੀਤਾ ਨਾਲ ਮਿਲਕੇ ਧੁੰਮਾਂ ਪਾਈਆਂ ।
              ਮੈਡ ਆਰਟਸ ਸਕੂਲ ਚੰਡੀਗੜ੍ਹ ਵਿਖੇ ਚਲਾਉਣ ਵਾਲੇ ਜਸਪਾਲ ਭੱਟੀ ਦੀ ਫ਼ਿਲਮ ਜੀਜਾ ਜੀ ਨੇ ਵੀ ਖ਼ੂਬ ਧਮਾਲਾਂ ਪਾਈਆਂ । ਉਹਨਾਂ ਨੂੰ ਹੋਰਨਾਂ ਇਨਾਮਾਂ ਸਨਮਾਨਾ ਤੋਂ ਇਲਾਵਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਗੋਲਡਨ ਕਲਾ ਐਵਾਰਡ ਵੀ ਮਿਲਿਆ । ਉਹਨਾਂ ਕੁੱਲ ਮਿਲਾਕੇ 24 ਮੂਵੀ ਨਿਭਾਈਆਂ । ਪਹਿਲੀ ਮੂਵੀ 1999 ਵਿੱਚ ਕਾਲਾ ਸਾਮਰਾਜਯ,ਰਹੀ ਅਤੇ ਆਖ਼ਰੀ ਮੂਵੀ ਰਹੀ ਪਾਵਰ ਕੱਟ । ਜਿਸ ਦੇ 40 ਦਿਨਾਂ ਪ੍ਰਮੋਸ਼ਨ ਅਭਿਅਨ ਦਾ ਹਾਦਸੇ ਵਾਲੇ ਦਿਨ ਆਖਰੀ ਦਿਨ ਸੀ । ਜੋ ਬਹੁਤ ਦੁਖਦਾਈ ਰਿਹਾ ।               
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232                

ਤਨਹਾਈਆਂ ਦਾ ਨਾਅ ਸੀ ;ਸਾਹਿਰ ਲੁਧਿਆਣਵੀ



     ਤਨਹਾਈਆਂ ਦਾ ਨਾਅ ਸੀ ;ਸਾਹਿਰ ਲੁਧਿਆਣਵੀ
                                       ਰਣਜੀਤ ਸਿੰਘ ਪ੍ਰੀਤ
                    ਅੱਜ ਕਿਸੇ ਵੀ ਭਾਸ਼ਾ ਦੇ ਗੀਤਾਂ ਵਿੱਚ ਪਹਿਲਾਂ ਵਾਲੀ ਤਾਜ਼ਗੀ ਅਤੇ ਗੰਭੀਰਤਾ ਨਹੀਂ ਰਹੀ । ਸ਼ਬਦਾਂ ਅਤੇ ਆਵਾਜ਼ ਦੀ ਥਾਂ ਸਾਜ਼ਾਂ ਦੇ ਜੰਮਘਟ ਨੇ ਲੈ ਲਈ ਹੈ । ਇੱਕ ਸਮਾਂ ਅਜਿਹਾ ਸੀ ਜਦ ਮੁੰਬਈ ਨਗਰੀ ਦੀਆਂ ਫ਼ਿਲਮਾਂ ਅਤੇ ਗੀਤ-ਸੰਗੀਤ ਮਰਜ਼ ਦੀ ਦੁਆ ਬਣਿਆਂ ਕਰਦਾ ਸੀ,ਪਰ ਅੱਜ ਦਾ ਧੂਮ ਧੜੱਕਾ ਮਰਜ਼ ਨੂੰ ਪੱਠੇ ਪਾ ਰਿਹਾ ਏ । ਹਸਰਤ ਜੈ ਪੁਰੀ,ਸ਼ਕੀਲ ਬਦਾਯੂਨੀ,ਇੰਦੀਵਰ,ਸ਼ੈਲੇਦਰ,ਮਜ਼ਰੂਹ ਸੁਲਤਾਨ ਪੁਰੀ ਆਦਿ ਸ਼ਬਦਾਂ ਅਤੇ ਹਾਵਾਂ-ਭਾਵਾਂ ਦੇ ਜਾਦੂਗਰ ਮੰਨੇ ਜਾਂਦੇ ਹਨ । ਇਹਨਾਂ ਦੇ ਨਾਲ ਹੀ ਇੱਕ ਹੋਰ ਨਾਅ ਦਾ ਜ਼ਿਕਰ ਸੁਰਖ਼ੀਆਂ ਬਣਿਆਂ ਕਰਦਾ ਸੀ,ਉਹ ਸ਼ਾਇਰ ਸੀ ਸਾਹਿਰ ਲੁਧਿਆਣਵੀ । ਜਿਸ ਦਾ ਪੂਰਾ ਅਤੇ ਮੁੱਢਲਾ ਨਾਅ ਅਬਦੁਲ ਸੀ ।
              ਇਸ ਦੇ ਜਨਮ ਸਥਾਨ ਬਾਰੇ ਦੋ ਰਾਵਾਂ ਪ੍ਰਚੱਲਤ ਹਨ 8 ਮਾਰਚ 1921 ਨੂੰ ਅਮੀਨਪੁਰ ਬਾਜ਼ਾਰ,ਲਾਇਲਪੁਰ ,ਫੈਸਲਾਬਾਦ ਪੰਜਾਬ (ਪਾਕਿਸਤਾਨ)ਵਿੱਚ ਹੋਇਆ ,ਦੂਸਰੇ ਮੱਤ ਅਨੁਸਾਰ ਲੁਧਿਆਣਾ ਪੰਜਾਬ ਵਿੱਚ ਜਾਗੀਰਦਾਰ ਚੌਧਰੀ ਫ਼ਜ਼ਲ ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗਮ ਦੀ ਕੁੱਖੋਂ ਹੋਇਆ । ਅੱਬੂ ਦੇ ਜ਼ੁਲਮੋ-ਸਿਤਮ ਅਤੇ 1934 ਵਿੱਚ ਹੋਰ ਨਿਕਾਹ ਕਰਨ ਸਦਕਾ,ਉਹ ਆਪਣੀ ਅੰਮੀ ਜਾਂਨ ਨਾਲ ਉਹਦੀ ਉਂਗਲੀ ਫੜ ਮਾਮੂੰ ਜਾਨ ਕੋਲ ਨਾਨਕੇ ਪਿੰਡ ਜਾ ਵਸਿਆ । ਸਾਹਿਰ ਨੇ ਜੋ ਵੇਖਿਆ ਅਤੇ ਪਿੰਡੇ ਉੱਤੇ ਹੰਢਾਇਆ ਉਸਦੀ ਕਸਕ ਉਸਨੂੰ ਉਮਰ ਭਰ ਕੁਰੇਦ ਦੀ ਰਹੀ ।
                     ਸਾਹਿਰ ਦੇ ਇਸ਼ਕ ਦੀ ਦਾਸਤਾਂ ਉਸਦੇ ਕਰੀਬੀ ਦੋਸਤ ਫ਼ੈਜ਼ ਉਲ ਹਸਨ ਮੁਤਾਬਕ ਤਪਦਿਕ ਨਾਲ ਮਰਨ ਵਾਲੀ ਪ੍ਰੇਮ ਚੌਧਰੀ ਤੋਂ ਸ਼ੁਰੂ ਹੁੰਦੀ ਹੈ । ਜਿਸ ਦੀ ਯਾਦ ਵਿੱਚ ਸਾਹਿਰ ਨੇ ਮਰਘਟਾ ਨਜ਼ਮ ਲਿਖੀ । ਫਿਰ 1939 ਵਿੱਚ ਸਾਹਿਰ ਦੀ ਜ਼ਿੰਦਗੀ ਵਿੱਚ ਈਸਰ ਕੌਰ ਨੇ ਦਸਤਕ ਦਿੱਤੀ । ਇਸ ਸਮੇ ਉਹ ਮਾਲਵਾ ਖ਼ਾਲਸਾ ਹਾਈ ਸਕੂਲ ਦੀ ਪੜ੍ਹਾਈ ਮਗਰੋਂ ਸਰਕਾਰੀ ਕਾਲਜ ਲੁਧਿਆਣਾ ਦਾ ਵਿਦਿਆਰਥੀ ਸੀ । ਛੁੱਟੀਆਂ ਤੋਂ ਪਹਿਲਾਂ ਦੋਨੋ ਇਕਾਂਤ ਲੁਕਵੀਂ ਥਾਂ ਬੈਠੇ ਸਨ,ਕਿ ਕਾਲਜ ਦੇ ਮਾਲੀ ਨੇ ਵੇਖ ਕਿ ਸਾਰੀ ਗੱਲ ਪ੍ਰਿੰਸੀਪਲ ਨੂੰ ਦੱਸ ਦਿੱਤੀ । ਈਸਰ ਕੌਰ ਉਚ ਸਟੇਟਸ ਦੇ ਪਰਿਵਾਰ ਵਿੱਚੋਂ ਸੀ,ਸਾਹਿਰ ਲੋਕਾਂ ਨੂੰ ਬੁਰਾਈਆਂ ਵਿਰੁੱਧ ਲਾਮਬੰਦ ਕਰਿਆ ਕਰਦਾ ਸੀ,ਸਿੱਟੇ ਵਜੋਂ ਲੜਕੀ ਦੇ ਮਾਪਿਆਂ ਦੀ ਲੁਕਵੀ ਦਖ਼ਲਅੰਦਾਜ਼ੀ ਨਾਲ ਦੋਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ । ਜਦ 1943 ਵਿੱਚ ਸਾਹਿਰ ਲਾਹੌਰ ਵਿਖੇ ਕਿਤਾਬ ਤਲਖ਼ੀਆਂ ਪ੍ਰਕਾਸ਼ਿਤ ਕਰਵਾਉਂਣ ਹਿੱਤ ਗਿਆ ਤਾਂ ਪੈੜਾਂ ਨਪਦੀ ਈਸਰ ਕੌਰ ਵੀ ਮਗਰੇ ਜਾ ਪਹੁੰਚੀ । ਦੋਨੋ ਇਕੱਠੇ ਰਹੇ । ਜਿੱਥੋਂ ਹੁਣ ਉਹ ਵਾਪਸ ਘਰ ਨਹੀਂ ਸੀ ਜਾ ਸਕਦੀ ਅਤੇ ਮੁੰਬਈ ਪਹੁੰਚ ਕਿਸੇ ਜਾਣੂੰ ਨਾਲ ਸ਼ਾਦੀ ਕਰਵਾ ਲਈ । ਇਹਨਾਂ ਹਾਲਾਤਾਂ ਵਿੱਚ ਇਹਨਾਂ ਸਤਰਾਂ ਦਾ ਜਨਮ ਹੋਇਆ

ਯੂੰ ਅਚਾਨਕ ਤੇਰੀ ਆਵਾਜ਼ ਕਹੀਂ ਸੇ ਆਈ ------------,

ਲਮ੍ਹਾ-ਲਮ੍ਹਾ ਤੇਰੀ ਖੁਸ਼ਬੂ ਸੇ ਮੁਅੱਤਰ ਗੁਜ਼ਰਾ

 “ਬਿਛੜ ਗਯਾ ਹਰ ਸਾਥੀ ਦੇ ਕਰ, ਪਲ ਦੋ ਪਲ ਕਾ ਸਾਥ----------,

ਹਮਨੇ ਤੋ ਜਬ ਕਲੀਆਂ ਮਾਂਗੀਂ, ਕਾਂਟੋਂ ਕਾ ਹਾਰ ਮਿਲਾ!”           

                        1940 ਵਿੱਚ ਸਾਹਿਰ ਪੜ੍ਹਾਉਂਦਾ ਸੀ ਅਤੇ ਅੰਮ੍ਰਿਤਾ ਪੱਤਰਕਾਰ ਵਜੋਂ ਕੰਮ ਕਰਦੀ ਸੀ,ਸਾਹਿਰ ਨੂੰ ਕੁੱਝ ਨਾ ਕੁੱਝ ਲਿਖਦੀ ਰਹਿੰਦੀ ਸੀ,ਇੱਕ ਵਾਰ ਝੂਠ ਬੋਲਣ ਕਰਕੇ ਪਿਤਾ ਤੋਂ ਥੱਪੜ ਵੀ ਖਾਣਾ ਪਿਆ । ਉਮਰ ਭਰ ਕੁਆਰਾ ਰਹਿਣ ਵਾਲਾ ਸਾਹਿਰ ਲੰਬੀ ਖ਼ਤੋ-ਖ਼ਿਤਾਬਤ ਮਗਰੋਂ ਦਿੱਲੀ ਦੇ ਹੋਟਲ ਕਲਾਰਿਜ਼ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ,ਸੰਖੇਪ ਜਿਹੀ ਗੱਲਬਾਤ ਦੌਰਾਂਨ ਕੋਈ ਨਹੀਂ ਜਾਣਦਾ ਕਿ ਮਨ-ਮੁਟਾਵ ਕਿਓਂ ਹੋਇਆ ਅਤੇ ਦਿਲਾਂ ਵਿੱਚ ਦਰਦ ਸਾਂਭ ਸਦਾ ਸਦਾ ਲਈ ਅਲੱਗ ਹੋ ਗਏ । ਉਧਰ ਗਾਇਕਾ ਸੁਧਾ ਮਲਹੋਤਰਾ ਨਾਲ ਵੀ ਪਿਆਰ ਦੀ ਬਾਜ਼ੀ ਪੁੱਠੀ ਪੈ ਗਈ । ਪਰ ਗੁਰੂ ਦੱਤ ਦੁਆਰਾ ਨਿਰਦੇਸ਼ਤ ਦੇਵਾ ਆਨੰਦ ਦੀ ਫ਼ਿਲਮ ਬਾਜ਼ੀ ਤੋਂ ਉਸ ਨੂੰ ਖ਼ੂਬ ਪ੍ਰਸਿੱਧੀ ਮਿਲੀ। ਜਿੱਥੇ ਉਸਦੀਆਂ ਕਾਵਿ ਪੁਸਤਕਾਂ ਤਲਖ਼ੀਆਂ,ਆਓ ਕੋਈ ਖ਼ਵਾਬ ਬੁਨੇ,ਗਾਤਾ ਜਾਏ ਵਣਜਾਰਾ,ਅਤੇ ਪਰਛਾਈਆਂ ਨੇ ਅਮਿੱਟ ਪ੍ਰਛਾਵੇਂ ਬਣਾਏ,ਉੱਥੇ ਹਮਰਾਜ਼, ਹਮਦੋਨੋ, ਸ਼ਗੁਨ, ਗ਼ਜ਼ਲ,ਨੀਲ ਕਮਲ,ਬਰਸਾਤ ਕੀ ਰਾਤ,ਪਿਆਸਾ,ਚਿੱਤਰਲੇਖਾ,ਸਾਧਨਾ,ਕਭੀ ਕਭੀ ਵਰਗੀਆਂ ਲਾ ਜਵਾਬ ਫ਼ਿਲਮਾਂ ਦੇ ਗੀਤਾਂ ਨੇ ਬਾਦਸ਼ਾਹਤ ਦੇ ਝੰਡੇ ਗੱਡੇ । ਉਸ ਦੇ ਇਹਨਾਂ ਗੀਤਾਂ ਨੂੰ ਭਲਾ ਕੋਈ ਭੁਲਾ ਸਕਦਾ ਹੈ ;-

* ਯੇਹ ਦੇਸ਼ ਹੈ ਵੀਰ ਜਵਾਨੋ ਕਾ,*ਜੀਨੇ ਵਾਲੋਂ ਕੇ ਲੀਏ ਲਾਖ ਬਹਾਨੇ ਹੈ,*ਚੀਨੋਂ ਅਰਬ ਹਮਾਰਾ,ਹਿੰਦੋਸਤਾਂ ਹਮਾਰਾ,*ਰਾਤ ਜਿਤਨੀ ਭੀ ਸੰਗੀਨ ਹੋਗੀ,ਸੁਬਾਹ ਉਤਨੀ ਹੀ ਹੁਸੀਨ ਹੋਗੀ,* ਹਮ ਇੰਤਜ਼ਾਰ ਕਰੇਂਗੇ ਕਿਆਮਤ ਤੱਕ,*ਜ਼ਿੰਦਗੀ ਭਰ ਨਹੀਂ ਭੂਲੇਗੀ ਵੋਹ ਬਰਸਾਤ ਕੀ ਰਾਤ,*ਜੋ ਵਾਅਦਾ ਕੀਆ ਵੋਹ ਨਿਭਾਨਾ ਪੜ੍ਹੇਗਾ,*ਮਤਲਬ ਨਿਕਲ ਗਿਆ ਤੋ ਪਹਿਚਾਨਤੇ ਨਹੀਂ,*ਬਾਬੁਲ ਕੀ ਦੁਆਏਂ ਲੇਤੀ ਜਾ ।

             ਇਨਕਲਾਬੀ ਵਿਚਾਰਾਂ ਦੇ ਸ਼ਾਇਰ ਸਾਹਿਰ ਨੇ ‘ਅਦਬ – ਏ – ਲਤੀਫ ਅਤੇ  “ਅੰਬ ਦੇ ਲਤੀਵੇ”, ”ਸ਼ਾਹਕਾਰ”,”ਸਵੇਰ “ ਦੀ ਸੰਪਾਦਨਾ ਵੀ ਕੀਤੀ । ਪ੍ਰੀਤਲੜੀ ਵਿੱਚ ਵੀ 1948 ਸਮੇ ਕੰਮ ਕੀਤਾ । ਵੰਡ ਸਮੇ ਉਹ ਪਾਕਿਸਤਾਨ ਨਹੀਂ ਗਿਆ,ਭਾਵੇਂ ਰਿਸ਼ਤੇਦਾਰ ਚਲੇ ਗਏ ਸਨ । ਮਹਾਂਰਾਸ਼ਟਰ ਵਿੱਚ ਸਾਹਿਰ ਕੁੱਝ ਸਮਾਂ ਕਾਰਜਕਾਰੀ ਮੈਜਿਸਟ੍ਰੇਟ ਵੀ ਰਿਹਾ ਅਤੇ ਉੱਥੇ ਕਈ ਸਥਾਨਾਂ ਦਾ ਨਾਅ ਉਹਨਾਂ ਦੇ ਨਾਅ ਨਾਲ ਜੋੜ ਕੇ ਵੀ ਰੱਖਿਆ ਗਿਆ ਹੈ । ਗੀਤਕਾਰ ਵਜੋਂ 1958 ਵਿੱਚ ਫ਼ਿਲਮ ਫੇਅਰ ਐਵਾਰਡ “ ਔਰਤ ਨੇ ਜਨਮ ਦੀਆ ਮਰਦੋਂ ਕੋ” (ਸਾਧਨਾ) ਲਈ ਉਸ ਨੂੰ ਨੌਮੀਨੇਟਿਡ ਕੀਤਾ ਗਿਆ । ਜੋ ਵਾਦਾ ਕੀਆ ਵੋਹ ਨਿਭਾਨਾ ਪੜੇਗਾ (ਤਾਜ ਮਹਿਲ) ਫ਼ਿਲਮ ਵਾਲੇ ਗੀਤ ਲਈ 1964 ਵਿੱਚ ਫ਼ਿਲਮ ਫ਼ੇਅਰ ਸਨਮਾਨ ਮਿਲਿਆ । ਪਦਮਸ਼੍ਰੀ ਐਵਾਰਡ 1971 ਨੂੰ ਉਸਦੇ ਹਿੱਸੇ ਆਇਆ ਅਤੇ 1977 ਵਿੱਚ ਫਿਰ ਫ਼ਿਲਮ ਫ਼ੇਅਰ ਐਵਾਰਡ ਕਭੀ ਕਭੀ ਮੇਰੇ ਦਿਲ ਮੇ ਖ਼ਿਆਲ ਆਤਾ ਹੈ (ਕਭੀ ਕਭੀ) ਲਈ ਦਿੱਤਾ ਗਿਆ ।

                     ਗਰੀਬਾਂ ਅਤੇ ਔਰਤ ਜਾਤੀ ਬਾਰੇ ਬਹੁਤਾ ਜਾਗਰਿਤ ਰਹਿਣ ਵਾਲਾ, ਸਮਾਜਿਕ ਨਾ ਬਰਾਬਰੀਆਂ ਦੇ ਸੇਕ ਨਾਲ ਵਲੂੰਧਰਿਆਂ ਸਾਹਿਰ ਆਪਣੀਆਂ ਹੀ ਇਹਨਾਂ ਸਤਰਾਂ ਵਾਂਗ 25 ਅਕਤੂਬਰ 1980 ਨੂੰ ਯਾਦਾਂ ਦਾ ਗੁਲਦਸਤਾ ਛੱਡ ਆਪਣੇ ਦੋਸਤ ਡਾਕਟਰ ਆਰ ਪੀ ਕਪੂਰ ਦੀਆਂ ਬਾਹਾਂ ਵਿੱਚ ਦਿਲ ਦਾ ਦੌਰਾ ਪੈਣ ਸਦਕਾ 59 ਵਰ੍ਹਿਆਂ ਦੀ ਉਮਰ ਬਿਤਾ ਕੇ ਮੁੰਬਈ ਵਿੱਚ ਸਦਾ ਸਦਾ ਲਈ ਅਦਿਖ ਦੁਨੀਆਂ ਦਾ ਵਾਸੀ ਬਣ ਗਿਆ । ਸੌ ਵਾਰ ਉਹਦਾ ਨਾਅ ਲਿਖਣ ਵਾਲੀ ਅੰਮ੍ਰਿਤਾ ਨੇ ਕਿਹਾ”ਕੋਈ ਹੋਰ ਸਾਹਿਰ ਪੈਦਾ ਨਹੀਂ ਹੌ ਸਕਦਾ “। ਉਹਦੀ ਇਹ ਗੱਲ ਸੱਚ ਹੈ,ਸੱਚ ਰਹੇਗੀ ।

“ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ,

ਜਿਸਮ ਮਿਟ ਜਾਨੇ ਸੇ,ਇਨਸਾਨ ਨਹੀਂ ਮਿਟ ਜਾਤੇ,

ਧੜਕਨੇ ਰੁਕਨੇ ਸੇ, ਅਰਮਾਂਨ ਨਹੀਂ ਮਿਟ ਜਾਤੇ,

ਹੋਂਠ ਸਿਲ ਜਾਨੇ ਸੇ ,ਐਲਾਨ ਨਹੀਂ ਰੁਕ ਜਾਤੇ ।“

ਰਣਜੀਤ ਸਿੰਘ ਪ੍ਰੀਤ

ਭਗਤਾ(ਬਠਿੰਡਾ)-151206

ਮੁਬਾਇਲ ਸੰਪਰਕ;98157-07232

Monday, October 22, 2012

ਸਫ਼ਲ ਨਿਰਮਾਤਾ-ਨਿਰਦੇਸ਼ਕ ਸੀ ; ਯਸ਼ ਚੋਪੜਾ



           ਸਫ਼ਲ ਨਿਰਮਾਤਾ-ਨਿਰਦੇਸ਼ਕ ਸੀ ; ਯਸ਼ ਚੋਪੜਾ
                                               ਰਣਜੀਤ ਸਿੰਘ ਪ੍ਰੀਤ
                             ਫ਼ਿਲਮੀ ਨਗਰੀ ਦੀ ਚਕਾਚੌਂਧ ਵੇਖ ਕਿ ਬਹੁਤੇ ਲੜਕੇ-ਲੜਕੀਆਂ ਆਪਣੀ ਹੋਸ਼ ਗੁਆ ਬੈਠਦੇ ਹਨ । ਉਹ ਇਸ ਤੜਕ-ਭੜਕ ਵਿੱਚ ਸ਼ਾਮਲ ਹੋਣ ਲਈ ਕਈ ਤਰ੍ਹਾਂ ਦੇ ਹਥ ਕੰਡੇ ਵੀ ਵਰਤਦੇ ਹਨ । ਮੰਜ਼ਿਲ ‘ਤੇ ਅਪੜਨ ਲਈ ਪੌੜੀਆਂ ਵੀ ਲਭਦੇ ਹਨ । ਪਰ ਮਿਹਨਤੀ ਅਤੇ ਸਿਰੜੀ ਲੋਕਾਂ ਨੂੰ ਇਹਨਾਂ ਗੱਲਾਂ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ । ਸਫ਼ਲਤਾ ਆਪਣੇ ਆਪ ਉਹਨਾਂ ਦੇ ਕਦਮ ਚੁੰਮਦੀ ਹੈ । ਇਸ ਮਿਹਨਤ ਵਾਲੀ ਕਸੌਟੀ ‘ਤੇ ਹੀ ਖ਼ਰਾ ਉਤਰਦਾ ਨਾਅ ਸੀ “ ਯਸ਼ ਰਾਜ ਚੋਪੜਾ । ਅਰਥਾਤ ਯਸ਼ ਚੋਪੜਾ । ਇਸ ਰੁਮਾਂਟਿਕ ਡਾਇਰੈਕਟਰ,ਪ੍ਰੋਡਿਊਸਰ ਨੇ 27 ਸਤੰਬਰ ਨੂੰ ਹੀ ਆਪਣਾ ਜਨਮ ਦਿਨ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਸੀ ਅਤੇ ਕੁੱਝ ਕੁ ਦਿਨ ਪਹਿਲਾਂ ਹੀ ਫ਼ਿਲਮਾਂ ਤੋਂ ਬਾਹਰ ਰਹਿਣ ਦਾ ਐਲਾਨ ਕੀਤਾ ਸੀ । ਪਰ ਕਿਸੇ ਨੂੰ ਇਹ ਕੀ ਪਤਾ ਸੀ ਕਿ 13 ਅਕਤੂਬਰ ਨੂੰ ਲੀਲਾਵਤੀ ਹਸਪਤਾਲ ਮੁੰਬਈ ਵਿੱਚ ਡੇਂਘੂ ਨਾਲ ਪੀੜਤ ਹੋਣ ਮਗਰੋਂ ਦਾਖ਼ਲ ਕਰਵਾਏ ਯਸ਼ ਜੀ ਨੂੰ ਏਨੀ ਛੇਤੀ ਇਸ ਦੁਨੀਆਂ ਤੋਂ ਹੀ ਸਦਾ ਸਦਾ ਲਈ ਰੁਖ਼ਸਤ ਹੋਣ ਦਾ ਸੱਦਾ ਆ ਜਾਵੇਗਾ।
                        ਬਲਦੇਵ ਰਾਜ ਚੋਪੜਾ ਜਿਨਾਂ ਨੂੰ ਫਿਲਮੀ ਜਗਤ ਵਿੱਚ (ਬੀ ਆਰ ਚੋਪੜਾ) ਦੇ ਨਾਅ ਨਾਲ ਜਾਣਿਆਂ ਜਾਂਦਾ ਹੈ ਤੋਂ ਇਲਾਵਾ, 5 ਹੋਰ ਭਰਾਵਾਂ ਦਾ ਭਰਾ,ਅਤੇ ਇੱਕ ਭੈਣ ਦਾ ਲਾਡਲਾ ਵੀਰ, ਚੋਪੜਾ ਪਰਿਵਾਰ ਵਿੱਚ ਅੱਠਵੇਂ ਬੱਚੇ ਵਜੋਂ ਲਾਹੌਰ ਵਿਖੇ  27 ਸਤੰਬਰ 1932 ਨੂੰ ਜਨਮਿਆਂ । ਥੋਹੜਾ ਵੱਡਾ ਹੋਇਆ ਤਾਂ ਫ਼ਿਲਮੀ ਪੱਤਰਕਾਰ ਵੱਡੇ ਭਰਾਤਾ ਬੀ ਆਰ ਚੋਪੜਾ ਨਾਲ ਹੀ ਜ਼ਿਆਦਾ ਸਮਾਂ ਬਿਤਾਉਣ ਲੱਗਿਆ । ਉਹ 1945 ਵਿੱਚ ਜਲੰਧਰ ਵਿਖੇ ਪੜ੍ਹਦਾ ਰਿਹਾ ਅਤੇ ਫਿਰ ਏਥੋਂ ਉਹ ਲੁਧਿਆਣਾ ਜਾ ਪਹੁੰਚਿਆ । ਉਸਦਾ ਭਰਾ ਉਸ ਨੂੰ ਇੰਜਨੀਰਿੰਗ ਦੀ ਡਿਗਰੀ ਤੱਕ ਪੜਾਉਣ ਦਾ ਚਾਹਵਾਨ ਸੀ । ਪਰ ਫ਼ਿਲਮਾਂ ਵਿੱਚ ਰੁਚੀ ਸਦਕਾ ਉਹ ਮਾਂ ਦੇ ਅਸ਼ੀਰਵਾਦ ਨਾਲ ਜਦ ਮੁੰਬਈ ਲਈ ਰਵਾਨਾ ਹੋਇਆ ਤਾਂ ਉਸਦੀ ਜੇਬ ਵਿੱਚ 200 ਰੁਪਏ ਸਨ । ਉੱਥੇ ਉਸ ਨੇ ਆਈ ਐਸ ਜੌਹਰ ਨਾਲ ਬਤੌਰ ਸਹਾਇਕ ਡਾਇਰੈਕਟਰ ਕੰਮ ਕਰਨਾ ਸ਼ੁਰੂ ਕਰਿਆ ਅਤੇ ਏਕ ਹੀ ਰਾਸਤਾ (1956),ਨਇਆ ਦੌਰ (1957),ਸਾਧਨਾ (1958) ਫਿਲਮਾਂ ਲਈ ਕੰਮ ਵੀ ਕਰਿਆ । ਇਸ ਤੋਂ ਅਗਲੇ ਹੀ ਸਾਲ 1959 ਵਿੱਚ ਬੀ ਆਰ ਚੋਪੜਾ ਨੇ ਫ਼ਿਲਮ “ ਧੂਲ ਕਾ ਫ਼ੂਲ “ ਯਸ਼ ਚੋਪੜਾ ਨੂੰ ਸੌਂਪ ਦਿੱਤੀ । ਪਰ ਜਦ 1965 ਵਿੱਚ ਫ਼ਿਲਮ ਵਕਤ ਆਈ ਤਾਂ ਉਸ ਨੇ ਯਸ਼ ਜੀ ਨੂੰ ਖ਼ੂਬ ਸ਼ੁਹਰਤ ਦਿੰਦਿਆਂ ਉਹਦਾ ਵਕਤ ਹੀ ਬਦਲ ਕੇ ਰੱਖ ਦਿੱਤਾ । ਯਸ਼ ਜੀ ਨੇ ਕੁੱਲ 22 ਫਿਲਮਾਂ ਦੀ ਡਾਇਰੈਕਸ਼ਨ ਕੀਤੀ।

                  1970 ਵਿੱਚ ਯਸ਼ ਚੋਪੜਾ ਨੇ ਪਾਮਿਲਾ ਸਿੰਘ ਨਾਲ ਵਿਆਹ ਕਰਵਾ ਲਿਆ ਅਤੇ ਆਪ ਦੇ ਘਰ ਦੋ ਬੇਟੇ ਨਿਰਮਾਤਾ ਅਦਿਤਯ ਚੋਪੜਾ (ਜਨਮ 1971),ਅਦਾਕਾਰ ਨਿਰਮਾਤਾ ਉਦੇ ਚੋਪੜਾ (ਜਨਮ 1973) ਨੇ ਜਨਮ ਲਿਆ । ਏਸੇ ਹੀ ਸਾਲ ਉਹਨਾਂ ਆਪਣੀ ਯਸ਼ ਰਾਜ ਫ਼ਿਲਮਜ਼ ਨਾਅ ਨਾਲ ਫ਼ਿਲਮ ਪ੍ਰੋਡਕਸ਼ਨ ਕੰਪਨੀ ਦਾ ਅਗਾਜ਼ ਵੀ ਕੀਤਾ ਅਤੇ ਏਸੇ ਸਾਲ 1973 ਵਿੱਚ ਹੀ ਪਹਿਲੀ ਫ਼ਿਲਮ ਦਾਗ ਪ੍ਰੋਡਿਊਸ ਕੀਤੀ । ਅਮਿਤਾਬ ਬਚਨ ਨੂੰ ਐਂਗਰੀ ਯੰਗਮੈਨ 1975 ਵਿੱਚ ਆਈ ਫ਼ਿਲਮ ਦੀਵਾਰ ਨੇ ਬਣਾਇਆ ,ਏਵੇਂ ਹੀ 1993 ਵਿੱਚ ਡਰ ਫ਼ਿਲਮ ਨੇ ਸ਼ਾਹਰੁਖ ਖ਼ਾਨ ਨੂੰ ਫ਼ਿਲਮਾਂ ਦਾ ਸ਼ਾਹਸਵਾਰ ਬਣਨ ਦੇ ਰਸਤੇ ਪਾਇਆ । ਪਰ ਯਸ਼ ਚੋਪੜਾ ਜੀ 13 ਨਵੰਬਰ ਨੂੰ ਦਿਵਾਲੀ ‘ਤੇ ਰਿਲੀਜ਼ ਹੋਣ ਵਾਲੀ ਆਪਣੀ ਆਖ਼ਰੀ ਫ਼ਿਲਮ ਜਬ ਤੱਕ ਹੈ ਜਾਨ (2012) ਦੀ ਹਲਚਲ ਨੂੰ ਵੇਖਣ ਤੋਂ ਪਹਿਲਾਂ ਹੀ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਬੀਤੇ ਕੱਲ੍ਹ 21 ਅਕਤੂਬਰ ਨੂੰ 6.30 ਵਜੇ ਇਸ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਏ ।

             ਜਿੱਥੇ ਉਹਨਾਂ ਦੀਆਂ ਫ਼ਿਲਮਾਂ ,ਵਕਤ,ਦਾਗ,ਏ ਪੋਇਮ ਆਫ਼ ਲਵ, ਵਿਜੈ, ਮਸ਼ਾਲ, ਲਮਹੇਂ, ਚਾਂਦਨੀ,ਦਿਲ ਤੋਂ ਪਾਗਲ ਹੈ,ਵੀਰ ਯਾਰਾ ਆਦਿ ਨੇ ਬੁਲੰਦੀਆਂ ਛੁਹੀਆਂ ਉੱਥੇ ਕਈ ਸਿਖਾਂਦਰੂ ਅਦਾਕਾਰਾਂ ਨੂੰ ਵੀ ਸਥਾਪਤੀ ਦੇ ਰਾਹ ਤੋਰਿਆ । ਉਹਨਾਂ ਨੂੰ 6 ਕੌਮੀ ਐਵਾਰਡਾਂ ਤੋਂ ਇਲਾਵਾ,11 ਫ਼ਿਲਮ ਫ਼ੇਅਰ ਐਵਾਰਡ ਵੀ ਮਿਲੇ । ਕੁੱਝ ਦਿਨ ਪਹਿਲਾਂ ਹੀ ਫ਼ਿਲਮਾਂ ਤੋਂ ਲਾਂਭੇ ਹੋਣ ਦਾ ਐਲਾਨ ਕਰਨ ਵਾਲੇ ਯਸ਼ ਜੀ ਜਿੱਥੇ ਪੰਜਾਬੀ ਫ਼ਿਲਮ ਬਨਾਉਂਣ ਦੀ ਗੱਲ ਅਧੂਰੀ ਛੱਡ ਗਏ ਉੱਥੇ ਫ਼ਿਲਮਾਂ ਛੱਡਣ ਵਾਂਗ ,ਇਹ ਦੁਨੀਆਂ ਵੀ ਛੱਡ ਗਏ । ਪਰ ਲਗਦਾ ਨਹੀਂ ਕਿ ਉਹਨਾਂ ਦੇ ਜਾਨਦਾਰ ਕਾਰਜ ਸਦਕਾ ਅਤੇ ਸਦਾ ਬਹਾਰ ਡਾਇਰੈਕਟਰ ਵਜੋਂ ਅਦਾ ਕੀਤੇ ਰੋਲ ਸਦਕਾ ਉਹਨਾਂ ਨੂੰ ਕੋਈ ਭੁਲਾ ਸਕੇਗਾ ? ਜਾਂ ਉਹ ਕਿਸੇ ਦੇ ਚੇਤਿਆਂ ‘ਚੋਂ ਵਿਸਰ ਜਾਣਗੇ ।


ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ ਸੰਪਰਕ;98157-07232

Thursday, October 18, 2012

ਪਿੰਗਲਾ ਆਸ਼ਰਮ ਦੇ ਬਾਨੀ; ਸੰਤ ਬਾਬਾ ਮੋਹਨ ਸਿੰਘ ਜੀ


18 ਅਕਤੂਬਰ ਬਰਸੀ ’ਤੇ
     ਪਿੰਗਲਾ ਆਸ਼ਰਮ ਦੇ ਬਾਨੀ; ਸੰਤ ਬਾਬਾ ਮੋਹਨ ਸਿੰਘ ਜੀ
                              ਰਣਜੀਤ ਸਿੰਘ ਪ੍ਰੀਤ
                       ਇਸ ਦੁਨੀਆਂ ਉੱਤੇ ਬਹੁ-ਗਿਣਤੀ ਲੋਕ ਅਜਿਹੇ ਹਨ,ਜੋ ਖਾ-ਪੀ ਕੇ ਸੌਂ ਜਾਂਦੇ ਹਨ,ਸੁਪਨੇ ਵੇਖ ਲੈਂਦੇ ਹਨ । ਇਹ ਲੋਕ ਇਸ ਧਰਤੀ ਲਈ ਬੋਝ ਹਨ । ਪਰ ਇਹਨਾਂ ਤੋਂ ਉਲਟ ਕੁੱਝ ਅਜਿਹੇ ਵਿਅਕਤੀ ਵੀ ਹਨ,ਜੋ ਦੀਨ-ਦੁਖੀਆਂ ਦੀ ਸੇਵਾ ਸੰਭਾਲ ਕਰਦੇ ਅਤੇ ਆਪ ਭੁੱਖੇ-ਪਿਆਸੇ ਰਹਿ ਕੇ, ਨਿੱਜ ਤੋਂ ਸਮੂਹਕ ਵੱਲ ਤੱਕਣ ਵਾਲੇ ਹਨ,ਇਹੀ ਬਾਬਾ,ਸੰਤ ਜਾਂ ਮਹਾਂਪੁਰਸ਼ ਅਖਵਾਉਦੇ ਹਨ ਅਤੇ ਇਹੋ-ਜਿਹੀ ਸ਼ਖ਼ਸ਼ੀਅਤ ਦੇ ਮਾਲਿਕ ਹੀ ਸਨ ਬੇ ਸਹਾਰਿਆਂ ਦੇ ਸਹਾਰਾ ਬਾਬਾ ਮੋਹਨ ਸਿੰਘ ਜੀ ।
                 ਜਿਹਨਾਂ ਨੇ ਭਗਤ ਪੂਰਨ ਸਿੰਘ ਜੀ ਵਾਂਗ ਹੀ ਦੇਸ਼ ਦੀ ਵੰਡ ਅਤੇ ਖ਼ੂਨ-ਖ਼ਰਾਬੇ ਨੂੰ ਅੱਖ਼ੀ ਵੇਖਿਆ ਅਤੇ ਪਿੰਡੇ ‘ਤੇ ਹੰਢਾਇਆ ਸੀ । ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ 1891 ਨੂੰ ਪਾਕਿਸਤਾਨ ਵਿੱਚ ਜਨਮੇ ਸੰਤ ਬਾਬਾ ਮੋਹਣ ਸਿੰਘ ਜੀ ਨੇ ਮਾਪਿਆਂ ਦੇ ਵਿਛੋੜੇ ਵਾਲੇ ਦਰਦ ਦੀ ਕਸਕ ਨੂੰ ਦਿਲ-ਦਿਮਾਗ ਵਿੱਚ ਸਾਂਭਦਿਆਂ ਭਗਤ ਪੂਰਨ ਸਿੰਘ ਵਾਂਗ ਹੀ ਦੀਨ-ਦੁਖੀਆਂ,ਬਿਮਾਰ-ਅਪਾਹਜ ਸ਼ਰਨਾਰਥੀਆਂ ਦੀ ਕੈਪਾਂ ਵਿੱਚ ਸੇਵਾ ਸੰਭਾਲ ਕੀਤੀ । ਫਿਰ ਕੁੱਝ ਸਮਾਂ ਜ਼ਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀ ਸੇਵਾ ਕਾਰਜਾਂ ਵਿੱਚ ਜੁਟੇ ਰਹੇ । ਭਗਤ ਪੂਰਨ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਅਤੇ ਉਹ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰਹਿਣ ਸਮੇ,ਜਦੋਂ ਕਿਸੇ ਲਾ-ਵਾਰਸ ਨੂੰ ਜਾਂ ਦਿਮਾਗੀ ਮਰੀਜ਼ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭਗਤ ਜੀ ਕੋਲ  ਲਿਜਾਂਦੇ,ਅਤੇ ਉੱਥੇ ਜਗ੍ਹਾ ਦੀ ਘਾਟ ਹੋਣ ਸਦਕਾ, ਵਾਪਸ ਲਿਆਉਂਣਾ ਪੈਂਦਾ,ਤਾਂ ਬੜੀ ਮੁਸ਼ਕਲ ਹੁੰਦੀ । ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵੀ ਅਪਾਹਜ,ਲਾ-ਵਾਰਸ ਆਉਂਦੇ,ਬਾਬਾ ਜੀ ਉਹਨਾਂ ਨੂੰ ਸੰਭਾਲਦੇ ਅਤੇ ਆਪ ਲੰਗਰ ਛਕਾਉਂਦੇ । ਇਹ ਵੇਖ,ਗੁਰਦੁਆਰਾ ਸਾਹਿਬ ਦੇ ਤਤਕਲੀਨ ਮੈਨੇਜਰ ਨੇ ਸੁਝਾਅ ਦਿੱਤਾ ਕਿ ਉਹ ਏਥੇ ਪਟਿਆਲਾ ਵਿਖੇ ਹੀ ਅਜਿਹੇ ਲੋਕਾਂ ਨੂੰ ਸੰਭਾਲਣਾ ਸ਼ੁਰੂ ਕਰ ਲੈਣ ।
                      ਇਸ ਸੁਝਾਅ ਦੇ ਨਾਲ ਹੀ ਪਾਸੀ ਰੋਡ ‘ਤੇ 1983 ਨੂੰ ਐਲਾਟ ਕੀਤੀ ਜਗ੍ਹਾ ਵਿੱਚ ਤੰਬੂਨੁਮਾ ਝੌਂਪੜੀ ਜਿਹੀ ਬਣਾਕੇ ਉਹ ਲੋੜਵੰਦਾਂ ਨੂੰ ਰੱਖਣ ਅਤੇ ਸੰਭਾਲਣ ਲੱਗੇ ਅਤੇ ਨਾਅ ਵੀ ਪਿੰਗਲਾ ਆਸ਼ਰਮ ਪੈ ਗਿਆ । ਏਥੋਂ ਤੱਕ ਕਿ ਮਸ਼ਰੂਫੀਅਤ ਦਰਮਿਆਂਨ ਬਾਬਾ ਜੀ ਦੀ ਪੱਤਨੀ ਦਾ ਵੀ ਦਿਹਾਂਤ ਹੋ ਗਿਆ ਅਤੇ ਉਹਨਾਂ ਦੇ ਛੋਟੇ ਬੇਟੇ ਬਲਬੀਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਦੇਵਾ ਯਤੀਮਖਾਨੇ ਵਿੱਚ ਹੀ ਬਚਪਨ ਬਿਤਾਉਂਣਾ ਪਿਆ । ਬਾਬਾ ਮੋਹਨ ਸਿੰਘ ਜੀ ਲੋੜਾਂ ਦੀ ਪੂਰਤੀ ਲਈ ਮੰਗਣ ਲਈ ਜਾਂਦੇ ਅਤੇ ਇਸ ਦਾਨ ਨਾਲ ਅਪਾਹਜ ਪਰਿਵਾਰ ਨੂੰ ਪਾਲਦੇ । ਬਿਮਾਰਾਂ ਨੂੰ ਹਸਪਤਾਲ ਲਿਜਾਣ ਲਈ ਰਿਕਸ਼ਾ ਵੀ ਆਪ ਹੀ ਚਲਾ ਕੇ ਲਿਜਾਂਦੇ ਅਤੇ ਇਸ ਤੰਬੂ ਵਿੱਚ ਹੀ ਗਰਮੀਆਂ-ਸਰਦੀਆਂ-ਬਰਸਾਤਾਂ-ਝੱਖੜਾਂ ਦਾ ਸਾਹਮਣਾ ਕਰਦੇ ।
                     ਲੋੜਵੰਦਾਂ ਦੀ ਗਿਣਤੀ ਤਾਂ ਵੱਧ ਗਈ,ਪਰ ਜਗ੍ਹਾ ਘਟ ਗਈ,ਤਾਂ ਮੌਕੇ ਦੇ ਡਿਪਟੀ ਕਮਿਸ਼ਨਰ ਐਸ ਕੇ ਸਿਨਾਹ ਨੇ ਸਨੌਰ ਸੜਕ ‘ਤੇ ਜਗ੍ਹਾ ਅਲਾਟ ਕਰ ਦਿੱਤੀ । ਜਿੱਥੇ ਦਾਨੀਆਂ ਦੀ ਮਦਦ ਨਾਲ ਉਸਾਰੇ ਆਸ਼ਰਮ ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਨਾਅ ਤਹਿਤ ਰਜਿਸਟਰਡ ਕਰਵਾਇਆ ਗਿਆ । ਪਰ ਸੰਤ ਬਾਬਾ ਮੋਹਨ ਸਿੰਘ ਜੀ 18 ਅਕਤੂਬਰ 1994 ਨੂੰ ਗੁਰਪੁਰੀ ਜਾ ਬਿਰਾਜੇ । ਉਹਨਾਂ ਦੀ ਬਰਸੀ ਹਰ ਸਾਲ 16 ਤੋਂ 18 ਅਕਤੂਬਰ ਤੱਕ ਮਨਾਈ ਜਾਂਦੀ ਹੈ ਅਤੇ ਉਹਨਾ ਦੇ ਨਾਅ ਉੱਤੇ ਸਮਾਜ ਸੇਵੀ ਸ਼ਖ਼ਸ਼ੀਅਤ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ । ਇਹ ਸਾਰਾ ਪ੍ਰਬੰਧ ਆਪਣੇ ਪਿਤਾ ਜੀ ਦੇ ਕਦਮ ਚਿੰਨ੍ਹਾ ‘ਤੇ ਚਲਦਿਆਂ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ ਚਲਾ ਰਹੇ ਹਨ । ਜਿੰਨ੍ਹਾਂ ਵਿੱਚ ਪਿਤਾ ਵਾਲੀਆਂ ਭਾਵਨਾਵਾਂ ਬਰਕਰਾਰ ਹਨ । (ਇਹ ਸਾਰਾ ਕੁੱਝ ਮੈਂ ਖ਼ੁਦ 10 ਅਕਤੂਬਰ ਨੂੰ ਅੱਖੀਂ ਵੇਖ ਕਿ ਆਇਆ ਹਾਂ)
                ਬਾਬਾ ਬਲਬੀਰ ਸਿੰਘ ਜੀ ਕਈ ਵਾਰ ਮੱਥੇ ‘ਤੇ ਹੱਥ ਰੱਖ ਸੋਚੀਂ ਪੈ ਜਾਂਦੇ ਹਨ,ਕਿ ਪਰਿਵਾਰ ਬਹੁਤ ਵਧ ਗਿਆ ਹੈ, ਇਮਾਰਤ ਦੀ ਘਾਟ ਹੋ ਗਈ ਹੈ,ਐਂਬੂਲੈਂਸ ਦੀ ਵਿਸ਼ੇਸ਼ ਲੋੜ ਹੈ । ਜੇ ਕਰ ਵੱਡੇ ਘਰਾਣੇ ਇਧਰ ਧਿਆਂਨ ਦੇਣ ਤਾਂ ਇਸ ਆਸ਼ਰਮ ਦੇ ਪਰਿਵਾਰ ਨੂੰ ਹੋਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ । ਦਿੱਤਾ ਦਾਨ 80 ਜੀ ਤਹਿਤ ਟੈਕਸ ਛੋਟ ਵਿੱਚ ਸ਼ਾਮਲ ਹੈ । ਏਥੇ ਰਹਿੰਦੇ ਛੋਟੇ ਛੋਟੇ ਲਾ-ਵਾਰਸ ਬੱਚੇ,ਅਤੇ ਝੁਗੀਆਂ-ਝੌਂਪੜੀਆਂ ਵਾਲੇ ਬੱਚਿਆਂ ਲਈ ਚਲਦਾ ਸਕੂਲ,ਪਾਗਲ (ਪੁਰਸ਼,ਔਰਤਾਂ),ਅਪਾਹਜਾਂ,ਲਾ-ਵਰਸਾਂ ਦਾ ਭੀੜ ਭੜੱਕਾ ਹੈ । ਸਰਕਾਰਾਂ ਖ਼ੁਲ੍ਹੇ ਦਰਬਾਰਾਂ ਵਿੱਚ ਨੋਟਾਂ ਦੀਆਂ ਬੋਰੀਆਂ ਵੰਡ ਰਹੀਆਂ ਹਨ । ਪਰ ਇਹਨਾਂ ਲਾਚਾਰ ਅਤੇ ਲੋੜਵੰਦਾਂ ਨੂੰ ਭੁੱਖਿਆਂ ਮਰਨ ਲਈ ਬੇ-ਧਿਆਂਨਾ ਕੀਤਾ ਹੋਇਆ ਹੈ । ਐਨ ਆਰ ਆਈ ਵੀਰਾਂ ਨੂੰ ਇਸ ਆਸ਼ਰਮ ਵੱਲ ਸੁਵੱਲੀ ਨਿਗ੍ਹਾ ਕਰਨ ਦੀ ਬਹੁਤ ਜ਼ਰੂਰਤ ਹੈ । ਕਿਓਂਕਿ ਮਜ਼ਬੂਰੀ ਵੱਸ ਜੋ ਉਹ ਖ਼ੁਦ ਨਹੀਂ ਕਰ ਸਕਦੇ,ਉਹ ਅਜਿਹਾ ਕਰਨ ਵਾਲਿਆਂ ਦੇ ਮਦਦਗਾਰ ਬਣਕੇ ਇਹਨਾਂ ਲਾਵਾਰਸਾਂ ਦੇ ਵਾਰਸ ਬਣ ਸਕਦੇ ਹਨ ਜਿਸ ਵਿੱਚ ਪੁੰਨ ਵੀ ਸ਼ਾਮਲ ਹੈ,ਮਨ ਦੀ ਤਸੱਲੀ ਵੀ ਅਤੇ ਫ਼ਲ ਵੀ । ਅਜਿਹਾ ਕਰਕੇ ਤੁਸੀਂ ਵੇਖੋਗੇ ਕਿ ਕਿੰਨਾ ਮਾਨਸਿਕ ਸਕੂਨ ਮਿਲਦਾ ਹੈ ਅਤੇ ਕਿੰਨੀ ਵਧੀਆ ਨੀਂਦ ਆਉਂਦੀ ਹੈ ।
ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ ਸੰਪਰਕ; 98157-07232