Thursday, September 6, 2012

ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ,ਸ਼ਰਧਾਂਜਲੀ ਸਮਾਗਮ 14 ਸਤੰਬਰ ਨੂੰ 12.30 ਵਜੇ


   ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸ਼ਰਧਾਂਜਲੀ ਸਮਾਗਮ 14 ਸਤੰਬਰ ਨੂੰ 12.30 ਵਜੇ
                                                   ਰਣਜੀਤ ਸਿੰਘ ਪ੍ਰੀਤ
ਪੰਜਾਬ ਦੇ ਨਾਮਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਦੇ ਜਗਰਾਤਿਆਂ ਵਰਗੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ,ਸੁਰੀਲੇ,ਸਾਰੀ ਉਮਰ ਵਿਆਹ ਨਾ ਕਰਵਾਉਂਣ ਵਾਲੇ,ਕਿਸੇ ਅਸਫਲ ਪਿਆਰ ਦੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ, ਆਰਟ ਕਰਾਫਟ ਅਧਿਆਪਕ ਵਜੋਂ 31 ਮਾਰਚ 2010 ਨੂੰ ਜੰਗੀਰਾਣਾ ਸਕੂਲ ਤੋਂ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ ਵਾਲੇ ਅਤੇ ਉਹ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ ਮੰਗਲਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ । ਉਹ ਪਿਛਲੇ ਕੁੱਝ ਸਾਲਾਂ ਤੋਂ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ । ਇੱਕ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਵੰਡੇ ਜਾ ਰਹੇ ਸਨ ਅਤੇ ਦੂਜੇ ਪਾਸੇ ਗਿੱਦੜਬਹਾ ਦੇ ਸਿਵਿਆਂ ਵਿੱਚ ਹਾਕਮ ਦੇ ਅੰਤਮ ਸੰਸਕਾਰ ਲਈ ਚਿਖਾ ਚਿਣੀ ਜਾ ਰਹੀ ਸੀ । ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਉਹਦੀ ਚਿਖਾ ਨੂੰ ਨਮ ਅੱਖਾਂ ਨਾਲ ਉਹਦੇ ਭਰਾਵਾਂ ਨਛੱਤਰ ਸਿੰਘ ਬਾਬਾ ਅਤੇ ਚੀਨਾ ਨੇ ਅਗਨੀ ਦਿੱਤੀ । ਉਹ ਹੱਥ ਜੋ ਬਲੈਕ ਬੋਰੜ ਉੱਤੇ ਸਕੂਲੀ ਬੱਚਿਆਂ ਨੂੰ ਚਾਕ ਦੀ ਮਦਦ ਨਾਲ ਲਕੀਰਾਂ ਵਾਹ ਕੇ ਡਰਾਇੰਗ ਸਿਖਾਇਆ ਕਰਦੇ ਸਨ । ਅੱਜ ਉਹੀ ਹੱਥ ਅਤੇ ਹੱਥਾਂ ਦੀਆਂ ਲਕੀਰਾਂ ਜਲ ਕਿ ਰਾਖ਼ ਬਣ ਰਹੀਆਂ ਸਨ । ਚਕਾਚੌਂਧ ਭਰੀ ਜ਼ਿੰਦਗੀ ਤੋਂ ਲਾਂਭੇ ਰਹਿਣ ਵਾਲੇ ਅਤੇ 1985 ਤੋਂ 1995 ਤੱਕ ਸਾਫ-ਸੁਥਰੀ ਗਾਇਕੀ ਨਾਲ ਸਿਖਰਾਂ ਛੁਹਣ ਵਾਲੇ ਇਸ ਸਾਧੂ ਸੁਭਾਅ ਦੇ ਫੱਕਰ  ਦਾ ਜਨਮ 3 ਮਾਰਚ, 1952 ਨੂੰ ਜ਼ਿਲਾ-ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿਖੇ ਪਿਤਾ ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ ਇੱਕ ਗਰੀਬ ਪਰਿਵਾਰ ਵਿੱਚ ਹੋਇਆ | ਇਸ ਪਰਿਵਾਰ ਵਿੱਚ ਹਾਕਮ ਸਮੇਤ 4 ਲੜਕੇ ਅਤੇ 4 ਲੜਕੀਆਂ ਨੇ ਜਨਮ ਲਿਆ । ਚਾਰ ਭਰਾਵਾਂ ਵਿੱਚੋਂ ਇੱਕ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕਿਆ ਸੀ ।
            ਉਹ ਸਾਈਂ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਆਦਰਸ਼ ਮੰਨਿਆਂ ਕਰਦੇ ਸਨ । ਸੰਗੀਤ ਸਿਖਿਆ ਮਗਰੋਂ 1970 ਵਿੱਚ ਹਾਕਮ ਨੇ ਗਾਇਕੀ ਵਿੱਚ ਕਦਮ ਰੱਖਿਆ । ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ 'ਸੁਰਮਈ ਸ਼ਾਮ' ਪ੍ਰੋਗਰਾਮ ਰਾਹੀ ਸਰੋਤਿਆਂ ਨੂੰ ਕੀਲਿਆ | ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰਦਰਸ਼ਨ ਤੋਂ ਵੀ ਦੋ ਗੀਤ ਪੇਸ਼ ਕੀਤੇ । ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਸਭ ਤੋਂ ਪਹਿਲਾ ਤਵਾ "ਮੇਲਾ ਯਾਰਾ ਦਾ(1984)" ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ । ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਦਸਤੂਰ ਉਸੇ ਤਰਾਂ ਹੀ ਲੋਕ ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ | ਉਸ ਨੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿੱਚ ਵੀ ਕੰਮ ਕਰਿਆ । ਮੇਲਾ ਯਾਰਾਂ ਦਾ,ਝੱਲਿਆ ਦਿਲਾ ਵੇ,ਤੋਂ ਵੀ ਦੋ ਕਦਮ ਅੱਗੇ ਵਧ ਕੇ ਨਿਭਿਆ ਵਰਿੰਦਰ ਦੀ ਫਿਲਮ ਯਾਰੀ ਜੱਟ ਦੀਵਿਚ ਗਾਇਆ ਗੀਤ ਪਾਣੀ ਵਿੱਚ ਮਾਰਾਂ ਡੀਟਾਂ,ਕਰਦੀ ਪਈ ਰੋਜ਼ ਉਡੀਕਾਂ,ਸੱਜਣ ਮਿਲਵਾ ਦੇ,ਪਾਵੀਂ ਨਾ ਦੂਰ ਤਰੀਕਾਂ,ਜਿਸ ਨੂੰ ਅੱਜ ਤੱਕ ਬੱਚੇ ਵੀ ਗੁਣ-ਗੁਣਾਉਂਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ ਦਿਲ ਵੱਟੇ ਦਿਲਅਤੇ ਦਿਲ ਤੜਫੇਬਾਜ਼ਾਰ ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ । ਹਾਕਮ ਬਗੈਰ ਕਿਸੇ ਤੜਕ-ਭੜਕ ਤੋਂ ਸਟੇਜ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ ਕਰਦੇ ਸਨ । ਚਰਖੇ ਦੀ ਟੁੱਟ ਗਈ ਮਾਹਲ ਅਤੇ ਕੋਕਾ ਘੜਵਾ ਦੇ ਮਾਹੀਆ ਕੋਕਾ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ । ਹਾਕਮ ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ । ਮੜ੍ਹਕ ਨਾਲ ਜਿਓਂ ਕਿ ਦਿਖਾਇਆ । ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ । ਉਸ ਨੂੰ ਸੁਰ ਸੰਗੀਤ ਦੀ ਪੂਰੀ ਸੋਝੀ ਸੀ ਅਤੇ ਉਹਦੀਆਂ ਇਹਨਾਂ ਕੈਸਿਟਾਂ ਮੇਲਾ ਯਾਰਾਂ ਦਾ,ਦਿਲ ਵੱਟੇ ਦਿਲ,ਝੱਲਿਆ ਦਿਲਾ ਵੇ,ਸੁਪਨਾ ਮਾਹੀ ਦਾ,ਕੋਲ ਬਹਿਕੇ ਸੁਣ ਸੱਜਣਾ,ਦਿਲ ਤੜਫ਼ੇ,ਗੱਭਰੂ ਪੰਜਾਬ ਦਾ,ਇਸ਼ਕ ਤੇਰੇ ਵਿੱਚ,ਚਰਖਾ ਅਤੇ ਛੱਲਾ ਨੇ ਬਾਜ਼ਾਰ ਵਿੱਚ ਧੁੰਮਾਂ ਪਾਈ ਰੱਖੀਆਂ । ਹਾਕਮ ਸੂਫ਼ੀ ਨੇ ਓਸ਼ੋ ਨੂੰ ਗੁਰੂ ਧਾਰਿਆ ਤਾਂ ਉਹਦੀ ਜ਼ਿੰਦਗੀ ਅਤੇ ਸੋਚ ਹੋਰ ਵੀ ਬਦਲ ਗਈ ।
                    ਆਪਣੀ ਮਿੱਟੀ ਨਾਲ ਜੁੜੇ ਰਹਿਣ ਵਾਲੇ, ਜ਼ਮੀਨੀ ਹਕੀਕਤਾਂ ਨੂੰ ਗਲ ਲਗਾਕੇ ਰੱਖਣ ਵਾਲੇ ਹਾਕਮ ਸੂਫੀ ਲਈ ਇੱਕ ਖੁਸ਼ਗਵਾਰ ਸਮਾਂ ਅਜਿਹਾ ਵੀ ਆਇਆ ਜਦ ਪੰਜਾਬੀ ਦੇ 10 ਸਿਖ਼ਰਲੇ ਗਾਇਕਾਂ ਵਿੱਚ ਉਸਦਾ ਨਾਅ ਬੋਲਣ ਲੱਗਿਆ । ਗੁਰਦਾਸ ਮਾਨ ਨਾਲ ਉਸਦੀ ਖੂਬ ਨਿਭਦੀ ਸੀ । ਦੋਨੋ ਇੱਕੋ ਸ਼ਹਿਰ ਦੇ,ਸਮਕਾਲੀ ਗਾਇਕ,ਇਕੱਠੇ ਹੀ ਸਟੇਜ ਕਾਰਜ ਕਰਦੇ ਰਹੇ ਸਨ । ਫਿਰ ਅਲੱਗ ਅਲੱਗ ਗਾਉਣ ਲੱਗੇ, ਕਰੀਬ 15 ਸਾਲਾਂ ਬਾਅਦ ਜਦ ਦੋਹਾਂ ਨੇ ਮਿਲਕੇ ਸੱਜਣਾ ਓ ਸੱਜਣਾ ਗਾਇਆ,ਤਾਂ ਸਰੋਤੇ ਨਸ਼ਿਆ ਗਏ ਸਨ । ਡੱਫਲੀ  ਜਿਸ ਦਾ ਮੁਢਲਾ ਨਾਅ ਖੰਜਰੀ ਹੁੰਦਾ ਸੀ ਨੂੰ ਸੱਭ ਤੋਂ ਪਹਿਲਾਂ ਹਾਕਮ ਨੇ ਹੀ ਸਟੇਜ ਉੱਤੇ ਲਿਆਂਦਾ ਅਤੇ ਗਾਇਕੀ ਦੇ ਨਾਲ ਨਾਲ ਐਕਸ਼ਨ ਕਰਨ ਦੀ ਪਿਰਤ ਦਾ ਵੀ ਅਗਾਜ਼ ਕਰਿਆ ।
                      ਗੁਰਦਾਸ ਮਾਨ ਅਤੇ ਹਾਕਮ ਸੂਫੀ ਨੇ ਜੋ ਕਵਾਲੀ ਹਿੰਦੀ ਫ਼ਿਲਮ ਵਿੱਚ ਪੇਸ਼ ਕੀਤੀ ,ਉਸ ਨੇ ਹਿੰਦੀ ਦੇ ਚਰਚਿੱਤ ਕਵਾਲਾਂ ਨੂੰ ਵੀ ਝੂਮਣ ਲਾ ਦਿੱਤਾ ਸੀ । ਤਿੜਕੀਆਂ ਕੰਧਾਂ ਦੇ ਅੰਗ ਸੰਗ ਲਿਪਟ ਕਿ ਲਿਓੜ ਵਰਗੀ ਜ਼ਿੰਦਗੀ ਹਾਂ ਜੀਅ ਰਹੇ ਵਰਗੇ ਗੰਭੀਰ ਅਤੇ ਸਾਹਿਤਕ ਸ਼ਬਦ ਹਾਕਮ ਦਾ ਹਾਸਲ ਹਨ । ਉਸ ਨੂੰ ਦੁਨੀਆਂਦਾਰੀ ਵਾਲੀ ਚਲਾਕੀ ਨਹੀਂ ਸੀ ਆਉਂਦੀ,ਕਈ ਵਾਰ ਅਜਿਹਾ ਵੀ ਹੋਇਆ ਕਿ ਉਹ ਸਿਵਿਆਂ ਵਿਚਲੇ ਦਰੱਖਤਾਂ ਹੇਠ ਸੌਂ ਲੈਂਦਾ । ਜਿੱਥੇ ਹੁਣ ਉਹਦਾ ਪੱਕਾ ਵਾਸਾ ਹੋ ਗਿਆ ਹੈ ।ਇਸ ਬਾਰੇ ਉਹ ਹਸਦਾ ਹਸਦਾ ਕਿਹਾ ਕਰਦਾ ਸੀ ਕਿ ਜਦੋਂ ਕੋਈ ਮਰਦਾ ਹੈ ਤਾਂ ਲੋਕ ਉਸ ਨੂੰ ਸਿਵਿਆਂ ਵਿੱਚ ਲਿਆਉਂਦੇ ਹਨ,ਪਰ ਮੇਰੀ ਗੱਲ ਏਦੂੰ ਉਲਟ ਹੋਣੀ ਹੈ,ਪਹਿਲਾਂ ਮੇਰੀ ਲਾਸ਼ ਨੂੰ ਸਿਵਿਆਂ ਵਿੱਚੋਂ ਘਰ ਲਿਜਾਣਗੇ ਅਤੇ ਫਿਰ ਵਾਪਸ ਲਿਆਉਣਗੇ । ਪੜ੍ਹਾਈ ਸਮੇ ਉਸਦਾ ਛੋਟੀ ਉਮਰ ਵਿੱਚ ਹੀ ਪੇਟਿੰਗ ਅਤੇ ਬੁੱਤ ਤਰਾਸ਼ੀ ਨਾਲ ਲਗਾਓ ਸੀ । ਛੋਟੀ ਉਮਰ ਵਿੱਚ ਹੀ ਉਸ ਨੇ ਗੁਣਗੁਨਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਕਹਿੰਦੇ ਹਨ ਕਿ ਇੱਕ ਵਾਰ ਇੱਕ ਲਾ-ਵਾਰਸ ਲਾਸ਼ ਦਾ ਇਹਨਾਂ ਕੁੱਝ ਮੁਡਿਆਂ ਨੇ ਰਲਕੇ ਸਸਕਾਰ ਕਰਿਆ,ਅਤੇ ਸਾਰੀ ਰਾਤ ਉਸ ਦੀ ਚਿਖਾ ਕੋਲ ਬੈਠੇ ਹੀ ਗਾਉਂਦੇ ਰਹੇ । ਅੱਜ ਵੱਡੇ ਵੱਡੇ ਅਮੀਰਜਾਦਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਰੋਜ਼ਾਨਾ ਕਿੰਨੀ ਆਮਦਨ ਹੈ । ਕਰੋੜਾਂ ਰੁਪਿਆ ਲਕੋਦੇ ਹਨ ,ਲੱਖਾ ਰੁਪਏ ਟੈਕਸ ਭਰਦੇ ਹਨ । ਇਹਨਾ ਦੀਆਂ ਭਰੀਆਂ ਤਜੌਰੀਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦਾ ਜੰਮਪਲ ਸਿਰਫ਼ 60 ਸਾਲ ਦੀ ਉਮਰ ਵਿੱਚ ਇਲਾਜ ਦੀ ਘਾਟ ਕਾਰਣ ਸਾਥੋਂ ਵਿਛੜ ਗਿਆ । ਪਰ ਹੀਰੇ ਦੀ ਪਰਖ ਜੌਹਰੀ ਹੀ ਜਾਣਦੇ ਹਨ ,ਇਹਨਾਂ ਲੋਕਾਂ ਨੂੰ ਇਹਦੀ ਕੀਮਤ ਅਤੇ ਅਸਲੀਅਤ ਦਾ ਹੀ ਪਤਾ ਨਹੀਂ ਹੁੰਦਾ ।
               ਲੋਕ  ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ । ਗੁਰਦਾਸ ਮਾਨ ਦਾ ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਉਹ ਕਹਿ ਦਿਆ ਕਰਦਾ ਏ ਠੀਕ ਏ ਬਾਬਿਓ । ਗੱਲ ਭਾਵੇਂ ਕੋਈ ਵੀ ਰਹੀ ਹੋਵੇ ਦੋਹਾਂ ਦਾ ਪਿਆਰ ਬਹੁਤ ਸੀ । ਗੁਰਦਾਸ ਮਾਨ ਉਸ ਨੂੰ ਮਿਲੇ ਬਗੈਰ ਨਹੀਂ ਸੀ ਰਹਿ ਸਕਿਆ ਕਰਦਾ । ਹੁਣ ਗੁਰਦਾਸ ਮਾਨ ਕੀਹਨੂੰ ਮਿਲੂਗਾ,ਲੋਕ ਉਸ ਕਾਲੀ ਕੰਬਲੀ ਓੜੀ ਵਾਲੇ ਨੂੰ ਕਿੱਥੋਂ ਲੱਭਣਗੇ । ਪਰ ਉਹ ਅਜਿਹੀਆਂ ਅਮਿਟ ਪੈੜਾ ਪਾ ਕਿ ਗਿਆ ਏ ,ਜਿੰਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ । ਉਹਦੀਆਂ ਯਾਦਾਂ ਇਤਿਹਾਸ ਦੀ ਬੁੱਕਲ ਦਾ ਨਿੱਘ ਬਣੀਆਂ ਰਹਿਣਗੀਆਂ,ਜਿਤਨੀ ਦੇਰ ਤੱਕ ਸੂਫੀ ਗਾਇਕੀ ਅਤੇ ਸਾਫ਼ ਸੁਥਰੀ ਗਾਇਕੀ ਦੀ ਗੱਲ ਤੁਰਦੀ ਰਹੇਗੀ ।
**********************
ਰਣਜੀਤ ਸਿੰਘ ਪ੍ਰੀਤ
98157-07232

No comments:

Post a Comment

preetranjit56@gmail.com