ਬਾਲ ਸਾਹਿਤ
ਬਾਲਾਂ ਦੀਆਂ ਮਨੋਰੰਜਕ ਖੇਡਾਂ
ਲੇਖਕ : ਰਣਜੀਤ ਸਿੰਘ ਪ੍ਰੀਤ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਸਫੇ : 36, ਕੀਮਤ : 45 ਰੁਪਏ
ਲੇਖਕ : ਰਣਜੀਤ ਸਿੰਘ ਪ੍ਰੀਤ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਸਫੇ : 36, ਕੀਮਤ : 45 ਰੁਪਏ
ਵਿਚਾਰ ਅਧੀਨ ਪੁਸਤਕ ਬਾਲਾਂ ਦੀਆਂ ਉਨ੍ਹਾਂ ਖੇਡਾਂ ਬਾਰੇ ਸੰਪੂਰਨ ਤੇ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ, ਜਿਨ੍ਹਾਂ ਨੂੰ ਅਜੋਕੇ ਬੱਚੇ ਬਿਲਕੁਲ ਭੁਲਾਈ ਬੈਠੇ ਹਨ। ਹਾਲਾਤ ਤਾਂ ਇਹ ਹਨ ਕਿ ਬੱਚੇ ਇਨ੍ਹਾਂ ਖੇਡਾਂ ਤੋਂ ਬਿਲਕੁਲ ਹੀ ਅਣਜਾਣ ਹਨ, ਉਨ੍ਹਾਂ ਨੂੰ ਤਾਂ ਇਨ੍ਹਾਂ ਦੇ ਨਾਂਅ ਵੀ ਨਹੀਂ ਪਤਾ। ਉਹ ਇਨ੍ਹਾਂ ਖੇਡਾਂ ਨੂੰ ਖੇਡਣ ਦੀ ਬਜਾਏ ਕੰਪਿਊਟਰ ਤੇ ਇੰਟਰਨੈੱਟ 'ਤੇ ਵੀਡੀਓ ਗੇਮਾਂ ਖੇਡਣ ਨੂੰ ਹੀ ਤਰਜੀਹ ਦਿੰਦੇ ਹਨ। ਇਸ ਦਾ ਅਸਰ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਦੀ ਸਰੀਰਕ, ਮਾਨਸਿਕ ਤੇ ਬੌਧਿਕ ਸਮਰੱਥਾ 'ਚ ਕਮੀ ਆਈ ਹੈ। ਮੋਟਾਪਾ ਤੇ ਹੋਰ ਗੰਭੀਰ ਬਿਮਾਰੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਉਨ੍ਹਾਂ ਨੂੰ ਪੰਜਾਬ ਦੀਆਂ ਖੇਡਾਂ ਨਾਲ ਕਿਸੇ ਤਰ੍ਹਾਂ ਦੁਬਾਰਾ ਜੋੜਿਆ ਜਾਵੇ। ਲੇਖਕ ਰਣਜੀਤ ਸਿੰਘ ਪ੍ਰੀਤ ਦੀ ਇਹ ਪੁਸਤਕ 23 ਮਨੋਰੰਜਕ ਖੇਡਾਂ ਬਾਰੇ ਜਾਣਕਾਰੀ ਦਿੰਦੀ ਹੋਈ ਬੱਚਿਆਂ ਨੂੰ ਉਨ੍ਹਾਂ ਦੀਆਂ ਰਵਾਇਤੀ ਖੇਡਾਂ ਨਾਲ ਜੋੜਨ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਲੇਖਕ ਨੇ ਇਸ ਵਿਚ ਹੋਰਾਂ ਖੇਡਾਂ ਤੋਂ ਇਲਾਵਾ ਬਾਂਦਰ ਕਿੱਲਾ, ਖਿੱਚ ਧੂਹ, ਪਿੱਠੂ, ਚੋਰ-ਸਿਪਾਹੀ, ਡੰਡ ਪਰੰਬਲ ਆਦਿ ਖੇਡਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਇਸ ਪੁਸਤਕ ਰਾਹੀਂ ਇਹ ਵੀ ਦੱਸਿਆ ਕਿ ਕਿਹੜੀ ਖੇਡ ਕਿਵੇਂ ਖੇਡੀ ਜਾਂਦੀ ਸੀ, ਉਸ ਨੂੰ ਕਿੰਨੇ ਖਿਡਾਰੀ ਖੇਡ ਸਕਦੇ ਸਨ, ਖੇਡ ਦੇ ਨਿਯਮ ਜਾਂ ਸ਼ਰਤਾਂ ਕੀ ਹੁੰਦੀਆਂ ਸਨ। ਬਹੁਤ ਹੀ ਥੋੜ੍ਹੇ ਸ਼ਬਦਾਂ ਵਿਚ ਲੇਖਕ ਮਨੋਰੰਜਨ ਦੇ ਨਾਲ-ਨਾਲ ਬੜੀ ਸੋਹਣੀ ਜਾਣਕਾਰੀ ਦੇ ਗਿਆ ਹੈ। ਛਪਾਈ ਤੇ ਦਿੱਖ ਪੱਖੋਂ ਵੀ ਕਿਤਾਬ ਕਾਬਲੇ ਤਾਰੀਫ਼ ਹੈ। ਹਰੇਕ ਖੇਡ ਨਾਲ ਬਣੇ ਚਿੱਤਰਾਂ ਨੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਕੀਤੀ ਹੈ। ਸੋ, ਆਸ ਹੈ ਕਿ ਆਧੁਨਿਕਤਾ ਦੇ ਦੌਰ ਵਿਚ ਜੀਅ ਰਹੇ ਅੱਜ ਦੇ ਬੱਚੇ ਇਸ ਕਿਤਾਬ ਦਾ ਜ਼ਰੂਰ ਲਾਹਾ ਲੈਣਗੇ।
ਬੱਚਿਆਂ ਲਈ ਮਨੋਰੰਜਕ ਖੇਡਾਂ
ਲੇਖਕ : ਰਣਜੀਤ ਸਿੰਘ ਪ੍ਰੀਤ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਸਫੇ : 20, ਕੀਮਤ : 25 ਰੁਪਏ
ਲੇਖਕ : ਰਣਜੀਤ ਸਿੰਘ ਪ੍ਰੀਤ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਸਫੇ : 20, ਕੀਮਤ : 25 ਰੁਪਏ
ਲੇਖਕ ਰਣਜੀਤ ਸਿੰਘ ਪ੍ਰੀਤ ਦੀ ਇਹ ਪੁਸਤਕ ਵੀ ਬੱਚਿਆਂ ਦੀਆਂ ਉਨ੍ਹਾਂ ਖੇਡਾਂ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਅੱਜ ਦੇ ਬੱਚੇ ਵਿਸਾਰ ਚੁੱਕੇ ਹਨ। ਆਕਾਰ ਵਿਚ ਬਹੁਤ ਹੀ ਛੋਟੀ ਪੁਸਤਕ ਵਿਚ 15 ਰਵਾਇਤੀ ਖੇਡਾਂ ਦਾ ਸੰਖੇਪ ਵਿਚ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਕੋਟਲਾ ਛਪਾਕੀ, ਕੂਕਾਂ ਕਾਂਗੜੇ, ਬਾਬੇ ਨਾਨਕ ਦਾ ਘਰ, ਦਿਨ-ਰਾਤ, ਊਚ-ਨੀਚ ਦਾ ਪਾਪੜਾ, ਚੋਰ ਚੌਕੀਦਾਰ ਆਦਿ ਖੇਡਾਂ ਬਾਰੇ ਬਹੁਤ ਚੰਗੀ ਜਾਣਕਾਰੀ ਦਿੱਤੀ ਗਈ ਹੈ। ਚੰਗੀ ਗੱਲ ਹੋਣੀ ਸੀ ਜੇ ਬਾਲਾਂ ਦੀਆਂ ਖੇਡਾਂ ਨਾਲ ਸਬੰਧਤ ਉਪਰੋਕਤ ਇਨ੍ਹਾਂ ਦੋਵਾਂ ਪੁਸਤਕਾਂ ਨੂੰ ਇਕ ਕਰਕੇ ਛਾਪਿਆ ਜਾਂਦਾ। ਇਕੋ ਕਿਤਾਬ ਵਿਚ ਸਾਰਾ ਮੈਟਰ ਸ਼ਾਮਿਲ ਕਰ ਹੋ ਸਕਦਾ ਸੀ। ਇਸ ਤਰ੍ਹਾਂ ਕਰਨ ਨਾਲ ਪਾਠਕਾਂ ਨੂੰ ਇਕੋ ਕਿਤਾਬ ਵਿਚ ਸਾਰੀਆਂ ਖੇਡਾਂ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਹੋ ਜਾਣੀ ਸੀ। ਵੈਸੇ ਛਪਾਈ ਤੇ ਦਿੱਖ ਪੱਖੋਂ ਪ੍ਰਕਾਸ਼ਕ ਤੇ ਲੇਖਕ ਵਧਾਈ ਦੇ ਪਾਤਰ ਹਨ। ਬਾਕੀ ਚਿੱਤਰ ਛਾਪ ਕੇ ਪੁਸਤਕ ਨੂੰ ਹੋਰ ਵੀ ਖਿੱਚ-ਭਰਪੂਰ ਬਣਾਉਣ ਦਾ ਯਤਨ ਪ੍ਰਸੰਸਾਯੋਗ ਹੈ। ਅੱਜ ਦੇ ਬੱਚਿਆਂ ਲਈ ਅਜਿਹੀਆਂ ਪੁਸਤਕਾਂ ਦੀ ਬਹੁਤ ਜ਼ਰੂਰਤ ਭਾਸਦੀ ਹੈ, ਕਿਉਂਕਿ ਬੱਚੇ ਖੇਡਾਂ ਨੂੰ ਪੂਰੀ ਤਰ੍ਹਾਂ ਭੁਲਾ ਕੇ ਕੰਪਿਊਟਰ ਅਤੇ ਮੋਬਾਈਲ ਦੀ ਦੁਨੀਆ ਵਿਚ ਗ੍ਰਸਤ ਹੋ ਚੁੱਕੇ ਹਨ। ਖੇਡਾਂ ਵਿਚੋਂ ਉਨ੍ਹਾਂ ਦੀ ਰੁਚੀ ਉੱਕਾ ਹੀ ਖਤਮ ਹੋ ਰਹੀ ਹੈ। ਲੇਖਕ ਰਣਜੀਤ ਸਿੰਘ ਪ੍ਰੀਤ ਨੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ।
-ਮਨਦੀਪ ਸਿੰਘ ਚਿੱਟੀ
No comments:
Post a Comment
preetranjit56@gmail.com