ਦੂਜੀਆਂ ਓਲੰਪਿਕ ਖੇਡਾਂ ਵਾਂਗ ਹੀ ਸਮਝਿਆ ਜਾਵੇ ਪੈਰਾਲੰਪਿਕ ਖੇਡਾਂ ਨੂੰ
ਰਣਜੀਤ ਸਿੰਘ ਪ੍ਰੀਤ
ਪੈਰਾਲੰਪਿਕ ਖੇਡਾਂ ਲੰਦਨ ਵਿੱਚ ਸ਼ੁਰੂ ਹੋ ਚੁਕੀਆਂ ਹਨ । ਪਰ ਅਫਸੋਸ ਅਤੇ ਦੁੱਖ ਦੀ ਗੱਲ ਇਹ
ਹੈ ਕਿ ਜਿਵੇਂ 12 ਅਗਸਤ ਨੂੰ ਖ਼ਤਮ ਹੋਈਆਂ ਓਲੰਪਿਕ ਖੇਡਾਂ ਨੂੰ ਪ੍ਰਚਾਰਿਆ-ਪ੍ਰਸਾਰਿਆ ਗਿਆ,ਉਸ
ਪੱਧਰ ਉੱਤੇ ਇਹ ਖੇਡਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹਨ । ਇਹ ਵੀ ਗਰਮ ਰੁੱਤ ਅਤੇ ਸਰਦ ਰੁੱਤ
ਖੇਡਾਂ ਹਨ । ਇਹਨਾਂ ਵਿੱਚ ਵੀ ਰਿਕਾਰਡ ਬਣਦੇ,ਟੁਟਦੇ ਹਨ । ਡੋਪਿੰਗ ਦੀ ਬਜਾਏ ਕੁੱਝ ਹੋਰ ਤਰੀਕੇ
ਵੀ ਖੇਡ ਪ੍ਰਫਾਰਮੈਂਸ ਲਈ ਵਰਤੇ ਜਾਂਦੇ ਹਨ । ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ (ਆਈਪੀਸੀ) ਵੀ ਬਣੀ
ਹੋਈ ਹੈ,ਕੋਚਾਂ-ਖਿਡਾਰੀਆਂ ਲਈ ਵੱਡੇ ਵੱਡੇ ਇਨਾਮ ਵੀ ਮਿਥੇ ਗਏ ਹਨ । ਪਰ ਫਿਰ ਵੀ ਇਹ ਖੇਡਾਂ
ਗੁੰਮਨਾਮੀ ਦਾ ਸ਼ਿਕਾਰ ਹਨ । ਅਧੁਨਿਕ ਓਲੰਪਿਕ ਖੇਡਾਂ 1896 ਨੂੰ ਸ਼ੁਰੂ ਹੋਈਆਂ ਅਤੇ 1900 ਤੋ 1908
ਤੱਕ ਦੀਆਂ ਓਲੰਪਿਕ ਖੇਡਾਂ ਵਿੱਚ ਪੋਲੀਓ ਦਾ ਸ਼ਿਕਾਰ ਹੋਏ ਅਮਰੀਕੀ ਅਥਲੀਟ ਰੇਮੰਡ ਰੇਅ ਕਲਾਰਿੰਸ ਐਵਰੀ ਨੇ ਲੰਬੀ ਛਾਲ,ਉੱਚੀ ਛਾਲ,ਤੀਹਰੀ ਛਾਲ ਵਿੱਚ ਤੰਦਰੁਸਤ ਅਥਲੀਟਾਂ
ਨੂੰ ਲਾਗੇ ਨਾ ਫਟਕਣ ਦਿੱਤਾ । ਇਸ ਨੇ 8 ਸੋਨ ਤਮਗੇ ਜਿੱਤੇ,ਕਾਂਸੀ ਜਾਂ ਚਾਂਦੀ ਦਾ ਕੋਈ ਤਮਗਾ
ਪਸੰਦ ਨਾ ਕਰਿਆ । ਜਿਹੜਾ ਉਸ ਨੇ 29 ਅਗਸਤ 1904 ਨੂੰ 3.47 ਮੀਟਰ ਲੰਬੀ ਛਾਲ ਲਗਾਕੇ ਵਿਸ਼ਵ
ਰਿਕਾਰਡ ਬਣਾਇਆ,ਉਹ ਤੰਦਰੁਸਤਾਂ ਲਈ 1938 ਤੱਕ ਵੰਗਾਰ ਬਣਿਆਂ ਰਿਹਾ ।
1904 ਦੀਆਂ
ਓਲੰਪਿਕ ਖੇਡਾਂ ਵਿੱਚ ਬਣਾਉਟੀ ਖੱਬੀ ਲੱਤ ਸਹਾਰੇ ਅਮਰੀਕੀ ਜਿਮਨਾਸਿਟ ਜੌਰਜ ਲੁਡਵਿਗ ਫਰੈਂਡਰਿਚ
ਜੂਲੀਅਸ ਆਇਸਰ ਨੇ 29 ਅਕਤੂਬਰ ਨੂੰ 6 ਤਮਗੇ (3 ਸੋਨ,2 ਚਾਂਦੀ,ਇੱਕ ਕਾਂਸੀ) ਜਿੱਤੇ । ਇਸ ਤੋਂ
ਬਾਅਦ ਕਿਸੇ ਬਣਾਉਟੀ ਅੰਗ ਵਾਲੇ ਨੇ 2008 ਦੀਆਂ ਖੇਡਾਂ ਤੱਕ ਹਿੱਸਾ ਨਹੀਂ ਲਿਆ । ਪੇਈਚਿੰਗ 2008 ਖੇਡਾਂ
ਸਮੇ ਦੱਖਣੀ ਅਫਰੀਕਾ ਦੀ ਨੈਟਲੀ ਡੂ ਟੋਇਟ ਹੀ ਅਜਿਹੀ ਪਹਿਲੀ ਮਹਿਲਾ ਤੈਰਾਕ ਸੀ,ਜਿਸ ਦੀ 14 ਸਾਲ
ਦੀ ਉਮਰ ਵਿੱਚ ਫਰਵਰੀ 2001 ਕਾਰ ਦੀ ਟੱਕਰ ਵੱਜਣ ਕਾਰਣ ਗੋਡੇ ਕੋਲੋਂ ਖੱਬੀ ਲੱਤ ਕੱਟਣੀ ਪਈ
ਸੀ,ਅਤੇ ਉਹ ਬਣਾਉਟੀ ਲੱਤ ਸਹਾਰੇ ਤੁਰਦੀ ਸੀ । ਉਹਦੇ ਲਈ ਅਤੇ ਅਪਾਹਜ ਖਿਡਾਰੀਆਂ ਜਾਂ ਦੂਸਰਿਆਂ ਲਈ
ਇਹ ਬਹੁਤ ਫ਼ਖ਼ਰ ਵਾਲੀ ਗੱਲ ਹੈ ਕਿ ਉਹ ਟੀਮ ਦੀ ਝੰਡਾ ਬਰਦਾਰ ਵੀ ਸੀ । ਉਸ ਨੇ ਚੀਨ ਦੀਆਂ ਪੈਰਾਲੰਪਿਕ
ਸਮੇ ਵੀ ਇਹ ਫ਼ਰਜ਼ ਮਾਣ ਨਾਲ ਨਿਭਾਇਆ । ਲੰਦਨ ਓਲੰਪਿਕ ਸਮੇ ਬਲੇਡ ਰੱਨਰ ਵਜੋਂ ਜਾਣੇ ਜਾਂਦੇ
ਦੱਖਣੀ ਅਫਰੀਕੀ ਅਥਲੀਟ ਆਸਕਰ ਪਿਸਟੋਰੀਅਸ ਨੇ ਵੀ ਦੋਨੋ ਬਣਾਉਟੀ ਪੈਰਾਂ ਨਾਲ ਦੌੜ ਲਗਾਈ ਅਤੇ
ਅੱਠਵੇਂ ਸਥਾਨ ਉੱਤੇ ਰਿਹਾ । ਪੋਲੈਂਡ ਦੀ ਨਤਾਲਿਆ ਜਿਸ ਦਾ ਸੱਜਾ ਹੱਥ ਹੀ ਨਹੀਂ ਹੈ ਨੇ ਵੀ ਟੇਬਲ ਟੇਨਿਸ ਖਿਡਾਰਨ ਵਜੋਂ ਹਿੱਸਾ ਲਿਆ ।
ਦੂਜੇ ਵਿਸ਼ਵ ਯੁੱਧ ਸਮੇ ਅਪਾਹਜ
ਹੋਏ ਦਿਗਜ਼ਾਂ ਨੂੰ ਉਥਾਨ ਦੇਣ ਲਈ,ਇਲਾਜ ਕਰਨ ਦੇ ਨਾਲ ਨਾਲ ਸਟੌਕ ਮੰਡਵਿਲੇ ਹਸਪਤਾਲ ਦੇ ਡਾਕਟਰ
ਲੁਡਵਿਗ ਗੁੱਟਮਾਨ ਨੇ ਪੈਰਾਲੰਪਿਕ ਖੇਡਾਂ ਦੀ 1948 ਲੰਦਨ ਵਿੱਚ ਮੋਹੜੀ ਗੱਡੀ । ਛੋਟੇ ਰੂਪ ਨਾਲ
ਇਹ 1952 ਨੂੰ ਵੀ ਹੋਈਆਂ । ਪਰ ਇਹ 1960 ਰੋਮ ਓਲੰਪਿਕ ਤੋਂ ਲਗਾਤਾਰ ਹੋਣ ਲੱਗੀਆਂ । ਉਦੋਂ 18
ਤੋਂ 25 ਸਤੰਬਰ ਤੱਕ 23 ਮੁਲਕਾਂ ਦੇ 400 ਖਿਡਾਰੀਆਂ ਨੇ 8 ਖੇਡਾਂ ਦੀਆਂ 57 ਈਵੈਂਟਸ ਵਿੱਚ ਭਾਗ
ਲਿਆ ਸੀ । ਤਮਗਾ ਸੂਚੀ ਵਿੱਚ ਇਟਲੀ 29,28,23=80 ਤਮਗਿਆਂ ਨਾਲ ਸਿਖ਼ਰ ਉੱਤੇ ਸੀ । ਟੋਕੀਓ ਵਿੱਚ
1964 ਨੂੰ 21 ਦੇਸ਼ਾਂ ਦੇ 375 ਖਿਡਾਰੀਆਂ ਨੇ 9 ਖੇਡਾਂ ਦੀਆਂ 144 ਵੰਨਗੀਆਂ ਵਿੱਚ 3 ਤੋਂ 12
ਨਵੰਬਰ ਤੱਕ ਭਾਗ ਲਿਆ । ਇਸ ਵਾਰੀ ਅਮਰੀਕਾ 50,41,32=123 ਨਾਲ ਮੀਰੀ ਰਿਹਾ । ਤੈਲਅਵੀਵ ਵਿਖੇ 1968
ਵਿੱਚ 10 ਖੇਡਾਂ ਦੀਆਂ 181 ਵੰਨਗੀਆਂ ਲਈ ,29 ਮੁਲਕਾਂ ਦੇ 750 ਖਿਡਾਰੀ 4 ਤੋਂ 13 ਨਵੰਬਰ ਤੱਕ
ਤਮਗਿਆਂ ਲਈ ਸੰਘਰਸ਼ ਕਰਦੇ ਰਹੇ । ਅਮਰੀਕਾ ਫਿਰ ਝੰਡੀ ਲੈ ਗਿਆ । ਜਰਮਨੀ ਦੇ ਸ਼ਹਿਰ ਹੈਲਬਰਗ ਵਿੱਚ
41 ਦੇਸ਼ਾਂ ਦੇ 1004 ਖਿਡਾਰੀਆਂ ਨੇ 10 ਖੇਡਾਂ ਦੇ 187 ਵਰਗਾਂ ਵਿੱਚ 2 ਤੋਂ 11 ਅਗਸਤ 1972 ਤੱਕ,ਭਾਗ
ਲਿਆ । ਜਰਮਨੀ 28,17,22=67 ਨਾਲ ਸਿਖ਼ਰ ‘ਤੇ ਰਿਹਾ ।
ਟਰਾਂਟੋ 1976 ਖੇਡਾਂ
ਵਿੱਚ 32 ਮੁਲਕਾਂ ਦੇ 1657 ਖਿਡਾਰੀ,(1404 ਪੁਰਸ਼,253 ਮਹਿਲਾਵਾਂ) ਨੇ 13 ਖੇਡਾਂ ਦੀਆਂ 447
ਸ੍ਰੇਣੀਆਂ ਵਿੱਚ 3 ਤੋਂ 11 ਅਗਸਤ ਤੱਕ ਹਿੱਸਾ ਲਿਆ । ਅਮਰੀਕਾ ਫਿਰ ਮੁਹਰੀ ਰਿਹਾ ਅਤੇ ਭਾਰਤ
ਗੈਰਹਾਜ਼ਰ । ਨੀਦਰਲੈਂਡ ਵਿਖੇ 1980 ਨੂੰ 1973 ਖਿਡਾਰੀਆਂ ਨੇ 42 ਦੇਸ਼ਾਂ ਤੋਂ,12 ਖੇਡਾਂ ਦੇ 489
ਵਰਗਾਂ ਵਿੱਚ 21 ਤੋਂ 30 ਜੂਨ ਤੱਕ ਭਾਗ ਲਿਆ । ਅਮਰੀਕਾ 75,66,54=195 ਤਮਗਿਆਂ ਨਾਲ ਮੀਰੀ
ਬਣਿਆਂ । ਅਗਲੀਆਂ 1984 ਵਾਲੀਆਂ ਇਹਨਾਂ ਖੇਡਾਂ ਦੀਆਂ ਕੁੱਝ ਵੰਨਗੀਆਂ ਅਮਰੀਕਾ ਵਿੱਚ ਅਤੇ ਕੁੱਝ ਇੰਗਲੈਂਡ
ਵਿੱਚ ਹੋਈਆਂ । ਅਮਰੀਕਾ ਵਿੱਚ 17 ਤੋਂ 30 ਜੂਨ ਤੱਕ,ਇੰਗਲੈਂਡ ਵਿੱਚ 22 ਜੁਲਾਈ ਤੋਂ ਪਹਿਲੀ ਅਗਸਤ
ਤੱਕ ਨੇਪਰੇ ਚੜ੍ਹੀਆਂ । ਤਮਗਾ ਸੂਚੀ ਵਿੱਚ ਅਮਰੀਕਾ ਅੱਵਲ ਰਿਹਾ ,ਭਾਰਤ ਨੇ ਵੀ 2 ਚਾਂਦੀ ਦੇ,2
ਕਾਂਸੀ ਦੇ ਤਮਗੇ ਜਿੱਤਕੇ 37 ਵਾਂ ਸਥਾਨ ਲਿਆ । ਸਿਓਲ 1988 ਦੀਆਂ ਓਲੰਪਿਕ ਸਮੇ 24 ਸਾਲਾਂ ਬਾਅਦ
ਫੈਸਲਾ ਕੀਤਾ ਗਿਆ ਕਿ ਇਹ ਖੇਡਾਂ ਵੀ ਆਮ ਖੇਡਾਂ ਵਾਲੇ ਸਥਾਨ ‘ਤੇ ਹੀ ਹੋਇਆ ਕਰਨਗੀਆਂ । ਇਸ ਵਾਰੀ 61 ਦੇਸ਼ਾਂ ਦੇ 3057 ਖਿਡਾਰੀਆਂ ਨੇ
16 ਖੇਡਾਂ ਦੀਆਂ 732 ਵੰਨਗੀਆਂ ਵਿੱਚ 15 ਤੋਂ 24 ਅਕਤੂਬਰ ਤੱਕ ਸ਼ਿਰਕਤ ਕੀਤੀ । ਅਮਰੀਕਾ ਫਿਰ
ਮੀਰੀ ਰਿਹਾ ।
ਬਾਰਸਿਲੋਨਾ
ਵਿੱਚ 1992 ਨੂੰ 3020 ਖਿਡਾਰੀ 82 ਮੁਲਕਾਂ ਤੋਂ 15 ਖੇਡਾਂ ਦੀਆਂ 487 ਕਿਸਮਾਂ ਵਿੱਚ 3 ਤੋਂ 14
ਸਤੰਬਰ ਤੱਕ ਭਾਗ ਲੈਣ ਆਏ । ਐਟਲਾਂਟਾ ਵਿਖੇ 1996 ਨੂੰ 104 ਦੇਸ਼ਾਂ (2469 ਪੁਰਸ਼,790 ਮਹਿਲਾਵਾਂ)
ਨੇ 20 ਖੇਡਾਂ ਦੀਆਂ 508 ਸ੍ਰੇਣੀਆਂ ਵਿੱਚ 16 ਤੋਂ 25 ਅਗਸਤ ਤੱਕ ਭਾਗ ਲਿਆ ,1992 ਵਾਂਗ ਇਸ
ਵਾਰੀ ਵੀ ਅਮਰੀਕਾ ਮੁਹਰੀ ਰਿਹਾ । ਸਿਡਨੀ 2000 ਖੇਡਾਂ ਵਿੱਚ 127 ਮੁਲਕਾਂ ਤੋਂ (2867 ਪੁਰਸ਼,979
ਔਰਤਾਂ) ਨੇ 18 ਤੋਂ 29 ਅਕਤੂਬਰ ਤੱਕ 20 ਖੇਡਾਂ ਦੇ 551 ਵਰਗਾਂ ਵਿੱਚ ਹਿੱਸਾ ਲਿਆ । ਹੈਰਾਨੀਜਨਕ
ਗੱਲ ਇਹ ਰਹੀ ਕਿ ਜਿੱਥੇ ਆਸਟਰੇਲੀਆ ਨੇ ਪਹਿਲਾ ਸਥਾਨ ਮੱਲਿਆ ਉੱਥੇ ਅਮਰੀਕਾ ਨੂੰ 5 ਵੀਂ ਪੁਜ਼ੀਸ਼ਨ
ਹਾਸਲ ਹੋਈ । ਏਥਨਜ਼ 2004 ਸਮੇ 136 ਮੁਲਕਾਂ ਤੋਂ 3806 ਖਿਡਾਰੀਆਂ ਨੇ,19 ਖੇਡਾਂ ਦੇ 519 ਵਰਗਾਂ
ਵਿੱਚ 17 ਤੋਂ 28 ਸਤੰਬਰ ਤੱਕ ਭਾਗ ਲਿਆ । ਪਹਿਲੀ ਵਾਰੀ ਸ਼ਾਮਲ ਚੀਨ ਨੇ ਤਮਗਾ ਸੂਚੀ ਵਿੱਚ ਪਹਿਲਾ
ਸਥਾਨ ਮੱਲਿਆ ।
ਪੇਈਚਿੰਗ 2008 ਨੂੰ
4200 ਖਿਡਾਰੀਆਂ ਨੇ 148 ਮੁਲਕਾਂ ਤੋਂ 20 ਖੇਡਾਂ
ਦੇ 472 ਵਰਗਾਂ ਵਿੱਚ 6 ਤੋਂ 17 ਸਤੰਬਰ ਤੱਕ ਹਿੱਸਾ ਲਿਆ । ਚੀਨ ਫਿਰ ਮੁਹਰੀ ਰਿਹਾ । ਲੰਦਨ 2012
ਵਿੱਚਲੀਆਂ ਇਹਨਾਂ ਖੇਡਾਂ ਵਿੱਚ ਇਸ ਵਾਰੀ 164 ਦੇਸ਼ਾਂ ਦੇ 4294 ਖਿਡਾਰੀ 20 ਖੇਡਾਂ ਦੀਆਂ 503 ਈਵੈਂਟਸ ਵਿੱਚ 9 ਸਤੰਬਰ ਤੱਕ ਜੇਤੂ
ਬਣਨ ਲਈ ਸੰਘਰਸ਼ ਕਰ ਰਹੇ ਹਨ । ਪਰ ਲਗਦਾ ਏ ਚੀਨ ਕਿਸੇ ਨੂੰ ਲਾਗੇ ਨਹੀਂ ਫਟਕਣ ਦੇਵੇਗਾ ।
No comments:
Post a Comment
preetranjit56@gmail.com