Tuesday, March 6, 2012

ਅੱਜ ਬਣ ਰਿਹਾ ਏ ਮੁੱਖ ਮੰਤਰੀ ਖੁੱਲ੍ਹ ਰਹੀ ਏ ਪੋਟਲੀ


               ਅੱਜ ਬਣ ਰਿਹਾ ਏ ਮੁੱਖ ਮੰਤਰੀ ਖੁੱਲ੍ਹ ਰਹੀ ਏ ਪੋਟਲੀ
                                                   ਰਣਜੀਤ ਸਿੰਘ ਪ੍ਰੀਤ
                       ਇਸ ਵਾਰੀ ਸੱਭ ਤੋਂ ਵੱਧ 36 ਦਿਨ ਪੰਜਾਬੀਆਂ ਨੂੰ ਚੋਣ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ ਏ । ਇਸ ਤੋਂ ਪਹਿਲਾਂ 1997 ਵਿੱਚ 7 ਫਰਵਰੀ ਨੂੰ ਚੋਣਾਂ ਹੋਈਆਂ ਸਨ ਅਤੇ ਗਿਣਤੀ 9 ਫਰਵਰੀ ਨੂੰ ਹੀ ਹੋ ਗਈ ਸੀ । ਸਨ 2002 ਵਿੱਚ 13 ਫਰਵਰੀ ਨੂੰ ਵੋਟਾਂ ਪਈਆਂ ,ਅਤੇ ਮੁਖ ਮੰਤਰੀ ਦਾ ਪਤਾ 24 ਫਰਵਰੀ ਦੇ ਨਤੀਜਿਆਂ ਨਾਲ ਹੀ ਸਾਹਮਣੇ ਆ ਗਿਆ ਸੀ । ਪਿਛਲੀਆਂ 2007 ਦੀਆਂ ਚੋਣਾਂ ਮੌਕੇ 13 ਫਰਵਰੀ ਦੀ ਪੋਲਿੰਗ ,ਮਗਰੋਂ 27 ਫਰਵਰੀ ਤੱਕ ਹੀ ਨਤੀਜਿਆਂ ਦੀ ਉਡੀਕ ਕਰਨੀ ਪਈ ਸੀ । ਪਰ ਇਸ ਵਾਰੀ ਬਹੁਤਾ ਸਮਾਂ ਲੱਗਣ ਕਰਕੇ ਬਹੁਤ ਸਾਰੇ ਕੰਮ ਵੀ ਪ੍ਰਭਾਵਿਤ ਹੋਏ ਹਨ । ਅੱਜ 30 ਜਨਵਰੀ ਤੋਂ ਮਸ਼ੀਨਾਂ ਵਿੱਚ ਬੰਦ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੁੱਝ ਹੀ ਘੰਟਿਆਂ ਬਾਅਦ ਬਾਹਰ ਆ ਰਿਹਾ ਏ । ਲੰਮੀ ਉਡੀਕ ਨੇ ਰਾਜਨੀਤਕ ਨੇਤਾਵਾਂ ਦੇ ਸਾਹ ਸੂਤੀ ਰੱਖੇ ਹਨ । ਉਹਨਾਂ ਨੇ ਵੱਖ ਵੱਖ ਥਾਵਾਂ ਤੇ ਜਾ ਕੇ ਸੁੱਖਾਂ ਸੁੱਖੀਆਂ ਅਤੇ ਨਤ-ਮਸਤਕ ਹੋਏ ਹਨ । ਪਰ ਉਹ ਸ਼ਾਇਦ ਇਹ ਗੱਲ ਭੁੱਲੇ ਰਹੇ ਸਨ,ਕਿ ਜੋ ਲੋਕ  ਫ਼ੈਸਲਾ 30 ਜਨਵਰੀ ਨੂੰ ਹੋ ਚੁੱਕਿਆ ਏ ,ਉਸ ਨੂੰ ਇਹਨਾਂ ਸੁੱਖਣਾ ਨਾਲ ਬਦਲਿਆ ਨਹੀਂ ਜਾ ਸਕਦਾ । ਪਰ ਫਿਰ ਵੀ 9 ਮਹੀਨੇ ਹਰੇਕ ਹੀ ਮੁੰਡੇ ਦੀ ਮਾਂ ਵਾਲੀ ਗੱਲ ਵਾਂਗ, ਇਹਨਾਂ ਨੇ ਜਿੱਤਾਂ ਦੇ ਦਾਅਵੇ ਬਰਕਰਾਰ ਰੱਖੇ ਹਨ । ਹੁਣ ਤੱਕ ਦੇ ਪੰਜਾਬ ਇਤਿਹਾਸ ਵਿੱਚ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ 37 ਸਾਲ 25 ਦਿਨ ਰਾਜ ਕੀਤਾ ਹੈ । ਏਸੇ ਹੀ ਪਰਾਟੀ ਦੇ ਡਾਕਟਰ ਗੋਪੀ ਚੰਦ ਭਾਰਗਵ ਨੇ ਸੱਭ ਤੋਂ ਘੱਟ ਸਿਰਫ਼ 16 ਦਿਨ ਮੁੱਖ ਮੰਤਰੀ ਵਜੋਂ 21 ਜੂਨ 1964 ਤੋਂ 6 ਜੁਲਾਈ 1964 ਤੱਕ ਬਿਤਾਏ ਹਨ । ਜਦੋਂ ਕਿ ਪ੍ਰਤਾਪ ਸਿੰਘ ਕੈਰੋਂ ਨੇ ਲਗਾਤਾਰ ਸਭ ਤੋਂ ਵੱਧ ਸਮਾਂ 23 ਜਨਵਰੀ 1956 ਤੋਂ 21 ਜੂਨ 1964 ਤੱਕ 8 ਸਾਲ 5 ਮਹੀਨੇ ਮੁੱਖ ਮੰਤਰੀ ਵਜੋਂ ਕਾਰਜ ਕੀਤਾ ਹੈ । ਗਿਆਨੀ ਜ਼ੈਲ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕ੍ਰਮਵਾਰ 5 ਸਾਲ ਇੱਕ ਮਹੀਨਾ 4 ਦਿਨ ਅਤੇ 5 ਸਾਲ 3 ਦਿਨ ਮੁੱਖ ਮੰਤਰੀ ਦੀ ਕੁਰਸੀ ਦਾ ਨਿੱਘ ਮਾਣਿਆਂ ਹੈ ।
                   ਅਕਾਲੀ ਪਾਰਟੀ ਨੇ ਕੁੱਲ ਮਿਲਾਕੇ 18 ਸਾਲ 3 ਮਹੀਨੇ 21 ਦਿਨ ਰਾਜ ਕਰਿਆ ਹੈ । ਦੂਜੇ ਸ਼ਬਦਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਕਾਂਗਰਸ ਨਾਲੋਂ ਅੱਧਾ ਸਮਾਂ ਹੀ ਰਾਜ ਕੀਤਾ ਹੈ । ਜਸਟਿਸ ਗੁਰਨਾਮ ਸਿੰਘ ਨੇ ਸਭ ਤੋਂ ਘੱਟ ਸਮਾਂ ਸਿਰਫ਼ 8 ਮਹੀਨੇ 22 ਦਿਨ, 8 ਮਾਰਚ 1967 ਤੋਂ 23 ਨਵੰਬਰ 1967 ਤੱਕ ਮੁੱਖ ਮੰਤਰੀ ਵਜੋਂ ਕੁਰਸੀ ਸੰਭਾਲੀ ਹੈ । ਅਕਾਲੀ ਪਾਰਟੀ ਦੇ ਪ੍ਰਕਾਸ਼ ਸਿੰਘ ਬਾਦਲ ਹੀ ਅਜਿਹੇ ਪਹਿਲੇ ਮੁੱਖ ਮੰਤਰੀ ਅਖਵਾਏ ਹਨ । ਜਿੰਨ੍ਹਾਂ ਨੇ ਪਹਿਲੀ ਵਾਰ 5 ਸਾਲ 17 ਦਿਨ, 12 ਫਰਵਰੀ 1997 ਤੋਂ 26 ਫਰਵਰੀ 2002 ਤੱਕ ਪੂਰੇ ਕੀਤੇ ਹਨ । ਹੁਣ ਦੂਜੀ ਪਾਰੀ ਵਿੱਚ ਵੀ ਚੋਣ ਨਤੀਜਿਆਂ ਵਾਲੇ ਦਿਨ ਤੱਕ ਉਹ 5 ਸਾਲ 7 ਦਿਨ ਮੁੱਖ ਮੰਤਰੀ ਵਜੋਂ ਬਿਤਾ ਚੁੱਕੇ ਹਨ । ਕੁੱਲ ਮਿਲਾਕੇ ਪੰਜਾਬ ਦੇ ਸਾਰੇ ਮੁੱਖ ਮੰਤਰੀਆਂ ਨਾਲੋਂ ਵੱਧ ਸਮਾਂ 13 ਸਾਲ 11 ਮਹੀਨੇ 15 ਦਿਨ ਪ੍ਰਕਾਸ਼ ਸਿੰਘ ਬਾਦਲ ਹੀ ਰਾਜ ਗੱਦੀ ਤੇ ਰਹੇ ਹਨ । ਪੰਜਾਬ ਵਿੱਚ 9 ਸਾਲ 5 ਮਹੀਨੇ 6 ਦਿਨ ਰਾਸ਼ਟਰਪਤੀ ਰਾਜ ਵੀ ਰਿਹਾ ਏ । ਜਿਸ ਵਿੱਚ ਸਭ ਤੋਂ ਘੱਟ ਸਮਾਂ 30 ਅਪ੍ਰੈਲ 1977 ਤੋਂ 20 ਜੂਨ 1977 ਤੱਕ ਸਿਰਫ਼ 51 ਦਿਨ ਦਾ ਹੈ । ਸਭ ਤੋਂ ਵੱਧ ਸਮਾਂ ਰਾਸ਼ਟਰਪਤੀ ਰਾਜ 11 ਜੂਨ 1987 ਤੋਂ 25 ਫਰਵਰੀ 1992 ਤੱਕ 4 ਸਾਲ 8 ਮਹੀਨੇ 13 ਦਿਨ ਰਿਹਾ ਏ ।
                 ਕਾਂਗਰਸ ਪਾਰਟੀ ਨੇ ਹੁਣ ਤੱਕ 11 ਮੁੱਖ ਮੰਤਰੀ ਅਜ਼ਮਾਏ ਹਨ । ਜਿੰਨ੍ਹਾਂ ਵਿੱਚ ਡਾਕਟਰ ਗੋਪੀ ਚੰਦ ਭਾਰਗਵ,ਭੀਮ ਸੈਨ ਸੱਚਰ,ਪ੍ਰਤਾਪ ਸਿੰਘ ਕੈਰੋਂ,ਰਾਮ ਕਿਸ਼ਨ,ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ,ਗਿਆਂਨੀ ਜੈਲ ਸਿੰਘ,ਦਰਬਾਰਾ ਸਿੰਘ,ਬੇਅੰਤ ਸਿੰਘ,ਹਰਚਰਨ ਸਿੰਘ ਬਰਾੜ,ਰਾਜਿੰਦਰ ਕੌਰ ਭੱਠਲ,ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਅ ਸ਼ਾਮਲ ਹਨ । ਜਦੋਂ ਕਿ ਅਕਾਲੀ ਪਾਰਟੀ ਨੇ ਸਿਰਫ਼ ਚਾਰ ਹੀ ਮੁੱਖ ਬਣਾਏ ਹਨ । ਜਸਟਿਸ ਗੁਰਨਾਮ ਸਿੰਘ,ਲਛਮਣ ਸਿੰਘ ਗਿੱਲ,ਸੁਰਜੀਤ ਸਿੰਘ ਬਰਨਾਲਾ,ਅਤੇ ਪ੍ਰਕਾਸ਼ ਸਿੰਘ ਬਾਦਲ । ਪੰਜਾਬ ਦੇ ਪਹਿਲੇ ਮੁੱਖ ਮੰਤਰੀ 1946 ਵਿੱਚ ਖਿਜਰ ਹਯਾਤ ਖਾਂ ਬਣੇ ਸਨ । ਜਦੋਂ ਕਿ ਪੰਜਾਬ ਵਿੱਚ ਆਜ਼ਾਦ ਭਾਰਤ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਬਣੇ ਅਤੇ ਉਹ 15 ਅਗਸਤ 1947 ਤੋਂ 13 ਅਪਰੈਲ 1949 ਤਕ ਇਸ ਅਹੁਦੇ ਤੇ ਰਹੇ ਲਛਮਣ ਸਿੰਘ ਗਿੱਲ ਭਾਵੇਂ ਅਕਾਲੀ ਪਾਰਟੀ ਦੀ ਟਿਕਟ ਤੇ ਚੋਣ ਜਿੱਤੇ ਸਨ,ਪਰ ਮਗਰੋਂ ਕਾਂਗਰਸ ਦੀ ਹਮਾਇਤ ਲੈਂਦਿਆਂ ਮੁੱਖ ਮੰਤਰੀ ਦੀ ਕੁਰਸੀ ਹਥਿਆ ਲਈ ਸੀ ।
                            ਭਾਰਤ ਵਿੱਚ ਪਹਿਲੀ ਗੈਰ-ਕਾਂਗਰਸੀ ਸਰਕਾਰ ਅਕਾਲੀ ਦਲ ਦੇ ਸਹਿਯੋਗ ਨਾਲ ਗਿਆਨ ਸਿੰਘ ਰਾੜੇਵਾਲਾ ਨੇ ਪੈਪਸੂ ਸਟੇਟ ਵਿੱਚ ਬਣਾਈ । ਪਰ ਇਹ 4 ਮਾਰਚ 1953 ਨੂੰ ਅਕਾਲੀ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਚੋਣ ਰੱਦ ਹੋਣ ਕਾਰਣ 5 ਮਾਰਚ ਨੂੰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਸਾਂਝੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ 23 ਜਨਵਰੀ 1956 ਨੂੰ ਪ੍ਰਤਾਪ ਸਿੰਘ ਕੈਰੋਂ ਬਣੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਖਵਾਈ ਹੈ । ਇਸ ਤੋਂ ਇਲਾਵਾ ਸਾਹਿਤਕਾਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ,ਗਿਆਂਨੀ ਜੈਲ ਸਿੰਘ ,ਅਤੇ ਇੱਕ ਵਾਰ ਕਮਿਊਨਿਸਟ ਪਾਰਟੀ ਦੇ ਰਾਮ ਕਿਸ਼ਨ ਵੀ ਮੁੱਖ ਮੰਤਰੀ ਬਣੇ ਹਨ ।
                 ਪਹਿਲੀ ਮਾਰਚ 2007 ਤੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹਨ ਅੱਜ ਕੁੱਝ ਹੀ ਸਮੇ ਤੱਕ ਪਤਾ ਲੱਗਣ ਵਾਲਾ ਹੈ ਕਿ ਵੋਟਰਾਂ ਨੇ  ਕਿਸ ਨੂੰ ਮੁੱਖ ਮੰਤਰੀ ਬਣਾਇਆ ਹੈ ? ਜੋ 30 ਜਨਵਰੀ ਤੋਂ ਹੀ ਮਸ਼ੀਨਾਂ ਵਿੱਚ ਬੰਦ ਪਿਆ ਹੈ । ਇਸ ਵਾਰੀ ਚੋਣਾਂ ਦੌਰਾਂਨ ਕਾਫੀ ਸੁਧਾਰ ਵੇਖਣ ਨੂੰ ਮਿਲੇ ਹਨ । ਪਰ ਚੋਣਾਂ ਸਮੇ ਅਜੇ ਹੋਰ ਲੋੜ ਹੈ ਚੌਕਸੀ ਦੀ,ਚੋਣ ਪ੍ਰਣਾਲੀ ਦੇ ਸੁਧਾਰ ਦੀ , ਕੁੱਝ ਹੋਰ ਗੱਲਾਂ ਵੀ ਬਹੁਤ ਧਿਆਂਨ ਮੰਗਦੀਆਂ ਹਨ,ਅਤੇ ਨਿਗਰਾਨੀ ਵੀ । ਇਸ ਵਾਸਤੇ ਸਿਖਿਆ ਦਾ ਵਿਕਾਸ ਬਹੁਤ ਜਰੂਰੀ ਹੈ । ਜੋ ਸਮੇ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ । ਕਿਓਂ ਕਿ ਇਹ ਗੱਲ ਉਹਨਾ ਦੇ ਮੇਚੇ ਨਹੀਂ ਬੈਠਦੀ ।
         
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232

No comments:

Post a Comment

preetranjit56@gmail.com