Sunday, August 26, 2012

ਗਰੀਬੀ ਅਤੇ ਲਚਾਰੀ ਦਾ ਸ਼ਿਕਾਰ ਰਿਹਾ –ਹੰਗਲ


ਗਰੀਬੀ ਅਤੇ ਲਚਾਰੀ ਦਾ ਸ਼ਿਕਾਰ ਰਿਹਾ –ਹੰਗਲ
ਰਣਜੀਤ ਸਿੰਘ ਪ੍ਰੀਤ
           2006 ਵਿੱਚ ਭਾਰਤ ਸਰਕਾਰ ਦਾ ਐਵਾਰਡ ਪਦਮ ਭੂਸ਼ਣ ਹਾਸਲ ਕਰਨ ਵਾਲੇ, ਇਪਟਾ ਨਾਲ ਜੁੜਦਿਆਂ ਬਲਰਾਜ ਸਾਹਨੀ,ਕੈਫ਼ੀ ਆਜ਼ਮੀ ਨਾਲ ਨਾਲ ਨੇੜਤਾ ਰੱਖਣ ਵਾਲੇ, ਕਰੀਬ 225 ਫ਼ਿ਼ਲਮਾਂ ਵਿੱਚ ਅਦਾਕਾਰੀ ਦਿਖਾਉਂਣ ਵਾਲੇ,ਫ਼ਿਲਮ ਸ਼ੋਅਲੇ ਵਿੱਚ ਰਹੀਮ ਚਾਚਾ ਵਜੋਂ ਨਾਮਣਾ ਖੱਟਣ ਵਾਲੇ ਭਾਰਤੀ ਹਿੰਦੀ ਫ਼ਿਲਮਾਂ ਦੇ ਕਰੈਕਟਰ ਐਕਟਰ ਅਵਤਾਰ ਕ੍ਰਿਸ਼ਨ ਹੰਗਲ 14 ਅਗਸਤ ਨੂੰ ਬਾਥਰੂਮ ਵਿੱਚ ਪੈਰ ਸਲਿੱਪ ਕਰਨ ਨਾਲ ਡਿੱਗ ਪਏ ਅਤੇ ਪਿਠ ਦੀ ਹੱਡੀ ਕਰੈਕ ਹੋ ਗਈ । ਰਿਹਾਇਸ਼ੀ ਫਲੈਟ ਸ਼ਾਤਾ ਕਰੂਜ਼ ਵਿਖੇ ਹੀ ਉਪਚਾਰ ਕੀਤਾ ਗਿਆ । ਪਰ ਹਾਲਤ ਵਿਗੜਨ ਸਦਕਾ 16 ਅਗਸਤ ਨੂੰ ਆਸ਼ਾ ਪਾਰਖ ਹਸਪਤਾਲ ਸ਼ਾਤਾ ਕਰੂਜ਼ ਵਿੱਚ ਦਾਖ਼ਲ ਕਰਵਾਇਆ ਗਿਆ । ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਹੋਣ ‘ਤੇ ਆਈ ਸੀ ਯੂ ਵਿੱਚ ਜੀਵਨ ਰੱਖਿਅਕ ਯੰਤਰਾਂ ਸਹਾਰੇ ਰੱਖਿਆ ਗਿਆ ,25 ਅਗਸਤ ਨੂੰ ਏ ਕੇ ਹੰਗਲ ਦੇ ਇਕਲੌਤੇ ਬੇਟੇ ਵਿਜੇ ਹੰਗਲ ਨੇ ਬਿਆਂਨ ਦਿੱਤਾ ਕਿ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ ,ਗੁਰਦੇ ਵੀ ਕੰਮ ਨਹੀਂ ਕਰ ਰਹੇ । ਡਾਕਟਰ ਵੀ ਬੇਵੱਸ ਜਾਪਦੇ ਹਨ । ਆਖਰ 98 ਵਰ੍ਹਿਆਂ ਦਾ ਰਹੀਮ ਚਾਚਾ 26 ਅਗਸਤ ਨੂੰ ਸਵੇਰੇ 9 ਵਜੇ ਸਦਾ ਸਦਾ ਲਈ ਏਥੋਂ ਰੁਖ਼ਸਤ ਹੋ ਕੇ ਗੱਬਰ ਦੇ ਨਾਲ ਹੀ ਫਿਰ ਜਾ ਰਲਿਆ । ਅਵਤਾਰ ਕ੍ਰਿਸ਼ਨ ਹੰਗਲ ਆਪਣੇ ਬੇਟੇ ਵਿਜੇ ਹੰਗਲ ਨਾਲ ਹੀ ਰਹਿੰਦਾ ਸੀ । ਵਿਜੇ ਦੀ ਪਤਨੀ ਦਾ ਵੀ 1994 ਵਿੱਚ ਦਿਹਾਂਤ ਹੋ ਗਿਆ ਸੀ,ਘਰ ਵਿੱਚ ਕੋਈ ਬੱਚਾ ਵੀ ਨਹੀਂ ਹੈ । ਵਿਜੇ ਦੀ ਮਾਤਾ ਪਹਿਲਾਂ ਹੀ ਪਰਿਵਾਰ ਦਾ ਸਦਾ ਸਦਾ ਲਈ ਸਾਥ ਛੱਡ ਗਈ ਸੀ । ਦੋਨੋ ਪਿਓ-ਪੁੱਤ ਬੜੀ ਮੁਸ਼ਕਲ ਹਾਲਤ ਵਿੱਚੋਂ ਲੰਘ ਰਹੇ ਸਨ ।
             ਇਸ ਨਾਮਵਰ ਅਦਾਕਾਰ ਦਾ ਜਨਮ ਕਸ਼ਮੀਰੀ ਪੰਡਿਤ ਪਰਿਵਾਰ ਵਿੱਚ ਪਹਿਲੀ ਫਰਵਰੀ 1917 ਨੂੰ ਸਿਆਲਕੋਟ (ਪੰਜਾਬ) ਵਿੱਚ ਪੰਡਿਤ ਹਰੀ ਕ੍ਰਿਸ਼ਨ ਹੰਗਲ ਦੇ ਘਰ ਹੋਇਆ । ਏ ਕੇ ਹੰਗਲ ਨੂੰ ਜਿੱਥੇ ਛੋਟੀ ਉਮਰ ਵਿੱਚ ਹੀ ਪਿਸ਼ਾਵਰ ਵਿਖੇ ਥਿਏਟਰ ਨਾਲ ਜੁੜਨਾ ਪਿਆ,ਉੱਥੇ ਉਹ ਅਜ਼ਾਦੀ ਸੰਗਰਾਮੀਏ ਵਜੋਂ ਵੀ ਕੰਮ ਕਰਦਾ ਰਿਹਾ । ਪਰ ਪਰਿਵਾਰ ਦੀ ਆਰਥਿਕ ਬਿਹਤਰੀ ਲਈ ਦਰਜੀ ਵਜੋਂ ਵੀ ਕਿੱਤਾ ਕਰਨਾ ਪਿਆ । ਪਿਤਾ ਦੇ ਸੇਵਾਮੁਕਤ ਹੋਣ ਉਪਰੰਤ ਪਿਸ਼ਾਵਰ ਅਤੇ ਫਿਰ ਕਰਾਚੀ ਵਿਖੇ ਆ ਵਸਿਆ । ਬਟਵਾਰੇ ਸਮੇ 3 ਸਾਲ ਪਾਕਿਸਤਾਨੀ ਜੇਲ੍ਹ ਵਿੱਚ ਕੱਟਣ ਮਗਰੋਂ 1949 ਨੂੰ ਉਹ ਮੁੰਬਈ ਆ ਟਿਕਿਆ । ਜਿੱਥੇ ਬਹੁਤੇ ਕਲਾਕਾਰਾਂ ਦੇ ਮਨ ਵਿੱਚ ਬਚਪਨ ਸਮੇ ਹੀ ਫ਼ਿਲਮ ਜਗਤ ਦੀ ਚਕਾਚੌਂਦ ਕਰਨ ਵਾਲੀ ਜ਼ਿੰਦਗੀ ਵਸਿਆ ਕਰਦੀ ਹੈ,ਉਥੇ ਹੰਗਲ ਇਸ ਤੋਂ ਉਲਟ 50 ਸਾਲ ਦੀ ਉਮਰ ਵਿੱਚ ਇਸ ਕਾਰਜ ਨਾਲ ਬਾਵਸਤਾ ਹੋਏ । ਭਾਵੇਂ ਹੁਣ ਉਹ ਟੀਵੀ ਸੀਰੀਅਲ ਮਧੂਬਾਲਾ ਨਾਲ ਵੀ ਵੀਲ੍ਹਚੇਅਰ ਉੱਤੇ ਬੈਠ ਕੇ ਜੁੜੇ ਹੋਏ ਸਨ । ਪਰ ਉਂਜ ਉਹ 1966 ਤੋਂ 2005 ਤੱਕ ਜ਼ਿਆਦਾ ਸਰਗਰਮ ਰਹੇ । ਉਹਨਾਂ ਦੇ ਵਿਸ਼ੇਸ਼ ਰੋਲ ਰਾਮ ਸ਼ਾਸ਼ਤਰੀ(ਆਇਨਾ),ਇੰਦਰ ਸੈਨ (ਸ਼ੌਕੀਨ), ਬਿਨੀਪਾਲ ਪਾਂਡੇ (ਨਮਕ ਹਲਾਲ),ਰਹੀਮ ਚਾਚਾ (ਸ਼ੋਅਲੇ) ਆਦਿ ਹਨ । ਹੰਗਲ ਨੇ ਰਾਜੇਸ਼ ਖੰਨਾ ਨਾਲ ਵੀ 16 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ।
          ਏ ਕੇ ਹੰਗਲ ਨੇ ਬਾਸੂ ਭੱਟਾਚਾਰੀਆ ਦੀ ਫ਼ਿਲਮ ਤੀਸਰੀ ਕਸਮ ਵਿੱਚ 1966 ਨੂੰ ਪਹਿਲਾ ਕਿਰਦਾਰ ਨਿਭਾਇਆ । ਫਿਰ ਸ਼ਗਿਰਦ ਫ਼ਿਲਮ ਵਿੱਚ ਕੰਮ ਕਰਇਆ । ਨਮਕ ਹਰਾਮ, ਸ਼ੌਕੀਨ, ਸ਼ੋਅਲੇ, ਆਇਨਾ, ਅਵਤਾਰ, ਅਰਜੁਨ,ਆਂਧੀ,ਤਪੱਸਿਆ,ਕੋਰਾ ਕਾਗਜ਼,ਬਾਵਰਚੀ,ਛੁਪਾ ਰੁਸਤਮ,ਚਿੱਤਚੋਰ,ਬਾਲਿਕਾ ਬਧੂ, ਗੁੱਡੀ, ਨਰਮ ਗਰਮ,ਆਪ ਕੀ ਕਸਮ,ਅਮਰਦੀਪ,ਨੌਕਰੀ,ਪਰੇਮ ਬੰਧਨ,ਫਿਰ ਵੋਹੀ ਰਾਤ,ਰਾਮ ਅਵਤਾਰ,ਬੇ-ਵਫ਼ਾ,ਤੇਰੇ ਮੇਰੇ ਸਪਨੇ,ਲਗਨ ਵਰਗੀਆਂ ਫ਼ਿਲਮਾਂ ਕੀਤੀਆਂ । ਅੱਠ ਫਰਵਰੀ 2011 ਨੂੰ ਮੁੰਬਈ ਵਿਖੇ ਵੀਲ੍ਹ ਚੇਅਰ ‘ਤੇ ਬੈਠਕੇ ਫ਼ੈਸ਼ਨ ਡਿਜ਼ਾਈਨਰ ਰਿਆਜ਼ ਗਾਂਜੀ ਲਈ ਰੈਂਪ ਉੱਤੇ ਚੱਲਣ ਦਾ ਮੌਕਾ ਵੀ ਮਿਲਿਆ ।
               ਏ ਕੇ ਹੰਗਲ ਦਾ ਬੇਟਾ ਵਿਜੇ ਜਦ ਫ਼ਿਲਮੀ ਫੋਟੋਗਰਾਫ਼ੀ ਅਤੇ ਕੈਮਰਾਮੈਨ ਦੇ ਅਹੁਦੇ ਤੋਂ ਵਿਹਲਾ ਹੋ ਗਿਆ ਤਾਂ ਘਰ ਵਿੱਚ ਭੰਗ ਭੁੱਜਣ ਲੱਗੀ । ਬੁਰੇ ਦਿਨਾਂ ਵਿੱਚ ਦੋਹਾਂ ਲਈ ਹਰੇਕ ਮਹੀਨੇ 15000 ਦੀ ਦੁਆਈ ਲੈਣੀ ਜ਼ਰੂਰੀ ਸੀ । ਉਹਨਾ ਦੀ ਇਸ ਹਾਲਤ ਬਾਰੇ ਮੀਡੀਏ ਨੇ 20 ਜਨਵਰੀ 2011 ਨੂੰ ਚਾਗਾ ਚੱਕਿਆ ਅਤੇ ਮਹਾਂਰਾਸ਼ਟਰ ਦੇ ਮੁਖ ਮੰਤਰੀ ਪ੍ਰਿਥਵੀ ਰਾਜ ਚੌਹਾਂਨ ਨੇ 50 ਹਜ਼ਾਰ ਰੁਪਏ ਮਦਦ ਕੀਤੀ । ਇਸ ਸਮੇ ਪਿਓ 97 ਸਾਲ ਦਾ ਅਤੇ ਬੇਟਾ 77 ਸਾਲ ਦਾ ਸੀ । ਜਯ ਬਚਨ ਨੇ ਹੰਗਲ ਨਾਲ 9 ਫ਼ਿਲਮਾਂ ਕੀਤੀਆਂ ਸਨ,ਉਸ ਨੇ ਕਿਹਾ ਹਸਪਤਾਲ ਦੇ ਸਾਰੇ ਖਰਚੇ ਉਹ ਦੇਵੇਗੀ ।  
                             ਸਾਈਨ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ (ਸੀ ਆਈ ਐਨ ਟੀ ਏ ਏ )ਨੇ ਧਰਮੇਸ਼ ਤਿਵਾੜੀ,ਮਿਠੁਨ ਚਕਰਵਰਤੀ ਦੀਆਂ ਕੋਸ਼ਿਸ਼ਾਂ ਨਾਲ 50 ਹਜ਼ਾਰ ਦੀ ਮਦਦ ਵੀ 21 ਜਨਵਰੀ 2011 ਨੂੰ ਮਿਲੀ। ਸਲਮਾਨ ਖਾਨ,ਰੰਜਨ ਠਾਕੁਰ,ਰਮੇਸ਼ ਸਿੱਪੀ,ਅਮਿਤਾਬ ਬਚਨ,ਅਮਿਰ ਖਾਨ,ਆਦਿ ਵੀ ਹੌਂਸਲਾ ਅਫ਼ਜਾਈ ਲਈ ਅੱਗੇ ਆਏ । ਹੰਗਲ ਦਾ ਆਖਰੀ ਰੋਲ 2005 ਵਿੱਚ ਅਮੋਲ ਪਾਲੇਕਰ ਦੀ ਫ਼ਿਲਮ ਪਹੇਲੀ ਵਿਚਲਾ ਹੀ ਰਿਹਾ । ਵਿਜੇ ਅਨੁਸਾਰ ਉਹਨਾ ਨੂੰ ਹੁਣ ਤੱਕ ਫ਼ਿਲਮਾਂ ਲਈ ਸੱਦਾ ਆਉਂਦਾ ਰਿਹਾ,ਪਰ ਸਿਹਤ ਦੀ ਖ਼ਰਾਬੀ ਸਦਕਾ ਉਹ ਸਾਰੇ ਸੱਦੇ ਨਕਾਰਦੇ ਰਹੇ । ਅਵਤਾਰ ਹੰਗਲ ਨੇ ਆਪਣੇ ਮਿੱਤਰਾਂ ਨਾਲ ਮਿਲਕੇ ਦੇਸ਼ ਦਾ 65 ਵਾਂ ਅਜ਼ਾਦੀ ਦਿਨ ਬਿਮਾਰੀ ਦੀ ਹਾਲਤ ਵਿੱਚ ਵੀ ਖ਼ੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ । ਪਰ ਸਿਤਮ ਦੀ ਗੱਲ ਇਹ ਰਹੀ ਕਿ ਇੱਕ ਅਜ਼ਾਦੀ ਘੁਲਾਟੀਏ ਦੀ ਵੀ ਸਮੇ ਦੀਆਂ ਸਰਕਾਰਾਂ ਨੇ ਬਾਤ ਨਹੀਂ ਪੁੱਛੀ । ਜਿਸ ਲਈ ਰੋਟੀ ਰੋਜ਼ੀ ਦਾ ਵੀ ਕੋਈ ਸਾਧਨ ਬਾਕੀ ਨਹੀਂ ਸੀ ਰਿਹਾ । ਹੁਣ ਇਹਨਾ ਦੇ ਨਾਅ ਉੱਤੇ ਐਵਾਰਡ ਸਥਾਪਤ ਕੀਤੇ ਜਾਣਗੇ ।

Friday, August 17, 2012

ਪਾਕਿਸਤਾਨੀ ਕ੍ਰਿਕਟ ਅੰਪਾਇਰ ਨੇ ਲਗਾਇਆ ਸਿਕਸਰ


     ਪਾਕਿਸਤਾਨੀ ਕ੍ਰਿਕਟ ਅੰਪਾਇਰ ਨੇ ਲਗਾਇਆ ਸਿਕਸਰ
ਵਿਆਹ ਅਤੇ ਫਲੈਟ ਲੈ ਕੇ ਦੇਣ ਦਾ ਕੀਤਾ ਸੀ ਵਾਅਦਾ; ਲੀਨਾ
ਰਣਜੀਤ ਸਿੰਘ ਪ੍ਰੀਤ
         ਵਰਸੋਆ (ਮੁੰਬਈ) ਦੀ ਰਹਿਣ ਵਾਲੀ ਮਾਡਲ ਲੀਨਾ ਕਪੂਰ ਨੇ ਕਥਿਤ ਤੌਰ ਉੱਤੇ ਪਾਕਿਸਤਾਨੀ ਕ੍ਰਿਕਟ ਅੰਪਾਇਰ ਅਸਦ ਰਊਫ਼ ਉੱਤੇ ਦੋਸ਼ ਲਗਾਇਆ ਹੈ ਕਿ ,ਉਸ ਨੇ ਉਸਦਾ ਯੌਨ ਸ਼ੋਸ਼ਣ ਕੀਤਾ ਹੈ । ਅੰਪਾਇਰ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ,ਪਰ ਹੁਣ ਉਹ ਇਸ ਗੱਲ ਤੋਂ ਕਿਨਾਰਾ ਕਸ਼ੀ ਕਰ ਰਿਹਾ ਹੈ ।“ ਮਾਡਲ ਲੀਨਾ ਨੇ ਇਸ ਸਬੰਧੀ ਅਸਦ ਰਊਫ਼ ਖ਼ਿਲਾਫ ਪੁਲੀਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ । ਉਸ ਨੇ ਸ਼ਿਕਾਇਤ ਵਿੱਚ ਕਥਿਤ ਤੌਰ ‘ਤੇ ਇਹ ਜ਼ਿਕਰ ਕੀਤਾ ਹੈ ਕਿ ਉਹ ਦੋਨੋ ਛੇ ਕੁ ਮਹੀਨੇ ਪਹਿਲਾਂ ਸ੍ਰੀਲੰਕਾ ਵਿੱਚ ਇੱਕ ਪਾਰਟੀ ਮੌਕੇ ਮਿਲੇ ਸਨ । ਰਊਫ਼ ਨੇ ਇੱਕ ਦੋਸਤ ਨੂੰ ਲੀਨਾ ਨਾਲ ਉਸਦੀ ਜਾਣ-ਪਹਿਚਾਣ ਕਰਵਾਉਣ ਲਈ ਕਿਹਾ ।ਫਿਰ ਦੋਹਾਂ ਨੇ ਫੋਨ ਨੰਬਰ ਵੀ ਬਦਲੀ ਕਰ ਲਏ । ਇਸ ਉਪਰੰਤ ਦੋਹਾਂ ਦੀ ਪਿਆਰ ਸਾਂਝ ਵਧਦੀ ਗਈ । ਦੋਨੋ ਤਿੰਨ ਦਿਨ ਸ੍ਰੀਲੰਕਾ ਵਿੱਚ ਹੀ ਇਕੱਠੇ ਰਹੇ । ਜਦ ਮੁੰਬਈ ਪਹੁੰਚ ਉਹ ਬਿਮਾਰ ਹੋ ਗਈ ਤਾਂ ਅਸਦ ਰਊਫ਼ ਓਸਿਵਾਰਾ ਸਥਿੱਤ ਉਸਦੇ ਫ਼ਲੈਟ ਵਿੱਚ ਉਸ ਨੂੰ ਮਿਲਣ ਵੀ ਆਇਆ । ਫਿਰ ਰਊਫ਼ ਨੇ ਉਹਦੇ ਨਾਲ ਸ਼ਾਦੀ ਕਰਨ ਅਤੇ ਇੱਕ ਫ਼ਲੈਟ ਲੈ ਕੇ ਦੇਣ ਦਾ ਵਾਅਦਾ ਵੀ ਕਰਿਆ । ਉਸ ਨੇ ਲੀਨਾ ਨੂੰ ਇਹ ਵੀ ਦੱਸ ਦਿੱਤਾ ਕਿ ਉਹ ਸ਼ਾਦੀ ਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ । ਪਰ ਉਹਨਾਂ ਦਾ ਮਜ਼ਹਬ ਉਹਨਾਂ ਨੂੰ ਚਾਰ ਸ਼ਾਦੀਆਂ ਕਰਨ ਦੀ ਇਜ਼ਾਜ਼ਤ ਦਿੰਦਾ ਹੈ । ਹੁਣ ਆਪਾਂ ਸ਼ਾਦੀ ਕਰਾਂਗੇ ਅਤੇ ਇਸ ਵਿੱਚ ਸਾਰਾ ਪਰਿਵਾਰ ਵੀ ਸ਼ਾਮਲ ਹੋਵੇਗਾ । ਲੀਨਾ ਨੇ ਅੱਗੇ ਜ਼ਿਕਰ ਕੀਤਾ ਹੈ ਕਿ ਤੀਜੀ ਵਾਰ ਦੋਹਾਂ ਦੀ ਮੁਲਾਕਾਤ ਇਸ ਸਾਲ ਹੋਏ ਆਈ ਪੀ ਐਲ ਦੌਰਾਂਨ ਹੋਈ ਅਤੇ ਫਿਰ ਉਹ ਚੌਥੀ ਵਾਰ ਦਿੱਲੀ ਵਿੱਚ ਮਿਲੇ । ਪੂਨੇ ਵੀ ਅਸੀਂ ਇਕੱਠੇ ਰਹੇ । ਫਿਰ ਉਸ ਨੇ ਮੈਨੂੰ ਦਿੱਲੀ ਬੁਲਾਇਆ ਅਤੇ ਅਸੀਂ ਪਾਰਟੀ ‘ਤੇ ਗਏ । ਪਾਰਟੀ ਸਮੇ ਉਸ ਨੇ ਮੇਰੀ ਪਹਿਚਾਣ ਆਪਣੀ ਪਤਨੀ ਵਜੋਂ ਕਰਵਾਈ । ਜਦ ਵੀ ਮੈ ਸ਼ਾਦੀ ਲਈ ਕਹਿੰਦੀ,ਤਾਂ ਉਹ ਇਹੀ ਜਵਾਬ ਦਿੰਦਾ ਕਿ ਬੱਸ ਛੇਤੀ ਹੀ ਕਰਵਾ ਲਵਾਂਗੇ ।“
ਪੰਜ ਕੁ ਦਿਨ ਪਹਿਲਾਂ ਜਦ ਲੀਨਾ ਮੁਤਾਬਕ ਉਸ ਨੇ ਰਊਫ਼: ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ,ਤਾਂ ਉਸ ਨੇ ਉਸ ਨੂੰ ਪਹਿਚਾਨਣ ਤੋਂ ਹੀ ਇਨਕਾਰ ਕਰ ਦਿੱਤਾ । ਇਸ ਦੌਰਾਂਨ ਅੰਪਾਇਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ,ਸਭ ਕੁੱਝ ਝੂਠਾ ਕਿਹਾ ਹੈ । ਮੀਡੀਏ ਜ਼ਰੀਏ ਪੁਲੀਸ ਨੇ ਕਿਹਾ ਹੈ ਕਿ ਇਸ ਬਾਰੇ ਸ਼ਿਕਾਇਤ ਮਿਲੀ ਹੈ,ਬਹੁਤ ਜਲਦੀ ਇਸ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ।

Monday, August 13, 2012

Wrestler Sushil Kumar


        ਚਾਂਦੀ ਦਾ ਤਮਗਾ ਜੇਤੂ ਪਹਿਲਵਾਨ;-ਸੁਸ਼ੀਲ ਕੁਮਾਰ
                              ਰਣਜੀਤ ਸਿੰਘ ਪ੍ਰੀਤ
             ਭਾਰਤ ਲਈ 66 ਕਿਲੋ ਭਾਰ ਦੀ ਫ੍ਰੀ-ਸਟਾਈਲ ਕੁਸ਼ਤੀ ਵਿੱਚੋਂ ਬਿਮਾਰ ਹੋਣ ਦੇ ਬਾਵਜੂਦ ਵੀ ਚਾਂਦੀ ਦਾ ਤਮਗਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਨੂੰ ਪਹਿਲਵਾਨੀ ਦੀ ਗੁੜ੍ਹਤੀ ਦਾਦਾ,ਪਿਤਾ,ਅਤੇ ਭਰਾ ਤੋਂ ਮਿਲੀ ਹੈ । ਇਸ ਪਹਿਲਵਾਨ ਦਾ ਜਨਮ ਬਪਰੋਲਾ (ਦਿੱਲੀ) ਵਿੱਚ 26 ਮਈ 1983 ਨੂੰ ਡੀਟੀਸੀ ਬੱਸ ਡ੍ਰਾਈਵਰ ਦੀਵਾਨ ਸਿੰਘ ਅਤੇ ਮਾਤਾ ਕਮਲਾ ਦੇਵੀ ਦੇ ਘਰ ਹੋਇਆ । ਪੰਜ ਫੁਟ ਪੰਜ ਇੰਚ ਕੱਦ ਦੇ ਸੁਸ਼ੀਲ ਨੇ ਦਿੱਲੀ ਦੇ ਐਨ ਆਈ ਐਸ ਨਾਲ ਜੁੜਨ ਅਤੇ ਸਤਪਾਲ ਪਦਮਸ਼੍ਰੀ ਅਤੇ ਯਸ਼ਵੀਰ ਸਿੰਘ ਤੋਂ ਕੁਸ਼ਤੀ ਦੇ ਗੁਰਮੰਤਰ ਸਿਖੇ ਹਨ । ਸੁਸ਼ੀਲ ਦੀ ਪੱਤਨੀ ਸਵੀ ਸੋਲੰਕੀ ਨੇ ਵੀ ਆਪਣਾ ਸਾਰਥਕ ਸਹਿਯੋਗ ਦਿੱਤਾ ਹੈ । ਇਨਾਮਾਂ-ਸਨਮਾਨਾਂ ਨੇ ਵੀ ਹੌਂਸਲਾ ਵਧਾਇਆ ਹੈ। ਇਸ ਭਾਰਤੀ ਭਲਵਾਨ ਦੇ ਮੁਕਾਬਲਿਆਂ ਦੀ ਕਹਾਣੀ ਇਹ ਵੇਰਵੇ ਬਿਆਂਨ ਕਰਦੇ ਹਨ;
ਓਲੰਪਿਕ ਖੇਡਾਂ
ਚਾਂਦੀ
66ਕਿਲੋ
ਕਾਂਸੀ
ਵਿਸ਼ਵ ਚੈਪੀਅਨਸ਼ਿੱਪ
ਸੋਨਾ
66 ਕਿਲੋ
ਸੋਨਾ
2003 ਲੰਦਨ
60 ਕਿਲੋ
ਸੋਨਾ
2005 ਕੈਪ ਟਾਊਨ
66 ਕਿਲੋ
ਸੋਨਾ
2007 ਲੰਦਨ
66 ਕਿਲੋ
ਸੋਨਾ
2009 ਜਲੰਧਰ
66 ਕਿਲੋ
ਸੋਨਾ
2010 ਦਿੱਲੀ
66 ਕਿਲੋ
ਸੋਨਾ
2010 ਨਵੀਂ ਦਿੱਲੀ
66 ਕਿਲੋ
ਚਾਂਦੀ
66 ਕਿਲੋ
ਕਾਂਸੀ
2003 ਨਵੀਂ ਦਿੱਲੀ
66 ਕਿਲੋ
ਕਾਂਸੀ
2008 ਜੀਜੂ ਆਈਸਲੈਂਡ
66 ਕਿਲੋ

Friday, August 3, 2012

ਚੜ੍ਹਦੀ ਉਮਰੇ ਸਿਖ਼ਰੋਂ ਟੁੱਟੀ ਪੀਂਘ ;ਫਲੋ ਜੋਅ

           ਚੜ੍ਹਦੀ ਉਮਰੇ ਸਿਖ਼ਰੋਂ ਟੁੱਟੀ ਪੀਂਘ ;ਫਲੋ ਜੋਅ
                                                 ਰਣਜੀਤ ਸਿੰਘ ਪ੍ਰੀਤ
  ਹੈਪਟਾਥਲੋਨ ਅਤੇ ਲੰਬੀ ਛਾਲ ਦੀ ਅਥਲੀਟ ਜੈਕੀ ਜੋਇਨਰ ਕਰਸੀ ਦੀ ਲਾਡਲੀ ਭਰਜਾਈ ਅਤੇ ਅਲ ਜੋਇਨਰ ਦੀ ਪਤੱਨੀ ਫਲੋਰੈਂਸ ਡਿਲੋਰਿਜ ਗਿ੍ਰਫਿਥ ਦਾ ਜਨਮ 21 ਦਸੰਬਰ 1959 ਨੂੰ ਲਾਸ ਏਂਜਲਸ,ਕੈਲੇਫੋਰਨੀਆਂ ਵਿਖੇ ਹੋਇਆ । ਅਮਰੀਕੀ ਸਹਿਰਨ 5 ਫੁੱਟ 7 ਇੰਚ ਕੱਦ ਵਾਲੀ,59 ਕਿਲੋ ਵਜਨੀ ਫਲੋਰੈਂਸ ਡਿਲੋਰਿਜ ਗਿ੍ਰਫਿਥ,ਜਿਸ ਨੂੰ ਪਿਆਰ ਨਾਲ ਫਲੋ ਜੋਅ ਵੀ  ਕਿਹਾ ਕਰਦੇ ਸਨ । ਅਲ ਜੋਇਨਰ ਨਾਲ ਵਿਆਹ ਕਰਵਾਉਣ ਮਗਰੋਂ ਫਲੋਰੈਂਸ ਡਿਲੋਰਿਜ ਗਿ੍ਰਫਿਥ ਜੋਇਨਰ ਜਾਂ ਫਲੋਰੈਂਸ ਗਿ੍ਰਫਿਥ ਜੋਇਨਰ ਅਖਵਾਉਂਣ ਲੱਗੀ ।
                  ਹਾਰ ਸ਼ਿੰਗਾਰ ਦੀ ਸ਼ੁਕੀਨਣ ਨੇ ਲੰਬੇ ਲੰਬੇ ਰੱਖੇ ਨਹੁੰਆਂ ਉੱਤੇ ਰੰਗ-ਬਿਰੰਗੀ ਨਹੁੰ ਪਾਲਸ਼ ਲਾਉਂਣੀ, ਗੰਢੇ ਦੇ ਛਿਲਕੇ ਵਰਗੀ ਪੁਸ਼ਾਕ ਪਹਿਨਣੀ, ਅਤੇ ਹਰੇਕ ਨਾਲ ਹੱਸ ਕਿ ਬੋਲਣਾ ਉਹਦੀ ਆਦਤ ਸੀ । ਦਰਸ਼ਕਾਂ ਦੇ ਦਿਲਾਂ ਦੀ ਰਾਣੀ,ਖਵਾਬਾਂ ਦੀ ਮਲਕਾ ਅਤੇ ਟਰੈਕ ਦੀ ਪਰੀ ਫਲੋ ਜੋਅ ਨੇ ਪਹਿਲੀ ਵਾਰੀ ਓਲੰਪਿਕ ਖੇਡਾਂ ਵਿੱਚ 1984 ਨੂੰ ਲਾਸ ਏਂਜਲਸ ਸਮੇ ਸਮੂਲੀਅਤ ਕੀਤੀ । ਉਸ ਨੇ 200 ਮੀਟਰ ਭਾਜ ਵਿੱਚ ਹਿੱਸਾ ਲਿਆ ਅਤੇ 22.04 ਸਮੇ ਨਾਲ ਚਾਂਦੀ ਦਾ ਤਮਗਾ ਜਿੱਤਿਆ ।
                            ਰੋਜ਼ਾਨਾ ਇੱਕ ਹਜ਼ਾਰ ਬੈਠਕਾਂ ਮਾਰਨ ਅਤੇ ਬਾਈਬਲ ਪੜਨ ਵਾਲੀ ਫਲੋਰੈਂਸ ਗਿ੍ਰਫਿਥ ਜੋਇਨਰ 1988 ਦੀਆਂ ਸਿਓਲ ਓਲੰਪਿਕ ਖੇਡਾਂ ਸਮੇ ਬੁਲੰਦੀਆਂ ‘ਤੇ ਰਹੀ । ਹਰ ਪਾਸੇ ਇਸ ਦੇ ਚਰਚੇ ਸਨ । ਇਸ ਨੇ 5 ਅਗਸਤ 1984 ਨੂੰ 100 ਮੀਟਰ ਦਾ 10.97 ਸਮੇ ਵਾਲਾ ਬਣਿਆਂ ਰਿਕਾਰਡ, 16 ਜੁਲਾਈ 1988 ਨੂੰ 10.49 ਸਮੇ ਨਾਲ ਤੋੜਿਆ । ਫਲੋ ਜੋਅ ਦਾ ਇਹ ਵਿਸ਼ਵ ਰਿਕਾਰਡ ਵੀ ਸੀ । ਉਹਦੇ ਲਈ 1988 ਵਾਲੀਆਂ ਓਲੰਪਿਕ ਖੇਡਾਂ ਵਾਸਤੇ ਇਹ ਬਹੁਤ ਹੌਂਸਲਾ ਦੇਣ ਵਾਲਾ ਰਿਕਾਰਡ ਸੀ । ਪਰ ਓਲੰਪਿਕ ਸਮੇਂ ਉਸ ਨੇ 24 ਸਤੰਬਰ 1988 ਨੂੰ 10.88 ਸੈਕਿੰਡ ਸਮੇ ਨਾਲ ਓਲੰਪਿਕ ਰਿਕਾਰਡ ਬਣਾਇਆ । ਏਸੇ ਦਿਨ ਦੂਜੀ ਹੀਟ ਵਿੱਚ 10.62 ਸਮਾਂ ਰੱਖਿਆ । ਪਰ ਫਾਈਨਲ ਮੁਕਾਬਲਾ 10.54 ਨਾਲ ਜਿੱਤ ਕੇ ਉਹਨੇ ਧਰਤੀ ਨੂੰ ਚੁੰਮਿਆਂ ਅਤੇ ਅਮਰੀਕੀ ਹਰਡਲਰ ਆਂਦਰੇ ਫਿਲਿਪਸ ਨੇ ਉਸ ਨੂੰ ਝੰਡਾ ਫੜਾਉਂਦਿਆਂ ਉਹਦੇ ਕੰਨ ਵਿੱਚ ਕੁੱਝ ਕਿਹਾ ,ਉਹ ਮੁਸਕਰਾਈ ਅਤੇ ਟਰੈਕ ਦਾ ਚੱਕਰ ਲਾਉਣ ਲੱਗੀ । ਉਹਦੇ ਨਾਲੋ ਨਾਲ ਉਹਦਾ ਟ੍ਰੇਨਰ,ਪਤੀ ਅਤੇ ਕੈਮਰਾਮੈਨ ਦੌੜਦੇ ਜਾ ਰਹੇ ਸਨ ।
                          28 ਸਤੰਬਰ ਨੂੰ 200 ਮੀਟਰ ਦੌੜ ਦਾ ਮੁਕਾਬਲਾ ਹੋਇਆ । ਫਲੋਰੈਂਸ ਗਿ੍ਰਫਿਥ ਜੋਇਨਰ ਨੇ ਕੁਆਰਟਰ ਫਾਈਨਲ ਵਿੱਚ 21.76 (ਓਲੰਪਿਕ ਰਿਕਾਰਡ),ਸੈਮੀਫਾਈਨਲ ਵਿੱਚ 21.56 (ਓਲੰਪਿਕ ਅਤੇ ਵਿਸ਼ਵ ਰਿਕਾਰਡ),29 ਸਤੰਬਰ ਦੇ ਫਾਈਨਲ ਵਿੱਚ 21.34 ਸੈਕਿੰਡ ਸਮੇ ਨਾਲ ਓਲੰਪਿਕ ਅਤੇ ਵਿਸ਼ਵ ਰਿਕਾਰਡ ਬਣਾਉਂਦਿਆਂ ਇਸ ਦੌੜ ਦੀ ਉਹ ਜੇਤੂ ਬਣੀ । ਫਲੋ ਜੋਅ ਨੇ ਤੀਜਾ ਸੋਨ ਤਮਗਾ 4 *100 ਮੀਟਰ ਰਿਲੇਅ ਵਿੱਚੋਂ 41.98 ਸਮੇ ਨਾਲ ਜਿੱਤਿਆ । ਪਰ 4*400 ਮੀਟਰ ਵਿੱਚੋਂ 3:15.51 ਸਮੇ ਨਾਲ ਚਾਂਦੀ ਦਾ ਤਮਗਾ ਹੀ ਲੈ ਸਕੀ । ਜੋ 1987 ਵਿੱਚ ਵਿਸਵ ਚੈਂਪੀਅਨਸ਼ਿੱਪ ਰੋਮ ਵਿਖੇ ਹੋਈ ਸੀ,ਉਦੋਂ 4*100 ਮੀਟਰ ਰਿਲੇਅ ਵਿੱਚੋਂ ਸੋਨੇ ਦਾ,ਅਤੇ 200 ਮੀਟਰ ਵਿੱਚੋਂ ਚਾਂਦੀ ਦਾ ਤਮਗਾ ਜਿੱਤਿਆ ਸੀ । ਸਿਓਲ ਦੀਆਂ ਪ੍ਰਾਪਤੀਆਂ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸਨਮਾਨ ਕਰਦਿਆਂ ਥਾਪੜਾ ਦਿੱਤਾ।
                          ਪਰ ਉਸ ਵੱਲੋਂ ਪੱਤਰਕਾਰਾਂ ਦੀਆਂ ਬੁਕਲਾਂ ਵਿੱਚ ਬਹਿ ਬਹਿ ਖਿਚਵਾਈਆਂ ਫੋਟੋਆਂ ਅੱਜ ਇੱਕ ਯਾਦ ਬਣਕੇ ਰਹਿ ਗਈਆਂ ਹਨ । ਉਸ ਦੇ ਗਲੈਮਰ ਕਿੱਸੇ ਕਹਾਣੀਆਂ ਬਾਤਾਂ ਬਣ ਗਏ ਹਨ,ਮਹਿਜ 38 ਸਾਲ ਦੀ ਉਮਰ ਵਿੱਚ ਟਰੈਕ ਦੀ ਇਹ ਪਰੀ,ਮਿਸਿਨ ਵੀਜੋ, ਕੈਲੇਫੋਰਨੀਆਂ ਵਿਖੇ 21 ਸਤੰਬਰ 1998 ਨੂੰ ਸਦਾ ਸਦਾ ਲਈ ਜ਼ਿੰਦਗੀ ਦੇ ਟਰੈਕ ਤੋਂ ਓਝਲ ਹੋ ਗਈ । ਜਿੱਥੋਂ ਨਾ ਕੋਈ ਵਾਪਸ ਆਇਆ ਹੈ,ਅਤੇ ਨਾ ਹੀ ਫਲੋ ਜੋਅ ਨੇ ਹੁੰਗਾਰਾ ਭਰਨਾ ਹੈ । ਪਰ ਓਲੰਪਿਕ ਇਤਿਹਾਸ ਦੇ ਪੰਨੇ ਉਸ ਨੂੰ ਭੁਲਾ ਨਹੀਂ ਸਕਣਗੇ ।   
ਰਣਜੀਤ ਸਿੰਘ ਪ੍ਰੀਤ
98157-07232

Wednesday, August 1, 2012

ਪੰਜਾਬੀ ਪਿਛੋਕੜ ਵਾਲਾ ਹੈ; ਗਗਨ ਨਾਰੰਗ


                      ਪੰਜਾਬੀ ਪਿਛੋਕੜ ਵਾਲਾ ਹੈ; ਗਗਨ ਨਾਰੰਗ
                                                     ਰਣਜੀਤ ਸਿੰਘ ਪ੍ਰੀਤ

       10 ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੇ ਗਗਨ ਨਾਰੰਗ ਨੇ ਕਾਂਸੀ ਦਾ ਤਮਗਾ ਜਿੱਤ ਕਿ ਭਾਰਤ ਦਾ ਖਾਤਾ ਖੋਲ੍ਹਿਆ ਹੈ । ਇਸ ਨੇ 10.7,9.6, 10.6,10.7, 10.4,10.6, 9.9,9.5,10.3, 10.7, 103.1, 701.1 ਅੰਕ ਲੈ ਕੇ ਇਹ ਤਮਗਾ ਜਿੱਤਿਆ ਹੈ । ਸਿਰਫ਼ 0.4 ਅੰਕਾਂ ਨਾਲ ਚਾਂਦੀ ਦੇ ਤਮਗੇ ਤੋਂ ਵਾਂਝਾ ਰਹਿ ਗਿਆ । ਪਹਿਲਾਂ ਕੁਆਲੀਫਾਈ ਗੇੜ ਵਿੱਚ 600 ਵਿੱਚੋਂ 598 ਅੰਕ ਹਾਸਲ ਕਰਕੇ ਤੀਜਾ ਸਥਾਨ ਲਿਆ ਸੀ ।
         ਇਸ ਸ਼ੂਟਰ ਦਾ ਸਬੰਧ ਪਿਛੋਕੜ ਅੰਮ੍ਰਿਤਸਰ ਨਾਲ ਜੁੜਦਾ ਹੈ ,ਪੀਰ ਇਹਨਾਂ ਦੇ ਦਾਦਾ ਜੀ ਹਰਿਆਣਾ ਦੇ ਪਾਨੀਪਤ ਜਿ਼ਲ੍ਹੇ ਨਾਲ ਸਬੰਧਤ ਸਮਾਲਖਾ ਵਿਖੇ ਜਾ ਵਸੇ । ਜਿੱਥੋ’ ਹੈਦਰਾਬਾਦ ਚਲੇ ਗਏ । ਸ਼ੂਟਰ ਨਰੰਗ ਦਾ ਜਨਮ ਚੇਨੱਈ ਵਿੱਚ 6 ਮਈ 1983 ਨੂੰ ਹੋਇਆ । ਇਸਦਾ ਅੱਜ ਤੱਕ ਦਾ ਪ੍ਰਦਰਸ਼ਨ ਇਸ ਤਰ੍ਹਾਂ ਰਿਹਾ ਹੈ :
ਓਲੰਪਿਕ 2012 ਲੰਦਨ ;ਕਾਂਸੀ ਦਾ ਤਮਗਾ,ਕਾਮਨਵੈਲਥ ਖੇਡਾਂ ਮੈਲਬੌਰਨ2006ਸਮੇਸੋਨ ਤਮਗਾ (10 ਮੀਟਰ ਏਅਰ ਰਾਈਫਲ,ਵਿਅਕਤੀਗਤ),ਸੋਨ ਤਮਗਾ (10 ਮੀਟਰ ਏਅਰ ਰਾਈਫਲ,ਪੇਅਰਜ਼),ਸੋਨ ਤਮਗਾ(50 ਮੀਟਰ ਰਾਈਫਲ 3 ਪੁਜ਼ੀਸ਼ਨ ਵਿਅਕਤੀਗਤ),ਸੋਨ ਤਮਗਾ (50 ਮੀਟਰ ਰਾਈਫਲ 3 ਪੁਜ਼ੀਸ਼ਨ,ਪੇਅਰਜ਼) ਜਿੱਤੇ ਹਨ । ਏਵੇਂ ਹੀ 2010 ਦੀਆਂ ਦਿੱਲੀ ਕਾਮਨਵੈਲਥ ਖੇਡਾਂ ਸਮੇਂ ਇਹਨਾਂ ਹੀ ਚਾਰਾਂ ਮੁਕਾਬਲਿਆਂ ਵਿੱਚੋਂ ਇੱਕ ਵਾਰ ਫਿਰ ਸੁਨਹਿਰੀ ਤਮਗੇ ਜਿੱਤ ਕਿ ਭਾਰਤ ਨੂੰ ਮਾਣ ਦਿਵਾਇਆ ਹੈ ।
              26 ਅਕਤੂਬਰ 2003 ਨੂੰ ਐਫਰੋ ਏਸ਼ੀਅਨ ਖੇਡਾਂ ਹੈਦਰਾਬਾਦ ਸਮੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚੋਂ,ਅਤੇ ਅਪ੍ਰੈਲ 2010 ਵਿੱਚ ਵਿਸ਼ਵ ਕੱਪ ਵਿੱਚੋਂ ਵੀ ਸੋਨ ਤਮਗੇ ਜਿੱਤੇ ਹਨ । ਪ੍ਰੀ-ਓਲੰਪਿਕ ਮੁਕਾਬਲੇ ਵਿੱਚ ਹੈਨਓਵਰ (ਜਰਮਨੀ) ਵਿਖੇ ਆਸਟਰੀਆ ਦੇ ਥੌਮਸ ਫਰਨਿਕ ਵੱਲੋਂ 2006 ਵਿੱਚ 703.1 ਅੰਕਾਂ ਵਾਲਾ ਵਿਸ਼ਵ ਰਿਕਾਰਡ 704.3 ਅੰਕਾਂ ਨਾਲ ਤੋੜਿਆ । ਦੋ ਵਾਰ ਪ੍ਰਫੈਕਟ 600/600 ਅੰਕ ਲੈਣ ਵਾਲੇ ਗਗਨ ਨਾਰੰਗ ਨੂੰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਜੀ ਵੱਲੋਂ 29 ਅਗਸਤ 2011 ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਹਾਸਲ ਕਰਨ ਦਾ ਵੀ ਮਾਣ ਪ੍ਰਾਪਤ ਹੈ ।
ਗਗਨ ਨਾਰੰਗ ਬਾਰੇ ਕੁੱਝ ਅਜਿਹਾ ਵੀ ਹੈ ,ਜਿਸ ਬਾਰੇ ਖੇਡ ਪ੍ਰੇਮੀ ਬਹੁਤ ਘੱਟ ਜਾਣਦੇ ਹਨ ; ਗਗਨ ਨਾਰੰਗ ਵਾਲਥਰ ਐਲਜੀ 300 ਦੀ ਵਰਤੋਂ ਕਰਦਾ ਹੈ,ਸ਼ੂਟਰ ਹੋਣ ਦੇ ਬਾਵਜੂਦ ਵੀ ਇਹਦਾ ਰੋਲ ਮਾਡਲ ਅਮਰੀਕਨ ਮੁੱਕੇਬਾਜ਼ ਮੁਹੰਮਦ ਅਲੀ ਹੈ । ਖੇਡ ਕੋਟੇ ਮੁਤਾਬਕ ਗਗਨ ਦੀ ਪੋਸਟਿੰਗ ਏਅਰ ਇੰਡੀਆ ਕਮਰਸ਼ੀਅਲ ਵਿਭਾਗ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਵਜੋਂ ਹੋਈ ਵੀ ਹੈ । ਇਸ ਦੀ ਮਨ ਪਸੰਦ ਫ਼ਿਲਮ ਅਮਰੀਕਾ ਦੇ ਡਰਾਮੇ ‘ਤੇ ਅਧਾਰਤ ਇਨ ਪਰਸੂਟ ਆਫ਼ ਹੈਪੀਨੈੱਸ ਹੈ ।
       ਇਸ ਦੇ ਮਨ ਪਸੰਦ ਖਿਡਾਰੀ ਰੋਜ਼ਰ ਫ਼ੈਡਰਰ ਅਤੇ ਮਾਈਕਲ ਸ਼ੁਮਾਕਰ ਹਨ । ਇਸ ਨੂੰ ਕ੍ਰਿਕਟ ਅਤੇ ਟੇਨਿਸ ਵੇਖਣਾਂ ਬਹੁਤ ਪਸੰਦ ਹੈ । ਵਿਹਲੇ ਸਮੇ ਮਲੇਸ਼ੀਆ ਵਿੱਚ ਸਮਾਂ ਬਿਤਾਉਣਾ ਇਸ ਲਈ ਬਹੁਤ ਮਨ ਲੁਭਾਉਣਾ ਹੁੰਦਾ ਹੈ । ਗਗਨ ਨਾਰੰਗ ਲਈ ਸਭ ਤੋਂ ਯਾਦਗਗਾਰੀ ਪਲ ਉਹ ਹਨ ,ਜਦ ਉਸ ਨੇ ਬੈਂਕਾਕ ਵਿੱਚ 5 ਨਵੰਬਰ 2008 ਨੂੰ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 600/600 ਨਿਸ਼ਾਨੇ ਲਗਾਏ ਸਨ । ਇਸ ਸ਼ੂਟਰ ਦਾ ਮਨ ਪਸੰਦ ਗੀਤ ਡੀਡਾਨੇ ਕਾ ਵਾਈਟ ਫਲੈਗ ਹੈ ਅਤੇ ਇਸ ਦਾ ਦਿਲ ਲੱਗਿਆ ਸਟਾਰ ਹੈ ਨਿਕੋਲੋ ਕਿਡਮੈਨ ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
98157-07232           

Friday, July 27, 2012

ਓਲੰਪਿਕ ਖੇਡਾਂ ਵਿੱਚ ਹਾਕੀ ਦਾ ਸਫ਼ਰ


             ਓਲੰਪਿਕ ਖੇਡਾਂ ਵਿੱਚ ਹਾਕੀ ਦਾ ਸਫ਼ਰ
                         ਲੇਖਕ ਰਣਜੀਤ ਸਿੰਘ ਪ੍ਰੀਤ
                     ਪ੍ਰਕਸ਼ਨ ਵਿਸ਼ਵ ਭਾਰਤੀ ਪ੍ਰਕਾਸ਼ਨ
                                     ਪੰਨੇ 152
                                  ਕੀਮਤ ;150
           ਖੇਡ ਲੇਖਣੀ ਦੇ ਖ਼ੇਤਰ ਵਿੱਚ ਰਣਜੀਤ ਸਿੰਘ ਪ੍ਰੀਤ ਇੱਕ ਜਾਣਿਆਂ-ਪਛਾਣਿਆਂ ਨਾਮ ਹੈ । ਜਿਸ ਨੇ ਹੁਣ ਤੱਕ ਕੁੱਲ ਮਿਲਾਕੇ 21 ਕਿਤਾਬਾਂ ਲਿਖੀਆਂ ਹਨ । ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦਾ ਸਫ਼ਰ ਇਹਨਾਂ ਦੀ 22 ਵੀਂ ਕਿਤਾਬ ਹੈ । ਕੋਈ ਅਜਿਹਾ ਮਿਆਰੀ ਅਖ਼ਬਾਰ/ਮੈਗਜ਼ੀਨ ਨਹੀਂ ਜਿਸ ਵਿੱਚ ਸ਼੍ਰੀ ਪ੍ਰੀਤ ਨਾ ਛਪਿਆ ਹੋਵੇ । ਇੱਕ ਗਜ਼ਟਿਡ ਅਫ਼ਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਮਗਰੋਂ ਉਹਨਾਂ ਨੇ ਕਲਮ ਨੂੰ ਮਜ਼ਬੂਤੀ ਨਾਲ ਹੱਥ ਪਾਇਆ ਹੀ ਸੀ ਕਿ ਉਹਨਾਂ ਦੀ ਪਤੱਨੀ ਬਿੰਦਰਜੀਤ ਕੌਰ ਪ੍ਰੀਤ “ਪ੍ਰੀਤ ਆਲ੍ਹਣੇ ” ਨੂੰ ਵਰਾਨ ਕਰਕੇ ਸਦਾ ਲਈ ਇਸ ਦੁਨੀਆਂ ਤੋਂ ਤੁਰ ਗਈ । ਪਰ ਉਹਨਾਂ ਕੁੱਝ ਦੇਰ ਸੰਜੀਦਾ ਰਹਿਣ ਮਗਰੋਂ ਕਲਮ ਨੂੰ ਫਿਰ ਸਾਥੀ ਬਣਾ ਲਿਆ ਹੈ । ਓਲੰਪਿਕ ਹਾਕੀ ਬਾਰੇ ਉਹਨਾਂ ਦੀ ਇਹ ਕਿਤਾਬ ਬਹੁਤ ਜਾਣਕਾਰੀ ਦੇਣ ਵਾਲੀ ਹੈ । ਜਦੋਂ ਤੋਂ ਹਾਕੀ ਖੇਡੀ ਜਾਣੀ ਸ਼ੁਰੂ ਹੋਈ,ਗੱਲ ਉੱਥੋਂ ਸ਼ੁਰੂ ਕਰਕੇ ਹਰੇਕ ਓਲੰਪਿਕ ਵਿੱਚ ਖੇਡੀ ਗਈ ਹਾਕੀ ਦੇ ਹਰੇਕ ਮੈਚ ਦੇ ਪੂਰੇ ਵੇਰਵੇ ਦਰਸਾਏ ਗਏ ਹਨ । ਸ਼ਾਇਦ ਹਾਕੀ ਦੇ ਖੇਤਰ ਦੀ ਇਹ ਅਜਿਹੀ ਪਹਿਲੀ ਕਿਤਾਬ ਹੈ । ਜਿਸ ਵਿੱਚ ਐਨਾ ਕੁੱਝ ਸਮੋਇਆ ਹੋਇਆ ਹੈ। ਅੰਕੜਿਆਂ ਸਹਿਤ ਭਾਰਤੀ ਟੀਮ ਦੀ ਸਥਿੱਤੀ ਨੂੰ ਵੀ ਦੂਜੀਆਂ ਟੀਮਾਂ ਵਾਂਗ ਹੀ ਸੰਭਾਲਿਆ ਹੈ । ਹਾਕੀ ਦੀਆਂ ਵੰਨਗੀਆਂ,ਜਿੱਤਾਂ-ਹਾਰਾਂ ਅਤੇ ਵਿਸ਼ਵ ਦੀ ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ,ਭਰਾਵਾਂ,ਪਰਿਵਾਰ ਮੈਂਬਰਾਂ ਆਦਿ ਬਾਰੇ ਵੀ ਪੂਰੇ ਵੇਰਵੇ ਦਰਜ ਹਨ । ਗੋਲ ਕਰਨ ਵਾਲੇ ਖਿਡਾਰੀ,2020 ਤੱਕ ਦੀਆਂ ਮੇਜ਼ਬਾਨੀਆਂ,ਯਾਦਗਾਰੀ ਤਸਵੀਰਾਂ ਵੀ ਇਸ ਵਿੱਚ ਸ਼ਾਮਲ ਹਨ । ਕੁੱਲ ਮਿਲਾਕੇ ਇਹ ਕਿਤਾਬ ਪੜ੍ਹਨਯੋਗ ਅਤੇ ਅਹਿਮ ਦਸਤਾਵੇਜ ਵਜੋਂ ਸੰਭਾਲਣ ਯੋਗ ਹੈ । ਓਲੰਪਿਕ ਖੇਡਾਂ ਮੌਕੇ ਛਪੀ ਇਸ ਕਿਤਾਬ ਦੀ ਅਹਿਮੀਅਤ ਹੋਰ ਵੀ ਨਿਖ਼ਰੀ ਹੈ । ਕਿਤਾਬ ਦੀ ਤਿਆਰੀ ਲਈ ਕੀਤੀ ਮਿਹਨਤ ਪਾਠਕਾਂ ਦਾ ਭਰਵਾਂ ਹੁੰਗਾਰਾ ਮੰਗਣ ਦਾ ਹੱਕ ਰਖਦੀ ਹੈ ।
      ਜਗਰੂਪ ਸਿੰਘ ਜਰਖ਼ੜ