Friday, February 10, 2012


     ਅਰਜਨਟੀਨਾਂ ਬਣਿਆਂ ਮਹਿਲਾ ਹਾਕੀ ਚੈਂਪੀਅਨਜ਼ ਟਰਾਫ਼ੀ ਚੈਂਪੀਅਨ
                                               ਰਣਜੀਤ ਸਿੰਘ ਪ੍ਰੀਤ
                         ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿੱਚ 20ਵੀਂ ਮਹਿਲਾ ਚੈਂਪੀਅਨਜ਼ ਟਰਾਫ਼ੀ 28 ਜਨਵਰੀ ਤੋਂ 5 ਫਰਵਰੀ ਤੱਕ ਖੇਡੀ ਗਈ । ਜਿਸ ਵਿੱਚ ਸ਼ਾਮਲ ਹੋਈਆਂ 8 ਟੀਮਾਂ ਨੂੰ ਪੂਲ ਏ:ਹਾਲੈਂਡ,ਇੰਗਲੈਂਡ,ਚੀਨ ,ਜਪਾਨ,ਅਤੇ ਪੂਲ ਬੀ ਜਰਮਨੀ,ਦੱਖਣੀ ਕੋਰੀਆ,ਨਿਊਜ਼ੀਲੈਂਡ,ਅਰਜਨਟੀਨਾ ਅਨੁਸਾਰ ਵੰਡਿਆ ਗਿਆ ਸੀ । ਇਸ ਵਰਗ ਦਾ ਪਹਿਲਾ ਮੁਕਾਬਲਾ 1987 ਵਿੱਚ ਹਾਲੈਂਡ ਨੇ ਐਮਸਤਲਵੀਨ ਵਿੱਚ ਆਸਟਰੇਲੀਆ ਨੂੰ ਹਰਾਕੇ ਜਿੱਤਿਆ ਸੀ । ਸਨ 2011 ਦਾ 19ਵਾਂ ਮੁਕਾਬਲਾ ਵੀ ਹਾਲੈਂਡ ਨੇ ਆਪਣੀ ਹੀ ਮੇਜ਼ਬਾਨੀ ਅਧੀਨ ਐਮਸਟਰਡਮ ਵਿੱਚ ਅਰਜਨਟੀਨਾ ਨੂੰ 3-3 ਨਾਲ ਬਰਾਬਰ ਰਹਿਣ ਮਗਰੋਂ, ਪਨੈਲਟੀ ਸਟਰੌਕ ਜ਼ਰੀਏ 3-2 ਨਾਲ ਹਰਾਕੇ ਜਿੱਤਿਆ । ਅਗਲਾ 21ਵਾਂ ਮੁਕਾਬਲਾ 2014 ਨੁੰ ਭਾਰਤ ਵਿੱਚ ਹੋਣਾ ਹੈ । ਹੁਣ ਤੱਕ 7 ਮੁਲਕ ਹੀ ਫਾਈਨਲ ਖੇਡੇ ਹਨ । ਹਾਲੈਂਡ-ਆਸਟਰੇਲੀਆ ਨੇ 10-10 ਫਾਈਨਲ ਖੇਡ ਕੇ 6-6 ਜਿੱਤਾਂ ਹਾਸਲ ਕੀਤੀਆਂ ਹਨ,ਪਰ 8 ਵਾਰੀ ਤੀਜਾ ਸਥਾਨ ਲੈਣ ਕਰਕੇ ਹਾਲੈਂਡ ਸਿਖ਼ਰਤੇ ਹੈ । ਆਸਟਰੇਲੀਆ ਨੇ 2 ਵਾਰ ਤੀਜਾ ਅਤੇ 3 ਵਾਰ ਚੌਥਾ ਸਥਾਨ ਲਿਆ ਹੈ । ਅਰਜਨਟੀਨਾਂ ਨੇ 8 ਫਾਈਨਲ ਖੇਡੇ ਹਨ,5 ਵਾਰੀ ਖ਼ਿਤਾਬ ਜੇਤੂ ਬਣਿਆਂ ਹੈ । ਤਿੰਨ ਵਾਰੀ ਦੂਜੀ ਅਤੇ ਇੱਕ ਵਾਰੀ ਤੀਜੀ ਪੁਜ਼ੀਸ਼ਨ ਮੱਲੀ ਹੈ । ਜਰਮਨੀ ਨੇ 6,ਚੀਨ ਨੇ 3 ਅਤੇ ਦੱਖਣੀ ਕੋਰੀਆ ਨੇ 2, ਫਾਈਨਲ ਖੇਡ ਕੇ ਇੱਕ-ਇੱਕ ਹੀ ਜਿੱਤਿਆ ਹੈ । ਇੰਗਲੈਂਡ ਨੇ 5 ਫਰਵਰੀ ਨੂੰ  ਇੱਕ ਫਾਈਨਲ ਖੇਡ ਕੇ ,ਉਹੀ ਅਰਜਨਟੀਨਾ ਤੋਂ 1-0 ਨਾਲ ਹਾਰਿਆ ਹੈ । ਪਰ ਫਾਈਨਲ ਖੇਡਣ ਵਾਲੇ 7 ਵੇਂ ਮੁਲਕ ਵਜੋਂ ਆਪਣਾ ਨਾਂ ਦਰਜ ਕਰਵਾਉਣ ਵਿੱਚ ਸਫ਼ਲ ਰਿਹਾ ਹੈ ।
                      ਲੰਡਨ ਓਲੰਪਿਕ ਤੋਂ ਪਹਿਲਾਂ ਦਾ ਇਹ ਅਹਿਮ ਮੁਕਾਬਲਾ ਸੀ,ਜਿਸ ਦਾ ਮੁਢਲਾ ਰਾਊਂਡ ਰੌਬਿਨ ਗੇੜ 28 ਜਨਵਰੀ ਤੋਂ 31 ਜਨਵਰੀ ਤੱਕ ਚੱਲਿਆ । ਜਦੋਂ ਕਿ 2 ਫਰਵਰੀ ਤੋਂ 5 ਫਰਵਰੀ ਤੱਕ ਨਾਕ-ਆਊਟ ਗੇੜ ਖੇਡਿਆ ਗਿਆ । ਕੁੱਲ ਮਿਲਾਕੇ ਖੇਡੇ ਗਏ 24 ਮੈਚਾਂ ਵਿੱਚ 110 ਗੋਲ ਹੋਏ । ਦੋਹਾਂ ਗਰੁੱਪਾਂ ਵਿੱਚੋਂ 2-2 ਦੇ ਹਿਸਾਬ ਨਾਲ ਰੋਜ਼ਾਨਾ 4-4 ਮੈਚ ਖੇਡੇ ਗਏ । ਜਨਵਰੀ 30,ਪਹਿਲੀ ਫਰਵਰੀ ਅਤੇ 4 ਨੂੰ ਅਰਾਮ ਦੇ ਦਿਨ ਸਨ ।  ਉਦਘਾਟਨੀ ਮੈਚ ਹਾਲੈਂਡ ਅਤੇ ਚੀਨ ਦਰਮਿਆਂਨ ਹੋਇਆ ,ਜੋ 3-1 ਨਾਲ ਹਾਲੈਂਡ ਦੇ ਹਿੱਸੇ ਰਿਹਾ । ਪੂਲ ਏ ਵਿੱਚ ਹਾਲੈਂਡ ਦੀ ਟੀਮ 2 ਜਿੱਤਾਂ, ਇੱਕ ਬਰਾਬਰੀ ਸਦਕਾ 9 ਗੋਲ ਕਰਕੇ ,4 ਕਰਵਾਕੇ +5 ਦੇ ਗਣਿਤ ਅਨੁਸਾਰ 7 ਅੰਕਾਂ ਨਾਲ ਸ਼ਿਖਰਤੇ ਰਹੀ । ਏਸੇ ਹੀ ਜਿੱਤਾਂ ਹਾਰਾਂ ਦੇ ਹਿਸਾਬ ਨਾਲ 7 ਅੰਕ ਲੈ ਕੇ ਇੰਗਲੈਂਡ ਟੀਮ ਦੂਜੇ ਸਥਾਨ ਤੇ ਰਹੀ । ਫ਼ਰਕ ਸਿਰਫ਼ ਇਹ ਰਿਹਾ ਕਿ ਇਸ ਨੇ 8 ਗੋਲ ਕੀਤੇ ਅਤੇ 3 ਗੋਲ ਕਰਵਾਏ । ਚੀਨਣਾਂ ਨੇ ਇੱਕ ਮੈਚ ਜਿੱਤ ਕੇ 3 ਅੰਕ ਲਏ,ਜਦੋਂ ਕਿ ਜਪਾਨ ਦੀ ਟੀਮ ਕੋਈ ਵੀ ਮੈਚ ਨਾ ਜਿੱਤ ਸਕੀ,ਅਤੇ ਨਾ ਹੀ ਉਸਦੀ ਝੋਲੀ ਕੋਈ ਅੰਕ ਪਿਆ ।
                       ਪੂਲ ਬੀ ਵਿੱਚ ਪਹਿਲਾ ਮੈਚ ਜਰਮਨੀ ਨੇ ਕੋਰੀਆ ਨੂੰ 4-2 ਨਾਲ ਹਰਾ ਕੇ ਜਿੱਤਿਆ । ਪਰ ਏਸੇ ਹੀ ਗੋਲ ਅੰਤਰ ਨਾਲ ਅਰਜਨਟੀਨਾਂ ਤੋਂ ਹਾਰ ਦਾ ਦੁੱਖ ਝੱਲਿਆ । ਪਰ ਫਿਰ ਵੀ 2 ਜਿੱਤਾਂ ਇੱਕ ਹਾਰ ਸਦਕਾ ਜਰਮਨੀ 9 ਗੋਲ ਕਰਕੇ,7 ਕਰਵਾਕੇ ,+2 ਅਨੁਸਾਰ 6 ਅੰਕਾਂ ਨਾਲ ਪੂਲ ਵਿੱਚੋਂ ਟਾਪਰ ਬਣਿਆਂ । ਅਰਜਨਟੀਨਾਂ ਇੱਕ ਮੈਚ ਜਿੱਤ ਕੇ,2 ਬਰਾਬਰ ਖੇਡਕੇ,8 ਗੋਲ ਕਰਕੇ 6 ਕਰਵਾਕੇ ,+2 ਮੁਤਾਬਕ 5 ਅੰਕਾਂ ਨਾਲ ਪੂਲ ਵਿੱਚੋਂ ਦੋਮ ਰਿਹਾ । ਕੋਰੀਆ,ਨਿਊਜ਼ੀਲੈਂਡ ਨੇ 2-2 ਬਰਾਬਰੀਆਂ ,1-1 ਹਾਰ ਨਾਲ ,-2,-2 ਗੋਲ ਅੰਤਰ ਤਹਿਤ 2-2 ਅੰਕ ਹੀ ਹਾਸਲ ਕੀਤੇ । ਪਰ ਕੋਰੀਆ ਦਾ 6 ਗੋਲ ਕਰਨ , 8 ਕਰਵਾਉਂਣ ਨਾਲ ਪੂਲ ਵਿੱਚ ਤੀਜਾ ਸਥਾਨ ਰਿਹਾ । ਜਦੋਂ ਕਿ ਨਿਊਜ਼ੀਲੈਂਡ ਦੇ ਗੋਲਾਂ ਦਾ ਹਿਸਾਬ-ਕਿਤਾਬ 5,7 ਰਿਹਾ ।
              ਪਹਿਲੇ ਰਾਊਂਡ ਰੌਬਿਨ ਦੌਰ ਦੇ ਮੈਚਾਂ ਮਗਰੋਂ 2 ਫਰਵਰੀ ਤੋਂ ਨਾਕ ਆਊਟ ਗੇੜ (ਕੁਆਰਟਰ ਫਾਈਨਲ) ਸ਼ੁਰੂ ਹੋਇਆ ਅਤੇ 4 ਮੈਚ ਖੇਡੇ ਗਏ । ਹਾਲੈਂਡ ਨੇ ਨਿਊਜ਼ੀਲੈਂਡ ਨੂੰ 3-0 ਨਾਲ,ਜਰਮਨੀ ਨੇ ਜਪਾਨ ਨੂੰ 3-2 ਨਾਲ,ਇੰਗਲੈਂਡ ਨੇ ਕੋਰੀਆ ਨੂੰ 4-1 ਨਾਲ,ਅਤੇ ਮੇਜ਼ਬਾਨ ਅਰਜਨਟੀਨਾ ਨੇ ਚੀਨ ਨੂੰ 3-2 ਨਾਲ ਸ਼ਿਕੱਸ਼ਤ ਦਿੰਦਿਆ ,ਕਦਮ ਅੱਗੇ ਵਧਾਏ । ਇਸ ਗੇੜ ਵਿੱਚੋਂ ਹਾਰੀਆਂ 4 ਟੀਮਾਂ ਨੇ 3 ਫਰਵਰੀ ਨੂੰ ਦੋ ਕਰਾਸਓਵਰ ਮੈਚ ਖੇਡੇ,ਜਿਨ੍ਹਾਂ ਵਿੱਚ ਜਪਾਨ ਨੇ ਕੋਰੀਆ ਨੂੰ 4-3 ਨਾਲ,ਅਤੇ ਨਿਊਜ਼ੀਲੈਂਡ ਨੇ ਚੀਨ ਨੂੰ 3-2 ਨਾਲ ਮਾਤ ਦਿੱਤੀ । ਇਹਨਾਂ ਦੋਹਾਂ ਮੈਚਾਂ ਦਾ ਫ਼ੈਸਲਾ ਗੋਲਡਨ ਗੋਲ ਜ਼ਰੀਏ ਹੋਇਆ । ਕੁਆਰਟਰ ਫਾਈਨਲ ਦੀਆਂ ਜੇਤੂ ਟੀਮਾਂ ਨੇ 4 ਫਰਵਰੀ ਨੂੰ ਸੈਮੀਫਾਈਨਲ ਮੈਚ ਖੇਡੇ । ਜਿਨ੍ਹਾਂ ਵਿੱਚ ਇੰਗਲੈਂਡ ਨੇ ਜਰਮਨੀ ਨੂੰ 2-0 ਨਾਲ,ਅਰਜਨਟੀਨਾਂ ਨੇ ਹਾਲੈਂਡ ਨੂੰ 2-2 ਤੇ ਬਰਾਬਰ ਰਹਿਣ ਮਗਰੋਂ ,ਪਨੈਲਟੀ ਸ਼ੂਟ ਆਊਟ ਰਾਹੀਂ 2-0 ਨਾਲ ਹਰਾ ਕੇ ਫਾਈਨਲ ਪ੍ਰਵੇਸ਼ ਪਾਇਆ ।
                                ਵੀਹਵੀਂ ਚੈਂਪੀਅਨਜ਼ ਟਰਾਫ਼ੀ ਦੇ ਅਖ਼ੀਰਲੇ ਦਿਨ 5 ਫਰਵਰੀ ਨੂੰ ਵੀ 4 ਮੈਚ ਹੀ ਖੇਡੇ ਗਏ । ਸੱਤਵੇਂ ਅੱਠਵੇਂ ਸਥਾਨ ਲਈ ਚੀਨ ਅਤੇ ਕੋਰੀਆ ਦਾ ਮੈਚ 3-3 ਨਾਲ ਬਰਾਬਰ ਰਹਿਣਤੇ ਪਨੈਲਟੀ ਸ਼ੂਟ ਆਊਟ ਰਾਹੀਂ 3-2 ਨਾਲ ਕੋਰੀਆ ਦੇ ਹਿੱਸੇ ਰਿਹਾ । ਪੰਜਵੇਂ ਸਥਾਨ ਲਈ ਜਪਾਨ ਨੇ ਨਿਊਜ਼ੀਲੈਂਡ ਨੂੰ 4-3 ਨਾਲ ਮਾਤ ਦਿੱਤੀ । ਤੀਜੀ ਪੁਜ਼ੀਸ਼ਨ ਹਾਲੈਂਡ ਨੇ ਜਰਮਨੀ ਨੂੰ 5-4 ਨਾਲ ਹਰਾਕੇ ਹਾਸਲ ਕੀਤੀ । ਟਰਾਫ਼ੀ ਦਾ ਇਹੀ ਉੱਚ ਮੈਚ ਸਕੋਰ ਰਿਹਾ । ਫਾਈਨਲ ਵਿੱਚ ਅਰਜਨਟੀਨਾਂ ਨੇ ਪਹਿਲੀ ਵਾਰੀ ਫਾਈਨਲ ਤੱਕ ਅਪੜੇ ਇੰਗਲੈਂਡ ਨੂੰ 1-0 ਨਾਲ ਸ਼ਿਕੱਸ਼ਤ ਦਿੰਦਿਆਂ ਪੰਜਵੀ ਵਾਰ ਖ਼ਿਤਾਬ ਉੱਤੇ ਕਬਜ਼ਾ ਕਰਕੇ ਜਿੱਤ ਦਾ ਜਸ਼ਨ ਮਨਾਇਆ । ਟਰਾਫ਼ੀ ਦੀ ਵਧੀਆ ਖਿਡਾਰਨ ਅਰਜਨਟੀਨਾਂ ਦੀ ਲੂਸੀਆਨਾ ਆਇਮਰ,ਏਸੇ ਮੁਲਕ ਦੀ ਵਧੀਆ ਗੋਲ ਕੀਪਰ ਬਿਲਿਨ ਸੂਕੀ ਅਖਵਾਈ । ਫ਼ੇਅਰ ਪਲੇਅ ਟਰਾਫ਼ੀ ਜਰਮਨੀ ਨੇ ਜਿੱਤੀ । ਜਦੋਂ ਕਿ ਇੰਗਲੈਂਡ ਦੀ ਕਰਿਸਟਾ ਕੁਲਿਨ,ਜਪਾਨ ਦੀ ਰਿਕਾ ਕੋਮਾਜ਼ਾਵਾ,ਅਤੇ ਕੋਰੀਆ ਦੀ ਲੀ ਸਿਓਨ ਓਕ 5-5 ਗੋਲ ਕਰਕੇ ਟਾਪ ਸਕੋਰਰ ਰਹੀਆਂ । ਪਰ ਹੁਣ ਤੱਕ ਦੇ ਚੈਂਪੀਅਨਜ਼ ਟਰਾਫ਼ੀ ਇਤਿਹਾਸ ਵਿੱਚ ਕੋਰੀਆ ਦੀ ਲਿਮ ਕਿਏ ਸੂਕ ਨੇ 8 ਗੋਲ,ਅਤੇ ਆਸਟਰੇਲੀਆ ਦੀ ਜੈਕੀ ਪਰੀਰਿਆ 7 ਗੋਲ ਕਰਨ ਕਰਕੇ ਸ਼ਿਖ਼ਰਲੀ ਪਾਇਦਾਨ ਉੱਤੇ ਕਾਇਮ ਹਨ ।
                            ***********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

No comments:

Post a Comment

preetranjit56@gmail.com