Thursday, February 23, 2012

ਖ਼ੂਬਸੂਰਤੀ ਅਤੇ ਅਦਾਕਾਰੀ ਦਾ ਸੁਮੇਲ–ਮਧੂਬਾਲਾ


     ਖ਼ੂਬਸੂਰਤੀ ਅਤੇ ਅਦਾਕਾਰੀ ਦਾ ਸੁਮੇਲਮਧੂਬਾਲਾ
                                                  ਰਣਜੀਤ ਸਿੰਘ ਪ੍ਰੀਤ
                         ਕੁੱਝ ਲੋਕ ਇਸ ਦੁਨੀਆਂ ਤੇ ਆਉਂਦੇ ਹਨ,ਬਗੈਰ ਕੁੱਝ ਜ਼ਿਕਰਯੋਗ ਕਰਿਆਂ ਤੁਰ ਜਾਂਦੇ ਹਨ । ਪਰ ਕੁੱਝ ਅਜਿਹੇ ਵੀ ਹੁੰਦੇ ਹਨ, ਜੋ ਥੋੜ੍ਹੀ ਉਮਰ ਭੋਗ ਕੇ ਵੀ ਅਮਿੱਟ ਪੈੜਾਂ  ਛੱਡ ਜਾਂਦੇ ਹਨ । ਜਿੰਨ੍ਹਾਂ ਨੂੰ ਲੋਕ ਬਹੁਤ ਪਿਆਰ ਸਤਿਕਾਰ ਨਾਲ ਯਾਦ ਕਰਿਆ ਕਰਦੇ ਹਨ । ਅਜਿਹੀ ਹੀ ਸੀ ਅਦਾਕਾਰਾ ਮਧੂਬਾਲਾ ਮੁੱਢਲੇ ਨਾਂਅ ਮੁਮਤਾਜ ਬੇਗ਼ਮ ਜਹਾਂ ਦੇਹਲਵੀ ਵਾਲੀ ਮਧੂਬਾਲਾ ਦਾ ਜਨਮ ਦਿੱਲੀ ਵਿੱਚ ਅਤਾਉਲਾ ਖ਼ਾਂਨ ਦੇ ਘਰ 14 ਫਰਵਰੀ 1933 ਨੂੰ ਹੋਇਆ । ਉਹ ਪਰਿਵਾਰ ਦੇ 11 ਬੱਚਿਆਂ ਵਿੱਚੋਂ ਪੰਜਵਾਂ ਬੱਚਾ ਸੀ । ਮੁਮਤਾਜ ਦੇ ਅੱਬੂ ਜੋ ਪਿਸ਼ਾਵਰ ਵਿਖੇ ਇੰਪੀਰੀਅਲ ਤਮਾਕੂ ਕੰਪਨੀ ਵਿੱਚ ਨੌਕਰੀ ਕਰਦੇ ਸਨ ,ਉਹਨਾਂ ਨੂੰ ਉਹ ਛੱਡ ਕਿ ਮੂੰਬਈ ਆਉਣਾ ਪਿਆ । ਸਨ 1942 ਤੋਂ 1960 ਤੱਕ ਫ਼ਿਲਮੀ ਜਗਤ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਣ ਵਾਲੀ ਮੁਮਤਾਜ ਨੇ 10 ਕੁ ਸਾਲ ਦੀ ਉਮਰੇ 1942 ਵਿੱਚ ਬਾਲ ਕਲਾਕਾਰਾ ਵਜੋਂ ਫ਼ਿਲਮ ਬਸੰਤਲਈ ਪਹਿਲੀ ਭੂਮਿਕਾ ਨਿਭਾਈ । ਇਸ ਤੋਂ ਪ੍ਰਭਾਵਿਤ ਹੁੰਦਿਆਂ ਅਭਿਨੇਤਰੀ ਦੇਵਿਕਾ ਰਾਣੀ ਨੇ ਮਸ਼ਵਰਾ ਦਿੱਤਾ ਕਿ ਉਹ ਆਪਣਾ ਨਾਂਅ ਮਧੂ ਰੱਖ ਲਵੇ ,ਜਿਸ ਦਾ ਅਰਥ ਸ਼ਹਿਦ ਦੀ ਔਰਤ ਹੁੰਦਾ ਹੈ ਅਤੇ ਉਹ ਮੁਮਤਾਜ ਤੋਂ ਮਧੂਬਾਲਾ ਅਖਵਾਉਂਣ ਲੱਗੀ ।
                     ਫਿਰ 1947 ਵਿੱਚ ਬੇਬੀ ਮੁਮਤਾਜ ਨੂੰ ਨਾਇਕਾ ਮੁਮਤਾਜ ਦਾ ਨਾਂਅ ਦਿੰਦਿਆਂ ਨਿਰਮਾਤਾ-ਨਿਰਦੇਸ਼ਕ ਕੇਦਾਰ ਸ਼ਰਮਾਂ ਨੇ ਫ਼ਿਲਮ ਨੀਲ ਕਮਲ ਵਿੱਚ 14 ਵਰ੍ਹਿਆਂ ਦੇ ਰਾਜ ਕਪੂਰ ਨਾਲ ਅਹਿਮ ਰੋਲ ਦਿੱਤਾ । ਇਸ ਫਿਲਮ ਨਾਲ ਉਸਦੀ ਪਹਿਚਾਣ ਨਾਇਕਾ ਵਜੋਂ ਹੋਣ ਲੱਗੀ । ਪਰ ਫ਼ਿਲਮੀ ਸਟਾਰ ਅਦਾਕਾਰਾ ਦਾ ਰੁਤਬਾ 1949 ਵਿੱਚ ਬਣੀ ਮਹਿਲ ਫ਼ਿਲਮ ਤੋਂ ਮਿਲਿਆ । ਮਧੂਬਾਲਾ ਦੀ ਗਿਣਤੀ ਭਾਰਤੀ ਸਿਨੇ ਜਗਤ ਦੀ ਮੈਡੋਨਾਂ ਵਜੋਂ ਹੋਣ ਲੱਗੀ । 
                     ਮਧੂਬਾਲਾ ਨੇ ਪਹਿਲੇ ਚਾਰ ਸਾਲਾ ਵਿੱਚ 24 ਫ਼ਿਲਮਾਂ ਕੀਤੀਆਂ । ਅਲੋਚਕਾਂ ਦਾ ਕਹਿਣਾ ਸੀ ਕਿ ਉਹ ਕਲਾ ਦੀ ਬਜਾਇ ਸੁੰਦਰਤਾ ਦਾ ਹੀ ਵੱਧ ਲਾਹਾ ਖੱਟ ਰਹੀ ਹੈ । ਉਸਨੇ ਫ਼ਿਲਮ ਨਿਰਦੇਸ਼ਕਾਂ ਮਹਿਬੂਬ ਖ਼ਾਨ (ਅਮਰ),ਗੁਰੂਦੱਤ (ਸ਼੍ਰੀ ਔਰ ਸ਼੍ਰੀਮਤੀ-55),ਕਮਾਲ ਅਮਰੋਹੀ (ਮਹਿਲ),ਆਸਿਫ਼ (ਮੁਗ਼ਲ-ਇ-ਆਜ਼ਮ),ਲਈ ਕੰਮ ਕਰਿਆ । ਕੱਲ੍ਹ ਹਮਾਰਾ(1959) ਵਿੱਚ ਉਹ ਦੋਹਰੇ ਰੋਲ ਵਿੱਚ ਆਈ ਅਤੇ ਕਮਾਲ ਕਰ ਵਿਖਾਈ । ਸਨ 1950 ਵਿੱਚ ਉਸਨੇ ਹਰ ਪ੍ਰਕਾਰ ਦੇ ਰੋਲ ਕਰਦਿਆਂ ਟਿਪਣੀਕਾਰਾਂ ਦਾ ਮੂੰਹ ਬੰਦ ਕਰ ਵਿਖਇਆ । ਜਦ 1950 ਵਿੱਚ ਪਹਿਲੀ ਹਿੰਦੀ ਫ਼ਿਲਮ ਸਿਰਫ਼ ਬਾਲਗਾਂ ਲਈ ਫ਼ਿਲਮ ਸੈਂਟਰਲ ਬੋਰਡ ਵਲੋਂ ਹੰਸਤੇ ਆਂਸੂੰ ਪਾਸ ਹੋ ਕੇ  ਆਈ ,ਤਾਂ ਬਹੁਤ ਪਸੰਦ ਕੀਤੀ ਗਈ । ਸਨ 1951 ਵਿੱਚ  ਬਾਦਲ ਅਤੇ ਤਰਾਨਾ ਵੀ ਆਈਆਂ । ਸ਼ੀਰੀਂ ਫਰਿਹਾਦ ਅਤੇ ਰਾਜ ਹਥ ਨੇ ਵੀ ਚੰਗਾ ਨਾਮਣਾ ਖੱਟਿਆ । ਮਧੂਬਾਲਾ ਦਾ ਝੁਕਾਅ ਵੀ ਕੁੱਝ ਹੋਰਨਾਂ ਵਾਂਗ ਦਲੀਪ ਕੁਮਾਰ ਵੱਲ ਹੋਇਆ ,ਉਹ ਪਹਿਲੀ ਵਾਰ 1944 ਨੂੰ ਜਵਾਰ ਭਾਟਾ ਦੇ ਸੈੱਟਤੇ ਮਿਲੇ । ਫਿਰ ਹਾਰ ਸਿੰਗਾਰ (1949)ਚ ਇਕੱਠੇ ਨਿਭੇ,ਪਰ ਇਹ ਫ਼ਿਲਮ ਡੱਬਿਆਂ ਵਿੱਚ ਹੀ ਪਈ ਰਹਿ ਗਈ । ਸਨ 1951 ਦੀ ਤਰਾਨਾ ਸਮੇਤ ਇਹਨਾਂ ਨੇ 4 ਫ਼ਿਲਮਾਂ ਇਕੱਠਿਆਂ ਕੀਤੀਆਂ । ਦਲੀਪ ਕੁਮਾਰ ਨਾਲ ਇਹ ਸਬੰਧ 5 ਕੁ ਸਾਲਾਂ ਤੱਕ ਬਣੇ ਰਹੇ ।                             
                          ਮਧੂਬਾਲ ਨੂੰ ਡਾਕਟਰਾਂ ਨੇ ਬਚਪਨ ਵਿੱਚ ਹੀ ਦੱਸ ਦਿੱਤਾ ਸੀ ਕਿ ਉਸ ਦੇ ਦਿਲ ਵਿੱਚ ਮੋਰੀ ਹੈ ਅਤੇ ਇਸ ਦਾ ਇਲਾਜ ਵੀ ਸੰਭਵ ਨਹੀਂ ਹੈ । ਪਰ ਉਸਦਾ ਹੌਂਸਲਾ ਵੀ ਕਮਾਲ ਰਿਹਾ । ਸਨ 1950 ਵਿੱਚ ਉਸ ਨੂੰ ਖੰਘ ਦੇ ਨਾਲ ਹੀ ਖ਼ੂਨ ਵੀ ਆਉਣ ਲੱਗਿਆ । ਪਰ ਉਹ ਠੀਕ ਹੋ ਗਈ । ਉਹ ਘਰ ਤੋਂ ਬਾਹਰ ਕੁੱਝ ਨਹੀਂ ਖਾਂਦੀ-ਪੀਂਦੀ ਸੀ । ਇੱਥੋਂ ਤੱਕ ਕਿ ਖਾਣੇ ਦੇ ਨਾਲ ਪਾਣੀ ਵੀ ਘਰੋਂ ਹੀ ਲਿਆਇਆ ਕਰਦੀ ਸੀ । ਸਨ 1954 ਵਿੱਚ ਉਹਨੂੰ ਮਦਰਾਸ ਵਿਖੇ ਐਸ ਐਸ ਵਾਸਨ ਲਈ ਬਹੁਤ ਦਿਨ ਹੂਏ ਦੇ ਫ਼ਿਲਮਾਂਕਣ ਸਮੇ ਖ਼ੂਨ ਦੀ ਉਲਟੀ ਆ ਗਈ । ਪਰ ਉਹ ਚੁੱਪ ਅਤੇ ਮਸਤ ਰਹੀ । ਇਸ ਹਾਲਤ ਵਿੱਚ ਉਸਦੀ ਸਾਂਭ ਸੰਭਾਲ ਵਾਸਨ ਅਤੇ ਉਸਦੀ ਪਤਨੀ ਨੇ ਕੀਤੀ ।  ਇਹ ਗੱਲ ਮੀਡੀਆ ਵਿੱਚ ਆਉਣ ਨਾਲ ਰਾਜ਼, ਰਾਜ਼ ਨਾ ਰਿਹਾ ।               
              ਜਦ 1950 ਵਿੱਚ ਉਸ ਦੀ ਗੁੱਡੀ ਸਿਖ਼ਰਾਂ ਤੇ ਸੀ ਤਾਂ,ਹੌਲੀਵੁੱਡ ਵਿੱਚ ਵੀ ਉਸ ਦੇ ਨਾਂਅ ਦੀ ਬਹੁਤ ਚਰਚਾ ਸੀ । ਅਮਰੀਕਾ ਤੋਂ ਛਪਦੇ ਵਿਸ਼ੇਸ਼ ਮੈਗ਼ਜ਼ੀਨ ਥਿਏਟਰ ਆਰਟਸ ਵਿੱਚ ਪੂਰੇ ਪੇਜ਼ ਤੇ ਛਪੀ ਮਧੂਬਾਲਾ ਦੀ ਤਸਵੀਰ ਸਮੇਤ ਆਰਟੀਕਲ ਛਪਿਆ । ਅਮਰੀਕੀ ਫ਼ਿਲਮ ਨਿਰਮਾਤਾ ਫ਼੍ਰੈਕ ਕਾਪਰਾ ਨੇ ਮਧੂਬਾਲਾ ਨੂੰ ਫ਼ਿਲਮ ਲਈ ਸਾਈਨ ਕਰਨ ਵਾਸਤੇ ਮੁੰਬਈ ਆ ਕੇ ਪ੍ਰਪੋਜ਼ਲ ਵੀ ਰੱਖੀ।ਪਰ ਮਧੂਬਾਲਾ ਦੇ ਪਿਤਾ ਨੇ ਇਨਕਾਰ ਕਰ ਦਿੱਤਾ । ਮਧੂ ਬਾਲਾ ਦੀ ਇਹ ਵੀ ਖ਼ਵਾਇਸ਼ ਸੀ ਕਿ ਜੇ ਇੱਕ ਦਿਨ ਮਰਨਾਂ ਹੀ ਹੈ ਤਾਂ ਮਾਂਗ ਵਿੱਚ ਸੰਧੂਰ ਪੁਆ ਕੇ ਹੀ ਮਰੇ । ਉਸਨੇ ਕਿਸ਼ੋਰ ਕੁਮਾਰ ਨਾਲ 1958 ਵਿੱਚ ਫ਼ਿਲਮ ਚਲਤੀ ਕਾ ਨਾਮ ਗਾੜੀ ਅਤੇ 1961 ਨੂੰ ਝੁਮਰੂ ਵਿੱਚ ਕੰਮ ਕੀਤਾ । ਇਕੱਠਿਆਂ ਨੇ ਕੁੱਝ ਹੋਰ ਫ਼ਿਲਮਾਂ ਵੀ ਕੀਤੀਆਂ। ਇਸ ਤਰ੍ਹਾਂ ਉਹ ਇੱਕ ਦੂਜੇ ਦੇ ਕਰੀਬ ਆ ਗਏ । ਕਿਸ਼ੋਰ ਦਾ ਪਹਿਲੀ ਪਤਨੀ ਰੂਮਾਂ ਗੁਹਾ ਠਾਕੁਰਤਾ (1950-1958) ਨਾਲੋ ਤਲਾਕ ਦਾ ਕੇਸ ਚੱਲ ਰਿਹਾ ਸੀ,ਜੋ ਜਲਦੀ ਖ਼ਤਮ ਹੋ ਗਿਆ । ਕਿਸ਼ੋਰ ਅਤੇ ਮਧੂ ਨੇ ਜਾਤੀ ਵਿਰੋਧਾਂ ਤੋਂ ਬੇਪ੍ਰਵਾਹ ਹੁੰਦਿਆਂ 16 ਨਵੰਬਰ 1960 ਨੂੰ ਨਿਕਾਹ ਕਰਵਾ ਲਿਆ ।
                     ਫ਼ਿਲਮ ਮੁਗਲ-ਇ-ਆਜ਼ਮ ਵਿੱਚ ਅਨਾਰਕਲੀ ਵਜੋਂ ਨਿਭਾਈ ਭੂਮਿਕਾ ਅੱਜ ਵੀ ਤਰੋ-ਤਾਜਾ ਜਾਪਦੀ ਹੈ।ਇਸ ਫ਼ਿਲਮ ਨੂੰ ਐਨੀ ਅਹਿਮੀਅਤ ਹਾਸਲ ਹੈ ਕਿ ਇਸ ਨੂੰ ਹੁਣ ਰੰਗੀਨ ਬਣਾ ਕੇ ਦਰਸ਼ਕਾਂ ਲਈ ਫਿਰ ਤੋਂ ਪੇਸ਼ ਕੀਤਾ ਗਿਆ ਹੈ । ਪਿਆਰ ਕੀਆ ਤੋ ਡਰਨਾਂ ਕਿਆ ਗੀਤ ਤੇ ਨਾਚ ਕਰਨ ਲਈ ਮਧੂਬਾਲਾ ਨੇ ਡੇਢ ਸਾਲ ਅਭਿਆਸ ਕੀਤਾ ਅਤੇ ਇਸ ਵਿੱਚ ਰੂਹ ਭਰ ਵਿਖਾਈ । ਅਨਾਰਕਲੀ ਦੇ ਰੋਲ ਨੂੰ ਮਧੂਬਾਲਾ ਨੇ ਅਮਰ ਕਰ ਵਿਖਾਇਆ ਅਤੇ ਅਨਾਰਕਲੀ ਨੇ ਮਧੂਬਾਲਾ ਨੂੰ ਜ਼ਿੰਦਗੀ ਦਿੱਤੀ ।
                ਮਧੂਬਾਲਾ ਨੇ ਪ੍ਰਾਈਵੇਟ ਲਿਮਟਿਡ ਦੇ ਨਾਅ ਤਹਿਤ ਕੁੱਝ ਖ਼ਾਸ ਭੂਮਿਕਾਵਾਂ ਕਰਨ ਦੀ ਤਮੰਨਾ ਦਾ ਸਿਰ ਵੀ ਪਲੋਸਿਆ । ਉਸ ਨੇ 1949 ਵਿੱਚ ਇਮਤਿਹਾਂਨ 1955 ਵਿੱਚ ਨਾਤਾ ਅਤੇ 1960 ਵਿੱਚ ਮਹਿਲੋਂ ਕੇ ਖ਼ਵਾਬ ਫ਼ਿਲਮ ਦਾ ਨਿਰਮਾਣ ਵੀ ਕੀਤਾ । ਮਧੂਬਾਲਾ ਨੇ ਧੰਨਾ ਭਗਤ(1945)ਅਤੇ ਪੁਜਾਰੀ(1946)ਵਿੱਚ ਗੀਤ ਵੀ ਗਾਏ ,ਜਿਹੜੇ ਕਿ ਬੇਬੀ ਮੁਮਤਾਜ ਉੱਤੇ ਹੀ ਫ਼ਿਲਮਾਏ ਗਏ ਸਨ । ਮਧੂਬਾਲਾ ਦੀਆਂ ਕੁੱਝ ਫ਼ਿਲਮਾਂ ਉਸ ਦੇ ਰੁਖ਼ਸਤ ਹੋਣ ਮਗਰੋਂ ਵੀ ਰਿਲੀਜ਼ ਹੋਈਆਂ ।
             
                        ਕਿਸ਼ੋਰ ਕੁਮਾਰ ਨਾਲ 9 ਸਾਲ ਤੱਕ ਹੀ ਸਾਥ ਨਿਭਾ ਸਕਣ ਵਾਲੀ ਮਧੂ ਬਾਲਾ ਨੂੰ 23 ਫਰਵਰੀ 1969 ਐਤਵਾਰ ਦੀ ਸਵੇਰ ਅਜਿਹਾ ਦਿਲ ਦਾ ਦੌਰਾ ਪਿਆ ਕਿ ਉਹ ਆਪਣੀ ਉਮਰ ਦੇ ਮਹਿਜ 36 ਬਸੰਤ ਵੇਖਣ ਉਪਰੰਤ ਹੀ ਸਦਾ ਦੀ ਨੀਂਦ ਸੌਂ ਗਈ । ਐਨੀ ਮਕਬੂਲੀਅਤ ਵਾਲੀ ਅਦਾਕਾਰਾ ,ਜਿਸ ਬਾਰੇ ਪਹਿਲਾਂ ਹੀ ਇਹ ਦੱਸ ਦਿੱਤਾ ਗਿਆ ਸੀ ਕਿ ਉਹ ਪਤਾ ਨਹੀਂ ਕਿਸ ਦਿਨ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਏ ,ਨੂੰ ਕੋਈ ਵੀ ਇਨਾਮ-ਸਨਮਾਨ ਨਾਂ ਦਿੱਤਾ ਗਿਆ । ਭਾਵੇਂ ਉਹਦੇ ਕਈ ਰੋਲ ਅਤੇ ਉਹਦੀਆਂ ਕਈ ਫ਼ਿਲਮਾਂ ਬਹੁਤ ਹਿੱਟ ਰਹੀਆਂ । ਜਿਉਂਦੇ ਜੀਅ ਉਹਦੀ ਇਹ ਸੱਧਰ ਖ਼ੁਦਕਸ਼ੀਆਂ ਕਰਦੀ ਰਹਿ ਗਈ ਅਤੇ ਉਸ ਦੇ ਨਾਲ ਹੀ ਦਫ਼ਨ ਹੋ ਗਈ । ਜਿਸਦਾ ਉਹਦੇ ਚਹੇਤਿਆਂ ਨੂੰ ਕੱਲ੍ਹ ਵੀ ਗਿਲਾ ਸੀ ,ਅੱਜ ਵੀ ਗਿਲਾ ਹੈ ਅਤੇ ਇਹ ਕੱਲ੍ਹ ਨੂੰ ਵੀ ਬਰਕਰਾਰ ਰਹੇਗਾ ।  
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232
             www.ranjitsinghpreet.com
             www.rpreet.blogspot.com
             www.rspreet.blogspot.com

No comments:

Post a Comment

preetranjit56@gmail.com