Thursday, July 12, 2012

Action Hero Dara Singh

          ਪਹਿਲੇ ਐਕਸ਼ਨ ਹੀਰੋ ਅਤੇ ਜ਼ਿੰਦਾਦਿਲ ਰੈਸਲਰ ਸੀ;ਦਾਰਾ ਸਿੰਘ
                                                                   ਰਣਜੀਤ ਸਿੰਘ ਪ੍ਰੀਤ      

  ਰੈਸਲਰ ਅਤੇ ਫਿਲਮੀ ਐਕਟਰ ਦਾਰਾ ਸਿੰਘ ਜਿਸਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ 7 ਜੁਲਾਈ ਸਨਿਚਰਵਾਰ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਲਾ-ਇਲਾਜ ਹਾਲਤ ਵੇਖਦਿਆਂ ਬੁੱਧਵਾਰ ਸ਼ਾਮ ਨੂੰ ਹੀ ਘਰ ਭੇਜ ਦਿੱਤਾ ਗਿਆ ਸੀ। ਜਿੱਥੇ ਉਹਨਾ ਨੇ ਅੱਜ ਵੀਰਵਾਰ ਦੀ ਸਵੇਰ ਨੂੰ 7.30 ਵਜੇ ਆਖ਼ਰੀ ਸਾਹ ਲਿਆ । ਇਹ ਦੁਖਿਦ ਖ਼ਬਰ ਨਾਲ ਦੇਸ਼ ਵਿਦੇਸ਼ ਦੇ ਖੇਡ ਪ੍ਰੇਮੀਆਂ,ਫ਼ਿਲਮੀ ਸਨਅਤ ਵਿੱਚ ਸ਼ੋਕ ਦੀ ਲਹਿਰ ਫ਼ੈਲ ਗਈ,ਖ਼ਾਸ਼ਕਰ ਪੰਜਾਬ ਵਿੱਚ ਬਹੁਤ ਹੀ ਗ਼ਮਗੀਨ ਮਹੌਲ ਬਣ ਗਿਆ । ਠੰਡੇ ਪਏ ਫ਼ੌਲਾਦੀ ਜਿਸਮ ਨੂੰ ਅੱਜ ਬਾਅਦ ਦੁਪਹਿਰ ਸਪੁਰਦ-ਇ-ਆਤਸ਼ ਕੀਤਾ ਗਿਆ । ਡਾਕਟਰਾਂ ਅਨੁਸਾਰ ਹਸਪਤਾਲ ਦਾਖ਼ਲ ਕਰਵਾਉਂਣ ਸਮੇ 84 ਸਾਲਾਂ ਦੇ ਦਾਰਾ ਸਿੰਘ ਦਾ  ਬਲੱਡ ਪ੍ਰੈਸਰ ਕਾਫੀ ਘੱਟ ਸੀ ,ਅਤੇ ਉਹਨਾਂ ਦੇ ਦਿਮਾਗ ਦੀ ਨਾੜੀ ਵਿੱਚ ਖੂਨ ਦਾ ਕਲਾਟ ਰੁਕਿਆ ਹੋਇਆ ਸੀ । ਉਹਨਾਂ ਦੀ ਨਬਜ਼ ਵੀ ਰੁਕੀ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ । ਗੁਰਦੇ ਫੇਲ੍ਹ ਹੋਣ ਦੀ ਵਜ੍ਹਾ ਕਰਕੇ ਡਾਇਲਸਿਸ ਦੀ ਵੀ ਵਰਤੋਂ ਕਰਨੀ ਪੈ ਰਹੀ ਸੀ । ਰੋਬੋਟ ਵਰਗੇ ਸ਼ਕਤੀਸ਼ਾਲੀ ਦਾਰਾ ਸਿੰਘ ਨੂੰ ਆਈ ਸੀ ਯੂ ਵਿੱਚ ਵੈਟੀਲੇਟਰ ਉੱਤੇ ਮਸੀਨਾਂ ਸਹਾਰੇ ਜਿਉਂਦਾ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਸਨ । ਗਿਆਰਾਂ ਜੁਲਾਈ ਨੂੰ 3.37 ਵਜੇ ਡਾਕਟਰਾਂ ਨੇ ਮੀਡੀਏ ਨੂੰ ਦੱਸਿਆ ਕਿ ਦਾਰਾ ਜੀ ਦਾ ਦਿਮਾਗ ਨਕਾਰਾ ਹੋ ਚੁੱਕਿਆ ਹੈ ਅਤੇ ਰਿਕਵਰੀ ਦੀ ਸੰਭਾਵਨਾ ਵੀ ਖ਼ਤਮ ਹੋ ਗਈ ਸੀ।
                ਕਿੰਗਕਾਂਗ ਅਤੇ ਫੌਲਾਦ ਵਰਗੇ ਨਾਵਾਂ ਦੀਆਂ ਫ਼ਿਲਮਾਂ ਦੇ ਐਕਟਰ ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਨੂੰ ਧਰਮੂਚੌਕ (ਅੰਮ੍ਰਿਤਸਰ) ਵਿਖੇ ਸੂਰਤ ਸਿੰਘ ਰੰਧਾਵਾ ਅਤੇ ਬਲਵੰਤ ਕੌਰ ਦੇ ਘਰ ਹੋਇਆ । ਲਾਡਲੇ ਨਾਂ ਦਾਰਾ ਨਾਲ ਪੁਕਾਰੇ ਜਾਣ ਵਾਲੇ ਇਸ ਰੈਸਲਰ ਅਤੇ ਐਕਟਰ ਦਾ ਪੂਰਾ ਨਾਅ ਦਾਰਾ ਸਿੰਘ ਰੰਧਾਵਾ ਸੀ । ਇਸ 6 ਫੁੱਟ 2 ਇੰਚ ਕੱਦ ਵਾਲੇ ਦਾਰੇ ਦਾ ਦੂਜਾ ਵਿਆਹ 11 ਮਈ 1961 ਨੂੰ ਸੁਰਜੀਤ ਕੌਰ ਨਾਲ ਹੋਇਆ । ਉਹ 1962 ਤੋਂ 2007 ਤੱਕ ਜਿੰਦਗੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਸਰਗਰਮ ਰਿਹਾ । ਫ਼ਿਲਮੀ ਦੁਨੀਆਂ ਵਿੱਚ 1952 ਨੂੰ ਫ਼ਿਲਮ ਸੰਗਦਿਲ ਨਾਲ ਪੈਰ ਰੱਖਿਆ । ਦਾਰਾ ਸਿੰਘ ਨੇ ਆਪਣੀ ਜ਼ਿੰਦਗੀ ਦਾ ਆਖਰੀ ਰੋਲ ਇਮਤਿਆਜ ਅਲੀ ਦੀ ਫਿਲਮ ਜਬ ਵੁਈ ਮੈੱਟ (2007) ਵਿੱਚ ਕਰੀਨਾ ਕਪੂਰ ਦੇ ਦਾਦਾ ਵਜੋਂ ਨਿਭਾਇਆ । ਉਸ ਨੇ ਵਤਨ ਸੇ ਦੂਰ,ਦਾਦਾ,ਰੁਸਤਮ-ਇ-ਬਗਦਾਦ,ਸਿਕੰਦਰ-ਇ-ਆਜ਼ਮ,ਰਾਕਾ,ਮੇਰਾ ਨਾਅ ਜੌਕਰ,ਧਰਮ-ਕਰਮ,ਮਰਦ, ਸੰਗਦਿਲ (1952), ਸੇਰ ਦਿਲ (1965),ਤੂਫਾਨ (1969),ਦੁਲਹਨ ਹਮ ਲੇ ਜਾਏਂਗੇ (2000) ਵਿੱਚ ਜਬਰਦਸਤ ਭੂਮਿਕਾ ਨਿਭਾਈ । ਕਈ ਪੰਜਾਬੀ ਫਿਲਮਾਂ ਵਿੱਚ ਵੀ ਰੋਲ ਨਿਭਾਏ । ਅੱਠ ਫ਼ਿਲਮਾਂ ਦਾ ਨਿਰਮਾਣ ਵੀ ਕਰਿਆ।

 ਛੋਟੀ ਉਮਰ ਵਿੱਚ ਹੀ  ਉਸ ਦੀ ਡੀਲ ਡੌਲ ਵੇਖ ਕੇ ਨਿਆਣੇ-ਸਿਆਣੇ ਉਸ ਨੂੰ ਭਲਵਾਨ ਆਖਣ ਲੱਗ ਪਏੇ ਸਨ । ਜਿਸ ਨਾਲ ਉਸ ਨੂੰ ਹੌਂਸਲਾ ਮਿਲਿਆ ਅਤੇ ਉਹ ਅਖਾੜਾ ਬਣਾ ਕੇ ਅਭਿਆਸ ਕਰਨ ਲੱਗਿਆ।  ਫਿਰ ਮੇਲੇ-ਮੁਸਾਵਿਆਂ ਵਿੱਚ ਜੌਹਰ ਦਿਖਾਉਣ ਦੀ ਜਾਚ ਆ ਗਈ । ਭਾਰਤ ਦੇ ਵੱਡੇ ਵੱਡੇ ਰੈਸਲਰ ਮੁਕਾਬਲਿਆਂ ਵਿੱਚ ਜਾ ਲੰਗੋਟ ਪਹਿਨਣ ਲੱਗਿਆ । ਭਾਰਤੀ ਸਟਾਈਲ ਰੈਸਲਿੰਗ ਵਿੱਚ 1947 ਨੂੰ ਉਸ ਨੇ ਸਿੰਗਾਪੁਰ ਦਾ ਭਲਵਾਨੀ ਗੇੜਾ ਲਾਇਆ । ਕੁਆਲਾਲੰਪੁਰ ਵਿਖੇ ਤਰਲੋਕ ਸਿੰਘ ਨੂੰ ਹਰਾ ਕੇ ਮਲੇਸੀਅਨ ਚੈਂਪੀਅਨ ਦਾ ਖਿਤਾਬ ਜਿੱਤਿਆ । ਦਾਰਾ ਸਿੰਘ ਨੇ 1952 ਵਿੱਚ ਵਾਪਸੀ ਕੀਤੀ ਅਤੇ 1954 ਵਿੱਚ ਭਾਰਤ ਦਾ ਚੈਂਪੀਅਨ ਬਣ ਗਿਆ । ਰੁਸਤਮ-ਇ-ਪੰਜਾਬ ਦਾ ਖਿਤਾਬ 1966 ਵਿੱਚ ਅਤੇ ਰੁਸਤਮ-ਇ-ਹਿੰਦ ਦਾ ਖਿਤਾਬ 1978 ਵਿੱਚ ਹਾਸਲ ਕਰਿਆ। ਦਾਰਾ ਸਿੰਘ ਨੇ ਸਾਰੇ ਕਾਮਨਵੈਲਥ ਮੁਲਕਾਂ ਦਾ ਟੂਰ ਲਾਇਆ ਅਤੇ ਕਿੰਗ ਕੌਂਗ,ਜੌਰਜ ਗੌਰਡਿੰਕੋ,(ਕੈਨੇਡਾ),ਜੌਹਨ ਡਿਸਿਲਵਾ (ਨਿਊਜੀਲੈਂਡ),ਨੂੰ ਵੀ ਹਰਾਇਆ ਅਤੇ 1959 ਵਿੱਚ ਕਾਮਨਵੈਲਥ ਚੈਂਪੀਅਨ ਵੀ ਅਖਵਾਇਆ ।

ਦਾਰਾ ਸਿੰਘ ਨੇ ਅਮਰੀਕਾ ਦੇ ਲੌ ਥੈਸਿਜ ਨੂੰ ਮਾਤ ਦਿੱਤੀ ਅਤੇ 29 ਮਈ 1968 ਨੂੰ ਉਹ ਵਿਸਵ ਚੈਂਪੀਅਨ ਬਣ ਗਿਆ । ਆਪਣੇ ਇਸ ਖਿਤਾਬ ਦੀ ਰੱਖਿਆ ਲਈ ਇੱਕ ਵਾਰ ਫਿਰ ਵਿਸਵ ਭ੍ਰਮਣ ਕਰਿਆ ਅਤੇ ਅਖੀਰ ਰਿਟਾਇਰ ਹੋਣ ਦੇ ਐਲਾਨ 1983 ਤੱਕ ਉਸ ਨੂੰ ਕੋਈ ਨਾ ਹਰਾ ਸਕਿਆ । ਉਸ ਦੇ ਸਖਤ ਮੁਕਾਬਲੇ ਪਾਕਿਸਤਾਨ ਦੇ ਤਾਰਿਕ ਅਲੀ,ਮਜੀਦ ਅਕਰਾ,ਸਾਨੇ ਅਲੀ(ਪਾਕਿਸਤਾਨ),ਪ੍ਰਿੰਸ ਕਮਾਲੀ (ਅਫਰੀਕੀ ਚੈਪੀਅਨ), ਗਰੇਟ ਰਿੱਕੀਡੋਜਾਨ (ਜਪਾਨ),ਬਿੱਲ ਰੌਬਿਨਸਨ (ਯੂਰਪੀਅਨ ਚੈਪੀਅਨ),ਪਟਰੌਚ (ਇੰਗਲੈਡ ਚੈਪੀਅਨ),ਤੋਂ ਇਲਾਵਾ ਡੇਵਿਡ ਟੇਲਰ,ਡੈਨੀ ਲਾਂਚ,ਮਨ ਮੌਂਟੇਨ ਜੈਕ,ਕੈਸਵੈੱਲ ਜੈਕ,ਸਕਾਈ ਹਾਇ,ਜੌਰਜ ਬਰਗਰਜ,ਵੀ ਇਸ ਤੋਂ ਤ੍ਰਹਿੰਦੇ ਸਨ । ਰੈਸਲਰ ਗੁਰ ਮੰਤਰ ਸਿੱਖਣ ਵਾਲਿਆਂ ਅਤੇ ਹੋਰਨਾਂ ਭਲਵਾਨਾਂ ਦਾ ਦਾਰਾ ਸਿੰਘ ਕੋਲ ਮੇਲਾ ਹੀ ਲੱਗਿਆ ਰਹਿੰਦਾ ਸੀ । ਇੱਕ ਅੰਦਾਜੇ ਅਨੁਸਾਰ ਉਸ ਨੇ 500 ਮੁਕਾਬਲੇ ਲੜੇ ਅਤੇ ਜਿੱਤੇ । ਦਾਰਾ ਸਿੰਘ ਦੀ ਭਲਵਾਨੀ ਏਨੀ ਬਲਵਾਨ ਸੀ ਕਿ ਉਹਦਾ ਮੁਕਾਬਲਾ ਵੇਖਣ ਲਈ ਭੀੜਾਂ ਜੁੜ ਜਾਇਆ ਕਰਦੀਆਂ ਸਨ । ਇੱਥੋਂ ਤੱਕ ਕਿ ਦੇਸ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ,ਮੁਰਾਰ ਜੀ ਡਿਸਾਈ,ਚੌਧਰੀ ਚਰਨ ਸਿੰਘ,ਰਾਜੀਵ ਗਾਂਧੀ,ਚੰਦਰਸੇਖਰ ਅਤੇ ਭਾਰਤ ਦੇ ਰਾਸਟਰਪਤੀ ਗਿਆਂਨੀ ਜੈਲ ਸਿੰਘ ਵਰਗੇ ਵੀ ਉਹਦੇ ਜੌਹਰ ਵੇਖਿਆ ਕਰਦੇ ਸਨ । ਹਿੰਦੀ ਫਿਲਮਾਂ ਰਾਹੀਂ 1962 ਨੂੰ ਫਿਲਮੀ ਖੇਤਰ ਵਿੱਚ ਪ੍ਰਵੇਸ ਪਾਉਣ ਵਾਲੇ ਦਾਰਾ ਸਿੰਘ ਨੂੰ ਅਗਸਤ 2003 ਵਿੱਚ ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਵੀ ਨੌਮੀਨੇਟ ਕੀਤਾ ।
ਦਾਰਾ ਸਿੰਘ ਵੱਲੋਂ ਭਲਵਾਨੀ ਤੋਂ ਰਿਟਾਇਰ ਹੋਣ ਦੇ ਐਲਾਨ ਸਮੇ ਦਿੱਲੀ ਵਿੱਚ ਰਾਜੀਵ ਗਾਂਧੀ ਦੀ ਹਾਜਰੀ ਵਿੱਚ ਰਾਸਟਰਪਤੀ ਗਿਆਨੀ ਜੈਲ ਸਿੰਘ ਨੇ ਐਕਸਨ ਕਿੰਗ ਆਫ ਬਾਲੀਵੁੱਡ ਕਹਿੰਦਿਆਂ ਸਨਮਾਨਿਤ ਕਰਿਆ । ਇਸ ਤੋਂ ਬਾਅਦ 1970 ਵਿੱਚ ਵੀ ਵਿਸੇਸ ਸਨਮਾਨ ਦਿੱਤਾ ਗਿਆ । ਤਿੰਨ ਪੁੱਤਰਾਂ ਪਰਦੱਮਣ ਸਿੰਘ,ਵਿੰਦੂ ਦਾਰਾ ਸਿੰਘ,ਅਮਰੀਕ ਸਿੰਘ ਤੋਂ ਇਲਾਵਾ ਤਿੰਨ ਧੀਆਂ ਦੇ ਪਿਤਾ ਦਾਰਾ ਸਿੰਘ ਦੀ ਫਿਲਮੀ ਖੇਤਰ ਵਿੱਚ ਵੀ ਪੂਰੀ ਭਲਵਾਨੀ ਚੱਲੀ । ਸਮੇ ਦੀ ਨਾਮਵਰ ਐਕਟਰਿਸ ਮੁਮਤਾਜ ਨਾਲ 16 ਫਿਲਮਾਂ ਵਿੱਚ ਕੰਮ ਕੀਤਾ । ਰਾਮਾ ਨੰਦ ਸਾਗਰ ਦੇ ਰਮਾਇਣ ਟੀਵੀ ਸੀਰੀਅਲ 1980 ਅਤੇ 1990 ਵਿੱਚ ਦਾਰਾ ਸਿੰਘ ਨੇ ਹਨੂਮਾਨ ਦੀ ਜਬਰਦਸਤ ਭੂਮਿਕਾ ਨਿਭਾਈ । ਉਹ ਹਦ ਕਰ ਦੀ,ਵਿੱਚ ਵੀ ਵਧੀਆ ਨਿਭਿਆ। ਕਰੀਬ 100 ਫਿਲਮਾਂ ਵਿੱਚ ਕੰਮ ਕਰਨ ਵਾਲੇ ਦਾਰਾ ਸਿੰਘ ਨੇ ਦਿਲ ਆਪਨਾ ਪੰਜਾਬੀ,ਮੈ ਮਾਂ ਪੰਜਾਬੀ ਵਿੱਚ ਵੀ ਭੂਮਿਕਾ ਨਿਭਾਈ ਅਤੇ ਉਸ ਨੇ ਮੁਹਾਲੀ ਵਿੱਚ ਦਾਰਾ ਫਿਲਮੀ ਸਟੁਡੀਓ ਵੀ ਬਣਾਇਆ । ਜਿਸ ਨੇ ਕਿਸੇ ਵੀ ਕੁਸ਼ਤੀ ਮੁਕਾਬਲੇ ਵਿੱਚ ਹਾਰ ਨਹੀਂ ਸੀ ਮੰਨੀ,ਉਹ ਜ਼ਿੰਦਗੀ ਦੀ ਆਖ਼ਰੀ ਕੁਸ਼ਤੀ ਹਾਰ ਗਿਆ ।
                                                  **********************
ਰਣਜੀਤ ਸਿੰਘ ਪ੍ਰੀਤ

No comments:

Post a Comment

preetranjit56@gmail.com