Friday, December 28, 2012

ਦੂਜੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪਾਕਿਸਤਾਨ ਨੇ ਜਿੱਤੀ



ਦੂਜੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪਾਕਿਸਤਾਨ ਨੇ ਜਿੱਤੀ
                                        ਰਣਜੀਤ ਸਿੰਘ ਪ੍ਰੀਤ
                      ਦੂਜੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 20 ਦਸੰਬਰ ਤੋਂ 27 ਦਸੰਬਰ 2012 ਤੱਕ ਦੋਹਾ (ਕਤਰ) ਵਿੱਚ ਖੇਡੀ ਗਈ । ਪਹਿਲੀ ਚੈਂਪੀਅਨਜ਼ ਟਰਾਫ਼ੀ ਓਰਡਸ (ਚੀਨ) ਵਿਖੇ 3 ਤੋਂ 11 ਸਤੰਬਰ 2011 ਤੱਕ ਖੇਡੀ ਗਈ ਸੀ । ਜਿਸ ਵਿੱਚ ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਪਾਨ, ਚੀਨ,ਅਤੇ ਭਾਰਤ ਨੇ ਸ਼ਮੂਲੀਅਤ ਕੀਤੀ ਸੀ ਅਤੇ ਉਦਘਾਟਨੀ ਮੈਚ 3 ਸਤੰਬਰ ਨੂੰ ਚੀਨ ਵਿਰੁੱਧ ਭਾਰਤ ਨੇ ਟੂਰਨਾਂਮੈਂਟ ਦੇ ਰਿਕਾਰਡ ਗੋਲ ਅੰਤਰ 5-0 ਨਾਲ ਜਿੱਤਿਆ ਸੀ । ਇਸ ਜਿੱਤ ਤੋਂ ਇਲਾਵਾ ਭਾਰਤੀ ਟੀਮ ਨੇ ਜਪਾਨ ਨਾਲ 1-1, ਮਲੇਸ਼ੀਆਂ ,ਪਾਕਿਸਤਾਨ ਨਾਲ 2-2 ਦੀ ਬਰਾਬਰੀ ਕੀਤੀ ਅਤੇ ਦੱਖਣੀ ਕੋਰੀਆ ਨੂੰ 5-3 ਨਾਲ,ਹਰਾਕੇ 9 ਅੰਕ ਪ੍ਰਾਪਤ ਕੀਤੇ । ਮਲੇਸ਼ੀਆ ਹੱਥੋਂ ਜਪਾਨ ਦੀ ਹੋਈ ਹਾਰ ਨੇ ਭਾਰਤ ਨੂੰ ਫਾਈਨਲ ਵਿੱਚ ਪੁਚਾਇਆ । ਜੇ ਜਪਾਨ ਜਿੱਤ ਜਾਂਦਾ ਤਾਂ ਉਹਦੇ 7 ਅੰਕਾਂ ਤੋਂ 10 ਅੰਕ ਹੋਣ ਨਾਲ ਫਾਈਨਲ ਉਸਨੇ ਖੇਡਣਾ ਸੀ । 
                           ਪਾਕਿਸਤਾਨ ਨੇ 10 ਅੰਕਾਂ ਦੀ ਪ੍ਰਾਪਤੀ ਲਈ ਮਲੇਸ਼ੀਆ ਨੂੰ 3-2 ਨਾਲ,ਚੀਨ ਨੂੰ 4-1 ਨਾਲ, ਦੱਖਣੀ ਕੋਰੀਆ ਨੂੰ 3-2 ਨਾਲ ਮਾਤ ਦਿੰਦਿਆਂ ਜਪਾਨ ਤੋਂ 1-3 ਨਾਲ ਹਾਰ ਖਾਧੀ ਅਤੇ ਭਾਰਤ ਨਾਲ 2-2’ਤੇ ਬਰਾਬਰ ਰਿਹਾ । ਦੱਖਣੀ ਕੋਰੀਆ ਨੇ ਚੀਨ ਨੂੰ 2-1 ਨਾਲ ਹਰਾਕੇ 5ਵਾਂ,ਮਲੇਸ਼ੀਆ ਨੇ ਜਪਾਨ ਨੂੰ 1-0 ਨਾਲ ਮਾਤ ਦੇ ਕੇ ਤੀਜਾ,ਅਤੇ ਪਨੈਲਟੀ ਸ਼ੂਟ ਆਊਟ ਰਾਹੀਂ ਭਾਰਤ ਨੇ ਪਾਕਿਸਤਾਨ ਨੂੰ 4-2 ਨਾਲ ਹਰਾਕੇ ਪਹਿਲਾ ਏਸ਼ੀਆਈ ਚੈਂਪੀਅਨਜ਼ ਬਣਨ ਦਾ ਮਾਣ ਹਾਸਲ ਕਰਿਆ ਸੀ । ਖੇਡੇ ਗਏ 18 ਮੈਚਾਂ ਵਿੱਚ 81 ਗੋਲ ਹੋਏ । ਸਭ ਤੋਂ ਵੱਧ 19 ਗੋਲ ਭਾਰਤ ਨੇ ਕੀਤੇ,ਅਤੇ 10 ਗੋਲ ਕਰਵਾਏ । ਇੱਕ ਮੈਚ ਵਿੱਚ ਸਭ ਤੋਂ ਵੱਧ 8 ਗੋਲ 6 ਸਤੰਬਰ ਨੂੰ ਭਾਰਤ–ਕੋਰੀਆਂ ਮੈਚ ਦੌਰਾਨ ਹੋਏ ।
                 ਇਸ ਵਾਰੀ ਹਾਕੀ ਦੇ ਇਸ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਥਾਂ ਓਮਾਨ ਦੀ ਟੀਮ ਸ਼ਾਮਲ ਹੋਈ । ਸ਼ਾਮਲ ਹੋਈਆਂ6 ਏਸ਼ੀਅਨ  ਟੀਮਾਂ ਵਿੱਚ  ਭਾਰਤ, ਪਾਕਿਸਤਾਨ, ਚੀਨ, ਓਮਾਨ,ਮਲੇਸ਼ੀਆ,ਅਤੇ ਜਪਾਨ ਨੇ ਹਿੱਸਾ ਲੈਂਦਿਆਂ 18 ਮੈਚ ਰਾਊਂਡ ਰੌਬਿਨ ਅਤੇ ਪਲੇਅ ਆਫ਼ ਦੇ ਅਧਾਰ ‘ਤੇ ਖੇਡੇ ।

                  ਭਾਰਤ ਨੇ ਖ਼ਿਤਾਬ ਦੀ ਰੱਖਿਆ ਲਈ 18 ਮੈਂਬਰੀ ਟੀਮ ਵਿੱਚ ਗੋਲਕੀਪਰ ਪੀ ਆਰ ਸ਼੍ਰੀਜੇਸ਼,ਪੀ ਟੀ ਰਾਓ,ਫੁੱਲ ਬੈਕ ਟੀਮ ਦਾ ਉਪ-ਕਪਤਾਨ ਵੀ ਆਰ ਰਘੂਨਾਥ, ਰਵਿੰਦਰ ਪਾਲ,ਹਰਬੀਰ ਸਿੰਘ,ਹਾਫ਼ਬੈਕ;ਕਪਤਾਨ ਸਰਦਾਰ ਸਿੰਘ,ਕੋਥਾਜੀਤ ਸਿੰਘ, ਬਰਿੰਦਰ ਲਾਕੜਾ, ਮਨਪ੍ਰੀਤ ਸਿੰਘ,ਗੁਰਮੇਲ ਸਿੰਘ,ਫਾਰਵਰਡ;ਐਸ ਵੀ ਸੁਨੀਲ,ਗੁਰਵਿੰਦਰ ਸਿੰਘ ਚੰਦੀ,ਦਾਨਿਸ਼ ਮੁਜ਼ਤਬਾ,ਐਸ ਕੇ ਉਥੱਪਾ,ਨਿਤਿਨ ਥਮੱਈਆ,ਯੁਵਰਾਜ ਬਾਲਮੀਕੀ,ਧਰਮਵੀਰ ਸਿੰਘ,ਆਕਾਸ਼ਦੀਪ ਸਿੰਘ ਤੋਂ ਇਲਾਵਾ ਡਰੈਗ ਫਲਿੱਕਰ ਸੰਦੀਪ ਸਿੰਘ ਅਤੇ ਸ਼ਿਵੇਂਦਰ ਸਿੰਘ ਨੂੰ ਰਾਖਵੇਂ ਖਿਡਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਸੀ । ਰਾਊਂਡ ਰਾਬਿਨ ਅਧਾਰ ਉੱਤੇ ਖੇਡੇ ਗਏ ਮੈਚਾਂ ਦੌਰਾਂਨ ਭਾਰਤ ਨੇ ਚੀਨ ਨੂੰ 4-0 ਨਾਲ,ਜਪਾਨ 3-1 ਨਾਲ,ਉਮਾਨ ਨੂੰ 11-0 ਨਾਲ,ਪਾਕਿਸਤਾਨ ਨੂੰ 2-1 ਨਾਲ ਹਰਾਕੇ ਫਾਈਨਲ ਪਰਵੇਸ਼  ਪਾਇਆ । ਪਰ ਮਲੇਸ਼ੀਆ ਤੋਂ 3-5 ਨਾਲ ਹਾਰ ਦਾ ਸਾਹਮਣਾ ਕਰਦਿਆਂ 12 ਅੰਕ ਲਏ । ਪਾਕਿਸਤਾਨੀ ਟੀਮ ਨੇ ਉਮਾਨ ਨੂੰ 8-3 ਨਾਲ,ਚੀਨ ਨੂੰ 5-2 ਨਾਲ,ਮਲੇਸ਼ੀਆ ਨਾਲ 3-3 ਦੀ ਬਰਾਬਰੀ,ਜਪਾਨ ਨੂੰ 5-2 ਨਾਲ,ਮਾਤ ਦਿੱਤੀ ਅਤੇ 10 ਅੰਕ ਲੈ ਕੇ ਫਾਈਨਲ ਦਾਖ਼ਲਾ ਪਾਇਆ । ਮਲੇਸ਼ੀਆ ਨੇ ਜਪਾਨ ਅਤੇ ਉਮਾਨ ਨੂੰ 4-1 ਨਾਲ ਹਰਾਕੇ ਅਤੇ ਚੀਨ ਤੋਂ 2-1 ਨਾਲ ਹਾਰਕੇ 10 ਅੰਕ ਹਾਸਲ ਕੀਤੇ । ਚੀਨ ਨੇ ਜਪਾਨ ਨੂੰ 4-2 ਨਾਲ,ਉਮਾਨ ਨੂੰ 6-1 ਨਾਲ ਹਰਾਕੇ 9 ਅੰਕ ਲਏ । ਜਪਾਨ ਨੇ ਉਮਾਨ ਨੂੰ 7-1 ਨਾਲ ਹਰਾਕੇ 3 ਅੰਕ ਅਤੇ ਉਮਾਨ ਟੀਮ ਕੋਈ ਮੈਚ ਨਾ ਜਿੱਤ ਸਕੀ । ਪਰ ਆਖ਼ਰੀ ਪੁਜ਼ਿਸ਼ਨ ਵਾਲੇ ਮੈਚ ਵਿੱਚ ਉਸ ਨੇ ਜਪਾਨ ਨੂੰ 2-1 ਨਾਲ ਹਰਾਕੇ ਪੰਜਵਾਂ,ਮਲੇਸ਼ੀਆ ਨੇ ਚੀਨ ਨੂੰ 3-1 ਨਾਲ ਹਰਾਕੇ ਤੀਜਾ,ਅਤੇ ਫਾਈਨਲ ਪਾਕਿਸਤਾਨ ਨੇ ਭਾਰਤ ਨੂੰ 5-4 ਨਾਲ ਹਰਾਕੇ ਜਿੱਤਿਆ । ਇਸ ਵਾਰੀ ਵੀ ਕੁੱਲ 18 ਮੈਚ ਹੋਏ ਜਿੰਨ੍ਹਾਂ ਵਿੱਚ 108 ਗੋਲ ਹੋਏ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;9815707232

Monday, December 10, 2012

ਪਹਿਲੀ ਬਰਸੀ ਮੌਕੇ ਭਾਰੀ ਇਕੱਠ ਨੇ ਮਾਣਕ ਨੂੰ ਕੀਤਾ ਯਾਦ



       ਪਹਿਲੀ ਬਰਸੀ ਮੌਕੇ ਭਾਰੀ ਇਕੱਠ ਨੇ ਮਾਣਕ ਨੂੰ ਕੀਤਾ ਯਾਦ
          ਯੁਧਵੀਰ ਮਾਣਕ ਵਿਸ਼ੇਸ਼ ਤੌਰ ‘ਤੇ ਪਹੁੰਚਿਆ
                                               ਰਣਜੀਤ ਸਿੰਘ ਪ੍ਰੀਤ
                                     ਨਾਮਵਰ ਗਾਇਕ ਕੁਲਦੀਪ ਮਾਣਕ ਦੀ ਪਹਿਲੀ ਬਰਸੀ ਮੌਕੇ ਭਗਤਾ ਭਾਈ ਕਾ ਦੇ ਭੂਤਾਂ ਵਾਲੇ ਖੂਹ’ਤੇ ਸ਼ਰਧਾਂਜਲੀ ਵਜੋਂ ਸਵੇਰ ਸਮੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਭਿਆਚਾਰਕ ਮੇਲੇ ਦਾ ਉਦਘਾਟਨ ਕੁਟੀਆ ਵਾਲੇ ਸੰਤ ਬਲਦੇਵ ਮੁਨੀ ਜੀ ਨੇ ਰੀਬਨ ਕੱਟ ਕਿ ਕਰਿਆ ,ਅਤੇ ਕੁਲਦੀਪ ਮਾਣਕ ਦੇ ਸ਼ਗਿਰਦ ਗੁਰਦੀਪ ਬਰਾੜ (ਲੋਕ ਗਾਇਕ) ਨੂੰ ਗੁਰਦੀਪ ਮਾਣਕ ਦਾ ਨਵਾਂ ਨਾਅ ਦਿੱਤਾ । ਕੁਲਦੀਪ ਮਾਣਕ ਦੀ ਫੋਟੋ ‘ਤੇ ਫੁੱਲਾਂ ਦੇ ਹਾਰ ਪਾਏ ਗਏ । ਇਸ ਰਸਮ ਮੌਕੇ ਸੰਤਾਂ ਦੇ ਨਾਲ ਮੇਲਾ ਕਮੇਟੀ ਦੇ ਸੀਨੀਅਰ ਅਹੁਦੇਦਾਰ ਅਤੇ ਮਾਣਕ ਦੇ ਜਿਗਰੀ ਯਾਰ ਨਾਮਵਰ ਲੇਖਕ ਰਣਜੀਤ ਸਿੰਘ ਪ੍ਰੀਤ,ਡਾਕਟਰ ਸ਼ਾਂਤੀ ਸਰੂਪ ਤੋਂ ਇਲਾਵਾ ਪਰਮਜੀਤ ਬਿਦਰ, ,ਗੁਰਬਿੰਦਰ ਸਿੰਘ, ਬੂਟਾ ਸੋਢੀ,ਬਲਵਿੰਦਰ ਸਿੰਘ ਖਾਲਸਾ ਅਤੇ ਵਿਸ਼ੇਸ਼ ਸਹਿਯੋਗੀ ਖੂਹ ਕਮੇਟੀ ਦੇ ਸੇਵਾਦਾਰ ਮੈਂਬਰ ਵੀ ਹਾਜ਼ਰ ਸਨ ।
                              ਸਾਬਕਾ ਪੰਚ ਗੁਰਮੇਲ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਜਗਜੀਤ ਮਾਣਕ ਨੂੰ ਪੇਸ਼ ਕੀਤਾ,ਜਿਸ ਨੇ ਗੀਤ ਬਾਬਾ ਬੰਦਾ ਬਹਾਦਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ੳਪਰੰਤ ਸਟੇਜ ਕਾਰਜ ਜੀਵਨ ਜਈਆ ਨੇ ਨਿਭਾਇਆ । ਪੰਮਾ ਸਾਇਰ,ਜੱਗੀ ਪੂਹਲੀ,ਬੀਬਾ ਮਨਦੀਪ ਸਿੱਧੂ , ਜਗਰੂਪ ਸਿੱਧੂ,ਕ੍ਰਿਸ਼ਨ ਭਾਗੀ ਕੇ ਆਦਿ ਨੇ ਗੀਤ ਪੇਸ਼ ਕੀਤੇ । ਬਹੁਤ ਹੀ ਸੁਰੀਲੀ ਗਾਇਕਾ ਬੀਬਾ ਸੁਰਿੰਦਰ ਸਾਹੋ ਨੇ ਸਿਰ ‘ਤੇ ਫੁਲਕਾਰੀ ਲੈ ਕੇ ਜਦ ”ਤੇਰੇ ਟਿੱਲੇ ਤੋਂ ਸੂਰਤ ਦੀਹਦੀ ਐ ਹੀਰ ਦੀ ਪੇਸ਼ ਕੀਤਾ,ਤਾਂ ਸਰੋਤੇ ਅਸ਼ ਅਸ਼ ਕਰ ਉੱਠੇ । ਫਿਰ ਚੋਟੀ ਦੇ ਗਾਇਕ ਅਤੇ ਬੁਲੰਦ ਅਵਾਜ਼ ਦੇ ਧਨੀ ਬਲਬੀਰ ਚੋਟੀਆਂ ਨੇ ਆਪਣਾ ਬਹੁ-ਚਰਚਿਤ ਗੀਤ ਇੱਕ ਮਾਂ,ਬੋਹੜ ਦੀ ਛਾਂ,ਤੇ ਰੱਬ ਦਾ ਨਾਅ ਪਿਆਰੇ ਇੱਕੋ ਜਿਹੇ ਅਤੇ ਫਿਰ ਕਿਸੇ ਨੇ ਮਾਣਕ ਨੀ ਬਣ ਜਾਣਾ ਪੇਸ਼ ਕੀਤਾ,ਤਾਂ ਸਮਾਂ ਖੜੋ ਗਿਆ ਪ੍ਰਤੀਤ ਹੋਣ ਲੱਗਿਆ । ਕੁਲਦੀਪ ਮਾਣਕ ਦੇ ਸ਼ਗਿਰਦ ਸੰਜੀਦਾ- ਸੁਰੀਲੇ ਲੋਕ ਗਇਕ ਗੋਰਾ ਚੱਕ ਵਾਲਾ ਨੇ ਡਟ ਕੇ ਗਾਉਂਦਿਆਂ ਫੱਟੇ ਚੱਕ ਦਿੱਤੇ ਅਤੇ ਸਰੋਤਿਆਂ ਦਾ ਰੱਜਵਾਂ ਪਿਆਰ ਹਾਸਲ ਕੀਤਾ । ਰਾਜਾ ਬਰਾੜ ਨੇ ਹਰਮਨ ਪਿਆਰੇ ਮਾਣਕ ਜੀ ਗੀਤ ਪੇਸ਼ ਕੀਤਾ । ਗੁਰਦੀਪ ਬਰਾੜ ਤੋਂ ਗੁਰਦੀਪ ਮਾਣਕ ਨਾਅ ਰਖੇ ਜਾਣ ਵਾਲੇ ਨੇ ਮਾਣਕ ਦੇ ਗਾਏ ਗੀਤ ਸ਼ਾਹਣੀ ਕੌਲਾਂ ਅਤੇ ਚਾਦਰ ਪੇਸ਼ ਕੀਤੇ । ਸੁਰਿੰਦਰ ਭਲਵਾਨ ਰਕਬਾ ਨੇ ਹੀਰ ਪੇਸ਼ ਕੀਤੀ ।
                                   ਯੁਧਵੀਰ ਮਾਣਕ ਨੇ ਵੀ ਭਾਰੀ ਇਕੱਠ ਦੀ ਗੱਲ ਮੰਨਦਿਆਂ ਤੇਰੇ ਟਿੱਲੇ ਤੋ,ਅਤੇ ਸੰਭਲ ਸੰਭਲ ਕੇ ਚੱਲ ਮੁਟਿਆਰੇ ਦੇ ਕੁੱਝ ਹਿੱਸੇ ਪੇਸ਼ ਕੀਤੇ । ਯੁਧਵੀਰ ਮਾਣਕ ਦੇ ਵਿਸ਼ੇਸ਼ ਸਨਮਾਨ ਸਮੇ ਉਸ ਦੇ ਜਲਦੀ ਸਿਹਤਯਾਬ ਹੋਣ ਬਾਰੇ ਖਚਾ ਖਚ ਭਰੇ ਪੰਡਾਲ ਦੇ ਲੋਕਾਂ ਅਤੇ ਬਹੁ-ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਨੇ ਪ੍ਰਾਰਥਨਾ ਵੀ ਕੀਤੀ । ਪੌਣਾ ਘੰਟਾ ਲਾਈਟ ਬੰਦ ਹੋਣਾ ਸੁਆਦੀ ਦਾਲ ਵਿੱਚ ਕੋਕੜੂ ਬਣ ਗਿਆ । ਪ੍ਰੋਗਰਾਮ ਭਾਵੇਂ ਮੁੜ ਫਿਰ ਲੀਹ ‘ਤੇ ਆ ਗਿਆ ਪਰ ਪਹੁੰਚੇ 28 ਕਲਾਕਾਰਾਂ ਵਿੱਚੋਂ ਬੱਬੂ ਜਲਾਲ,ਤਨਵੀਰ ਗੋਗੀ , ਗਾਇਕ ਜੋੜੀ ਮੀਤ ਗੁਰਨਾਮ ਅਤੇ ਬੀਬਾ ਪ੍ਰੀਤ ਅਰਮਾਨ,ਦਿਲਬਾਗ ਫਤਿਹਗੜੀਆ, ਸੇਵਕ ਖ਼ਾਨ,ਗੁਰਜੰਟ ਜੁਗਤੀ, ਜਗਦੇਵ ਖਾਨ, ਗੀਤਾ ਦਿਆਲਪੁਰੀ,ਗੁਰਜੰਟ ਵਿਰਕ ਆਦਿ ਨੂੰ ਮੌਕਾ ਹੀ ਨਾ ਮਿਲ ਸਕਿਆ ਅਤੇ ਬਹੁਤਿਆਂ ਨੂੰ ਮਸਾਂ ਇੱਕ ਇੱਕ ਗੀਤ ਗਾਉਂਣ ਦਾ ਮੌਕਾ ਹੀ ਮਿਲਿਆ ।
                                 ਕਲਾਕਾਰਾਂ ਨੂੰ ਕੁਲਦੀਪ ਮਾਣਕ ਦੀ ਫੋਟੋ ਵਾਲੇ ਸਨਮਾਨ ਚਿੰਨ੍ਹ ਸੰਤ ਬਲਦੇਵ ਮੁਨੀ,ਰਣਜੀਤ ਸਿੰਘ ਪ੍ਰੀਤ,ਡਾ.ਸ਼ਾਤੀ ਸਰੂਪ,ਪੰਚ ਅਮਰਜੀਤ ਸਿੰਘ,ਡਾ.ਗੁਰਦੀਪ ਮਾਣਕ,ਨਛੱਤਰ ਸਿੰਘ ਸਿੱਧੂ,ਡਾਕਟਰ ਪੂਰਨ ਸਿੰਘ, ਮਨਜੀਤ ਇੰਦਰ ਸਿੰਘ ਨੇ ਦਿੱਤੇ । ਅਗਲੇ ਸਾਲ 2 ਦਸੰਬਰ ਨੂੰ ਹੀ ਫਿਰ ਪ੍ਰੋਗਰਾਮ ਕਰਵਾਉਂਣ ਦਾ ਐਲਾਨ ਕੀਤਾ ਗਿਆ । ਐਸ ਐਚ ਓ ਸੰਦੀਪ ਸਿੰਘ ਭਾਟੀ ਦੀ ਯੋਗ ਅਗਵਾਈ ਵਿੱਚ ਪੁਲੀਸ ਮੁਲਾਜ਼ਮਾਂ ਨੇ ਆਪਣਾ ਵਧੀਆ ਰੋਲ ਅਦਾਅ ਕਰਿਆ । ਅੰਨ੍ਹੇਰਾ ਹੋਣ ਤੱਕ ਪੂਰਾ ਦਿਨ ਚੱਲੇ ਇਸ ਪ੍ਰੋਗਰਾਮ ਦੀ ਚਰਚਾ ਅੱਜ ਹਰ ਵਿਅਕਤੀ ਦੀ ਜ਼ੁਬਾਂਨ ‘ਤੇ ਹੈ । ਜੋ ਪ੍ਰੋਗਰਾਮ ਦੀ ਸਫ਼ਲਤਾ ਦਾ ਹੁੰਗਾਰਾ ਭਰਦੀ ਹੈ ਅਤੇ ਜ਼ਾਮਨ ਬਣਦੀ ਹੈ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ-9815707232

ਆਸਟਰੇਲੀਆ ਚੈਪੀਅਨਜ਼ ਟਰਾਫ਼ੀ ਦਾ ਫਿਰ ਬਣਿਆਂ ਸਰਦਾਰ

   ਆਸਟਰੇਲੀਆ ਚੈਪੀਅਨਜ਼ ਟਰਾਫ਼ੀ ਦਾ ਫਿਰ ਬਣਿਆਂ ਸਰਦਾਰ 
                      ਰਣਜੀਤ ਸਿੰਘ ਪ੍ਰੀਤ
                               34 ਵੀਂ ਚੈਪੀਅਨਜ਼ ਟਰਾਫ਼ੀ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਸਟੇਟ ਨੈੱਟ ਬਾਲ ਐਂਡ ਹਾਕੀ ਸੈਂਟਰ ਮੈਦਾਨ ਵਿੱਚ ਪਹਿਲੀ ਦਸੰਬਰ ਤੋਂ 9 ਦਸੰਬਰ ਤੱਕ ਖੇਡੀ ਗਈ । ਜਿਸ ਵਿੱਚ ਸ਼ਾਮਲ 8 ਟੀਮਾਂ ਨੂੰ ਪੂਲ ਏ ਇੰਗਲੈਂਡ,ਜਰਮਨੀ,ਭਾਰਤ,ਨਿਊਜ਼ੀਲੈਂਡ,ਪੂਲ ਬੀ ਆਸਟਰੇਲੀਆ, ਨੀਦਰਲੈਂਡ, ਬੈਲਜੀਅਮ, ਪਾਕਿਸਤਾਨ ਅਨੁਸਾਰ ਵੰਡਿਆ ਗਿਆ । ਪਹਿਲੀ ਦਸੰਬਰ ਤੋਂ 4 ਦਸੰਬਰ ਤੱਕ ਦੋਹਾਂ ਪੂਲਾਂ ਵਿੱਚ 6-6 ਮੈਚ ਖੇਡੇ ਗਏ । ਭਾਰਤ ਪੂਲ ਏ ਵਿੱਚ ਇੰਗਲੈਂਡ,ਨਿਊਜ਼ੀਲੈਂਡ ਨੂੰ ਹਰਾਕੇ ,ਜਰਮਨੀ ਤੋਂ ਹਾਰਕੇ ਗੋਲ ਔਸਤ ਨਾਲ ਪੂਲ ਵਿੱਚੋਂ ਟਾਪਰ ਰਿਹਾ । ਇਸ ਨੇ 9 ਗੋਲ ਕੀਤੇ,6 ਕਰਵਾਏ ,6 ਹੀ ਅੰਕ ਲਏ । ਦੂਜਾ ਸਥਾਨ ਜਰਮਨੀ ਦਾ ਰਿਹਾ ਜਿਸ ਨੇ ਭਾਰਤ,ਨਿਊਜ਼ੀਲੈਂਡ ਨੂੰ ਤਾਂ ਹਰਾਇਆ ਪਰ ਇੰਗਲੈਂਡ ਤੋ ਹਾਰ ਖਾਧੀ ,7 ਗੋਲ ਕੀਤੇ 8 ਕਰਵਾਏ ਅਤੇ 6 ਅੰਕ ਹਾਸਲ ਕੀਤੇ । ਇੰਗਲੈਂਡ ਨੇ ਇੱਕ ਜਿੱਤ ਇੱਕ ਬਰਾਬਰੀ ਨਾਲ 4 ਅੰਕ ਲਏ । ਜਦੋਂ ਕਿ ਨਿਊਜ਼ੀਲੈਂਡ ਸਿਰਫ਼ ਇੱਕ ਬਰਾਬਰੀ ਨਾਲ ਇੱਕ ਅੰਕ ਹੀ ਲੈ ਸਕਿਆ । ਪੂਲ ਬੀ ਵਿੱਚ ਨੀਦਰਲੈਂਡ ਨੇ ਅਤੇ ਆਸਟਰੇਲੀਆ ਨੇ 2-2 ਮੈਚ ਜਿੱਤੇ,1-1 ਬਰਾਬਰ ਖੇਡਿਆ । ਕ੍ਰਮਵਾਰ 8 ਗੋਲ ਕੀਤੇ,5 ਕਰਵਾਏ,5 ਗੋਲ ਕੀਤੇ 2 ਕਰਵਾਏ । ਅੰਕ ਦੋਹਾਂ ਦੇ 7-7 ਰਹੇ । ਪਰ ਸਿਖਰ ‘ਤੇ ਨੀਦਰਲੈਂਡ ਰਿਹਾ । ਪਾਕਿਸਤਾਨ ਨੇ 2 ਹਾਰਾਂ,ਇੱਕ ਜਿੱਤ ਨਾਲ 3 ਅੰਕ ਲਏ । ਜਦੋਂ ਕਿ ਬੈਲਜੀਅਮ ਟੀਮ ਕੋਈ ਅੰਕ ਹਾਸਲ ਨਾ ਕਰ ਸਕੀ । ਸੱਭ ਤੋਂ ਵੱਧ 11 ਗੋਲ ਏਸੇ ਟੀਮ ਸਿਰ ਹੋਏ ।
                                       ਕੁਆਰਟਰ ਫਾਈਨਲ ਵਿੱਚ ਵੱਡਾ ਉਲਟਫੇਰ ਕਰਦਿਆਂ ਪਾਕਿਸਤਾਨ ਨੇ ਜਰਮਨੀ ਨੂੰ 2-1 ਨਾਲ,ਨੀਦਰਲੈਂਡ ਨੇ ਨਿਊਜ਼ੀਲੈਂਡ ਨੂੰ 2-0 ਨਾਲ, ਤੀਜੇ ਕੁਆਰਟਰ ਫਾਈਨਲ ਮੈਚ ਵਿੱਚ ਬੜੀ ਮੁਸ਼ਕਲ ਨਾਲ ਭਾਰਤ ਨੇ ਬੈਲਜੀਅਮ ਨੂੰ 1-0 ਨਾਲ, ਆਸਟਰੇਲੀਆ ਨੇ ਇੰਗਲੈਂਡ ਨੂੰ 2-0 ਨਾਲ ਹਰਾਕੇ ਸੈਮੀਫਾਈਨਲ ਦੀ ਟਿਕਟ ਪੱਕੀ ਕੀਤੀ । ਸੈਮੀਫਾਈਨਲ ਵਿੱਚ ਨੀਦਰਲੈਂਡ ਨੇ ਪਾਕਿਸਤਾਨ ਨੂੰ 5-2 ਨਾਲ,ਅਤੇ ਆਸਟਰੇਲੀਆ ਨੇ ਭਾਰਤ ਨੂੰ 3-0 ਨਾਲ ਹਰਾਕੇ  ਫਾਈਨਲ ਪ੍ਰਵੇਸ਼ ਪਾਇਆ । ਆਸਟਰੇਲੀਆ ਦਾ ਇਹ 23 ਵਾਂ ਅਤੇ ਨੀਦਰਲੈਂਡ ਦਾ 14 ਵਾਂ ਫਾਈਨਲ ਸੀ ।                           
                    ਕਰਾਸਓਵਰ ਮੈਚਾਂ ਵਿੱਚ ਬੈਲਜੀਅਮ ਨੇ ਇੰਗਲੈਂਡ ਨੂੰ 4-0 ਨਾਲ,ਜਰਮਨੀ ਨੇ ਨਿਊਜ਼ੀਲੈਂਡ ਨੂੰ 6-4 ਨਾਲ ਹਰਾਕੇ ਅੱਗੇ ਕਦਮ ਵਧਾਏ । ਸੱਤਵਾਂ ਸਥਾਨ  ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 3-2 ਨਾਲ ਹਰਾਕੇ,5 ਵਾਂ ਸਥਾਨ ਬੈਲਜੀਅਮ ਨੇ ਜਰਮਨੀ ਨੂੰ 5-4 ਨਾਲ ਹਰਾਕੇ ਹਾਸਲ ਕਰਿਆ । ਪਾਕਿਸਤਾਨ ਨੇ ਭਾਰਤ ਨੂੰ 3-2 ਨਾਲ ਹਰਾਕੇ ਤੀਜਾ ਸਥਾਨ ਲਿਆ । ਭਾਰਤੀ ਟੀਮ 6 ਵੀਂ ਵਾਰੀ ਅਰਥਾਤ 2004 ਮਗਰੋਂ ਇੱਕ ਵਾਰ ਫਿਰ ਚੌਥੇ ਸਥਾਨ ਉੱਤੇ ਰਹੀ । ਆਸਟਰੇਲੀਆ ਨੇ ਵਾਧੂ ਸਮੇ ਤੱਕ ਚੱਲੇ ਫਾਈਨਲ ਮੈਚ ਵਿੱਚ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਲਗਾਤਾਰ 5 ਵੀਂ ਵਾਰੀ ਅਤੇ ਕੁੱਲ ਮਿਲਾਕੇ 13 ਵੀ ਵਾਰੀ ਇਹ ਟਰਾਫ਼ੀ ਜਿੱਤ ਲਈ । ਨੀਦਰਲੈਂਡ ਦੇ ਬਰਟ ਨੇ 18 ਵੇਂ ਮਿੰਟ ਵਿੱਚ ਪਹਿਲਾ ਗੋਲ ਕਰਿਆ । ਬਰਾਬਰੀ ਵਾਲਾ ਗੋਲ ਰਿਪੋਰਟ ਫੋਰਡ ਨੇ 31 ਵੇਂ ਮਿੰਟ ਵਿੱਚ ਦਾਗਿਆ । ਪੂਰੇ ਸਮੇ ਤੱਕ ਇਹੀ ਸਕੋਰ ਰਿਹਾ । ਪਰ ਵਾਧੂ ਸਮੇ ਦੌਰਾਂਨ 75 ਵੇਂ ਮਿੰਟ ਵਿੱਚ ਗੋਵਰਜ਼ ਨੇ ਗੋਲ ਕਰਕੇ ਆਸਟਰੇਲੀਆ ਨੂੰ ਜੇਤੂ ਬਣਾ ਦਿੱਤਾ ।
               ਨੀਦਰਲੈਂਡ ਟੀਮ 2006 ਪਿੱਛੋਂ ਪਹਿਲੀ ਵਾਰੀ ਫਾਈਨਲ ਤੱਕ ਪਹੁੰਚੀ ਸੀ,ਪਰ ਜੇਤੂ ਨਾ ਬਣ ਸਕੀ । ਕੁੱਲ 50 ਹਰੇ,24 ਪੀਲੇ ਅਤੇ ਇੱਕ ਲਾਲ ਕਾਰਡ ਦਿਖਾਇਆ ਗਿਆ । ਬੈਲਜੀਅਮ-ਆਸਟਰੇਲੀਆ, ਨੀਦਰਲੈਂਡ- ਨਿਊਜ਼ੀਲੈਂਡ, ਪਾਕਿਸਤਾਨ- ਨੀਦਰਲੈਂਡ ਦੇ ਮੈਚਾਂ ਸਮੇ ਕੋਈ ਕਾਰਡ ਨਹੀਂ ਵਰਤਿਆ ਗਿਆ । ਸੱਭ ਤੋ ਵੱਧ 9 ਕਾਰਡ ਇੰਗਲੈਂਡ –ਜਰਮਨੀ ਵਾਲੇ ਮੈਚ ਵਿੱਚ ਵਰਤੇ ਗਏ । ਜਿੰਨਾਂ ਵਿੱਚ ਗਰਿਲ ਨਿਕਟਸ ਦਾ ਲਾਲ ਕਾਰਡ ਵੀ ਸ਼ਾਮਲ ਰਿਹਾ । ਖੇਡੇ ਗਏ 24 ਮੈਚਾਂ ਵਿੱਚ 103 ਗੋਲ ਹੋਏ,ਆਸਟਰੇਲੀਆ ਦਾ ਨਿੱਕ ਵਿਲਸਨ 5 ਗੋਲ ਕਰਕੇ ਟਾਪ ਸਕੋਰਰ ਰਿਹਾ । ਸਰਵੋਤਮ ਖਿਡਾਰੀ ਸ਼ਕੀਲ ਅਬਾਸੀ (ਪਾਕਿਸਤਾਨ),ਵਧੀਆ ਗੋਲ ਕੀਪਰ ਜਾਪ ਸਟਾਕਮਨ (ਨੀਦਰਲੈਂਡ) ਅਤੇ ਨੀਦਰਲੈਂਡ ਟੀਮ ਨੂੰ ਹੀ ਫ਼ੇਅਰ ਪਲੇਅ ਟਰਾਫ਼ੀ ਦਾ ਸਨਮਾਨ ਦਿੱਤਾ ਗਿਆ । ਹਾਕੀ ਦਾ ਇਹ ਅਹਿਮ ਟੂਰਨਾਮੈਟ ਆਸਟਰੇਲੀਆ ਨੇ 13 ਵਾਰੀ,ਜਰਮਨੀ ਨੇ 9 ਵਾਰੀ,ਨੀਦਰਲੈਂਡ ਨੇ 8 ਵਾਰੀ,ਪਾਕਿਸਤਾਨ ਨੇ 3 ਵਾਰੀ,ਸਪੇਨ ਨੇ ਇੱਕ ਵਾਰੀ ਜਿੱਤਿਆ ਹੈ । ਭਾਰਤ ਇੱਕ ਵਾਰ ਤੀਜੇ ਸਥਾਨ ਉੱਤੇ ਰਿਹਾ ਹੈ । ਹੁਣ ਤੱਕ ਕੁੱਲ ਮਿਲਾਕੇ 7 ਮੁਲਕ ਹੀ ਫਾਈਨਲ ਖੇਡੇ ਹਨ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232

Saturday, December 1, 2012

ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਗੁਜ਼ਰਾਲ ਜੀ ਨਹੀਂ ਰਹੇ


ਸ਼ਰਧਾਂਜਲੀ

       ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਗੁਜ਼ਰਾਲ ਜੀ ਨਹੀਂ ਰਹੇ
                               ਰਣਜੀਤ ਸਿੰਘ ਪ੍ਰੀਤ
                         ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜ਼ਰਾਲ ਜੀ ਨੂੰ ਭਾਵੇਂ ਪਿਛਲੇ ਸਾਲ ਤੋਂ ਹੀ ਡਾਇਲਸਿਸ ਦੇ ਸਹਾਰੇ ਸਮਾਂ ਲੰਘਾਉਣਾ ਪੈ ਰਿਹਾ ਸੀ । ਪਰ ਹੁਣ 19 ਨਵੰਬਰ ਨੂੰ ਫੇਫੜਿਆਂ ਦੀ ਇਨਫੈਕਸ਼ਨ ਸਦਕਾ ਗੁੜਗਾਉਂ ਦੇ ਮੈਡੀਸਿਟੀ ਮਿਡਾਂਟਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਸ ਦਿਨ ਤੋਂ ਹੀ ਉਹ ਵੈਂਟੀਲੇਟਰ ਸਹਾਰੇ ਜ਼ਿੰਦਗੀ ਦੀ ਆਖ਼ਰੀ ਲੜਾਈ ਲੜ ਰਹੇ ਸਨ । ਪਰ ਅੱਜ ਸ਼ੁਕਰਵਾਰ ਨੂੰ ਉਹ ਹਸਪਤਾਲ ਵਿੱਚ ਹੀ 3.31 ਵਜੇ ਜ਼ਿੰਦਗੀ ਦੀ ਆਖ਼ਰੀ ਲੜਾਈ ਹਾਰ ਗਏ । ਦੇਸ਼ ਵਿੱਚ ਸ਼ੋਕ ਦੀ ਲਹਿਰ ਫੈਲ ਗਈ ।
           ਅੱਜ ਦੇ ਘੁਟਾਲਿਆਂ ਵਾਲੇ ਦੌਰ ਵਿੱਚ ਕਿਸੇ ਵਿਅਕਤੀ ਦਾ ਅਜਿਹਾ ਹੋਣਾ ਜਿਸ ਉੱਤੇ ਅਜਿਹਾ ਕੋਈ ਇਲਜ਼ਾਮ ਨਾ ਲੱਗਿਆ ਹੋਵੇ,ਲੱਭਣਾ ਬਹੁਤ ਮੁਸ਼ਕਲ ਹੈ । ਪਰ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਜੋ ਅੱਜ ਸਰੀਰਕ ਤੌਰ ‘ਤੇ ਸਾਡੇ ਵਿੱਚ ਨਹੀਂ ਰਹੇ । ਇਸ ਗੱਲ ‘ਤੇ ਖ਼ਰੇ ਉਤਰਦੇ ਹਨ । ਜਿੰਨਾਂ ਦਾ ਜਨਮ 4 ਦਸੰਬਰ 1919 ਨੂੰ ਜਿਹਲਮ ,ਪੰਜਾਬ (ਪਾਕਿਸਤਾਨ) ਵਿੱਚ ਅਵਤਾਰ ਨਰਾਇਣ ਗੁਜ਼ਰਾਲ ਅਤੇ ਪੁਸ਼ਪਾ ਦੇਵੀ ਗੁਜ਼ਰਾਲ ਦੇ ਘਰ ਹੋਇਆ । ਉਹ ਉਰਦੂ ਤੋਂ ਇਲਾਵਾ ਪੰਜਾਬੀ ,ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਚੰਗੇ ਗਿਆਤਾ ਸਨ । ਉਹਨਾਂ ਨੇ ਐਮ ਏ,ਬੀ ਕਾਮ,ਪੀਐਚ ਡੀ,ਅਤੇ ਡੀ ਲਿਟ ਵਰਗੀਆਂ ਡਿਗਰੀਆਂ ਵੀ ਹਾਸਲ ਕੀਤੀਆਂ । ਦੇਸ਼ ਦੇ 12 ਵੇਂ ਪ੍ਰਧਾਨ ਮੰਤਰੀ ਵਜੋਂ ਉਹਨਾਂ 21 ਅਪ੍ਰੈਲ 1997 ਤੋਂ 19 ਮਾਰਚ 1998 ਤੱਕ ਦੇਸ਼ ਦੀ ਵਾਗਡੋਰ ਸੰਭਾਲੀ । ਆਜ਼ਾਦੀ ਸੰਗਰਾਮੀਏ ਵਜੋਂ ਕੁਇਟ ਇੰਡੀਆ ਮੂਵਮੈਂਟ ਤਹਿਤ 1942 ਵਿੱਚ ਜੇਲ੍ਹ ਯਾਤਰਾ ਕਰਨ ਵਾਲੇ ਅਤੇ 26 ਮਈ 1945 ਨੂੰ ਸ਼ੀਲਾ ਗੁਜ਼ਰਾਲ ਨਾਲ ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨ ਵਾਲੇ,ਗੁਜ਼ਰਾਲ ਜੀ 1975 ਵਿੱਚ ਇਨਫਰਮੇਸ਼ਨ ਅਤੇ ਬਰਾਡਕਾਸਟਿੰਗ ਮਨਿਸਟਰ ਰਹਿਣ ਤੋਂ ਇਲਾਵਾ ਸੋਵੀਅਤ ਸੰਘ ਵਿਖੇ ਭਾਰਤੀ ਰਾਜਦੂਤ ਵੀ ਰਹੇ । ਬਹੁਤ ਸਾਰੇ ਮੁਲਕਾਂ ਦੀ ਯਾਤਰਾ ਕਰਨ ਵਾਲੇ ਗੁਜ਼ਰਾਲ ਜੀ ਹੁਣ ਵੀ ਦਰਜਨਾ ਸੰਸਥਾਵਾਂ ਦੇ ਅਹੁਦੇਦਾਰ ਸਨ ।
                ਇੰਦਰ ਕੁਮਾਰ ਗੁਜ਼ਰਾਲ ਜੀ ਨੇ ਜੁਲਾਈ 1980 ਵਿੱਚ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਜਨਤਾ ਦਲ ਨੂੰ ਅਪਣਾਅ ਲਿਆ । ਜਦ 1989 ਵਿੱਚ ਚੋਣਾਂ ਹੋਈਆ ਤਾਂ ਉਹ ਜਲੰਧਰ ਤੋਂ ਚੋਣ ਜਿੱਤ ਕੇ ਸੰਸਦ ਮੈਬਰ ਬਣ ਗਏ ਅਤੇ ਵੀ ਪੀ ਸਿੰਘ ਦੇ ਮੰਤਰੀ ਮੰਡਲ ਵਿੱਚ  5 ਦਸੰਬਰ 1989 ਤੋਂ 10 ਨਵੰਬਰ 1990 ਤੱਕ ਐਕਸਟਰਨਲ ਇਫੇਅਰਜ਼ ਮੰਤਰੀ  ਰਹੇ । ਪਹਿਲੀ ਖਾੜੀ ਜੰਗ ਸਮੇ ਸੁਦਾਮ ਹੁਸੈਨ ਨੂੰ ਮਿਲਣ,ਸ੍ਰੀਨਗਰ ਵਿਖੇ ਰੁਬਈਆ ਸਈਅਦ ਦੇ ਕਿਡਨੈਪਿੰਗ ਮਾਮਲੇ ਦੇ ਹੱਲ ਲਈ ,ਇਰਾਕ,ਕੁਵੈਤ ਵਿਖੇ ਗੱਲਬਾਤ ਕਰਨ ਲਈ, ਸ਼੍ਰੀ ਗੁਜ਼ਰਾਲ ਨੇ ਮੁਹਰੀ ਅਤੇ ਉਸਾਰੂ ਰੋਲ ਅਦਾਅ ਕੀਤਾ । ਮੱਧ ਕਾਲੀ ਚੋਣਾਂ ਸਮੇ 1991 ਵਿੱਚ ਪਟਨਾ (ਬਿਹਾਰ) ਤੋਂ ਚੋਣ ਲੜੀ ਅਤੇ ਜਨਤਾ ਦਲ ਦੇ ਮੁਹਰੀ ਨੇਤਾ ਵਜੋਂ ਉਭਰਦਿਆਂ 1992 ਵਿੱਚ ਰਾਜ ਸਭਾ ਦੇ ਮੈਂਬਰ ਬਣੇ ।
                 ਯੂਨਾਈਟਿਡ ਫਰੰਟ ਦੀ 1996 ਵਿੱਚ ਬਣੀ ਸਰਕਾਰ ਸਮੇ ਐਕਸਟਰਨਲ ਇਫ਼ੇਅਰਜ਼ ਮਨਿਸਟਰ ਦਾ ਅਹੁਦਾ ਫਿਰ ਦਿੱਤਾ ਗਿਆ ਇਸ ‘ਤੇ ਉਹ ਪਹਿਲੀ ਜੂਨ 1996 ਤੋਂ 21 ਮਾਰਚ 1998 ਤੱਕ ਰਹੇ । ਇਸ ਅਹੁਦੇ ਤੋਂ ਇਲਾਵਾ ਉਹਨਾ ਕੁੱਝ ਹੋਰਨਾਂ ਖੇਤਰਾਂ ਦੇ ਕਾਰਜ ਵੀ ਸਫਲਤਾ ਸਹਿਤ ਨੇਪਰੇ ਚੜ੍ਹਾਏ । ਇਸ ਸਰਕਾਰ ਨੂੰ ਕਾਂਗਰਸ ਪਾਰਟੀ ਦਾ ਜੋ ਬਾਹਰੀ ਸਹਿਯੋਗ ਸੀ,ਉਸ ਨੇ ਉਹ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ,ਤਾਂ ਯੂਨਾਈਟਿਡ ਫਰੰਟ ਨੇ ਐਚ ਡੀ ਦੇਵਗੌੜਾ ਦੀ ਥਾਂ ਆਈ ਕੇ ਗੁਜ਼ਰਾਲ ਨੂੰ ਨੇਤਾ ਚੁਣ ਲਿਆ । ਕਾਂਗਰਸ ਵੀ ਸਹਿਮਤ ਹੋ ਗਈ ਅਤੇ ਗੁਜ਼ਰਾਲ ਜੀ ਨੇ ਪ੍ਰਧਾਨ ਮੰਤਰੀ ਵਜੋਂ 21 ਅਪ੍ਰੈਲ 1997 ਨੂੰ ਸਹੁੰ ਚੁੱਕੀ । ਪਰ ਕੁੱਝ ਹੀ ਹਫ਼ਤਿਆਂ ਬਾਅਦ ਉਹਨਾਂ ਦੁਆਲੇ ਸਮੱਸਿਆਵਾਂ ਘੇਰਾ ਘੱਤਣ ਲੱਗੀਆਂ । ਗੁਜ਼ਰਾਲ ਜੀ ਨੇ ਇਹ ਵੇਖਦਿਆਂ  ਕੋਲਕਾਤਾ ਵਿਖੇ ਇੱਕ ਪਬਲਿਕ ਜਲਸੇ ਵਿੱਚ 23 ਨਵੰਬਰ 1997 ਨੂੰ ਮੱਧ ਕਾਲੀ ਚੋਣਾਂ ਦੇ ਸੰਕੇਤ ਵੀ ਦਿੱਤੇ । ਜਿਓਂ ਹੀ  ਕਾਂਗਰਸ ਨੇ 28 ਨਵੰਬਰ 1997 ਨੂੰ ਸਹਿਯੋਗ ਵਾਪਸ ਲੈ ਲਿਆ ਅਤੇ ਗੁਜ਼ਰਾਲ ਜੀ ਨੇ ਅਸਤੀਫਾ ਦੇ ਦਿੱਤਾ ।
              ਆਪਣੀ 516 ਪੇਜ਼ ਦੀ ਆਟੋਗਰਾਫ਼ੀ ਫਰਵਰੀ 2011 ਵਿੱਚ ਛਪਵਾਉਣ ਵਾਲੇ,ਖ਼ਜਾਨਾ ਮੰਤਰੀ ਵਰਗੇ ਵਕਾਰੀ ਅਹੁਦਿਆਂ ‘ਤੇ ਰਹਿਣ ਵਾਲੇ ਇੰਦਰ ਕੁਮਾਰ ਗੁਜ਼ਰਾਲ ਨੇ 5 ਨੁਕਾਤੀ ਫਾਰਮੂਲੇ ਤਹਿਤ,ਸ਼ਾਂਤੀ ਨਾਲ ਰਹਿਣ ਦੀ ਗੱਲ ਵੀ ਆਖੀ । ਅਜਿਹੀ ਸ਼ਵੀ ਸਦਕਾ ਇੰਦਰ ਕੁਮਾਰ ਗੁਜ਼ਰਾਲ ਨੇ ਫਰਵਰੀ-ਮਾਰਚ 1998 ਵਿੱਚ ਅਕਾਲੀ ਦਲ ਦੇ ਸਹਿਯੋਗ ਨਾਲ ਜਲੰਧਰ ਸੀਟ ਕਾਂਗਰਸ ਦੇ ਉਮਰਾਓ ਸਿੰਘ ਨੂੰ ਹਰਾ ਕੇ ਜਿੱਤੀ । ਪਰ ਜਦ ਉਹਨਾਂ ਦੀ ਪਤੱਨੀ ਸ਼ੀਲਾ ਗੁਜ਼ਰਾਲ 11 ਜੁਲਾਈ 2011 ਨੂੰ ਚੱਲ ਵਸੀ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ । ਉਹਨਾ ਦੇ ਦੋ ਬੇਟੇ ਹਨ । ਨਰੇਸ਼ ਗੁਜ਼ਰਾਲ ਰਾਜ ਸਭਾ ਦਾ ਮੈਂਬਰ ਹੈ,ਜਦੋਂ ਕਿ ਸਤੀਸ਼ ਗੁਜ਼ਰਾਲ ਨਾਮਵਰ ਪੇਂਟਰ ਅਤੇ ਆਰਕੀਟਿਕਟ ਹੈ । ਉਹਨਾਂ ਦੀ ਭਤੀਜੀ ਮੇਧਾ ਦੀ ਸ਼ਾਦੀ 25 ਜੁਲਾਈ 2012 ਨੂੰ ਭਜਨ ਸਮਰਾਟ ਅਨੂਪ ਜਲੋਟਾ ਨਾਲ ਹੋਈ ਹੈ । ਸ਼੍ਰੀ ਗੁਜ਼ਰਾਲ ਜੀ ਇੱਕ ਸਾਫ਼-ਸੁਥਰੀ ਸ਼ਵੀ ਵਾਲੇ ਪ੍ਰਧਾਨ ਮੰਤਰੀ ਵਜੋਂ ਹਮੇਸ਼ਾਂ ਭਾਰਤੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਰਹਿਣਗੇ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232

Friday, November 30, 2012

ਕੁਲਦੀਪ ਮਾਣਕ ਨੂੰ ਚੇਤੇ ਕਰਦਿਆਂ


        ਕੁਲਦੀਪ ਮਾਣਕ ਨੂੰ ਚੇਤੇ ਕਰਦਿਆਂ

                      ਰਣਜੀਤ ਸਿੰਘ ਪ੍ਰੀਤ   

             ਕਿਸੇ ਵੀ ਖੇਤਰ ਵਿੱਚ ਅਮਿੱਟ ਪੈੜਾਂ ਪਾਉਣ ਵਾਲਿਆਂ ਨੂੰ ਦੁਨੀਆਂ ਯਾਦ ਕਰਿਆ ਕਰਦੀ ਹੈ । ਇਤਿਹਾਸ ਦੇ ਪੰਨੇ ਉਸ ਦੇ ਵੇਰਵੇ ਸਾਂਭਣਾ ਆਪਣਾ ਸੁਭਾਗ ਸਮਝਿਆ ਕਰਦੇ ਹਨ । ਅਜਿਹੀ ਸਥਿੱਤੀ ਦਾ ਲਖਾਇਕ ਹੀ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ (ਨੇੜੇ ਭਗਤਾ ਭਾਈ ਕਾ) ਵਿਖੇ ਗਾਇਕ ਨਿੱਕਾ ਖਾਨ ਦੇ ਘਰ 15 ਨਵੰਬਰ 1951 ਨੂੰ ਜਨਮਿਆਂ ਸਾਡਾ ਜਮਾਤੀ ਲਤੀਫ਼ ਮੁਹੰਮਦ ,ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ । ਉਸ ਦੇ ਪੂਰਵਜ਼ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਦਰਬਾਰ ਵਿੱਚ ਹਜ਼ੂਰੀ ਰਾਗੀ ਸਨ । ਇਸ ਤਰ੍ਹਾ ਮੁਹੰਮਦ ਲਤੀਫ਼ ਨੂੰ ਗਾਇਕੀ ਦੀ ਗੁੜਤੀ ਵਿਰਸੇ ਵਿੱਚੋਂ ਮਿਲੀ ।

               ਸਦੀਕ ਅਤੇ ਰਫ਼ੀਕ ਦੇ ਭਰਾਤਾ ਲੱਧੇ ਦਾ ਜਲਾਲ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਅਧਿਆਪਕਾਂ ਦੇ ਥਾਪੜੇ ਨਾਲ ਬੋਲ ਬਾਲਾ ਹੁੰਦਾ । ਉਹ ਅਕਸਰ ਹੀ ਗਾਇਆ ਕਰਦਾ “ ਗੱਲ ਸੁਣ ਓ ਭੋਲਿਆ ਜੱਟਾ,ਤੇਰੇ ਸਿਰ ਪੈਂਦਾ ਘੱਟਾ,ਵਿਹਲੜ ਬੰਦੇ ਮੌਜਾਂ ਮਾਣਦੇ”। ਹਾਕੀ ਖਿਡਾਰੀ ਲੱਧੇ ਨੇ ਦਸਵੀ ਕਰਨ ਦੇ ਨਾਲ ਹੀ ਫ਼ਿਰੋਜ਼ਪੁਰ ਪਹੁੰਚ ਕਵਾਲ ਖ਼ੁਸ਼ੀ ਮਹੰਮਦ ਤੋਂ ਸੰਗੀਤ ਸਿਖਿਆ ਲੈਣੀ ਸ਼ੁਰੂ ਕੀਤੀ । ਮੁਹੰਮਦ ਲਤੀਫ਼ ,ਲੱਧਾ,ਫਿਰ ਕੁਲਦੀਪ ਮਣਕਾ ਅਖਵਾਉਂਦੇ ਨੇ ਜਦ ਇੱਕ ਸਮਾਗਮ ਸਮੇ ਗਾਇਆ,ਤਾਂ ਉੱਥੇ ਮੌਜੂਦ ਪੰਜਾਬ ਦੇ ਮੁਖ ਮੰਤਰੀ ਸ.ਪਰਤਾਪ ਸਿੰਘ ਕੈਰੋਂ ਨੇ 100 ਰੁਪਏ ਇਨਾਮ ਦਿੰਦਿਆਂ ਕਿਹਾ ਇਹ ਤਾਂ ਮਾਣਕ ਹੈ ਮਾਣਕ । ਇਸ ਤਰ੍ਹਾਂ ਮਣਕਾ ਤੋਂ ਮਾਣਕ ਬਣ ਉਹ ਬਠਿੰਡਾ ਛੱਡ ਲੁਧਿਆਣੇ ਕਲਾਕਾਰਾਂ ਨੂੰ ਮਿਲਦਾ ਮਿਲਦਾ,ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਕਰਨ ਲੱਗਿਆ । ਦਿੱਲੀ ਵਿਖੇ 1968 ਵਿੱਚ ਐਚ ਐਮ ਵੀ ਨੇ ਕੇਸਰ ਸਿੰਘ ਨਰੂਲਾ ਦੇ ਸੰਗੀਤ ‘ਚ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈ ਕੱਲ੍ਹ ਦੀ ਕੁੜੀ ਸੀਮਾਂ ਨਾਲ ਡਿਊਟ ਗੀਤ ਵਜੋਂ ਗਾਇਆ । ਗੁਰਦੇਵ ਸਿੰਘ ਮਾਨ ਦਾ ਗੀਤ “ ਲੌਂਗ ਕਰਾ ਮਿੱਤਰਾ,ਮੱਛਲੀ ਪਾਉਂਣਗੇ ਮਾਪੇ,ਵੀ ਇਸ ਵਿੱਚ ਸ਼ਾਮਲ ਸੀ । ਇਸ ਨਾਲ ਰਾਤੋ ਰਾਤੋ ਮਾਣਕ ਮਾਣਕ ਹੋ ਗਈ ।

                  ਸੋਲੋ ਗਾਇਕੀ ਵੱਲ ਮੁੜੇ ਮਾਣਕ ਨੂੰ ਦੇਵ ਥਰੀਕੇਵਾਲੇ ਨੇ ਪਹਿਚਾਣਿਆਂ ਅਤੇ ਆਪਣੇ ਨਾਲ ਜੋੜ ਲਿਆ । ਲੋਕ ਗਥਾਵਾਂ ਲਿਖ ਲਿਖ ਕੇ ਦਿੱਤੀਆਂ ਅਤੇ ਮਾਣਕ ਦਾ ਪਹਿਲਾ ਈ ਪੀ “ਪੰਜਾਬ ਦੀਆਂ ਲੋਕ ਗਾਥਾਵਾਂ (1973)“ ਰਿਕਾਰਡ ਹੋਇਆ । ਫਿਰ ਐਚ ਐਮ ਵੀ ਨੇ ਹੀ 1976 ਵਿੱਚ ਐਲ ਪੀ “ਇੱਕ ਤਾਰਾ “ ਮਾਰਕੀਟ ਵਿੱਚ ਉਤਾਰਿਆ । ਇਸ ਵਿਚਲਾ ਗੀਤ “ਤੇਰੇ ਟਿੱਲੇ ਤੋਂ ਸੂਰਤ ਦੀਹਦੀ ਐ ਹੀਰ ਦੀ “ਨੇ ਸਮਕਾਲੀਆਂ ਨੂੰ ਸੋਚੀਂ ਪਾ ਦਿੱਤਾ । ਉਹਦੇ ਨਾਅ ਨਾਲ ਸ਼ਬਦ ਕਲੀਆਂ ਦਾ ਬਾਦਸ਼ਾਹ ਜੁੜ ਗਿਆ । ਏਸੇ ਦੌਰਾਂਨ ਮਾਣਕ ਦਾ ਰਾਬਤਾ ਚਰਨਜੀਤ ਅਹੂਜਾ ਨਾਲ ਬਣਿਆਂ । ਸਰਬਜੀਤ ਕੌਰ ਸ਼ਾਦੀ ਹੋਈ ,ਬੇਟਾ ਯੁਧਵੀਰ ਅਤੇ ਬੇਟੀ ਸ਼ਕਤੀ ਵਿਹੜੇ ਦੀ ਰੌਣਕ ਬਣੇ ।
                      ਗਾਇਕੀ ਦੇ ਨਾਲ ਨਾਲ ਉਸਨੇ ਬਲਵੀਰੋ ਭਾਬੀ,ਰੂਪ ਸ਼ੁਕੀਨਣ ਦਾ,ਬਗਾਵਤ,ਵਿਹੜਾ ਲੰਬੜਾ ਦਾ,ਲੰਬੜਦਾਰਨੀ,ਸੈਦਾ ਜੋਗਨ,ਸੱਸੀ ਪੁਨੂੰ ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕਰਿਆ ਅਤੇ ਯਾਰਾਂ ਦਾ ਟਰੱਕ ਬੱਲੀਏ ਵਰਗੇ ਗੀਤ ਲੋਕਾਂ ਦਾ ਜ਼ੁਬਾਂਨ ਰਸ ਬਣੇ । ਉਸਦੇ ਗਾਏ ਦਰਜਨਾਂ ਗੀਤ ਲੋਕ ਗੀਤਾਂ ਵਾਂਗ ਪੰਜਾਬੀਆਂ ਲਈ ਅੱਜ ਵੀ ਤਰੋ-ਤਾਜ਼ਾ ਹਨ ਅਤੇ ਲੋਕ ਚਾਅ ਨਾਲ ਗੁਣਗੁਣਾਉਂਦੇ ਹਨ । ਮਾਣਕ ਦੀਆਂ 41 ਧਾਰਮਿਕ ਟੇਪਾਂ,ਈ ਪੀ,ਐਲ ਪੀ ਆਦਿ ਸਮੇਤ ਕੁੱਲ 198 ਟੇਪਾਂ ਰਿਕਾਰਡ ਹੋਈਆਂ । ਉਸ ਨੇ 90 ਗੀਤਕਾਰਾਂ ਦੇ ਗੀਤ 26 ਸੰਗੀਤਕਾਰਾਂ ਦੀਆਂ ਤਰਜ਼ਾਂ ‘ਤੇ ਗਾਏ । ਜਿੱਥੇ ਉਸ ਨੇ 1977-78 ਵਿੱਚ ਪਹਿਲਾ ਸਫ਼ਲ ਵਿਦੇਸ਼ੀ ਟੂਰ ਲਾਇਆ,ਉਥੇ ਸਤਿੰਦਰ ਬੀਬਾ,ਸੁਰਿੰਦਰ ਕੌਰ, ਗੁਰਮੀਤ ਬਾਵਾ, ਅਮਰਜੋਤ ਕੌਰ, ਗੁਲਸ਼ਨ ਕੋਮਲ,ਕੁਲਵੰਤ ਕੋਮਲ,ਪ੍ਰਕਾਸ਼ ਕੌਰ ਸੋਢੀ,ਦਿਲਬਾਗ਼ ਕੌਰ, ਅਤੇ ਪ੍ਰਕਾਸ਼ ਸਿੱਧੂ ਨਾਲ ਵੀ ਮਾਣਕ ਨੇ ਗਾਇਕੀ ਸਾਥ ਦਿੱਤਾ । ਆਜ਼ਾਦ ਉਮੀਦਵਾਰ ਵਜੋਂ 1996 ਵਿੱਚ ਬਠਿੰਡਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ ,ਪਰ ਸਫਲਤਾ ਨਾ ਮਿਲੀ । ਗਾਇਕੀ ਖੇਤਰ ਦੇ ਇੱਕ ਮੁਕਾਬਲੇ ਵਿੱਚ ਨਾਮੀ ਕਲਾਕਾਰਾਂ ਤੋਂ ਅੱਗੇ ਲੰਘਦਿਆਂ ਅੰਬੈਸਡਰ ਕਾਰ ਵੀ ਇਨਾਮ ਵਜੋਂ ਜਿਤੀ । ਪੰਜਾਬ ਸਰਕਾਰ ਵੱਲੋਂ ਹੁਣ ਰਾਜ ਗਾਇਕ ਦਾ ਪੁਰਸਕਾਰ ਵੀ ਦਿੱਤਾ ਗਿਆ ਹੈ ।                           
                           1968 ਤੋਂ 2011 ਤੱਕ ਗਾਇਕੀ ਨਾਲ ਰਾਬਤਾ ਬਣਾਈ ਰੱਖਣ ਵਾਲੇ ਮਾਣਕ ਦਾ ਦਲੀਪ ਸਿੰਘ ਸਿੱਧੂ ਕਣਕਵਾਲੀਆ,ਕਰਨੈਲ ਸਿੱਧੂ ਜਲਾਲ ਨਾਲ ਵੀ ਬਹੁਤ ਪਿਆਰ ਰਿਹਾ । ਮਾਣਕ ਨੇ ਪਹਿਲਾ ਲੋਕ ਗੀਤ “ਮਾਂ ਮਿਰਜ਼ੇ ਦੀ ਬੋਲਦੀ ਅਤੇ ਉਹਨੂੰ ਮੌਤ ਨੇ ਵਾਜਾਂ ਮਾਰੀਆਂ ਗਾਇਆ । ਪਰ ਸ਼ਰਾਬ ਨੇ ਉਹਦੇ ਗੁਰਦਿਆਂ ਵਿੱਚ ਖ਼ਰਾਬੀ ਲਿਆ ਦਿੱਤੀ । ਫਿਰ ਇਕਲੌਤੇ ਪੁੱਤਰ ਯੁਧਵੀਰ ਦੇ ਬਰੇਨ ਹੈਮਰਿਜ ਨੇ ਉਸ ਨੂੰ ਅਸਲੋਂ ਹੀ ਤੋੜ ਦਿੱਤਾ । ਫੇਫੜਿਆਂ ਦੀ ਸਮੱਸਿਆ ਹੋਣ ਕਰਕੇ ਡੀ ਐਮ ਸੀ ਵਿਖੇ ਦਾਖਲ ਕਰਵਾਇਆ ਗਿਆ । ਜਿੱਥੇ 30 ਨਵੰਬਰ 2011 ਨੂੰ ਉਸ ਨੇ ਆਖ਼ਰੀ ਸਾਹ ਲਿਆ ਅਤੇ ਜਲਾਲ ਵਿਖੇ ਸਪੁਰਦ ਇ ਖ਼ਾਕ ਕੀਤਾ ਗਿਆ । ਮਾਣਕ ਦੀ ਆਖਰੀ ਕੈਸਟ ਮਹਾਰਾਜਾ ਹੈ । ਜਿਸ ਵਿੱਚ ਉਸ ਦੇ ਦੋ ਗੀਤ ਹਨ । ਬਾਕੀ ਜੈਜੀ ਬੈਂਸ ਅਤੇ ਯੁਧਵੀਰ ਮਾਣਕ ਦੇ ਹਨ ।

             ਇਸ ਮਹਾਂਨ ਲੋਕ ਗਾਇਕ ਦੀ ਯਾਦ ਵਿੱਚ ਇੱਕ ਯਾਦ  ਵਜੋਂ ਭਗਤਾ ਭਾਈਕਾ ਵਿਖੇ ਭੂਤਾਂ ਵਾਲੇ ਖੂਹ ’ਤੇ ਉਹਦੇ ਸ਼ਗਿਰਦ ਗਾਇਕ ਗੁਰਦੀਪ ਬਰਾੜ,ਚਹੇਤਿਆਂ,ਜਮਾਤੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਹਿਲੀ ਬਰਸੀ ਮੌਕੇ 2 ਦਸੰਬਰ ਐਤਵਾਰ ਨੂੰ ਗਾਇਕੀ ਮੇਲਾ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਹਰੇਕ ਨੂੰ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ । ਇਹ ਮੇਲਾ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਜਾਰੀ ਰਹੇਗਾ । ਆਓ ਉਸ ਦਿਨ ਸਾਰੇ ਰਲਕੇ ਉਸ ਮਹਾਂਨ ਸ਼ਖ਼ਸ਼ੀਅਤ ਨੂੰ ਯਾਦ ਕਰਦੇ ਹੋਏ ਸ਼ਰਧਾਜਲੀ ਭੇਂਟ ਕਰੀਏ,ਤਾਂ ਜੋ ਸਾਡਾ ਆਪਣਾ ਹੀ ਪਿਆਰਾ ਸਾਡੇ ਸਾਹਾਂ ਦੀ ਸੁਗੰਧੀ ਵਿੱਚ ਵਾਸਾ ਕਰਦਾ ਰਹੇ ਅਤੇ ਉਹਦੀ ਚੁੱਪ ਮੌਜੂਦਗੀ ਦਾ ਅਹਿਸਾਸ ਚੇਤਿਆਂ ਦਾ ਸ਼ਹਿਨਸ਼ਾਹ ਬਣਿਆਂ ਰਹੇ ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;-9815707232

Sunday, November 25, 2012

ਪੰਜਾਬੀ ਲੋਕ ਗੀਤਾਂ ਦੀ ਮਹਿਕ ; ਸੁਰਿੰਦਰ ਕੌਰ


   ਮਾਵਾਂ'ਤੇ ਧੀਆਂ ਰਲ ਬੈਠੀਆਂ ਨੀ ਮਾਏ (ਸੁਰਿੰਦਰ ਕੌਰ ਅਤੇ ਧੀ ਡੌਲੀ)
       ਪੰਜਾਬੀ ਲੋਕ ਗੀਤਾਂ ਦੀ ਮਹਿਕ ; ਸੁਰਿੰਦਰ ਕੌਰ
                         ਰਣਜੀਤ ਸਿੰਘ ਪ੍ਰੀਤ          
           ਜਦੋਂ ਲੜਕੀ ਲਈ ਘਰੋਂ ਬਾਹਰ ਜਾਣਾ,ਪੜ੍ਹਾਈ ਕਰਨਾ,ਸੁੰਦਰ ਕਪੜੇ ਪਹਿਨਣਾ ਸਮਾਜ ਦੀਆਂ ਨਜ਼ਰਾਂ ਵਿੱਚ ਦਾਲ ਵਿਚਲੇ ਕੋਕੜੂਆਂ ਵਾਂਗ ਸੀ, ਠੀਕ ਉਸ ਸਮੇ ਪ੍ਰਕਾਸ਼ ਕੌਰ ਅਤੇ ਫਿਰ ਸੁਰਿੰਦਰ ਕੌਰ ਨੇ ਉਸਦੀ ਰੀਸੋ-ਰੀਸੀ ਇਹਨਾਂ ਗੱਲਾਂ ਤੋਂ ਬਗਾਵਤ ਕਰਦਿਆਂ ਸ਼ਰੇਆਮ ਗਾਇਕੀ ਖੇਤਰ ਨੂੰ ਅਪਣਾਇਆ । ਜਿਸ ਨੂੰ ਲੋਕ ਨਫ਼ਰਤ ਕਰਿਆ ਕਰਦੇ ਸਨ । ਨਾਈਟਿੰਗੇਲ ਆਫ਼ ਪੰਜਾਬ ਅਖਵਾਈ ਸੁਰਿੰਦਰ ਕੌਰ ਦਾ ਜਨਮ ਲਾਹੌਰ ਵਿੱਚ 25 ਨਵੰਬਰ 1929 ਪਿਤਾ ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਉਸ ਦੀਆਂ ਚਾਰ ਭੈਣਾਂ, (ਪ੍ਰਕਾਸ਼ ਕੌਰ, ਮੁਹਿੰਦਰ ਕੌਰ, ਮਨਜੀਤ ਕੌਰ, ਤੇ ਨਰਿੰਦਰ ਕੌਰ) ਅਤੇ ਪੰਜ ਭਰਾ ਸਨ। ਪਰ ਹੁਣ ਇਹਨਾਂ ਵਿੱਚੋਂ ਮਨਜੀਤ ਕੌਰ ਦਾ ਸਾਥ ਹੀ ਉਸ ਲਈ ਬਾਕੀ ਰਹਿ ਗਿਆ ਸੀ । ਬਾਰਾਂ  ਸਾਲ ਦੀ ਉਮਰ ਵਿਚ ਸੁਰਿੰਦਰ ਕੌਰ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਦੇ ਨਾਲ ਹੀ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿਖਿਆ ਹਾਸਲ ਕਰਨ ਲੱਗੀ | ਜਿਸ ਦੀ ਬਦੌਲਤ ਅਗਸਤ 1943 ਵਿਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿਚ ਪਹਿਲੀ ਵਾਰ ਲਾਹੋਰ ਰੇਡੀਓ ਤੇ ਗਾਇਆ | ਏਸੇ ਸਾਲ ਦੀ 31 ਅਗਸਤ ਨੂੰ ਐਚ ਐਮ ਵੀ ਨੇ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ  “ਮਾਵਾਂ ਤੇ ਧੀਆਂ ਰਲ ਬੈਠੀਆਂ ” ਰਿਕਾਰਡ ਕਰਿਆ , ਜੋ ਬਹੁਤ ਸਲਾਹਿਆ ਗਿਆ ।
                      ਦੇਸ਼ ਵੰਡ ਸਮੇ ਉਹ ਪਰਿਵਾਰ ਦੇ ਨਾਲ ਹੀ ਗਾਜ਼ੀਆਬਾਦ (ਦਿੱਲੀ) ਆ ਵਸੀ ਅਤੇ ਫੇਰ ਮੁੰਬਈ ।  ਓਥੇ ਉਸਨੇ 1948 ਵਿਚ ਪਿਠਵਰਤੀ ਗਾਇਕਾ ਵਜੋਂ ਫਿਲਮ “ਸ਼ਹੀਦ” ਲਈ ਯਾਦਗਾਰੀ ਗੀਤ “ਬਦਨਾਮ ਨਾ ਹੋ ਜਾਏ ਮੁਹਬਤ ਕਾ ਫ਼ਸਾਨਾ” ਰਿਕਾਰਡ ਕਰਵਇਆ | ਸਨ 1952 ‘ਚ ਵਾਪਸ ਦਿੱਲੀ ਪਰਤੀ ਸੁਰਿੰਦਰ ਦਾ ਵਿਆਹ ਦਿੱਲੀ ਯੂਨੀਵਰਸਿਟੀ  ਵਿਚ ਪੰਜਾਬੀ ਸਾਹਿਤ ਦੇ ਲੇਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਗਿਆ । ਜੋ ਉਸਦਾ ਵਿਸ਼ੇਸ਼ ਸਹਾਇਕ ਅਤੇ ਸਹਿਯੋਗੀ ਬਣਿਆਂ । ਆਪ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ ,ਜਿੰਨ੍ਹਾਂ ਵਿੱਚੋਂ ਵੱਡੀ ਡੌਲੀ ਗੁਲੇਰੀਆਂ ਪੰਜਾਬੀ ਦੀ ਨਾਮਵਰ ਗਾਇਕਾ ਹੈ । *ਚੰਨ ਕਿਥਾ ਗੁਜਰੀ ਆ ਰਾਤ ਵੇ”,”*ਲੱਠੇ ਦੀ ਚਾਦਰ” ,” *ਸ਼ੋਕਣ ਮੇਲੇ ਦੀ” ,” *ਗੋਰੀ ਦੀਆਂ ਝਾਂਜਰਾਂ” “*ਸੜਕੇ-ਸੜਕੇ ਜਾਂਦੀਏ ਮੁਟਿਆਰੇ”* ਮਾਵਾਂ ਤੇ ਧੀਆਂ”, *“ਜੁੱਤੀ ਕਸੂਰੀ ਪੈਰੀ ਨਾ ਪੂਰੀ”, *“ਮਧਾਣੀਆਂ”, *“ਇਹਨਾ ਅੱਖੀਆ ‘ਚ ਪਾਵਾਂ ਕਿਵੇਂ ਕਜਲਾ” * “ਗਮਾਂ ਦੀ ਰਾਤ  ਲੰਮੀ ਏ ਜਾਂ ਮੇਰੇ ਗੀਤ” *“ਸੂਹੇ ਵੇ ਚੀਰੇ ਵਾਲਿਆ” ਵਰਗੇ ਕਈ ਯਾਦਗਾਰੀ ਗੀਤ ਵੀ ਰਿਕਾਰਡ ਕਰਵਾਏ | ਇਹੋ ਜਿਹੇ ਸਦਾ ਬਹਾਰ ਗੀਤਾਂ ਦੀ ਗਾਇਕਾ ਨੇ ਬਾਬਾ ਬੁਲੇ ਸ਼ਾਹ ਦੀਆਂ ਕਾਫੀਆਂ ਤੋਂ ਇਲਾਵਾ ਨੰਦ ਲਾਲ ਨੂਰਪੁਰੀ , ਅਮ੍ਰਿਤਾ ਪ੍ਰੀਤਮ ,ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੁੰ ਪ੍ਰਮੁੱਖਤਾ ਦਿੱਤੀ ।

                     ਆਸਾ ਸਿੰਘ ਮਸਤਾਨਾ,ਕਰਨੈਲ ਗਿੱਲ,ਹਰਚਰਨ ਗਰੇਵਾਲ , ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਦੋਗਾਨਿਆ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਉਂਣ ਵਾਲੀ ਅਤੇ ਕਈ ਮੁਲਕਾਂ ਦੇ ਸਫ਼ਲ ਟੂਰ ਲਾਉਂਣ ਵਾਲੀ ਸੁਰਿੰਦਰ ਦੇ ਗੀਤਾਂ ਦੀ ਉਦੋਂ ਲੈਅ ਹੀ ਬਦਲ ਗਈ ਜਦ 1975 ਵਿੱਚ ਉਸ ਦੇ ਪਤੀ ਨੂੰ ਮੌਤ ਨੇ ਦਬੋਚ ਲਿਆ । ਪਰ ਉਹ ਕਸੀਸ ਵੱਟ ਇਹਨਾਂ ਹਾਲਾਤਾਂ ਵਿੱਚ ਆਪਣੀ ਬੇਟੀ ਰੁਪਿੰਦਰ ਕੌਰ (ਡੌਲੀ ਗੁਲੇਰੀਆ) ਅਤੇ ਦੋਹਤੀ ਸੁਨੈਨਾ ਨਾਲ ਮਿਲਕੇ ਗਾਉਂਦੀ ਰਹੀ । “ਸੁਰਿੰਦਰ ਕੌਰ: ਦ ਥ੍ਰੀ ਜਨਰੇਸ਼ਨਸ” ਨਾਅ ਦੀ ਐਲਬਮ ਵੀ 1995 ਵਿਚ ਰਿਲੀਜ ਹੋਈ ।   

               ਪੰਜਾਬ ਦੀ ਕੋਇਲ, ਸੰਗੀਤ ਨਾਟਕ ਅਕੈਡਮੀ ਐਵਾਰਡ (1984),ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ,ਪਦਮ ਸ਼੍ਰੀ ਐਵਾਰਡ (2006),ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ (2002),ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਨਸ ਅਤੇ ਥਿਏਟਰ ਵਰਗੇ ਐਵਾਰਡ-ਸਨਮਾਨ ਹਾਸਲ ਕਰਨ ਵਾਲੀ ਸੁਰਿੰਦਰ ਕੌਰ ਆਪਣੀ ਮਿੱਟੀ ਦੇ ਮੋਹ ਦੀ ਮਾਰੀ 2004 ਵਿੱਚ ਪੰਚਕੂਲਾ ਜਾ ਵਸੀ । ਉਸ ਨੇ ਜੀਰਕਪੁਰ ਵਿਖੇ ਵੀ ਘਰ ਬਣਾਇਆ । ਪਰ 22 ਦਸੰਬਰ 2005 ਨੂੰ ਉਹ ਹਰਟ ਅਟੈਕ ਦਾ ਸ਼ਿਕਾਰ ਹੋ ਗਈ ਅਤੇ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਠੀਕ ਹੋਣ ਉਪਰੰਤ ਦਿੱਲੀ ਵਿਖੇ ਜਨਵਰੀ 2006 ਵਿੱਚ ਉਹ ਪਦਮ ਸ਼੍ਰੀ ਐਵਾਰਡ ਹਾਸਲ ਕਰਨ ਲਈ ਵੀ ਪਹੁੰਚੀ । ਸਿਹਤ ਦੀ ਖ਼ਰਾਬੀ ਸਦਕਾ 2006 ਵਿੱਚ ਉਸ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਲੜਕੀਆਂ ਕੋਲ ਜਾਣਾ ਪਿਆ । ਜਿੱਥੇ ਉਸ ਨੂੰ ਨਿਊ ਜਰਸੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਪਰ ਹਸਪਤਾਲ ਵਿੱਚ ਹੀ ਪੰਜਾਬ ਦੀ ਇਸ ਮਹਾਂਨ ਗਾਇਕਾ ਨੇ 15 ਜੂਨ 2006 ਨੂੰ ਆਖ਼ਰੀ ਸਾਹ ਲਿਆ । ਪੰਜਾਬੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ । ਅੱਜ ਉਹ ਜਿਸਮਾਨੀ ਤੌਰ ‘ਤੇ ਤਾਂ ਭਾਵੇਂ ਸਾਡੇ ਵਿੱਚ ਨਹੀਂ ਰਹੀ,ਪਰ ਆਪਣੀ ਕਲਾ ਸਹਾਰੇ ਉਹ ਚੇਤਿਆਂ ਵਿੱਚੋਂ ਦੂਰ ਨਹੀਂ ਜਾ ਸਕਦੀ । ਖ਼ਾਸ਼ਕਰ ਉਤਨੀ ਦੇਰ,ਜਿਤਨੀ ਦੇਰ ਤੱਕ ਸਾਫ਼-ਸੁਥਰੀ ਗਾਇਕੀ ਗਾਉਂਣ ਅਤੇ ਸੁਣਨ ਵਾਲੇ ਮੌਜੂਦ ਹਨ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232

Saturday, November 17, 2012

ਬਿੰਦਰੱਖੀਏ ਨੂੰ ਚੇਤੇ ਕਰਦਿਆਂ


                     ਬਿੰਦਰੱਖੀਏ ਨੂੰ ਚੇਤੇ ਕਰਦਿਆਂ
                                                ਰਣਜੀਤ ਸਿੰਘ ਪ੍ਰੀਤ
                             ਜੇ ਪਿਛਲੇ ਡੇਢ ਕੁ ਦਹਾਕੇ ਵੱਲ ਮੋੜਾ ਕੱਟੀਏ ਤਾਂ ਕਰਮਜੀਤ ਧੂਰੀ ਤੋਂ ਮਗਰੋਂ ਕੰਨ ਉੱਤੇ ਹੱਥ ਰੱਖ ਕੇ 42 ਸਕਿੰਟਾਂ ਦੀ ਲੰਬੀ ਹੇਕ ਦਾ ਰਿਕਾਰਡ ਬਨਾਉਂਣ ਵਾਲਾ ਸੁਟਜੀਤ ਬਿੰਦਰੱਖੀਆ ਦੂਜਿਆਂ ਤੋਂ ਮੁਹਰੀ ਬਣਿਆਂ ਰਿਹਾ । ਸ਼ਾਇਦ ਇਹ ਗੱਲ ਅੱਜ ਵੀ ਕਈਆਂ ਨੂੰ ਪਤਾ ਨਾ ਹੋਵੇ ਕਿ ਉਹ ਯੂਨੀਵਰਸਿਟੀ ਤੱਕ ਕੁਸ਼ਤੀਆਂ ਵੀ ਲੜਦਾ ਰਿਹਾ ਅਤੇ ਕਬੱਡੀ ਖੇਡਣਾ ਵੀ ਉਹਦਾ ਸ਼ੌਕ ਰਿਹਾ । ਆਨੰਦਪੁਰ ਸਾਹਿਬ ਅਤੇ ਰੋਪੜ ਦੇ ਕਾਲਜ ਵਿੱਚੋਂ ਬੀ ਏ ਕਰਨ ਸਮੇਂ ਕਾਲਜ ਦੀ ਭੰਗੜਾ ਟੀਮ ਲਈ,ਦਮਦਾਰ,ਉੱਚੀ ਅਤੇ ਸੁਰੀਲੀ ਆਵਾਜ਼ ਵਿੱਚ ਬੋਲੀਆਂ ਪਾਉਂਣਾ ਵੀ ਉਹਦਾ ਹਾਸਲ ਸੀ ।

          ਇਸ ਆਵਾਜ਼ ਦੇ ਭਲਵਾਨ ਸੁਰਜੀਤ ਦਾ ਜਨਮ ਪਿੰਡ ਬਿੰਦਰੱਖ (ਰੂਪਨਗਰ) ਵਿੱਚ 15 ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ । ਸੁੱਚਾ ਸਿੰਘ ਖ਼ੁਦ ਭਲਵਾਨ ਸੀ ,ਅਤੇ ਇਲਾਕੇ ਵਿੱਚ ਉਹਦੀ ਝੰਡੀ ਸੀ । ਉਹ ਸੁਰਜੀਤ ਨੂੰ ਵੀ ਭਲਵਾਨ ਜਾਂ ਉਹਦੀਆਂ ਬੋਲੀਆਂ ਆਦਿ ਤੋਂ ਪ੍ਰਭਾਵਿਤ ਹੋ ਉਸ ਨੂੰ ਗਾਇਕ ਬਨਾਉਂਣ ਦਾ ਚਾਹਵਾਨ ਸੀ । ਸੁਰਜੀਤ ਨੇ ਸੰਗੀਤ ਸਿਖਿਆ ਅਤੁਲ ਸ਼ਰਮਾਂ ਤੋਂ ਹਾਸਲ ਕੀਤੀ । ਸਭ ਤੋਂ ਪਹਿਲਾਂ 1991 ਵਿੱਚ ਜੱਟ ਜਿਓਣਾ ਮੌੜ ਅਤੇ ਮੁੰਡੇ ਆਖਦੇ ਪਟਾਖਾ ਨਾਲ ਉਸ ਨੇ ਹਾਜ਼ਰੀ ਲਵਾਈ । ਫਿਰ ਦੁਪੱਟਾ ਤੇਰਾ ਸੱਤ ਰੰਗ ਦਾ,ਤੇਰੇ ’ਚ ਤੇਰਾ ਯਾਰ ਬੋਲਦਾ,ਬੱਸ ਕਰ ਬੱਸ ਕਰ,ਜੱਟ ਦੀ ਪਸੰਦ ਵਰਗੇ ਗੀਤਾਂ ਨੇ ਉਸ ਨੂੰ ਫਰਸ਼ ਤੋਂ ਅਰਸ਼ ‘ਤੇ ਪੁਚਾ ਦਿੱਤਾ । ਪਹਿਲਾਂ ਉਹ ਆਪਣੇ ਨਾਅ ਨਾਲ ਬੈਂਸ,ਸਾਗਰ ਵੀ ਲਿਖਦਾ ਰਿਹਾ। ਪਰ ਫਿਰ ਉਸ ਨੇ ਪਿੰਡ ਦਾ ਨਾਅ ਹੀ ਆਪਣੇ ਨਾਅ ਨਾਲ ਜੋੜ ਲਿਆ । ਪ੍ਰੀਤ ਕਮਲ ਨਾਲ 27 ਅਪ੍ਰੈਲ 1990 ਨੂੰ ਸ਼ਾਦੀ ਹੋੱਈ ਅਤੇ ਬੇਟੇ ਗੀਤਾਜ਼ ਬਿੰਦਰੱਖੀਆ (ਗਾਇਕ) ਅਤੇ ਬੇਟੀ ਮੀਨਾਜ਼ ਬਿੰਦਰੱਖੀਆ ਦਾ ਪਿਤਾ ਬਣਿਆਂ ।

              ਬਿੰਦਰੱਖੀਆ ਦੇ ਪਹਿਲਾਂ ਗਾਏ ਗੀਤਾਂ ਦਾ ਰੀਮਿਕਸ 1990 ਵਿੱਚ ਹੀ ਤਿਆਰ ਹੋ ਗਿਆ ਸੀ । ਏਥੇ ਮੇਰੀ ਨੱਥ ਡਿੱਗ ਪਈ ਨੇ ਧਮਾਲਾਂ ਪਾਈਆਂ ਸਨ । ਪਰ 1995 ਵਿੱਚ ਗਾਏ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ ਨੇ ਇੰਗਲੈਂਡ ਦੇ ਹਫ਼ਤਾਵਾਰੀ ਚਾਰਟ ਵਿੱਚ ਸਿਖਰਲਾ ਸਥਾਨ ਮੱਲ ਕੇ ਰਿਕਾਰਡ ਬਣਾਇਆ । ਆਕਾਸ਼ਵਾਣੀ ਜਲੰਧਰ ਤੋਂ ਪਹਿਲਾ ਗੀਤ ਸਾਡਾ ਚਿੜੀਆਂ ਦਾ ਚੰਬਾ ਵੇ  ਬਾਬਲ ਅਸੀਂ ਉੱਡ ਜਾਣਾ ਰਿਕਾਰਡ ਕਰਵਾਇਆ । ਏਥੋਂ ਤੱਕ ਕਿ ਬਿੰਦਰੱਖੀਏ ਦੀ ਭੰਗੜਾ ਟੀਮ ਨੇ ਦਿੱਲੀ ਦੀਆਂ 1982 ਵਾਲੀਆਂ ਏਸ਼ੀਆਈ ਖੇਡਾਂ ਸਮੇ ਵੀ ਧੰਨ ਧੰਨ ਕਰਵਾਈ । ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ 1985 ਨੂੰ ਮੇਰੇ ਚਰਖੇ ਦੀ ਟੁੱਟ ਗਈ ਮਾਹਲ ਗਾ ਕੇ ਸਭ ਦੇ ਮਨ ਮੋਹ ਲਏ । ਆਰਟ ਲਿੰਕ ਮੁਹਾਲੀ, ਇਕ ਮਹਿਕਦੀ ਸ਼ਾਮ ਪ੍ਰੋਗਰਾਮ, ਟੈਗੋਰ ਥੀਏਟਰ ਵਿਚ 28 ਨਵੰਬਰ 1986 ਨੂੰ ਭਾਗ  ਲੈਂਦਿਆਂ ਸ਼ਹੀਦ ਭਗਤ ਸਿੰਘ ਸਨਮਾਨ ਵੀ ਹਾਸਲ ਕਰਿਆ ਅਤੇ ਏਥੇ ਹੀ ਸ਼ਮਸ਼ੇਰ ਸੰਧੂ ਨਾਲ ਮੁਲਾਕਾਤ ਹੋਈ । ਅਵਾਜ਼ ਦੀ ਵਿਲੱਖਣਤਾ ਅਤੇ ਸਟੇਜੀ ਹਾਵ ਭਾਵ ਆਮ ਗਾਇਕਾਂ ਤੋਂ ਵੱਖਰੇ ਸਨ । ਇਸ ਨੇ ਆਮ ਨਾਲੋਂ ਹਟ ਕੇ ਭੰਗੜਾ ਬੀਟ,ਮਿਰਜ਼ਾ,ਜੁਗਨੀ,ਲੋਕ ਤੱਥ,ਟੱਪੇ,ਬੋਲੀਆਂ,ਨੂੰ ਸਫ਼ਲਤਾ ਨਾਲ ਗਾ ਕੇ ਆਪਣੇ ਆਪ ਨੂੰ ਸਹੀ ਰੂਪ ਵਿੱਚ ਲੋਕ ਗਾਇਕ ਵਜੋਂ ਸਥਾਪਤ ਕੀਤਾ ।
                 28 ਸੋਲੋ ਹਿੱਟ ਕੈਸਿਟਾਂ ਤੋਂ ਬਿਨਾਂ 6 ਰੀਮਿਕਸ (3 ਧਾਰਮਿਕ,3 ਵੀਡੀਓ,3 ਅਖਾੜੇ )ਵੀ ਪੰਜਾਬੀਆਂ ਦੀ ਝੋਲੀ ਪਾਈਆਂ । ਸਭ ਤੋਂ ਵੱਧ ਸ਼ਮਸ਼ੇਰ ਸੰਧੂ ਦੇ ਗੀਤ ਗਾਉਂਣ ਵਾਲੇ ਬਿੰਦਰੱਖੀਏ ਨੇ ਕੁੱਲ 34 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਬਹੁਤਿਆਂ ਨੂੰ ਅਤੁਲ ਸ਼ਰਮਾ ਨੇ ਸੰਗੀਤ ਨਾਲ ਨਿਖਾਰਿਆ-ਸ਼ਿੰਗਾਰਿਆ । ਅਣਖ ਜੱਟਾਂ ਦੀ, ਜ਼ੋਰਾਵਰ,ਬਦਲਾ ਜੱਟੀ ਦਾ,ਜੱਟ ਜਿਓਣਾ ਮੌੜ,ਕਚਹਿਰੀ,ਜੱਟ ਸੁੱਚਾ ਸੂਰਮਾਂ,ਵੈਰੀ, ਰੱਬ ਦੀਆਂ ਰੱਖਾ ਫ਼ਿਲਮਾਂ ਵਿੱਚ ਵੀ ਉਹਦੇ ਗੀਤ ਮੌਜੂਦ ਹਨ । ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਂਣੀਆਂ ,ਕਿਸੇ ਐਰੇ ਗੈਰੇ ਦੇ ਵੱਸ ਦਾ ਕੰਮ ਨਹੀਂ ਹੈ । ਮੁਖੜਾ ਕੈਸਿਟ ਨਾਲ ਉਹ ਡੀ ਜੇ ਦਾ ਕਿੰਗ ਅਖਵਾਇਆ । ਉਸਦੇ ਗਾਏ ਗੀਤ ਲੋਕ ਗੀਤਾਂ ਵਾਂਗ ਅੱਜ ਵੀ ਤਰੋ ਤਾਜ਼ਾ ਹਨ;- * ਵੰਗ ਵਰਗੀ ਕੁੜੀ*ਜਵਾਨੀ*ਗੱਭਰੂ ਗੁਲਾਬ ਵਰਗਾ*ਫੁੱਲ ਕੱਢਦਾ ਫੁਲਕਾਰੀ*ਅੱਡੀ ਉੱਤੇ ਘੁੰਮ*ਸੁਹਣੀ ਨਾਰ*ਇਸ਼ਕੇ ਦੀ ਅੱਗ ਅਤੇ ਹੁਸਨ ਕਮਾਲ ਦਾ ਨੇ ਕਮਾਲਾਂ ਕਰੀ ਰੱਖੀਆਂ ।
                  ਜਦ 17 ਨਵੰਬਰ 2003 ਨੂੰ ਸਵੇਰੇ ਸਵੇਰੇ ਲੋਕਾਂ ਨੇ ਖ਼ਬਰਾਂ ਸੁਣੀਆਂ ਤਾਂ ਪੰਜਾਬੀਆਂ ਦੇ ਤਾਂ ਹੋਸ਼ ਈ ਉੱਡ ਗਏ । ਇਹ ਖ਼ਬਰ ਵਾਰ ਵਾਰ ਦਿਖਾਈ-ਸੁਣਾਈ ਜਾ ਰਹੀ ਸੀ ਕਿ ਮੁਹਾਲੀ ਦੇ ਫੇਸ -7 ਵਿਖੇ ਆਪਣੇ ਨਿਵਾਸ ਉੱਤੇ ਸੁਰਜੀਤ ਬਿੰਦਰੱਖੀਆ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ । ਪੰਜਾਬੀ ਜਗਤ ਵਿੱਚ ਚੁੱਪ ਪਸਰ ਗਈ ਸੀ । ਪਰ ਜੋ ਭਾਣਾ ਵਾਪਰਨਾ ਸੀ ਉਹ ਤਾਂ  ਵਾਪਰ ਹੀ ਚੁੱਕਾ ਸੀ । ਬਿੰਦਰੱਖੀਏ ਦੀਆਂ ਆਪਣੀਆਂ ਗਾਈਆਂ ਇਹ ਗੱਲਾਂ ਸੱਚ ਹੋ ਗਈਆਂ ਸਨ ;-
ਹੋਵੀਂ ਨਾ ਨਰਾਜ਼ ਵੇ ਤੂੰ ਹੋਵੀਂ ਨਾ ਨਿਰਾਸ਼ ਵੇ,
ਡੋਲੀ ਵਿੱਚ ਮੈ ਨੀ ਜਾਣਾ ਜਾਊ ਮੇਰੀ ਲਾਸ਼ ਵੇ,
ਗੱਲਾਂ ਸੱਚੀਆਂ,ਭਾਵੇਂ ਨਾ ਸੱਚ ਜਾਣੀ,
ਮੈ ਕੱਲ੍ਹ ਤੱਕ ਨਹੀਂ ਰਹਿਣਾ
ਵੇ ਮੈ ਤਿੜਕੇ ਘੜੇ ਦਾ ਪਾਣੀ ।
                                  **********************************
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;9815707232