Monday, March 12, 2012

ਸਿਆਸਤ ‘ਚ ਹੋਇਆ ਪ੍ਰਗਟ, ਓਲੰਪੀਅਨ ਪਰਗਟ ਸਿੰਘ


  ਸਿਆਸਤ ‘ਚ ਹੋਇਆ ਪ੍ਰਗਟ, ਓਲੰਪੀਅਨ ਪਰਗਟ ਸਿੰਘ
                          ਰਣਜੀਤ ਸਿੰਘ ਪ੍ਰੀਤ               
                            ਭਾਰਤੀ ਹਾਕੀ ਦੀ ਜਿਵੇਂ ਜਿਵੇਂ ਗੱਲ ਤੁਰਦੀ ਰਹੇਗੀ ,ਉਵੇਂ ਉਵੇਂ ਹੀ ਖੇਡ ਮੈਦਾਨ ਦੇ ਖਿਡਾਰੀ ਪਰਗਟ ਸਿੰਘ ਦੇ ਰਾਜਨੀਤੀ ਵਿੱਚ ਪ੍ਰਗਟ ਹੋਣ ਦੀ ਗੱਲ ਵੀ ਚਲਦੀ ਰਹੇਗੀ । ਉਹ ਪਹਿਲਾ ਓਲੰਪੀਅਨ ਹੈ ਜਿਸ ਨੇ ਸਿਆਸਤ ਵਿੱਚ ਵੀ ਪਨੈਲਟੀ ਕਾਰਨਰ ਤੋਂ ਗੋਲ ਕਰ ਵਿਖਾਇਆ ਹੈ । ਖੇਡ ਢਾਂਚੇ ਨੂੰ ਵਿਕਾਸ ਲੀਹਾਂ ਉੱਤੇ ਤੋਰਨ,ਅਤੇ ਵਿਸ਼ਵ ਕਬੱਡੀ ਕੱਪ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਨਾਲ ਉਹ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬ ਆ ਗਏ ਸਨ । ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
                                     168 ਮੈਚਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ,313 ਕੌਮਾਂਤਰੀ ਮੈਚਾਂ ਵਿੱਚ ਚੀਨ ਦੀ ਦੀਵਾਰ ਬਣਨ ਵਾਲੇ, 5 ਫੁੱਟ 7 ਇੰਚ ਕੱਦ ਦੇ ਪਰਗਟ ਸਿੰਘ ਦਾ ਜਨਮ ਜਲੰਧਰ ਦੇ ਨੇੜੇ ਪਿੰਡ ਮਿੱਠਾਪੁਰ ਵਿੱਚ 5 ਮਾਰਚ 1965 ਨੂੰ ਹੋਇਆ । ਮੁਢਲੀ ਪੜ੍ਹਾਈ ਪਿੰਡ ਤੋਂ ਅਤੇ ਬੀ ਏ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਕੀਤੀ । ਉਹਨਾਂ ਦਾ ਵਿਆਹ ਬਰਿੰਦਰਜੀਤ ਨਾਲ ਹੋਇਆ ਅਤੇ ਬੇਟੇ ਹਰਤਾਸ ,ਬੇਟੀ ਹਰਨੂਰ ਦੇ ਪਿਤਾ ਬਣੇ । ਇਸ ਸਮੇ ਹੀ ਉਸ ਨੇ 18 ਸਾਲ ਦੀ ਉਮਰ ਵਿਚ ਕੈਨੇਡਾ ਵਿਖੇ ਜੂਨੀਅਰ ਵਿਸ਼ਵ ਕੱਪ ਖੇਡਿਆ। ਪਰਗਟ ਸਿੰਘ ਬਤੌਰ ਫੁੱਲਬੈਕ ਜੂਨੀਅਰ ਅਤੇ ਸੀਨੀਅਰ ਟੀਮ ਦਾ ਅਹਿਮ ਹਿੱਸਾ ਬਣੇ ਰਹੇ । ਉਹਨਾਂ ਨੇ 1992 (ਬਾਰਸਿਲੋਨਾ) ਅਤੇ 1996 (ਅਟਲਾਂਟਾ) ਓਲੰਪਿਕ ਸਮੇ ਦੋ ਵਾਰੀ ਓਲੰਪਿਕ ਕਪਤਾਨ ਬਣਨ ਦਾ ਰਿਕਾਰਡ ਬਣਾਇਆ । ਐਟਲਾਂਟਾ ਓਲੰਪਿਕ ਸਮੇ ਖੇਡ ਦਲ ਦੇ ਮੁਹਰੀ ਵਜੋਂ ਭਾਰਤੀ ਝੰਡਾ ਲੈ ਕੇ ਤੁਰਨ ਦਾ ਮਾਣ ਵੀ ਹਾਸਲ ਕੀਤਾ ।
                      ਸੁਰਜੀਤ ਸਿੰਘ ਯਾਦਗਾਰੀ ਟੂਰਨਾਮੈਟ ਸੁਸਾਇਟੀ ਜਲੰਧਰ ਦੇ ਮੀਤ ਪ੍ਰਧਾਨ,ਦੁਨੀਆਂ ਦੇ ਧੜੱਲੇਦਾਰ ਫੁੱਲਬੈਕ ਪਰਗਟ ਸਿੰਘ ਨੇ ਪਰਥ ਚੈਂਪੀਅਨਜ਼ ਟਰਾਫ਼ੀ 1985 ਦੌਰਾਂਨ ਜਰਮਨੀ ਵਿਰੁੱਧ ਭਾਰਤੀ ਟੀਮ ਦੇ 1-5 ਨਾਲ ਪਛੜਨ’ਤੇ ਵੀ ਅਜਿਹਾ ਕਾਰਨਾਮਾ ਕਰ ਵਿਖਾਇਆ ਕਿ ਮੈਚ ਦੇ ਅਖੀਰਲੇ 6 ਮਿੰਟਾਂ ਵਿੱਚ 4 ਵਾਰੀ ਗੋਲ ਫੱਟਾ ਖੜਕਿਆ ਅਤੇ ਮੈਚ 5-5 ਗੋਲਾਂ ਨਾਲ ਬਰਾਬਰ ਤੇ ਖ਼ਤਮ ਹੋਇਆ । ਇਹੀ ਕਾਰਨਾਮਾ 1986 ਦੀ ਕਰਾਚੀ ਟਰਾਫ਼ੀ ਸਮੇ ਹਾਲੈਂਡ ਨੂੰ 3-2 ਨਾਲ ਮਾਤ ਦਿੰਦਿਆਂ ਦੁਹਰਾਇਆ।
                                       ਪਰਗਟ ਸਿੰਘ ਨੂੰ ਚੰਡੀਗੜ੍ਹ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1985 ਵਿੱਚ, ਅਰਜੁਨਾ ਐਵਾਰਡ ਅਤੇ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1989 ਵਿੱਚ,ਰਾਜੀਵ ਗਾਂਧੀ ਖੇਲ ਰਤਨ ਐਵਾਰਡ 1996 ਵਿੱਚ,ਪਦਮ ਸ਼੍ਰੀ ਐਵਾਰਡ 1998 ਵਿੱਚ,ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ 2006 ਵਿੱਚ ਮਿਲੇ ਹਨ । ਖੇਡ ਖੇਤਰ ਵਿੱਚ ਉਹ 1983 ਤੋਂ 1997 ਤੱਕ ਲਗਾਤਾਰ ਹਾਕੀ ਦੇ ਨਾਮੀ ਖਿਡਾਰੀ ਬਣੇ ਰਹੇ । ਉਹਨਾਂ ਨੇ ਓਲੰਪਿਕ ਖੇਡਾਂ,ਵਿਸ਼ਵ ਕੱਪ,ਚੈਂਪੀਅਨਜ਼ ਟਰਾਫ਼ੀ, ਏਸ਼ੀਆਈ ਖੇਡਾਂ, ਸੈਫ਼ਖੇਡਾਂ, ਏਸ਼ੀਆ ਕੱਪ, ਪਾਕਿਸਤਾਨ,ਇਟਲੀ,ਕੀਨੀਆਂ ਵਿਰੁੱਧ ਟੈਸਟ ਸੀਰੀਜ਼,ਇੰਦਰਾ ਗਾਂਧੀ ਗੋਲਡ ਕੱਪ,ਤੋਂ ਇਲਾਵਾ 1987 ਵਿੱਚ ਏਸ਼ੀਅਨ ਆਲ ਸਟਾਰਜ਼  ਇਲੈਵਨ ਦਾ ਕਪਤਾਨ ਬਣਕੇ ਅਫ਼ਰੀਕਾ ਦਾ ਦੌਰਾ ਕੀਤਾ ਅਤੇ ਇੰਟਰ-ਕਾਂਟੀਨੈਂਟਲ ਕੱਪ ਵੀ ਖੇਡਿਆ। ਬਹੁਤ ਹੀ ਅਹਿਮ ਹਾਕੀ ਮੁਕਾਬਲਿਆਂ ਵਿੱਚ ਟੀਮ ਦੀ ਕਪਤਾਨੀ ਵੀ ਕੀਤੀ ।
                    ਇਸ ਦ੍ਰਿੜ ਇਰਾਦੇ ਵਾਲੇ ਖਿਡਾਰੀ ਨੇ ਪਹਿਲਾਂ ਰੇਲ ਕੋਚ ਫੈਕਟਰੀ ਵਿਚ ਫਿਰ ਅਲਕਲੀਜ਼ ਦੀ ਟੀਮ ਵਿਚ ਅਤੇ ਪੰਜਾਬ ਪੁਲੀਸ ਵਿੱਚ ਡੀ. ਐੱਸ. ਪੀ. ਬਣਨ ਮਗਰੋਂ 2005 ਵਿੱਚ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ । ਹਾਕੀ ਤੋਂ ਰਿਟਾਇਰ ਹੋ ਕੇ ਹਾਕੀ ਸਬੰਧੀ ਮੈਗਜ਼ੀਨ ਵੀ ਕੱਢਿਆ । ਹਾਕੀ ਦੀ ਬਿਹਤਰੀ ਲਈ ਮਹਿਲਾ ਹਾਕੀ ਦੀ ਪ੍ਰਧਾਨਗੀ ਵਾਲੀ ਚੋਣ ਵੀ ਵਿਦਿਆ ਸਟੋਕਸ ਵਿਰੁੱਧ 41-21 ਵੋਟਾਂ ਪੈਣ ਕਰਕੇ 20 ਵੋਟਾਂ ਦੇ ਫ਼ਰਕ ਨਾਲ ਹਾਰ ਗਏ । ਇਹ ਪਰਿਵਾਰ ਰਾਜਨੀਤੀ ਨਾਲ ਬਾਵਸਤਾ ਨਹੀਂ । ਸਿਰਫ਼ ਪਰਗਟ ਸਿੰਘ ਦੇ ਸਹੁਰਾ ਸਾਹਿਬ ਸ ਦਰਬਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜਿੱਤੇ ਸਨ ਅਤੇ ਫਿਰ ਰਾਜਸਥਾਨ ਦੇ ਰਾਜਪਾਲ ਰਹਿੰਦਿਆਂ ਦਿਲ ਦਾ ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰ ਗਏ ਸਨ । ਪਰ ਹੁਣ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਤਕੜੇ ਦਾਅਵੇਦਾਰ ਉਮੀਦਵਾਰ ਜਗਬੀਰ ਸਿੰਘ ਬਰਾੜ ਨੂੰ 6797 ਵੋਟਾਂ ਨਾਲ ਹਰਾ ਕੇ ਪਰਗਟ ਸਿੰਘ ਵਿਧਾਇਕ ਬਣ ਗਏ ਹਨ । ਉਹਨਾਂ ਨੂੰ 48274 ਅਤੇ ਵਿਰੋਧੀ ਨੂੰ 41477 ਵੋਟਾਂ ਮਿਲੀਆਂ । ਹੁਣ ਸ਼ਾਇਦ ਖੇਡ ਮੰਤਰੀ ਵਜੋਂ ਝੰਡੀ ਵਾਲੀ ਕਾਰ ਵੀ ਮਿਲ ਜਾਵੇ ? ਅਤੇ ਖੇਡਾਂ ਨੂੰ ਪੂਰਾ ਪਰਫੁਲਤ ਕਰਨ ਦਾ ਸੁਨਹਿਰੀ ਮੌਕਾ ਵੀ । ਪਰ ਇਹ ਸਾਰਾ ਕੁੱਝ ਅਜੇ ਸਮੇ ਦੀ ਬੁੱਕਲ਼ ਵਿੱਚ ਹੈ । ਊਠ ਕਿਸ ਕਰਵਟ ਬਹਿੰਦਾ ਏ ,ਇਸ ਦਾ ਪਤਾ ਤਾਂ ਸਮਾਂ ਆਉਣ ‘ਤੇ ਹੀ ਲੱਗ ਸਕੇਗਾ ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Wednesday, March 7, 2012

ਆਸਟਰੇਲੀਆ ਮਹਿਲਾ ਟੀਮ ਭਾਰਤ ਵਿੱਚ ਪਹਿਲਾ ਮੈਚ 12 ਨੂੰ


             ਆਸਟਰੇਲੀਆ ਮਹਿਲਾ ਟੀਮ ਭਾਰਤ ਵਿੱਚ ਪਹਿਲਾ ਮੈਚ 12 ਨੂੰ
                                                     ਰਣਜੀਤ ਸੰਘ ਪ੍ਰੀਤ
        ਉਂਜ ਤਾਂ ਭਾਵੇਂ ਹਰ ਸਾਲ ਮਹਿਲਾ ਦਿਵਸ ਮਨਾਇਆ ਜਾਂਦਾ ਹੈ । ਲੀਡਰ ਭਾਸ਼ਨਾਂ ਨਾਲ ਸਪੀਕਰਾਂ ਦੀਆਂ ਚੀਖਾਂ ਮਰਵਾਉਂਦੇ ਬੜੇ ਐਲਾਨ ਕਰਦੇ ਹਨ । ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਆ ਰਿਹਾ ਹੈ । ਇਹ ਗੱਲ ਮਹਿਲਾ ਕ੍ਰਿਕਟ ਉੱਤੇ ਵੀ ਪੂਰੀ ਉਤਰਦੀ ਹੈ । ਨਾਂ ਤਾਂ ਪੁਰਸ਼ਾਂ ਜਿੰਨੇ ਇਨਾਮ ਸਨਮਾਨ ਹਨ ਅਤੇ ਨਾਂ ਕੋਈ ਮਹਿਲਾਵਾਂ ਦੇ ਕ੍ਰਿਕਟ ਮੁਕਾਬਲਿਆਂ ਨੂੰ ਉਤਸ਼ਾਹਤ ਕਰਨ ਦਾ ਯਤਨ ਕਰਦਾ ਹੈ । ਪੁਰਸ਼ ਵਰਗ ਦੇ ਮੈਚਾਂ ਬਾਰੇ ਇਸ ਤੋਂ ਉਪਰ ਸ਼ਾਇਦ ਹੀ ਕੋਈ ਹੋਰ ਵਧੀਆ ਸਬੂਤ ਹੋਵੇ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਨਤੀਜੇ ਆ ਰਹੇ ਸਨ । ਸਾਰੇ ਚੈਨਲ ਕਵਰੇਜ ਕਰ ਰਹੇ ਸਨ,ਪਰ ਦੂਰਦਰਸ਼ਨ ਆਸਟਰਏਲੀਆ-ਸ਼੍ਰੀਲੰਕਾ ਦਾ ਲਾਈਵ ਮੈਚ ਦਿਖਾ ਰਿਹਾ ਸੀ । ਭਾਰਤੀ ਟੀਮ ਵੀ ਨਹੀਂ ਸੀ ਖੇਡ ਰਹੀ ।
               ਹੁਣ ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਭਾਰਤ ਵਿੱਚ 3 ਵੰਨ ਡੇਅ 50-50 ਓਵਰਾਂ ਦੇ ਅਤੇ 5 ਟੀ-20 ਮੈਚ 12 ਤੋਂ 23 ਮਾਰਚ ਤੱਕ ਖੇਡਣ ਲਈ ਆ ਚੁੱਕੀ ਹੈ । ਕੀ ਭਾਰਤੀ ਦੂਦਰਸ਼ਨ ਇਹਨਾਂ ਮੈਚਾਂ ਦੇ ਦਰਸ਼ਨ ਦਰਸਕਾਂ ਨੂੰ ਕਰਵਾਏਗਾ ? ਇਸ ਸੀਰੀਜ਼ ਤੱਕ ਆਸਟਰੇਲੀਆ ਨੇ 1973 ਤੋਂ 2012 ਤੱਕ ਕੁੱਲ 251 ਇੱਕ ਰੋਜ਼ਾ ਮੈਚ ਖੇਡੇ ਹਨ ,ਜਿੰਨ੍ਹਾਂ ਵਿੱਚੋਂ 193 ਜਿੱਤੇ,51 ਹਾਰੇ ,ਅਤੇ ਇੱਕ ਟਾਈ ਖੇਡਿਆ ਹੈ ਅਤੇ 6 ਮੈਚ ਬੇ-ਨਤੀਜਾ ਰਹੇ ਹਨ  । ਭਾਰਤ ਦਾ ਇਹ ਗਣਿਤ 1978 ਤੋਂ 2012 ਤੱਕ 190 ਮੈਚ ਹੈ । ਇਹਨਾਂ ਵਿੱਚੌ 98 ਜਿੱਤੇ ,87 ਹਾਰੇ, ਇੱਕ ਟਾਈ ਅਤੇ 4 ਬਗੈਰ ਨਤੀਜਾ ਸ਼ਾਮਲ ਹਨ । ਕੁੱਲ ਮਿਲਾਕੇ ਦੋਹਾਂ ਮੁਲਕਾਂ ਨੇ ਜੋ 36 ਮੈਚ ਖੇਡੇ ਹਨ ਉਹਨਾਂ ਵਿੱਚੋਂ ਭਾਰਤ ਨੇ ਸਿਰਫ਼ 7 ਮੈਚ ਅਤੇ ਆਸਟਰੇਲੀਆ ਨੇ 27 ਜਿੱਤੇ ਹਨ । ਦੋ ਮੈਚ ਫ਼ੈਸਲਾ ਰਹਿਤ ਰਹੇ ਹਨ । ਟੀ-20 ਮੈਚ ਤਿੰਨੋ ਹੀ ਆਸਟਰੇਲੀਆ ਨੇ ਜਿੱਤੇ ਹਨ ।
                             ਭਾਰਤ ਦਾ ਘੱਟ ਸਕੋਰ 74 ਦੌੜਾਂ ਆਕਲੈਂਡ ਵਿੱਚ 10 ਜਨਵਰੀ 1982 ਨੂੰ ਆਸਟਰੇਲੀਆ ਵਿਰੁੱਧ ਰਿਹਾ ਹੈ । ਆਸਟਰੇਲੀਆ ਦੀਆਂ 77 ਦੌੜਾਂ ਚੇਨੱਈ ਵਿੱਚ 28 ਦਸੰਬਰ 2004 ਨੂੰ ਰਹੀਆਂ ਹਨ । ਭਾਰਤ ਦੀ ਟੀਮ ਨੇ ਉੱਚ ਸਕੋਰ ਆਸਟਰੇਲੀਆ ਖ਼ਿਲਾਫ਼ 234/5 ਸਿਡਨੀ ਵਿਖੇ 14 ਮਾਰਚ 2009 ਨੂੰ ਬਣਾਇਆ ਹੈ । ਆਸਟਰੇਲੀਆ ਨੇ ਅਜਿਹਾ 281/3 ਕੈਨਬਰਾ ਵਿੱਚ 8 ਨਵੰਬਰ 2008 ਨੂੰ ਦਰਜ ਕੀਤਾ ਹੋਇਆ ਹੈ । ਭਾਰਤ ਨੇ ਆਪਣਾ ਪਹਿਲਾ ਇੱਕ ਰੋਜਾ ਮੈਚ ਟਾਸ ਹਾਰਦਿਆਂ ਦੂਜੇ ਵਿਸ਼ਵ ਕੱਪ ਦੇ ਦੂਜੇ ਮੈਚ ਵਜੋਂ ਖੇਡਦਿਆਂ ਪਹਿਲੀ ਜਨਵਰੀ 1978 ਨੂੰ ਈਡਨ ਗਾਰਡਨ ਕੋਲਕਾਤਾ ਵਿੱਖੇ ਸਿਰਫ਼ 63 ਰਨ ਹੀ ਬਣਾਏ । ਇੰਗਲੈਡ ਨੇ ਇਹ ਮੈਚ 9 ਵਿਕਟਾਂ ਨਾਲ ਜਿੱਤਿਆ । ਭਾਰਤ ਨੇ ਆਸਟਰੇਲੀਆ ਵਿਰੁੱਧ ਪਹਿਲਾ ਮੈਚ 8 ਜਨਵਰੀ 1978 ਨੂੰ ਪਟਨਾ ਵਿੱਚ ਖੇਡਿਆ । ਇਹ ਦੂਜੇ ਵਿਸ਼ਵ ਕੱਪ ਦਾ ਚੌਥਾ ਮੈਚ ਸੀ । ਆਸਟਰੇਲੀਆ ਨੇ 150/8 ਅਤੇ ਭਾਰਤ ਨੇ 79 (47.2) ਰਨ ਹੀ ਬਣਾਏ ਅਤੇ ਬੁਰੀ ਤਰ੍ਹਾਂ ਹਾਰਿਆ । ਪਰ ਭਾਰਤ ਨੇ 17 ਜਨਵਰੀ 1982 ਨੂੰ ਤੀਜੇ ਵਿਸ਼ਵ ਕੱਪ ਦੇ ਨੌਵੇਂ ਮੈਚ ਵਿੱਚ ਟਾਸ ਜਿੱਤ ਕੇ ਬੈਟਿੰਗ ਚੁਣਦਿਆਂ  ਨੈਪੀਅਰ ਵਿੱਚ 192/7 ਦੌੜਾਂ ਬਣਾਈਆਂ ਜਵਾਬ  ਵਿੱਚ ਕੌਮਾਂਤਰੀ ਇਲੈਵਨ ਟੀਮ 113 (56.2) ਰਨ ਹੀ ਬਣਾ ਸਕੀ । ਇਸ ਤਰ੍ਹਾਂ ਭਾਰਤ ਨੇ ਪਹਿਲੀ ਇਤਿਹਾਸਕ ਜਿੱਤ 79 ਦੌੜਾਂ ਨਾਲ ਹਾਸਲ ਕੀਤੀ । 
                              ਆਸਟਰੇਲੀਆ ਨੇ ਪਹਿਲੀ ਵਾਰ ਭਾਰਤ ਵਿੱਚ 19 ਜਨਵਰੀ ਤੋਂ  23 ਫਰਵਰੀ 1984 ਤੱਕ ਚਾਰੇ ਇੱਕ ਰੋਜ਼ਾ ਮੈਚ ਜਿਤਦਿਆਂ, 11 ਤੋਂ 28 ਦਸੰਬਰ 2004 ਤੱਕ ਫਿਰ 7 ਮੈਚ ਖੇਡੇ ਅਤੇ ਸੀਰੀਜ਼ 4-3 ਨਾਲ ਆਸਟਰੇਲੀਆ ਦੇ ਹਿੱਸੇ ਰਹੀ । ਭਾਰਤ ਨੇ ਆਪਣੀ ਸਰਜ਼ਮੀਨ ‘ਤੇ ਆਸਟਰੇਲੀਆ ਨੂੰ ਪਹਿਲੀ ਵਾਰ ਸੀਰੀਜ਼ ਦੇ ਤੀਜੇ ਮੈਚ ਵਿੱਚ 16 ਦਸੰਬਰ ਨੂੰ ਮੁੰਬਈ ਵਿਖੇ ਮਾਤ ਦਿੱਤੀ । ਭਾਰਤ ਵੱਲੋਂ ਟਾਸ ਜਿੱਤ ਕੇ ਬੈਟਿੰਗ ਸੌਂਪਣ ਨਾਲ ਆਸਟਰੇਲੀਆ 147 (47.1) ਦੇ ਜਵਾਬ ਵਿੱਚ 151/4(44.1) ਸਕੋਰ ਕਰਕੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ । ਭਾਰਤ ਨੇ ਪਹਿਲੀ ਵਾਰ 3 ਮੈਚਾਂ ਲਈ ਆਸਟਰੇਲੀਆ ਦਾ ਦੌਰਾ 25 ਤੋਂ 28 ਫਰਵਰੀ 2006 ਤੱਕ ਕੀਤਾ । ਫ਼ਿਰ 31 ਅਕਤੂਬਰ ਤੋਂ  9 ਨਵੰਬਰ 2008 ਤੱਕ 5 ਇੱਕ ਰੋਜ਼ਾ ਮੈਚ ਖੇਡੇ । ਪਰ ਭਾਰਤੀ ਟੀਮ ਸਾਰੇ ਦੇ ਸਾਰੇ 8 ਮੈਚ ਹੀ ਹਾਰ ਗਈ । ਦੋਹਾਂ ਮੁਲਕਾਂ ਦਰਮਿਆਂਨ ਪਹਿਲਾ ਟਵੰਟੀ ਟਵੰਟੀ ਭਾਰਤ ਵੱਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਚੁਨਣ ਨਾਲ 28 ਅਕਤੂਬਰ 2008 ਨੂੰ ਸਿਡਨੀ ਵਿੱਚ ਹੋਇਆ । ਆਸਟਰੇਲੀਆ ਨੇ 142/4 ਅਤੇ ਭਾਰਤ ਨੇ 140/4 ਸਕੋਰ ਕੀਤਾ । ਸਿੱਟੇ ਵਜੋਂ ਭਾਰਤ 2 ਦੌੜਾਂ ਨਾਲ ਇਹ ਮੈਚ ਹਾਰਿਆ । ਭਾਰਤ ਨੇ 23 ਜੂਨ 2011 ਨੂੰ ਬਿਲਰੇਸੀ ਵਿੱਚ ਆਸਟਰੇਲੀਆ ਤੋਂ ਫਿਰ 8 ਵਿਕਟਾਂ ਨਾਲ ਹਾਰ ਖਾਧੀ ।
                  ਆਸਟਰੇਲੀਆ ਦੀ ਭਾਰਤ ਆਈ ਮਹਿਲਾ ਟੀਮ ਨੂੰ  ਟੱਕਰ ਦੇਣ ਲਈ ਅੰਜੁਮ ਚੋਪੜਾ ਦੀ ਕਪਤਾਨੀ ਅਤੇ ਮਿਥਾਲੀ ਰਾਜ ਦੀ ਉਪ-ਕਪਤਾਨੀ ਅਧੀਨ ਭਾਰਤੀ ਟੀਮ ਜ਼ੋਰ ਅਜ਼ਮਾਈ ਕਰੇਗੀ । ਕਈ ਖਿਡਾਰਨਾਂ ਕੋਲ ਚੰਗਾ ਤਜ਼ੁਰਬਾ ਵੀ ਹੈ । ਪਰ ਇਤਿਹਾਸ ਪਹਿਲਾਂ ਤੋਂ ਹੀ ਆਸਟਰੇਲਿਆਈ ਟੀਮ ਨਾਲ ਹੱਥ ਮਿਲਾਉਂਦਾ ਆ ਰਿਹਾ ਏ । ਪਰ ਫਿਰ ਵੀ ਭਾਰਤੀ ਟੀਮ ਦੇ ਇਸ ਸਫ਼ਰ ਉੱਤੇ ਨਿਗਾਹ ਤਾਂ ਰੱਖਣੀ ਹੀ ਪਵੇਗੀ। ਦਸ ਮਾਰਚ ਤੋਂ ਆਪਣੇ ਟੂਰ ਦੀ ਸ਼ੁਰੂਆਤ ਅਹਿਮਦਾਬਾਦ ਦੇ ਅਭਿਆਸੀ ਮੈਚ ਨਾਲ ਸ਼ੁਰੂ ਕਰ ਚੁੱਕੀ ਆਸਟਰੇਲੀਆ ਦੀ ਟੀਮ ਨੇ 12 ਤੋਂ 16 ਮਾਰਚ ਤੱਕ ਤਿੰਨ ਇੱਕ ਰੋਜ਼ਾ ਮੈਚ ਜਿੱਤਣ ਲਈ ਸੰਘਰਸ਼ ਕਰਨਾ ਹੈ । ਪਹਿਲਾ ਮੈਚ 12 ਮਾਰਚ ਨੂੰ ਅਹਿਮਦਾਬਾਦ ਵਿੱਚ ,ਫਿਰ 14 ਅਤੇ 16 ਮਾਰਚ ਵਾਲੇ ਮੈਚ ਮੁੰਬਈ ਵਿੱਚ ਖੇਡਣੇ ਹਨ । ਜਦੋਂ ਕਿ ਟੀ-20 ਮੈਚ 18 ਤੋਂ 23 ਤੱਕ ਹੋਣੇ ਨੇ । ਪਰ 20 ਮਾਰਚ ਅਰਾਮ ਦਾ ਦਿਨ ਰਹੇਗਾ । ਇਹਨਾਂ ਵਿੱਚੋਂ 18 ਅਤੇ 21 ਮਾਰਚ ਵਾਲੇ ਮੈਚ ਦਿਨ-ਰਾਤ ਦੇ ਹਨ । ਜਦੋਂ ਕੇ ਬਾਕੀਆਂ ਦਾ ਸਮਾਂ ਦਿਨ ਦਾ ਹੈ । ਤਾਂ ਆਓ ਉਡੀਕੀਏ ਕਿ ਭਾਰਤੀ ਟੀਮ, ਇਤਿਹਾਸ ਦੇ ਨਵੇਂ ਪੰਨਿਆਂ ‘ਤੇ ਨਵਾਂ ਕੀ ਅੰਕਿਤ ਕਰਦੀ ਹੈ ? ਕਿਓਂਕਿ  ਉਡੀਕ ਦੇ ਪਲ ਸੁਆਦਲੇ ਅਤੇ ਸੁਹਾਵਣੇ ਵੀ ਹੁੰਦੇ ਹਨ । ਫਿਰ ਵਾਂਝੇ ਕਾਹਨੂੰ ਰਹਿਣਾ ਏ ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Tuesday, March 6, 2012

ਅੱਜ ਬਣ ਰਿਹਾ ਏ ਮੁੱਖ ਮੰਤਰੀ ਖੁੱਲ੍ਹ ਰਹੀ ਏ ਪੋਟਲੀ


               ਅੱਜ ਬਣ ਰਿਹਾ ਏ ਮੁੱਖ ਮੰਤਰੀ ਖੁੱਲ੍ਹ ਰਹੀ ਏ ਪੋਟਲੀ
                                                   ਰਣਜੀਤ ਸਿੰਘ ਪ੍ਰੀਤ
                       ਇਸ ਵਾਰੀ ਸੱਭ ਤੋਂ ਵੱਧ 36 ਦਿਨ ਪੰਜਾਬੀਆਂ ਨੂੰ ਚੋਣ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ ਏ । ਇਸ ਤੋਂ ਪਹਿਲਾਂ 1997 ਵਿੱਚ 7 ਫਰਵਰੀ ਨੂੰ ਚੋਣਾਂ ਹੋਈਆਂ ਸਨ ਅਤੇ ਗਿਣਤੀ 9 ਫਰਵਰੀ ਨੂੰ ਹੀ ਹੋ ਗਈ ਸੀ । ਸਨ 2002 ਵਿੱਚ 13 ਫਰਵਰੀ ਨੂੰ ਵੋਟਾਂ ਪਈਆਂ ,ਅਤੇ ਮੁਖ ਮੰਤਰੀ ਦਾ ਪਤਾ 24 ਫਰਵਰੀ ਦੇ ਨਤੀਜਿਆਂ ਨਾਲ ਹੀ ਸਾਹਮਣੇ ਆ ਗਿਆ ਸੀ । ਪਿਛਲੀਆਂ 2007 ਦੀਆਂ ਚੋਣਾਂ ਮੌਕੇ 13 ਫਰਵਰੀ ਦੀ ਪੋਲਿੰਗ ,ਮਗਰੋਂ 27 ਫਰਵਰੀ ਤੱਕ ਹੀ ਨਤੀਜਿਆਂ ਦੀ ਉਡੀਕ ਕਰਨੀ ਪਈ ਸੀ । ਪਰ ਇਸ ਵਾਰੀ ਬਹੁਤਾ ਸਮਾਂ ਲੱਗਣ ਕਰਕੇ ਬਹੁਤ ਸਾਰੇ ਕੰਮ ਵੀ ਪ੍ਰਭਾਵਿਤ ਹੋਏ ਹਨ । ਅੱਜ 30 ਜਨਵਰੀ ਤੋਂ ਮਸ਼ੀਨਾਂ ਵਿੱਚ ਬੰਦ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੁੱਝ ਹੀ ਘੰਟਿਆਂ ਬਾਅਦ ਬਾਹਰ ਆ ਰਿਹਾ ਏ । ਲੰਮੀ ਉਡੀਕ ਨੇ ਰਾਜਨੀਤਕ ਨੇਤਾਵਾਂ ਦੇ ਸਾਹ ਸੂਤੀ ਰੱਖੇ ਹਨ । ਉਹਨਾਂ ਨੇ ਵੱਖ ਵੱਖ ਥਾਵਾਂ ‘ਤੇ ਜਾ ਕੇ ਸੁੱਖਾਂ ਸੁੱਖੀਆਂ ਅਤੇ ਨਤ-ਮਸਤਕ ਹੋਏ ਹਨ । ਪਰ ਉਹ ਸ਼ਾਇਦ ਇਹ ਗੱਲ ਭੁੱਲੇ ਰਹੇ ਸਨ,ਕਿ ਜੋ ਲੋਕ  ਫ਼ੈਸਲਾ 30 ਜਨਵਰੀ ਨੂੰ ਹੋ ਚੁੱਕਿਆ ਏ ,ਉਸ ਨੂੰ ਇਹਨਾਂ ਸੁੱਖਣਾ ਨਾਲ ਬਦਲਿਆ ਨਹੀਂ ਜਾ ਸਕਦਾ । ਪਰ ਫਿਰ ਵੀ 9 ਮਹੀਨੇ ਹਰੇਕ ਹੀ ਮੁੰਡੇ ਦੀ ਮਾਂ ਵਾਲੀ ਗੱਲ ਵਾਂਗ, ਇਹਨਾਂ ਨੇ ਜਿੱਤਾਂ ਦੇ ਦਾਅਵੇ ਬਰਕਰਾਰ ਰੱਖੇ ਹਨ । ਹੁਣ ਤੱਕ ਦੇ ਪੰਜਾਬ ਇਤਿਹਾਸ ਵਿੱਚ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ 37 ਸਾਲ 25 ਦਿਨ ਰਾਜ ਕੀਤਾ ਹੈ । ਏਸੇ ਹੀ ਪਰਾਟੀ ਦੇ ਡਾਕਟਰ ਗੋਪੀ ਚੰਦ ਭਾਰਗਵ ਨੇ ਸੱਭ ਤੋਂ ਘੱਟ ਸਿਰਫ਼ 16 ਦਿਨ ਮੁੱਖ ਮੰਤਰੀ ਵਜੋਂ 21 ਜੂਨ 1964 ਤੋਂ 6 ਜੁਲਾਈ 1964 ਤੱਕ ਬਿਤਾਏ ਹਨ । ਜਦੋਂ ਕਿ ਪ੍ਰਤਾਪ ਸਿੰਘ ਕੈਰੋਂ ਨੇ ਲਗਾਤਾਰ ਸਭ ਤੋਂ ਵੱਧ ਸਮਾਂ 23 ਜਨਵਰੀ 1956 ਤੋਂ 21 ਜੂਨ 1964 ਤੱਕ 8 ਸਾਲ 5 ਮਹੀਨੇ ਮੁੱਖ ਮੰਤਰੀ ਵਜੋਂ ਕਾਰਜ ਕੀਤਾ ਹੈ । ਗਿਆਨੀ ਜ਼ੈਲ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕ੍ਰਮਵਾਰ 5 ਸਾਲ ਇੱਕ ਮਹੀਨਾ 4 ਦਿਨ ਅਤੇ 5 ਸਾਲ 3 ਦਿਨ ਮੁੱਖ ਮੰਤਰੀ ਦੀ ਕੁਰਸੀ ਦਾ ਨਿੱਘ ਮਾਣਿਆਂ ਹੈ ।
                   ਅਕਾਲੀ ਪਾਰਟੀ ਨੇ ਕੁੱਲ ਮਿਲਾਕੇ 18 ਸਾਲ 3 ਮਹੀਨੇ 21 ਦਿਨ ਰਾਜ ਕਰਿਆ ਹੈ । ਦੂਜੇ ਸ਼ਬਦਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਕਾਂਗਰਸ ਨਾਲੋਂ ਅੱਧਾ ਸਮਾਂ ਹੀ ਰਾਜ ਕੀਤਾ ਹੈ । ਜਸਟਿਸ ਗੁਰਨਾਮ ਸਿੰਘ ਨੇ ਸਭ ਤੋਂ ਘੱਟ ਸਮਾਂ ਸਿਰਫ਼ 8 ਮਹੀਨੇ 22 ਦਿਨ, 8 ਮਾਰਚ 1967 ਤੋਂ 23 ਨਵੰਬਰ 1967 ਤੱਕ ਮੁੱਖ ਮੰਤਰੀ ਵਜੋਂ ਕੁਰਸੀ ਸੰਭਾਲੀ ਹੈ । ਅਕਾਲੀ ਪਾਰਟੀ ਦੇ ਪ੍ਰਕਾਸ਼ ਸਿੰਘ ਬਾਦਲ ਹੀ ਅਜਿਹੇ ਪਹਿਲੇ ਮੁੱਖ ਮੰਤਰੀ ਅਖਵਾਏ ਹਨ । ਜਿੰਨ੍ਹਾਂ ਨੇ ਪਹਿਲੀ ਵਾਰ 5 ਸਾਲ 17 ਦਿਨ, 12 ਫਰਵਰੀ 1997 ਤੋਂ 26 ਫਰਵਰੀ 2002 ਤੱਕ ਪੂਰੇ ਕੀਤੇ ਹਨ । ਹੁਣ ਦੂਜੀ ਪਾਰੀ ਵਿੱਚ ਵੀ ਚੋਣ ਨਤੀਜਿਆਂ ਵਾਲੇ ਦਿਨ ਤੱਕ ਉਹ 5 ਸਾਲ 7 ਦਿਨ ਮੁੱਖ ਮੰਤਰੀ ਵਜੋਂ ਬਿਤਾ ਚੁੱਕੇ ਹਨ । ਕੁੱਲ ਮਿਲਾਕੇ ਪੰਜਾਬ ਦੇ ਸਾਰੇ ਮੁੱਖ ਮੰਤਰੀਆਂ ਨਾਲੋਂ ਵੱਧ ਸਮਾਂ 13 ਸਾਲ 11 ਮਹੀਨੇ 15 ਦਿਨ ਪ੍ਰਕਾਸ਼ ਸਿੰਘ ਬਾਦਲ ਹੀ ਰਾਜ ਗੱਦੀ ‘ਤੇ ਰਹੇ ਹਨ । ਪੰਜਾਬ ਵਿੱਚ 9 ਸਾਲ 5 ਮਹੀਨੇ 6 ਦਿਨ ਰਾਸ਼ਟਰਪਤੀ ਰਾਜ ਵੀ ਰਿਹਾ ਏ । ਜਿਸ ਵਿੱਚ ਸਭ ਤੋਂ ਘੱਟ ਸਮਾਂ 30 ਅਪ੍ਰੈਲ 1977 ਤੋਂ 20 ਜੂਨ 1977 ਤੱਕ ਸਿਰਫ਼ 51 ਦਿਨ ਦਾ ਹੈ । ਸਭ ਤੋਂ ਵੱਧ ਸਮਾਂ ਰਾਸ਼ਟਰਪਤੀ ਰਾਜ 11 ਜੂਨ 1987 ਤੋਂ 25 ਫਰਵਰੀ 1992 ਤੱਕ 4 ਸਾਲ 8 ਮਹੀਨੇ 13 ਦਿਨ ਰਿਹਾ ਏ ।
                 ਕਾਂਗਰਸ ਪਾਰਟੀ ਨੇ ਹੁਣ ਤੱਕ 11 ਮੁੱਖ ਮੰਤਰੀ ਅਜ਼ਮਾਏ ਹਨ । ਜਿੰਨ੍ਹਾਂ ਵਿੱਚ ਡਾਕਟਰ ਗੋਪੀ ਚੰਦ ਭਾਰਗਵ,ਭੀਮ ਸੈਨ ਸੱਚਰ,ਪ੍ਰਤਾਪ ਸਿੰਘ ਕੈਰੋਂ,ਰਾਮ ਕਿਸ਼ਨ,ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ,ਗਿਆਂਨੀ ਜੈਲ ਸਿੰਘ,ਦਰਬਾਰਾ ਸਿੰਘ,ਬੇਅੰਤ ਸਿੰਘ,ਹਰਚਰਨ ਸਿੰਘ ਬਰਾੜ,ਰਾਜਿੰਦਰ ਕੌਰ ਭੱਠਲ,ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਅ ਸ਼ਾਮਲ ਹਨ । ਜਦੋਂ ਕਿ ਅਕਾਲੀ ਪਾਰਟੀ ਨੇ ਸਿਰਫ਼ ਚਾਰ ਹੀ ਮੁੱਖ ਬਣਾਏ ਹਨ । ਜਸਟਿਸ ਗੁਰਨਾਮ ਸਿੰਘ,ਲਛਮਣ ਸਿੰਘ ਗਿੱਲ,ਸੁਰਜੀਤ ਸਿੰਘ ਬਰਨਾਲਾ,ਅਤੇ ਪ੍ਰਕਾਸ਼ ਸਿੰਘ ਬਾਦਲ । ਪੰਜਾਬ ਦੇ ਪਹਿਲੇ ਮੁੱਖ ਮੰਤਰੀ 1946 ਵਿੱਚ ਖਿਜਰ ਹਯਾਤ ਖਾਂ ਬਣੇ ਸਨ । ਜਦੋਂ ਕਿ ਪੰਜਾਬ ਵਿੱਚ ਆਜ਼ਾਦ ਭਾਰਤ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਬਣੇ ਅਤੇ ਉਹ 15 ਅਗਸਤ 1947 ਤੋਂ 13 ਅਪਰੈਲ 1949 ਤਕ ਇਸ ਅਹੁਦੇ ’ਤੇ ਰਹੇ। ਲਛਮਣ ਸਿੰਘ ਗਿੱਲ ਭਾਵੇਂ ਅਕਾਲੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤੇ ਸਨ,ਪਰ ਮਗਰੋਂ ਕਾਂਗਰਸ ਦੀ ਹਮਾਇਤ ਲੈਂਦਿਆਂ ਮੁੱਖ ਮੰਤਰੀ ਦੀ ਕੁਰਸੀ ਹਥਿਆ ਲਈ ਸੀ ।
                            ਭਾਰਤ ਵਿੱਚ ਪਹਿਲੀ ਗੈਰ-ਕਾਂਗਰਸੀ ਸਰਕਾਰ ਅਕਾਲੀ ਦਲ ਦੇ ਸਹਿਯੋਗ ਨਾਲ ਗਿਆਨ ਸਿੰਘ ਰਾੜੇਵਾਲਾ ਨੇ ਪੈਪਸੂ ਸਟੇਟ ਵਿੱਚ ਬਣਾਈ । ਪਰ ਇਹ 4 ਮਾਰਚ 1953 ਨੂੰ ਅਕਾਲੀ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਚੋਣ ਰੱਦ ਹੋਣ ਕਾਰਣ 5 ਮਾਰਚ ਨੂੰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਸਾਂਝੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ 23 ਜਨਵਰੀ 1956 ਨੂੰ ਪ੍ਰਤਾਪ ਸਿੰਘ ਕੈਰੋਂ ਬਣੇ । ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਖਵਾਈ ਹੈ । ਇਸ ਤੋਂ ਇਲਾਵਾ ਸਾਹਿਤਕਾਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ,ਗਿਆਂਨੀ ਜੈਲ ਸਿੰਘ ,ਅਤੇ ਇੱਕ ਵਾਰ ਕਮਿਊਨਿਸਟ ਪਾਰਟੀ ਦੇ ਰਾਮ ਕਿਸ਼ਨ ਵੀ ਮੁੱਖ ਮੰਤਰੀ ਬਣੇ ਹਨ ।
                 ਪਹਿਲੀ ਮਾਰਚ 2007 ਤੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹਨ। ਅੱਜ ਕੁੱਝ ਹੀ ਸਮੇ ਤੱਕ ਪਤਾ ਲੱਗਣ ਵਾਲਾ ਹੈ ਕਿ ਵੋਟਰਾਂ ਨੇ  ਕਿਸ ਨੂੰ ਮੁੱਖ ਮੰਤਰੀ ਬਣਾਇਆ ਹੈ ? ਜੋ 30 ਜਨਵਰੀ ਤੋਂ ਹੀ ਮਸ਼ੀਨਾਂ ਵਿੱਚ ਬੰਦ ਪਿਆ ਹੈ । ਇਸ ਵਾਰੀ ਚੋਣਾਂ ਦੌਰਾਂਨ ਕਾਫੀ ਸੁਧਾਰ ਵੇਖਣ ਨੂੰ ਮਿਲੇ ਹਨ । ਪਰ ਚੋਣਾਂ ਸਮੇ ਅਜੇ ਹੋਰ ਲੋੜ ਹੈ ਚੌਕਸੀ ਦੀ,ਚੋਣ ਪ੍ਰਣਾਲੀ ਦੇ ਸੁਧਾਰ ਦੀ , ਕੁੱਝ ਹੋਰ ਗੱਲਾਂ ਵੀ ਬਹੁਤ ਧਿਆਂਨ ਮੰਗਦੀਆਂ ਹਨ,ਅਤੇ ਨਿਗਰਾਨੀ ਵੀ । ਇਸ ਵਾਸਤੇ ਸਿਖਿਆ ਦਾ ਵਿਕਾਸ ਬਹੁਤ ਜਰੂਰੀ ਹੈ । ਜੋ ਸਮੇ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ । ਕਿਓਂ ਕਿ ਇਹ ਗੱਲ ਉਹਨਾ ਦੇ ਮੇਚੇ ਨਹੀਂ ਬੈਠਦੀ ।
         
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232

Thursday, February 23, 2012

ਖ਼ੂਬਸੂਰਤੀ ਅਤੇ ਅਦਾਕਾਰੀ ਦਾ ਸੁਮੇਲ–ਮਧੂਬਾਲਾ


     ਖ਼ੂਬਸੂਰਤੀ ਅਤੇ ਅਦਾਕਾਰੀ ਦਾ ਸੁਮੇਲ–ਮਧੂਬਾਲਾ
                                                  ਰਣਜੀਤ ਸਿੰਘ ਪ੍ਰੀਤ
                         ਕੁੱਝ ਲੋਕ ਇਸ ਦੁਨੀਆਂ ‘ਤੇ ਆਉਂਦੇ ਹਨ,ਬਗੈਰ ਕੁੱਝ ਜ਼ਿਕਰਯੋਗ ਕਰਿਆਂ ਤੁਰ ਜਾਂਦੇ ਹਨ । ਪਰ ਕੁੱਝ ਅਜਿਹੇ ਵੀ ਹੁੰਦੇ ਹਨ, ਜੋ ਥੋੜ੍ਹੀ ਉਮਰ ਭੋਗ ਕੇ ਵੀ ਅਮਿੱਟ ਪੈੜਾਂ  ਛੱਡ ਜਾਂਦੇ ਹਨ । ਜਿੰਨ੍ਹਾਂ ਨੂੰ ਲੋਕ ਬਹੁਤ ਪਿਆਰ ਸਤਿਕਾਰ ਨਾਲ ਯਾਦ ਕਰਿਆ ਕਰਦੇ ਹਨ । ਅਜਿਹੀ ਹੀ ਸੀ ਅਦਾਕਾਰਾ ‘ਮਧੂਬਾਲਾ’ ।  ਮੁੱਢਲੇ ਨਾਂਅ ਮੁਮਤਾਜ ਬੇਗ਼ਮ ਜਹਾਂ ਦੇਹਲਵੀ ਵਾਲੀ ਮਧੂਬਾਲਾ ਦਾ ਜਨਮ ਦਿੱਲੀ ਵਿੱਚ ਅਤਾਉਲਾ ਖ਼ਾਂਨ ਦੇ ਘਰ 14 ਫਰਵਰੀ 1933 ਨੂੰ ਹੋਇਆ । ਉਹ ਪਰਿਵਾਰ ਦੇ 11 ਬੱਚਿਆਂ ਵਿੱਚੋਂ ਪੰਜਵਾਂ ਬੱਚਾ ਸੀ । ਮੁਮਤਾਜ ਦੇ ਅੱਬੂ ਜੋ ਪਿਸ਼ਾਵਰ ਵਿਖੇ ਇੰਪੀਰੀਅਲ ਤਮਾਕੂ ਕੰਪਨੀ ਵਿੱਚ ਨੌਕਰੀ ਕਰਦੇ ਸਨ ,ਉਹਨਾਂ ਨੂੰ ਉਹ ਛੱਡ ਕਿ ਮੂੰਬਈ ਆਉਣਾ ਪਿਆ । ਸਨ 1942 ਤੋਂ 1960 ਤੱਕ ਫ਼ਿਲਮੀ ਜਗਤ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਣ ਵਾਲੀ ਮੁਮਤਾਜ ਨੇ 10 ਕੁ ਸਾਲ ਦੀ ਉਮਰੇ 1942 ਵਿੱਚ ਬਾਲ ਕਲਾਕਾਰਾ ਵਜੋਂ ਫ਼ਿਲਮ ‘ਬਸੰਤ’ਲਈ ਪਹਿਲੀ ਭੂਮਿਕਾ ਨਿਭਾਈ । ਇਸ ਤੋਂ ਪ੍ਰਭਾਵਿਤ ਹੁੰਦਿਆਂ ਅਭਿਨੇਤਰੀ ਦੇਵਿਕਾ ਰਾਣੀ ਨੇ ਮਸ਼ਵਰਾ ਦਿੱਤਾ ਕਿ ਉਹ ਆਪਣਾ ਨਾਂਅ ਮਧੂ ਰੱਖ ਲਵੇ ,ਜਿਸ ਦਾ ਅਰਥ ‘ਸ਼ਹਿਦ ਦੀ ਔਰਤ’ ਹੁੰਦਾ ਹੈ ਅਤੇ ਉਹ ਮੁਮਤਾਜ ਤੋਂ ਮਧੂਬਾਲਾ ਅਖਵਾਉਂਣ ਲੱਗੀ ।
                     ਫਿਰ 1947 ਵਿੱਚ ਬੇਬੀ ਮੁਮਤਾਜ ਨੂੰ ਨਾਇਕਾ ਮੁਮਤਾਜ ਦਾ ਨਾਂਅ ਦਿੰਦਿਆਂ ਨਿਰਮਾਤਾ-ਨਿਰਦੇਸ਼ਕ ਕੇਦਾਰ ਸ਼ਰਮਾਂ ਨੇ ਫ਼ਿਲਮ ‘ਨੀਲ ਕਮਲ’ ਵਿੱਚ 14 ਵਰ੍ਹਿਆਂ ਦੇ ਰਾਜ ਕਪੂਰ ਨਾਲ ਅਹਿਮ ਰੋਲ ਦਿੱਤਾ । ਇਸ ਫਿਲਮ ਨਾਲ ਉਸਦੀ ਪਹਿਚਾਣ ਨਾਇਕਾ ਵਜੋਂ ਹੋਣ ਲੱਗੀ । ਪਰ ਫ਼ਿਲਮੀ ਸਟਾਰ ਅਦਾਕਾਰਾ ਦਾ ਰੁਤਬਾ 1949 ਵਿੱਚ ਬਣੀ ‘ਮਹਿਲ’ ਫ਼ਿਲਮ ਤੋਂ ਮਿਲਿਆ । ਮਧੂਬਾਲਾ ਦੀ ਗਿਣਤੀ ਭਾਰਤੀ ਸਿਨੇ ਜਗਤ ਦੀ ਮੈਡੋਨਾਂ ਵਜੋਂ ਹੋਣ ਲੱਗੀ । 
                     ਮਧੂਬਾਲਾ ਨੇ ਪਹਿਲੇ ਚਾਰ ਸਾਲਾ ਵਿੱਚ 24 ਫ਼ਿਲਮਾਂ ਕੀਤੀਆਂ । ਅਲੋਚਕਾਂ ਦਾ ਕਹਿਣਾ ਸੀ ਕਿ ‘ਉਹ ਕਲਾ ਦੀ ਬਜਾਇ ਸੁੰਦਰਤਾ ਦਾ ਹੀ ਵੱਧ ਲਾਹਾ ਖੱਟ ਰਹੀ ਹੈ । ਉਸਨੇ ਫ਼ਿਲਮ ਨਿਰਦੇਸ਼ਕਾਂ ਮਹਿਬੂਬ ਖ਼ਾਨ (ਅਮਰ),ਗੁਰੂਦੱਤ (ਸ਼੍ਰੀ ਔਰ ਸ਼੍ਰੀਮਤੀ-55),ਕਮਾਲ ਅਮਰੋਹੀ (ਮਹਿਲ),ਆਸਿਫ਼ (ਮੁਗ਼ਲ-ਇ-ਆਜ਼ਮ),ਲਈ ਕੰਮ ਕਰਿਆ । ‘ਕੱਲ੍ਹ ਹਮਾਰਾ’(1959) ਵਿੱਚ ਉਹ ਦੋਹਰੇ ਰੋਲ ਵਿੱਚ ਆਈ ਅਤੇ ਕਮਾਲ ਕਰ ਵਿਖਾਈ । ਸਨ 1950 ਵਿੱਚ ਉਸਨੇ ਹਰ ਪ੍ਰਕਾਰ ਦੇ ਰੋਲ ਕਰਦਿਆਂ ਟਿਪਣੀਕਾਰਾਂ ਦਾ ਮੂੰਹ ਬੰਦ ਕਰ ਵਿਖਇਆ । ਜਦ 1950 ਵਿੱਚ ਪਹਿਲੀ ਹਿੰਦੀ ਫ਼ਿਲਮ ਸਿਰਫ਼ ਬਾਲਗਾਂ ਲਈ ਫ਼ਿਲਮ ਸੈਂਟਰਲ ਬੋਰਡ ਵਲੋਂ ’ਹੰਸਤੇ ਆਂਸੂੰ’ ਪਾਸ ਹੋ ਕੇ  ਆਈ ,ਤਾਂ ਬਹੁਤ ਪਸੰਦ ਕੀਤੀ ਗਈ । ਸਨ 1951 ਵਿੱਚ  ‘ਬਾਦਲ’ ਅਤੇ ‘ਤਰਾਨਾ’ ਵੀ ਆਈਆਂ । ‘ਸ਼ੀਰੀਂ ਫਰਿਹਾਦ’ ਅਤੇ ‘ਰਾਜ ਹਥ’ ਨੇ ਵੀ ਚੰਗਾ ਨਾਮਣਾ ਖੱਟਿਆ । ਮਧੂਬਾਲਾ ਦਾ ਝੁਕਾਅ ਵੀ ਕੁੱਝ ਹੋਰਨਾਂ ਵਾਂਗ ਦਲੀਪ ਕੁਮਾਰ ਵੱਲ ਹੋਇਆ ,ਉਹ ਪਹਿਲੀ ਵਾਰ 1944 ਨੂੰ ‘ਜਵਾਰ ਭਾਟਾ’ ਦੇ ਸੈੱਟ’ਤੇ ਮਿਲੇ । ਫਿਰ ‘ਹਾਰ ਸਿੰਗਾਰ ‘(1949)”ਚ ਇਕੱਠੇ ਨਿਭੇ,ਪਰ ਇਹ ਫ਼ਿਲਮ ਡੱਬਿਆਂ ਵਿੱਚ ਹੀ ਪਈ ਰਹਿ ਗਈ । ਸਨ 1951 ਦੀ ‘ਤਰਾਨਾ’ ਸਮੇਤ ਇਹਨਾਂ ਨੇ 4 ਫ਼ਿਲਮਾਂ ਇਕੱਠਿਆਂ ਕੀਤੀਆਂ । ਦਲੀਪ ਕੁਮਾਰ ਨਾਲ ਇਹ ਸਬੰਧ 5 ਕੁ ਸਾਲਾਂ ਤੱਕ ਬਣੇ ਰਹੇ ।                             
                          ਮਧੂਬਾਲ ਨੂੰ ਡਾਕਟਰਾਂ ਨੇ ਬਚਪਨ ਵਿੱਚ ਹੀ ਦੱਸ ਦਿੱਤਾ ਸੀ ਕਿ ਉਸ ਦੇ ਦਿਲ ਵਿੱਚ ਮੋਰੀ ਹੈ ਅਤੇ ਇਸ ਦਾ ਇਲਾਜ ਵੀ ਸੰਭਵ ਨਹੀਂ ਹੈ । ਪਰ ਉਸਦਾ ਹੌਂਸਲਾ ਵੀ ਕਮਾਲ ਰਿਹਾ । ਸਨ 1950 ਵਿੱਚ ਉਸ ਨੂੰ ਖੰਘ ਦੇ ਨਾਲ ਹੀ ਖ਼ੂਨ ਵੀ ਆਉਣ ਲੱਗਿਆ । ਪਰ ਉਹ ਠੀਕ ਹੋ ਗਈ । ਉਹ ਘਰ ਤੋਂ ਬਾਹਰ ਕੁੱਝ ਨਹੀਂ ਖਾਂਦੀ-ਪੀਂਦੀ ਸੀ । ਇੱਥੋਂ ਤੱਕ ਕਿ ਖਾਣੇ ਦੇ ਨਾਲ ਪਾਣੀ ਵੀ ਘਰੋਂ ਹੀ ਲਿਆਇਆ ਕਰਦੀ ਸੀ । ਸਨ 1954 ਵਿੱਚ ਉਹਨੂੰ ਮਦਰਾਸ ਵਿਖੇ ਐਸ ਐਸ ਵਾਸਨ ਲਈ “ਬਹੁਤ ਦਿਨ ਹੂਏ” ਦੇ ਫ਼ਿਲਮਾਂਕਣ ਸਮੇ ਖ਼ੂਨ ਦੀ ਉਲਟੀ ਆ ਗਈ । ਪਰ ਉਹ ਚੁੱਪ ਅਤੇ ਮਸਤ ਰਹੀ । ਇਸ ਹਾਲਤ ਵਿੱਚ ਉਸਦੀ ਸਾਂਭ ਸੰਭਾਲ ਵਾਸਨ ਅਤੇ ਉਸਦੀ ਪਤਨੀ ਨੇ ਕੀਤੀ ।  ਇਹ ਗੱਲ ਮੀਡੀਆ ਵਿੱਚ ਆਉਣ ਨਾਲ ਰਾਜ਼, ਰਾਜ਼ ਨਾ ਰਿਹਾ ।               
              ਜਦ 1950 ਵਿੱਚ ਉਸ ਦੀ ਗੁੱਡੀ ਸਿਖ਼ਰਾਂ ‘ਤੇ ਸੀ ਤਾਂ,ਹੌਲੀਵੁੱਡ ਵਿੱਚ ਵੀ ਉਸ ਦੇ ਨਾਂਅ ਦੀ ਬਹੁਤ ਚਰਚਾ ਸੀ । ਅਮਰੀਕਾ ਤੋਂ ਛਪਦੇ ਵਿਸ਼ੇਸ਼ ਮੈਗ਼ਜ਼ੀਨ ‘ਥਿਏਟਰ ਆਰਟਸ’ ਵਿੱਚ ਪੂਰੇ ਪੇਜ਼’ ਤੇ ਛਪੀ ਮਧੂਬਾਲਾ ਦੀ ਤਸਵੀਰ ਸਮੇਤ ਆਰਟੀਕਲ ਛਪਿਆ । ਅਮਰੀਕੀ ਫ਼ਿਲਮ ਨਿਰਮਾਤਾ ਫ਼੍ਰੈਕ ਕਾਪਰਾ ਨੇ ਮਧੂਬਾਲਾ ਨੂੰ ਫ਼ਿਲਮ ਲਈ ਸਾਈਨ ਕਰਨ ਵਾਸਤੇ ਮੁੰਬਈ ਆ ਕੇ ਪ੍ਰਪੋਜ਼ਲ ਵੀ ਰੱਖੀ।ਪਰ ਮਧੂਬਾਲਾ ਦੇ ਪਿਤਾ ਨੇ ਇਨਕਾਰ ਕਰ ਦਿੱਤਾ । ਮਧੂ ਬਾਲਾ ਦੀ ਇਹ ਵੀ ਖ਼ਵਾਇਸ਼ ਸੀ ਕਿ ਜੇ ਇੱਕ ਦਿਨ ਮਰਨਾਂ ਹੀ ਹੈ ਤਾਂ ਮਾਂਗ ਵਿੱਚ ਸੰਧੂਰ ਪੁਆ ਕੇ ਹੀ ਮਰੇ । ਉਸਨੇ ਕਿਸ਼ੋਰ ਕੁਮਾਰ ਨਾਲ 1958 ਵਿੱਚ ਫ਼ਿਲਮ “ਚਲਤੀ ਕਾ ਨਾਮ ਗਾੜੀ” ਅਤੇ 1961 ਨੂੰ ਝੁਮਰੂ ਵਿੱਚ ਕੰਮ ਕੀਤਾ । ਇਕੱਠਿਆਂ ਨੇ ਕੁੱਝ ਹੋਰ ਫ਼ਿਲਮਾਂ ਵੀ ਕੀਤੀਆਂ। ਇਸ ਤਰ੍ਹਾਂ ਉਹ ਇੱਕ ਦੂਜੇ ਦੇ ਕਰੀਬ ਆ ਗਏ । ਕਿਸ਼ੋਰ ਦਾ ਪਹਿਲੀ ਪਤਨੀ ਰੂਮਾਂ ਗੁਹਾ ਠਾਕੁਰਤਾ (1950-1958) ਨਾਲੋ ਤਲਾਕ ਦਾ ਕੇਸ ਚੱਲ ਰਿਹਾ ਸੀ,ਜੋ ਜਲਦੀ ਖ਼ਤਮ ਹੋ ਗਿਆ । ਕਿਸ਼ੋਰ ਅਤੇ ਮਧੂ ਨੇ ਜਾਤੀ ਵਿਰੋਧਾਂ ਤੋਂ ਬੇਪ੍ਰਵਾਹ ਹੁੰਦਿਆਂ 16 ਨਵੰਬਰ 1960 ਨੂੰ ਨਿਕਾਹ ਕਰਵਾ ਲਿਆ ।
                     ਫ਼ਿਲਮ ‘ਮੁਗਲ-ਇ-ਆਜ਼ਮ’ ਵਿੱਚ ਅਨਾਰਕਲੀ ਵਜੋਂ ਨਿਭਾਈ ਭੂਮਿਕਾ ਅੱਜ ਵੀ ਤਰੋ-ਤਾਜਾ ਜਾਪਦੀ ਹੈ।ਇਸ ਫ਼ਿਲਮ ਨੂੰ ਐਨੀ ਅਹਿਮੀਅਤ ਹਾਸਲ ਹੈ ਕਿ ਇਸ ਨੂੰ ਹੁਣ ਰੰਗੀਨ ਬਣਾ ਕੇ ਦਰਸ਼ਕਾਂ ਲਈ ਫਿਰ ਤੋਂ ਪੇਸ਼ ਕੀਤਾ ਗਿਆ ਹੈ । ‘ਪਿਆਰ ਕੀਆ ਤੋ ਡਰਨਾਂ ਕਿਆ’ ਗੀਤ ‘ਤੇ ਨਾਚ ਕਰਨ ਲਈ ਮਧੂਬਾਲਾ ਨੇ ਡੇਢ ਸਾਲ ਅਭਿਆਸ ਕੀਤਾ ਅਤੇ ਇਸ ਵਿੱਚ ਰੂਹ ਭਰ ਵਿਖਾਈ । ਅਨਾਰਕਲੀ ਦੇ ਰੋਲ ਨੂੰ ਮਧੂਬਾਲਾ ਨੇ ਅਮਰ ਕਰ ਵਿਖਾਇਆ ਅਤੇ ਅਨਾਰਕਲੀ ਨੇ ਮਧੂਬਾਲਾ ਨੂੰ ਜ਼ਿੰਦਗੀ ਦਿੱਤੀ ।
                ਮਧੂਬਾਲਾ ਨੇ ਪ੍ਰਾਈਵੇਟ ਲਿਮਟਿਡ ਦੇ ਨਾਅ ਤਹਿਤ ਕੁੱਝ ਖ਼ਾਸ ਭੂਮਿਕਾਵਾਂ ਕਰਨ ਦੀ ਤਮੰਨਾ ਦਾ ਸਿਰ ਵੀ ਪਲੋਸਿਆ । ਉਸ ਨੇ 1949 ਵਿੱਚ ‘ਇਮਤਿਹਾਂਨ’ 1955 ਵਿੱਚ ‘ਨਾਤਾ’ ਅਤੇ 1960 ਵਿੱਚ ‘ਮਹਿਲੋਂ ਕੇ ਖ਼ਵਾਬ’ ਫ਼ਿਲਮ ਦਾ ਨਿਰਮਾਣ ਵੀ ਕੀਤਾ । ਮਧੂਬਾਲਾ ਨੇ ‘ਧੰਨਾ ਭਗਤ’(1945)ਅਤੇ ‘ਪੁਜਾਰੀ’(1946)ਵਿੱਚ ਗੀਤ ਵੀ ਗਾਏ ,ਜਿਹੜੇ ਕਿ ਬੇਬੀ ਮੁਮਤਾਜ ਉੱਤੇ ਹੀ ਫ਼ਿਲਮਾਏ ਗਏ ਸਨ । ਮਧੂਬਾਲਾ ਦੀਆਂ ਕੁੱਝ ਫ਼ਿਲਮਾਂ ਉਸ ਦੇ ਰੁਖ਼ਸਤ ਹੋਣ ਮਗਰੋਂ ਵੀ ਰਿਲੀਜ਼ ਹੋਈਆਂ ।
             
                        ਕਿਸ਼ੋਰ ਕੁਮਾਰ ਨਾਲ 9 ਸਾਲ ਤੱਕ ਹੀ ਸਾਥ ਨਿਭਾ ਸਕਣ ਵਾਲੀ ਮਧੂ ਬਾਲਾ ਨੂੰ 23 ਫਰਵਰੀ 1969 ਐਤਵਾਰ ਦੀ ਸਵੇਰ ਅਜਿਹਾ ਦਿਲ ਦਾ ਦੌਰਾ ਪਿਆ ਕਿ ਉਹ ਆਪਣੀ ਉਮਰ ਦੇ ਮਹਿਜ 36 ਬਸੰਤ ਵੇਖਣ ਉਪਰੰਤ ਹੀ ਸਦਾ ਦੀ ਨੀਂਦ ਸੌਂ ਗਈ । ਐਨੀ ਮਕਬੂਲੀਅਤ ਵਾਲੀ ਅਦਾਕਾਰਾ ,ਜਿਸ ਬਾਰੇ ਪਹਿਲਾਂ ਹੀ ਇਹ ਦੱਸ ਦਿੱਤਾ ਗਿਆ ਸੀ ਕਿ ਉਹ ਪਤਾ ਨਹੀਂ ਕਿਸ ਦਿਨ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਏ ,ਨੂੰ ਕੋਈ ਵੀ ਇਨਾਮ-ਸਨਮਾਨ ਨਾਂ ਦਿੱਤਾ ਗਿਆ । ਭਾਵੇਂ ਉਹਦੇ ਕਈ ਰੋਲ ਅਤੇ ਉਹਦੀਆਂ ਕਈ ਫ਼ਿਲਮਾਂ ਬਹੁਤ ਹਿੱਟ ਰਹੀਆਂ । ਜਿਉਂਦੇ ਜੀਅ ਉਹਦੀ ਇਹ ਸੱਧਰ ਖ਼ੁਦਕਸ਼ੀਆਂ ਕਰਦੀ ਰਹਿ ਗਈ ਅਤੇ ਉਸ ਦੇ ਨਾਲ ਹੀ ਦਫ਼ਨ ਹੋ ਗਈ । ਜਿਸਦਾ ਉਹਦੇ ਚਹੇਤਿਆਂ ਨੂੰ ਕੱਲ੍ਹ ਵੀ ਗਿਲਾ ਸੀ ,ਅੱਜ ਵੀ ਗਿਲਾ ਹੈ ਅਤੇ ਇਹ ਕੱਲ੍ਹ ਨੂੰ ਵੀ ਬਰਕਰਾਰ ਰਹੇਗਾ ।  
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232
             www.ranjitsinghpreet.com
             www.rpreet.blogspot.com
             www.rspreet.blogspot.com

Tuesday, February 21, 2012

ਹੁਸਨਪਰੀ –ਨੂਤਨ


                         ਹੁਸਨਪਰੀ –ਨੂਤਨ
                                                            ਰਣਜੀਤ ਸਿੰਘ ਪ੍ਰੀਤ
                 ਗੱਲ 1939 ਦੀ ਇੱਕ ਪਾਰਟੀ ਸਮੇ ਇਓਂ ਵਾਪਰੀ ਕਿ ਇੱਕ ਤਿੱਖੇ-ਨੈਣ ਨਕਸ਼ਾਂ ਵਾਲੀ ਛੋਟੀ ਜਿਹੀ ਲੜਕੀ ਸਟੇਜ ਉੱਤੇ ਕੁੱਝ ਗਾਉਂਣ ਲਈ ਆਈ । ਉਹ ਇੱਧਰ-ਉੱਧਰ ਇਕੱਠ ਵੇਖ ਕੇ ਚੁੱਪ ਰਹੀ । ਉਹਦੇ ਘਬਰਾਹਟ ਨਾਲ ਬੁੱਲ ਸੁੱਕ ਰਹੇ ਸਨ । ਪਰ ਸੰਗਦਿਆਂ ਸੰਗਦਿਆਂ ਉਸ ਤੋਂ ਕੁੱਝ ਵੀ ਗਾ ਨਾ ਹੋਇਆ । ਉਹ ਉਵੇਂ ਹੀ ਅੰਦਰ ਭੱਜ ਗਈ । ਫਿਰ ਨਵੀਂ ਡਰੈੱਸ ਪਾ ਕੇ ਆਈ ਅਤੇ ਡਾਨਸ ਕਰਨ ਲੱਗੀ । ਸਾਰੇ ਹੱਸਣ ਅਤੇ ਤਾੜੀਆਂ ਮਾਰਨ ਲੱਗੇ । ਫ਼ਿਲਮੀ ਜਗਤ ਵਿੱਚ ਮੀਲ ਪੱਥਰ ਕਾਇਮ ਕਰਨ ਵਾਲੀ ਇਹੀ ਲੜਕੀ “ਨੂਤਨ” ਸੀ । ਜੋ ਪਹਿਲਾਂ ਨੂਤਨ ਸਮਰੱਥ ਅਖਵਾਈ ਅਤੇ ਫਿਰ ਨੂਤਨ ਬਹਿਲ ,ਉਂਜ ਭਾਵੇਂ ਉਸਨੂੰ ਨੂਤਨ ਦੇ ਨਾਅ ਨਾਲ ਹੀ ਪੁਕਾਰਿਆ ਜਾਂਦਾ ਰਿਹਾ ।
                    ਇਸ ਸੁਬਕ-ਸੂਖ਼ਮ ਜਿਹੀ ਅਦਾਕਾਰਾ ਦਾ ਜਨਮ ਕਿਸੇ ਸਮੇ ਸੀਤਾ ਦਾ ਰੋਲ ਕਰਨ ਵਾਲੀ ਸ਼ੌਭਨਾ ਸਮਰੱਥ ਦੀ ਕੁੱਖੋਂ ,ਨਿਰਮਾਤਾ ਨਿਰਦੇਸਲਕ ਕੁਮਾਰ ਸੇਨ ਸਮਰੱਥ ਦੇ ਘਰ 4 ਜੂਨ 1936 ਨੂੰ ਹੋਇਆ । ਵਿਰਸੇ ਵਿੱਚੋਂ ਮਿਲੀ ਅਦਾਕਾਰੀ ਨੇ ਰੰਗ ਵਿਖਾਇਆ ਅਤੇ 1945 ਵਿੱਚ ਨੂਤਨ ਨੇ ਬਾਲ ਕਲਾਕਾਰਾ ਵਜੋਂ “ਨਲ-ਦਮਯੰਤੀ” ਵਿੱਚ ਪਹਿਲਾ ਰੋਲ ਕੀਤਾ । ਫਿਰ ਸ਼ੋਭਨਾ ਅਤੇ ਕੁਮਾਰ ਸੇਨ ਸਮਰੱਥ ਦੀ ਫਿਲਮ “ਹਮਾਰੀ ਬੇਟੀ “ (1950) ਵਿੱਚ ਕੀਤੀ, ਜਿਸ ਨਾਲ ਉਹਦੀ ਪਛਾਣ ਬਣੀ । ਇਸ ਤੋ ਮਗਰੋਂ ਜ਼ਿਆ ਸਰਹੱਦੀ ਦੀ ਕਹਾਣੀ “ਹਮ ਲੋਗ” ਵਿੱਚ ਜਦ ਮੁੱਖ ਭੂਮਿਕਾ ਨਿਭਾਈ ਤਾਂ ਉਦੋਂ ਉਹ 15 ਵਰ੍ਹਿਆਂ ਦੀ ਸੀ । ਇਸ ਦੌਰਾਂਨ ਅਜਿਹਾ ਵੀ ਵਾਪਰਿਆ ਕਿ ਨੂਤਨ ਦੇ ਮਾਂ ਪਿਓ ਵਿੱਚ ਅਨਬਣ ਹੋ ਗਈ ਅਤੇ ਕੁਮਾਰ ਸੇਨ ਤਿੰਨ ਧੀਆਂ ਅਤੇ ਇੱਕ ਪੁੱਤਰ ਨੂਤਨ,ਤਨੂਜਾ ਅਤੇ ਚਤੁਰਾ ਨੂੰ ਛੱਡ ਕਿ  ਤੁਰ ਗਏ । ਪਰ ਉਹਨਾਂ ਦੇ ਅੰਤ ਸਮੈ ਉਹਨਾਂ ਦੀ ਵੱਡੀ ਬੇਟੀ ਨੂਤਨ ਹੀ ਉਹਨਾਂ ਦੇ ਕੋਲ ਸੀ ।
              ਨੂਤਨ ਨੇ ਜਿੱਥੇ ਸਵਿੱਸ ਫ਼ਿਨਿਸ਼ਿੰਗ ਸਕੂਲ ਲਾ ਸੈਟੇਲਿਨੀ ਜੁਆਇਨ ਕਰਨ ਕਰਕੇ ,ਰੁਝੇਵਿਆਂ ਸਦਕਾ , ਭਰਪੂਰ ਰੁਝੇਵਿਆਂ ਵਾਲਾ ਫ਼ਿਲਮੀ ਕੈਰੀਅਰ ਹੀ ਛੱਡ ਦਿੱਤਾ ਸੀ । ਉੱਥੇ ਜਦ ਉਹ ਕਿਸ਼ੋਰ ਕੁਮਾਰ ਨਾਲ ਕੀਤੀ ਫ਼ਿਲਮ “ਦਿੱਲੀ ਕਾ ਠੱਗ” ਵਿੱਚ ਸਵਿੰਮ ਸੂਟ ਪਹਿਨਣ ਵਰਗਾ ਸਮਝੌਤਾ ਕਰਕੇ ਵਾਪਸ ਪਰਤੀ ਤਾਂ ਫ਼ਿਲਮੀ ਦੁਨੀਆਂ ਦੀਆਂ ਚੂਲਾਂ ਹਿਲਾਕੇ ਰੱਖ ਦਿੱਤੀਆਂ । ਇਸ ਅਦਾਕਾਰੀ ਦੇ ਭੂਚਾਲ ਝਟਕੇ ਫ਼ਿਲਮੀ ਨਗਰੀ ਨੂੰ ਕਰੰਟ ਵਾਂਗ ਲਗਦੇ ਰਹੇ ।
        ਜਿਸ ਲੜਕੀ ਨੂਤਨ ਨੂੰ ਉਸਦੀ ਮਾਂ “ਮੇਰਾ ਸੰਤ” ਕਹਿਕੇ ਬੁਲਾਉਂਦੀ ਸੀ, ਉਹ ਇੱਕ ਜਟਿਲ ਵਿਅਕਤੀਤਵ ਵਾਲੇ ਲੜਕੇ ਦੇ ਰੂਪ ਵਿੱਚ ਜੁਆਂਨ ਹੋਈ ਸੀ । ਜਿਸ ਦੇ ਹਾਵ-ਭਾਵ ਅਤੇ ਚਿਹਰੇ ਨੂੰ ਇੱਕ ਪੇਟਿੰਗ ਵਜੋਂ ਲਿਆ ਜਾਂਦਾ ਸੀ । ਇਸ ਵੱਲ ਰਿਸ਼ਤੇਦਾਰ ਵੀ ਬਹੁਤੀ ਤਵੱਜੋ ਨਹੀਂ ਸਨ ਦਿੰਦੇ । ਪਰ 1949 ਵਿੱਚ ਚੰਦੂ ਲਾਲ ਸ਼ਾਹ ਅਤੇ ਕੇ ਆਸਿਫ਼ ਨੇ ਜਦ ਉਸਨੂੰ ਰਾਜ ਕਪੂਰ ਅਤੇ ਦਲੀਪ ਕੁਮਾਰ ਨਾਲ ਮੁੱਖ ਅਦਾਕਾਰਾ ਵਜੌਂ ਲੈਣ ਦਾ ਐਲਾਨ ਕੀਤਾ,ਤਾਂ ਨੂਤਨ ਸਾਰੇ ਰਿਸ਼ਤੇਦਾਰਾਂ ਅਤੇ ਹੋਰਨਾਂ ਨੂੰ ਪਿਆਰੀ ਲੱਗਣ ਲੱਗੀ । ਪਰ ਬਦ- ਕਿਸਮਤੀ ਇਹ ਰਹੀ ਕਿ ਇਹ ਫ਼ਿਲਮ ਬਣ ਹੀ ਨਾ ਸਕੀ । ਸਨ 1950 ਵਿੱਚ ਜਦ ਉਹ ਮਿਸ ਇੰਡੀਆ ਬਣੀ ਤਾਂ ਉਸਦੀ ਖ਼ੂਬ ਚਰਚਾ ਹੋਈ ।
              ਨੂਤਨ ਨੇ ਫ਼ਿਲਮੀ ਕੈਰੀਅਰ ਦੌਰਾਂਨ ਕਰੀਬ 75 ਫ਼ਿਲਮਾਂ ਕੀਤੀਆਂ ,ਅਤੇ ਉਸ ਨੇ ਆਪਣੀ ਕਲਾ ਦੇ ਸਹਾਰੇ 40 ਸਾਲ ਫ਼ਿਲਮੀ ਜਗਤ ਨੂੰ ਆਪਣੇ ਨਾਲ ਜੋੜੀ ਰੱਖਿਆ । ਚਟਪਟੀ,ਅਤੇ ਗੰਭੀਰ ਅਦਾਕਾਰੀ ਨਾਲ ਦਰਸ਼ਕਾਂ ਦੀ ਚਹੇਤੀ ਬਣਨ ਵਾਲੀ ਨੂਤਨ ਦੀਆਂ ਹਰ ਸਾਲ ਕਰੀਬ ਤਿੰਨ-ਚਾਰ ਫ਼ਿਲਮਾਂ ਰਿਲੀਜ਼ ਹੁੰਦੀਆਂ ਰਹੀਆਂ । ਉਸ ਨੇ ਸ਼ਮੀ ਕਪੂਰ ਨਾਲ “ਲੈਲਾ ਮਜਨੂੰ ,ਪਰਦੀਪ ਨਾਲ “ਰਾਂਝਾ”, ਦੇਵਾ ਆਨੰਦ ਨਾਲ ਪੇਇੰਗ ਗੈਸਟ ਅਤੇ “ ਤੇਰੇ ਘਰ ਕੇ ਸਾਹਮਣੇ” ਵਰਗੀਆਂ ਫ਼ਿਲਮਾਂ ਵਿੱਚ ਵੱਖ਼ਰੀ ਕਿਸਮ ਦੇ ਰੋਲ ਕੀਤੇ । ਸੁਨੀਲ ਦੱਤ ਨਾਲ ਉਸ ਨੇ ਸਭ ਤੋਂ ਵੱਧ ਫ਼ਿਲਮਾਂ ਕੀਤੀਆਂ ,ਮਿਲਨ ਫ਼ਿਲਮ ਦਰਸ਼ਕਾਂ ਨੂੰ ਅੱਜ ਵੀ ਚੇਤੇ ਆਉਂਦੀ ਹੈ । ਨੂਤਨ ਨੇ”ਅਨਾੜੀ”“:ਛਲੀਆ”,ਕਨ੍ਹਈਆ”,”ਦਿਲ ਹੀ ਤੋ ਹੈ”,ਵਰਗੀਆਂ ਰੁਮਾਂਟਿਕ ਫ਼ਿਲਮਾਂ ਰਾਜ ਕਪੂਰ ਨਾਲ ਕੀਤੀਆਂ । ਅਮਿਤਾਬ ਬੱਚਨ ਨਾਲ ਫ਼ਿਲਮ “ਸੁਦਾਗਰ-1974”ਕੀਤੀ ।
                     ਦਲੀਪ ਕੁਮਾਰ ਨਾਲ ਉਹ ਜੋਬਨ ਰੁੱਤੇ ਚਾਹ ਕਿ ਵੀ ਕੋਈ ਫ਼ਿਲਮ ਨਾ ਕਰ ਸਕੀ । ਪਰ ਉਹਦੀ ਖਵਾਇਸ਼ ਰਤਾ ਕੁ ਵਡੇਰੀ ਉਮਰੇ ਪੂਰੀ ਹੋਈ । ਜਦ ਉਸ ਨੇ ਸੁਭਾਸ਼ ਘਈ ਦੀ ਫ਼ਿਲਮ “ਕਰਮਾਂ-1986” ਵਿੱਚ ਕੀਤੀ । ਮੁੰਬਈ ਬੰਦਰਗਾਹ ਉੱਤੇ ਫ਼ਿਲਮ “ਛਬੀਲੀ” ਦੀ ਸ਼ੂਟਿੰਗ ਸਮੇ ਨੂਤਨ ਦੇ ਸਬੰਧ ਜਲਸੈਨਾਂ ਦੇ ਲੈਫਟੀਨੈਂਟ ਰਜਨੀਸ਼ ਬਹਿਲ ਨਾਲ ਬਣੇ,ਜੋ 11 ਅਕਤੂਬਰ 1959 ਨੂੰ ਵਿਆਹ ਵਿੱਚ ਬਦਲ ਗਏ ਅਤੇ ਇਹਨਾਂ ਦੇ ਘਰ 1963 ਨੂੰ ਬੇਟੇ ਮੋਹਨੀਸ਼ ਬਹਿਲ ਦਾ ਜਨਮ ਹੋਇਆ । ਰਜਨੀਸ਼ ਬਹਿਲ ਨੇ ਹੀ “ਸੂਰਤ ਔਰ ਸੀਰਤ” ਨਿਰਦੇਸ਼ਤ ਕੀਤੀ । ਜਿਸ ਨੂੰ ਕੌਮਾਂਤਰੀ ਐਵਾਰੲਡ ਵੀ ਮਿਲਿਆ ਅਤੇ ਫ਼ਿਲਮ “ਕਸਤੂਰੀ ਨੂੰ ਕੌਮੀ ਐਵਾਰਡ । ਦਿੱਖ ਦੀ ਪ੍ਰਵਾਹ ਨਾ ਕਰਨ ਵਾਲੀ ਅਤੇ ਲੋਕੇਸ਼ਨ ਜਾਂ ਫ਼ਿਲਮ ਮੁਤਾਬਕ ਸੀਨ ਵਿੱਚ ਜਾਨ ਪਾਉਣ ਵਾਲੀ ਗੱਲ ਦੇ ਸਿਰ ਪਲੋਸਣ ਵਾਲੀ ਨੂਤਨ ਨੇ ਜਦ ਲਤਾ ਮੰਗੇਸ਼ਕਰ ਦੇ ਇੱਕ ਭਜਨ”ਮਨਮੋਹਨਾ ਬੜੇ ਝੂਠੇ” ਉੱਤੇ ਅਦਾਕਾਰੀ ਕੀਤੀ ,ਤਾਂ ਇਹ ਵੇਖ ਕੇ ਲਤਾ ਜੀ ਨੇ ਕਿਹਾ “ਇਹ ਸਿਰਫ਼ ਨੂਤਨ ਹੀ ਕਰ ਸਕਦੀ ਸੀ ।“ ਨੂਤਨ ਨੂੰ ਫ਼ਿਲਮ “ਸੀਮਾਂ-1956’, ਸੁਜਾਤਾ-1959,ਬੰਦਿਨੀ-1963,ਮਿਲਨ-1967,ਮੈ ਤੁਲਸੀ ਤੇਰੇ ਆਂਗਨ ਕੀ-1978 ਵਿਚਲੇ ਰੋਲ ਸਦਕਾ ਫ਼ਿਲਮ ਫ਼ੇਅਰ ਐਵਾਰਡ ਮਿਲੇ । “ਮੇਰੀ ਜੰਗ-1985 ਲਈ ਬੈਸਟ ਸਪੋਰਟਿੰਗ ਫ਼ਿਲਮ ਫ਼ੇਅਰ ਐਕਟਰੈੱਸ ਐਵਾਰਡ ਵੀ ਉਹਦੀ ਝੋਲੀ ਪਿਆ । “ਛਲੀਆ-1960,ਸੁਦਾਗਰ-1973,ਅਨੁਰਾਗ-1973, ਲਈ ਉਹਦੀ ਨੌਮੀਨੇਸ਼ਨ ਵੀ ਹੋਈ । ਬੀ ਐਫ਼ ਜੇ ਏ ਬੈਸਟ ਐਕਟਰੈੱਸ ਐਵਾਰਡ ਬੰਦਿਨੀ-1963,ਮਿਲਨ-1973,ਅਤੇ ਸੁਦਾਗਰ-1973 ਲਈ ਵੀ ਨੂਤਨ ਦੇ ਹੀ ਹਿੱਸੇ ਰਹੇ । ਭਾਰਤ ਸਰਕਾਰ ਨੇ ਪਦਮ ਸ਼੍ਰੀ ਐਵਾਰਡ 1974 ਵਿੱਚ ਦਿੱਤਾ ।
          ਨੂਤਨ ਨੇ 1990-91 ਵਿੱਚ ਦੂਰਦਰਸ਼ਨ ਦੇ ਸੀਰੀਅਲ “ਮੁਜਰਿਮ ਹਾਜ਼ਰ ਹੋ” ਵਿੱਚ ਕਾਲੀਗੰਜ ਦੀ ਪਤਨੀ ਵਜੋਂ ਯਾਦਗਾਰੀ ਨਾਚ ਪੇਸ਼ ਵੀ ਪੇਸ਼ ਕੀਤਾ । ਉਹਦੇ ਜਿਉਂਦੇ ਜੀਅ ਉਹਦੀ ਆਖ਼ਰੀ ਫ਼ਿਲਮ “ਕਾਨੂਂਨ ਆਪਨਾ ਆਪਨਾ-1989” ਵੱਚ ਰਿਲੀਜ਼ ਹੋਈ । ਫ਼ੇਫ਼ੜੇ ਦੇ ਕੈਂਸਰ ਨਾਲ ਪੀੜਤ ਨੂਤਨ ਨੂੰ  ਇਲਾਜ ਵੀ ਹੋਰ ਜ਼ਿੰਦਗੀ ਨਾ ਦੇ ਸਕਿਆ ਅਤੇ ਮਰਾਠੀ ਪਰਿਵਾਰ ਦੀ ਇਹ ਬੇਟੀ 21 ਫਰਵਰੀ 1991 ਨੂੰ 54 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਈ । ਉਸਦੇ ਸਦਾ ਲਈ ਰੁਖ਼ਸਤ ਹੋਣ ਮਗਰੋਂ ਉਸਦੀਆਂ ਦੋ ਫ਼ਿਲਮਾਂ “ਨਸੀਬਵਾਲਾ-1992 ,ਅਤੇ ਇਨਸਾਨੀਅਤ-1994 ਵਿੱਚ ਦਰਸਕਾਂ ਨੇ ਨਮ ਅੱਖਾਂ ਨਾਲ ,ਉਸ ਨੂੰ ਯਾਦ ਕਰਦਿਆਂ ਵੇਖੀਆਂ ।               

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232
             www.ranjitsinghpreet.com
             www.rpreet.blogspot.com
             www.rspreet.blogspot.com

Saturday, February 18, 2012

ਲੰਡਨ ਓਲੰਪਿਕ-2012 ਕੁਆਲੀਫ਼ਾਇੰਗ ਹਾਕੀ ਮੁਕਾਬਲਾ


     ਲੰਡਨ ਓਲੰਪਿਕ-2012 ਕੁਆਲੀਫ਼ਾਇੰਗ ਹਾਕੀ ਮੁਕਾਬਲਾ
                                                            ਰਣਜੀਤ ਸਿੰਘ ਪ੍ਰੀਤ
                                       ਲੰਡਨ ਓਲੰਪਿਕ -2012 ਲਈ ਹੁਣ ਤੱਕ ਪੁਰਸ਼ ਅਤੇ ਮਹਿਲਾ ਵਰਗ ਦੀਆਂ 9-9 ਟੀਮਾਂ ਕੁਆਲੀਫ਼ਾਈ ਕਰ ਚੁੱਕੀਆਂ ਹਨ । ਦੋਹਾਂ ਵਰਗਾਂ ਲਈ 3-3 ਟੀਮਾਂ ਨੇ 16 ਫਰਵਰੀ ਤੋਂ 6 ਮਈ 2012 ਤੱਕ ਖੇਡੇ ਜਾਣ ਵਾਲੇ ਤਿੰਨ ਮੁਕਾਬਲਿਆਂ ਵਿੱਚੋਂ ਕੁਆਲੀਫ਼ਾਈ ਕਰਨਾਂ ਹੈ । ਦੱਖਣੀ ਅਫ਼ਰੀਕਾ ਦੀ ਮਹਿਲਾ ਟੀਮ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ,ਪਰ ਉਸ ਵੱਲੋਂ ਕੁਆਲੀਫਾਈ ਗੇੜ ਰਾਹੀਂ ਪ੍ਰਵੇਸ਼ ਪਾਉਂਣ ਦੀ ਗੱਲ ਆਖਣ ਨਾਲ  ਅਰਜਨਟੀਨਾ ਨੂੰ ਸਿੱਧਾ ਦਾਖ਼ਲਾ ਮਿਲ ਗਿਆ ਹੈ । ਤਿੰਨ ਕੁਆਲੀਫਾਈ ਮੁਕਾਬਲਿਆਂ ਵਿੱਚ 18-18 ਟੀਮਾਂ ਨੇ 6-6 ਦੇ ਹਿਸਾਬ ਨਾਲ ਸ਼ਿਰਕਤ ਕਰਨੀ ਹੈ । ਇਸ ਤਰ੍ਹਾਂ 3 ਮਹਿਲਾ ਟੀਮਾਂ,ਅਤੇ 3 ਪੁਰਸ਼ ਟੀਮਾਂ ਜੇਤੂ ਰਹਿ ਕਿ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ । ਪੁਰਸ਼ ਅਤੇ ਮਹਿਲਾ ਵਰਗ ਦਾ ਪਹਿਲਾ ਗੇੜ ਭਾਰਤ ਦੇ ਮੇਜਰ ਧਿਆਂਨ ਚੰਦ ਨੈਸ਼ਨਲ ਸਟੇਡੀਅਮ ਵਿੱਚ 18 ਤੋਂ 26 ਫ਼ਰਵਰੀ ਤੱਕ,ਖੇਡਿਆ ਜਾਣਾ ਹੈ । ਜਿਸ ਵਿੱਚ ਵਿਸ਼ਵ ਹਾਕੀ ਰੈਕਿੰਗ 'ਚ 10ਵੇਂ ਸਥਾਨ ਦੀ ਭਾਰਤੀ ਟੀਮ ਨੇ, ਕੈਨੇਡਾ, ਫਰਾਂਸ,ਪੋਲੈਂਡ,ਸਿੰਗਾਪੁਰ,ਅਤੇ ਇਟਲੀ ਨਾਲ ਖੇਡਦਿਆਂ, ਪੁਰਸ਼ ਵਰਗ ਵਿੱਚੋਂ ਜੇਤੂ ਹੋ ਕੇ ਕੁਆਲੀਫ਼ਾਈ ਕਰਨਾਂ ਹੈ। ਸਾਨੂੰ ਉਹ ਵੀ ਦੁਖਦਾਈ ਪਲ ਯਾਦ ਹਨ, ਜਦੋਂ ਸਿਡਨੀ ਓਲੰਪਿਕ ਸਮੇ ਇਸ ਓਲੰਪਿਕ ਕੁਆਫ਼ਾਇਰ ਮੁਕਾਬਲੇ ਵਿੱਚ ਖੇਡ ਰਹੀ ਪੋਲੈਂਡ ਟੀਮ ਨੇ ਸੈਮੀਫਾਈਨਲ ਦੇ ਬਹੁਤ ਕਰੀਬ ਪਹੁੰਚੀ  ਭਾਰਤੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ । ਇਸ ਤੋਂ ਬਿਨਾ ਦੂਜੀਆਂ ਟੀਮਾਂ ਦੀ ਜੋ ਵਿਸ਼ਵ ਪੱਧਰ 'ਤੇ ਕਾਰਗੁਜ਼ਾਰੀ ਵੇਖੀ ਪਰਖ਼ੀ ਗਈ ਹੈ, ਉਸ ਅਨੁਸਾਰ ਕੋਈ ਵੀ ਟੀਮ ਭਾਰਤ ਲਈ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ। ਕੁਝ ਚਿਰ ਪਹਿਲਾਂ ਚੈਂਪੀਅਨਜ਼ ਚੈਲੰਜ ਟੂਰਨਾਮੈਂਟ 'ਚ ਛੁਪੇ ਰੁਸਤਮ ਬੈਲਜ਼ੀਅਮ ਨੇ ਜਿਸ ਤਰ੍ਹਾਂ ਭਾਰਤ ਨੂੰ ਲੀਗ ਮੈਚ 'ਚ 3-3 ਦੀ ਬਰਾਬਰੀ ਤੇ ਰੋਕਿਆ,ਉੱਥੇ ਫਿਰ ਫਾਈਨਲ ਮੈਚ ਦੇ ਆਖਰੀ ਪਲਾਂ ਵਿਚ ਜਿੱਤ ਹਾਸਲ ਕਰਕੇ ਅਗਲੇ ਵਰ੍ਹੇ ਦੀ ਚੈਂਪੀਅਨਜ਼ ਟਰਾਫੀ ਖੇਡਣ ਤੋਂ ਵੀ ਵਾਂਝਾ ਕਰ ਦਿੱਤਾ । ਓਲੰਪਿਕ ਲਈ ਕੁਆਲੀਫਾਈ ਕਰਨ ਲਈ ਇਵੇਂ ਹੀ ਮਹਿਲਾ ਵਰਗ ਵਿੱਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ,ਇਟਲੀ, ਕੈਨੇਡਾ, ਯੂਕਰੇਨ, ਪੋਲੈਂਡ ਨਾਲ ਜ਼ੋਰ ਅਜ਼ਮਾਈ ਕਰਨੀ ਹੈ ।
                             ਪੁਰਸ਼ਵਰਗ ਦਾ ਦੂਜਾ ਗੇੜ ਡਬਲਿਨ (ਆਇਰਲੈਂਡ) ਵਿੱਚ 10 ਤੋਂ 18 ਮਾਰਚ ਤੱਕ,ਅਤੇ ਮਹਿਲਾ ਵਰਗ ਦਾ ਦੂਜਾ ਗੇੜ ਬੀਰਸਚੌਟ (ਬੈਲਜੀਅਮ) ਵਿੱਚ 17 ਤੋਂ 25 ਮਾਰਚ ਤੱਕ ਹੋਣਾ ਹੈ। ਜਦੋਂ ਕਿ ਤੀਜਾ ਅਤੇ ਆਖ਼ਰੀ ਪੁਰਸ਼,ਮਹਿਲਾ ਵਰਗ ਦਾ ਕੁਆਲੀਫ਼ਾਈ ਗੇੜ ਮੁਕਾਬਲਾ ਕਾਕਾਮਿਗਾਹਰਾ (ਜਪਾਨ) ਵਿੱਚ 25 ਅਪ੍ਰੈਲ ਤੋਂ 6 ਮਈ 2012 ਤੱਕ ਖੇਡਿਆ ਜਾਣਾ ਹੈ । ਭਾਰਤ ਨੂੰ ਪਿਛਲੇ ਕੁੱਝ ਓਲੰਪਿਕ ਮੁਕਾਬਲਿਆਂ ਲਈ ਨਮੋਸ਼ੀ ਭਰਿਆ ਕੁਆਲੀਫ਼ਾਈ ਮੁਕਾਬਲਾ ਖੇਡਣਾ ਪੈ ਰਿਹਾ ਹੈ। ਜਦੋਂ ਕਿ ਬਹੁਤੇ ਮੁਲਕ ਸਿੱਧੇ ਤੌਰ ‘ਤੇ ਹੀ ਕੁਆਲੀਫ਼ਾਈ ਕਰ ਜਾਂਦੇ ਹਨ। ਕੌਣ ਭੁਲਾ ਸਕਦਾ ਹੈ 9 ਮਾਰਚ, 2008 ਦਾ ਉਹ ਮਨਹੂਸ ਦਿਨ ਜਦੋਂ ਸੈਂਟਿਆਗੋ (ਚਿੱਲੀ) ਵਿਖੇ ਖੇਡੇ ਜਾਣ ਵਾਲੇ ਬੀਜਿੰਗ ਉਲੰਪਿਕਸ-2008 ਲਈ, ਕੁਆਲੀਫਾਈ ਮੁਕਾਬਲੇ ਦੇ ਫਾਈਨਲ ਵਿੱਚ ਭਾਰਤੀ ਟੀਮ  ਬ੍ਰਿਟੇਨ ਤੋਂ  2-0 ਨਾਲ ਹਾਰ ਕੇ ਉਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਉਲੰਪਿਕ ਤੱਕ ਅਪੜਨ ਤੋਂ ਵਾਂਝੀ ਰਹਿ ਗਈ ਸੀ । ਵਿਸ਼ਵ ਹਾਕੀ ਇਤਿਹਾਸ ਦੇ ਅੰਕੜੇ ਗਵਾਹ ਹਨ ਕਿ ਭਾਰਤ ਅਜੇ ਤੱਕ ਕਦੇ ਵੀ ਵਿਸ਼ਪ ਕੱਪ ਕੁਆਲੀਫਾਇਰ ਜਾਂ ਉਲੰਪਿਕਸ ਕੁਆਲੀਫਾਇਰ ਮੁਕਾਬਲਾ ਨਹੀਂ ਜਿੱਤ ਸਕਿਆ ਹੈ। ਗੱਲ 1991 'ਚ ਆਕਲੈਂਡ (ਨਿਊਜ਼ੀਲੈਂਡ) ਵਿਖੇ ਖੇਡੇ ਜਾਣ ਵਾਲੇ ਉਲੰਪਿਕ ਕੁਆਲੀਫਾਇਰ ਮੁਕਾਬਲੇ ਤੋਂ ਸ਼ੁਰੂ ਕਰਦੇ ਹਾਂ । ਜਿੱਥੇ ਭਾਰਤ ਫਾਈਨਲ ਹਾਰ ਕੇ ਦੂਜੇ ਸਥਾਨ 'ਤੇ ਰਿਹਾ ਸੀ। ਬਾਰਸੀਲੋਨਾ (ਸਪੇਨ) ਵਿਖੇ 1995 'ਚ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਸਮੇ ਵੀ ਭਾਰਤ ਦਾ ਦੂਜਾ ਸਥਾਨ ਸੀ ਅਤੇ 2003 'ਚ ਏਥਨਜ਼ ਉਲੰਪਿਕ ਲਈ ਕੁਆਲੀਫਾਇਰ ਟੂਰਨਾਮੈਂਟ 'ਚ ਮੈਡਰਿਡ (ਸਪੇਨ) ਵਿਖੇ ਭਾਰਤ ਚੌਥੇ ਸਥਾਨ 'ਤੇ ਹੀ ਰਹਿ ਸਕਿਆ ਸੀ। ਪਰ ਉਦੋਂ ਕੁਆਲੀਫਾਇਰ ਟੂਰਨਾਮੈਂਟ ਦਾ ਫਾਰਮਿਟ ਕੁਝ ਵੱਖਰੀ ਤਰ੍ਹਾਂ ਦਾ ਸੀ। ਇਸ ਲਈ ਏਸ਼ੀਅਨ ਖੇਡਾਂ 'ਚ ਚੰਗੀ ਕਾਰਗੁਜ਼ਾਰੀ ਨਾ ਦਿਖਾ ਕੇ ਵੀ ਭਾਰਤ ਉਲੰਪਿਕ ਹਾਕੀ ਲਈ ਕੁਆਲੀਫਾਈ ਕਰ ਜਾਂਦਾ ਰਿਹਾ ਹੈ । ਪਰ ਮੌਜੂਦਾ ਸਮੇਂ ਉਲੰਪਿਕ ਕੁਆਲੀਫਾਇਰ ਟੂਰਨਾਮੈਂਟ ਦਾ ਜੋ ਫਾਰਮਿਟ ਹੈ, ਉਸ ਅਨੁਸਾਰ ਇਸ ਵਾਰੀ ਦੇ ਕੁਆਲੀਫ਼ਾਈ ਗੇੜ ਵਿੱਚ ਵੀ ਕਈ ਚੁਣੌਤੀਆਂ ਮੌਜੂਦ ਹਨ । ਭਾਰਤੀ ਟੀਮ ਤੋਂ ਇਹ ਤਾਂ ਉਮੀਦਾਂ ਲਗਦੀਆਂ ਹਨ ਕਿ ਉਹ ਇਸ ਕੁਆਲੀਫਾਇਰ ਟੂਰਨਾਮੈਂਟ ਦੇ ਫਾਈਨਲ ਵਿਚ ਤਾਂ ਪਹੁੰਚ ਸਕਦੀ ਹੈ । ਪਰ ਇਸ ਟੂਰਨਾਮੈਂਟ 'ਚ ਚੈਂਪੀਅਨ ਬਣ ਕੇ ਉਲੰਪਿਕਸ ਲਈ ਟਿਕਟ ਕਟਾਉਣੀ ਸੌਖੀ ਨਹੀਂ ਹੈ । ਆਪਣੀ ਮੇਜ਼ਬਾਨੀ ਅਧੀਨ   ਆਪਣੇ ਹੀ ਦੇਸ਼ ਵਾਸੀਆਂ ਦੇ ਵੱਡੇ ਇਕੱਠ ਸਾਹਮਣੇ, ਤਾੜੀਆਂ ਦੀ ਗੂੰਜ , ਉਤਸ਼ਾਹਿਤ ਅਤੇ ਪ੍ਰੇਰਿਤ ਕਰਦੇ ਉੱਚੇ-ਉੱਚੇ ਨਾਅਰਿਆਂ ਨਾਲ ਲਬਰੇਜ਼ ਖੇਡ ਮੈਦਾਨ ਦੀ ਫਿਜ਼ਾ 'ਚ ਕੌਣ ਚਾਹੇਗਾ ਕਿ ਉਹ ਚੈਂਪੀਅਨ ਨਾ ਬਣ ਸਕੇ ? ਪਰ ਫਾਈਨਲ ਜਿੱਤਣ ਦਾ ਘਰੇਲੂ ਮੈਦਾਨ ਵਿੱਚ ਮਨੋਵਿਗਿਆਨਕ ਦਬਾਅ ਵੀ ਵੱਖਰਾ ਹੁੰਦਾ ਹੈ। ਘਰੇਲੂ ਮੈਦਾਨ 'ਚ ਹਾਰਨ ਦੀ ਨਮੋਸ਼ੀ ਦਾ ਵੀ ਖਿਡਾਰੀਆਂ 'ਤੇ ਬਹੁਤ ਜ਼ਿਆਦਾ ਮਾਨਸਿਕ ਦਬਾਅ ਬਣਿਆਂ ਰਹਿੰਦਾ ਹੈ। ਬੀਜਿੰਗ ਉਲੰਪਿਕਸ 'ਚੋਂ ਬਾਹਰ ਰਹਿਣ ਦੀ ਨਮੋਸ਼ੀ ਦਾ ਅਹਿਸਾਸ ਅਤੇ ਹੁਣ ਲੰਡਨ ਉਲੰਪਿਕਸ 'ਚ ਇਹ ਫਾਈਨਲ ਮੈਚ ਹਾਰ ਕੇ ਬਾਹਰ ਹੋਣ ਦਾ ਡਰ 70 ਮਿੰਟਾਂ ਦੇ ਫਾਈਨਲ ਵਿੱਚ ਮਨੋਵਿਗਿਆਨਕ ਅਸਰ ਹੰਢਾਉਂਣਾਂ ਵੀ ਸੌਖਾ ਨਹੀਂ ਹੈ। ਇਹ  ਉਲੰਪਿਕ ਹਾਕੀ ਦੇ ਬਾਦਸ਼ਾਹ  ਲਈ ਵੱਡੇ ਵੱਕਾਰ ਦਾ ਸਬੱਬ ਵੀ ਹੋਵੇਗਾ। ਹਾਕੀ ਸੰਸਥਾਵਾਂ ਦੀ ਖਿੱਚੋਤਾਣ ਦਰਮਿਆਂਨ ਹੁਣ ਭਰਤ ਸ਼ੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੀ ਕਾਰਗੁਜ਼ਾਰੀ ਵੇਖਣ ਦਾ ਮੌਕਾ ਵੀ ਮਿਲੇਗਾ । ਅਜਿਹੀ ਖਿਚੋਤਾਣ ਸਦਕਾ ਹੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਹੀ ਨਹੀਂ ਸੀ ਖੁੱਸੀ,ਸਗੋਂ ਮੇਜ਼ਬਾਨ ਵਜੋਂ ਟਰਾਫ਼ੀ ਖੇਡਣ ਤੋਂ ਵੀ ਭਾਰਤੀ ਟੀਮ ਖੁੰਜ ਗਈ ਸੀ,ਅਤੇ ਬੈਲਜੀਅਮ ਤੋਂ ਹਾਰਨ ਕਰਕੇ ਇਸ ਸਾਲ ਦੀ ਟਰਾਫ਼ੀ ਤੋਂ ਵੀ ਬਾਹਰ ਹੋ ਗਿਆ ਹੈ ।
 ਓਲੰਪਿਕ ਕੁਆਲੀਫਾਈ ਮੁਕਾਬਲੇ ਵਿੱਚ ਕਿਸ ਟੀਮ ਨੇ ,ਕਿਸ ਟੀਮ ਨਾਲ,ਕਿਸ ਤਾਰੀਖ਼ ਨੂੰ ਕਿੰਨੇ ਵਜੇ ਮੈਚ ਖੇਡਣਾਂ ਹੈ,ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ:-
ਪੁਰਸ਼ ਵਰਗ:
18 ਫਰਵਰੀ: ਕੈਨੇਡਾ ਬਨਾਮ ਇਟਲੀ(2 ਵਜੇ),ਫ਼ਰਾਂਸ- ਪੋਲੈਂਡ(4 ਵਜੇ),ਭਾਰਤ-ਸਿੰਗਾਪੁਰ(8 ਵਜੇ),
19 ਫਰਵਰੀ: ਪੋਲੈਂਡ-ਕੈਨੇਡਾ(12 ਵਜੇ), ਸਿੰਗਾਪੁਰ -ਫ਼ਰਾਂਸ(4 ਵਜੇ),ਭਾਰਤ- ਇਟਲੀ (8 ਵਜੇ),
21 ਫਰਵਰੀ: ਸਿੰਗਾਪੁਰ -ਕੈਨੇਡਾ(2 ਵਜੇ),ਪੋਲੈਂਡ- ਇਟਲੀ (4ਵਜੇ),ਭਾਰਤ-ਫਰਾਂਸ(8 ਵਜੇ),
22 ਫਰਵਰੀ: ਸਿੰਗਾਪੁਰ -ਪੋਲੈਂਡ(12 ਵਜੇ),ਫਰਾਂਸ- ਇਟਲੀ (4 ਵਜੇ),ਭਾਰਤ-ਕੈਨੇਡਾ(8 ਵਜੇ),
24 ਫਰਵਰੀ: ਇਟਲੀ - ਸਿੰਗਾਪੁਰ (2 ਵਜੇ),ਫਰਾਂਸ-ਕੈਨੇਡਾ(4 ਵਜੇ),ਭਾਰਤ-ਪੋਲੈਂਡ(8 ਵਜੇ),
26 ਫਰਵਰੀ;ਕਲਾਸੀਫਿਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ 5ਵੇਂ,6ਵੇਂ ਸਥਾਨ ਲਈ ਮੈਚ(3 ਵਜੇ),ਵਿਚਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(5.30 ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਿਆਂਨ ਓਲੰਪਿਕ ਕੁਆਲੀਫਾਈ ਕਰਨ ਵਾਲਾ ਮੈਚ(ਰਾਤ 8 ਵਜੇ),।  

ਮਹਿਲਾ ਵਰਗ:-
18 ਫਰਵਰੀ;ਦੱਖਣੀ ਅਫ਼ਰੀਕਾ ਬਨਾਮ ਪੋਲੈਂਡ(10 ਵਜੇ),ਇਟਲੀ-ਕੈਨੇਡਾ(12 ਵਜੇ),ਭਾਰਤ-ਯੂਕਰੇਨ(6 ਵਜੇ),
19 ਫਰਵਰੀ: ਇਟਲੀ- ਪੋਲੈਂਡ(10 ਵਜੇ),ਦੱਖਣੀ ਅਫਰੀਕਾ-ਯੂਕਰੇਨ(2 ਵਜੇ),ਭਾਰਤ-ਕੈਨੇਡਾ(6 ਵਜੇ),
21 ਫਰਵਰੀ: ਕੈਨੇਡਾ-ਯੂਕਰੇਨ(10 ਵਜੇ),ਇਟਲੀ-ਦੱਖਣੀ ਅਫਰੀਕਾ(12 ਵਜੇ),ਪੋਲੈਂਡ-ਭਾਰਤ(6 ਵਜੇ),
22 ਫਰਵਰੀ: ਯੂਕਰੇਨ-ਇਟਲੀ(10 ਵਜੇ),ਕੈਨੇਡਾ-ਪੋਲੈਂਡ(2 ਵਜੇ),ਭਾਰਤ-ਦੱਖਣੀ ਅਫਰੀਕਾ(6 ਵਜੇ),
24 ਫਰਵਰੀ:ਦੱਖਣੀ ਅਫਰੀਕਾ-ਕੈਨੇਡਾ(10 ਵਜੇ),ਯੂਕਰੇਨ-ਪੋਲੈਂਡ(12 ਵਜੇ),
ਇਟਲੀ-ਭਾਰਤ(6 ਵਜੇ),
26 ਫਰਵਰੀ;ਕਲਾਸੀਫਿਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ 5 ਵੇਂ,6 ਵੇਂ ਸਥਾਨ ਲਈ ਮੈਚ(3 ਵਜੇ),ਵਿਚਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(5.30 ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਿਆਂਨ ਓਲੰਪਿਕ ਕੁਆਲੀਫਾਈ ਕਰਨ ਵਾਲਾ ਮੈਚ(ਰਾਤ 8 ਵਜੇ),।  
                        **********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Friday, February 10, 2012


     ਅਰਜਨਟੀਨਾਂ ਬਣਿਆਂ ਮਹਿਲਾ ਹਾਕੀ ਚੈਂਪੀਅਨਜ਼ ਟਰਾਫ਼ੀ ਚੈਂਪੀਅਨ
                                               ਰਣਜੀਤ ਸਿੰਘ ਪ੍ਰੀਤ
                         ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿੱਚ 20ਵੀਂ ਮਹਿਲਾ ਚੈਂਪੀਅਨਜ਼ ਟਰਾਫ਼ੀ 28 ਜਨਵਰੀ ਤੋਂ 5 ਫਰਵਰੀ ਤੱਕ ਖੇਡੀ ਗਈ । ਜਿਸ ਵਿੱਚ ਸ਼ਾਮਲ ਹੋਈਆਂ 8 ਟੀਮਾਂ ਨੂੰ ਪੂਲ ਏ:ਹਾਲੈਂਡ,ਇੰਗਲੈਂਡ,ਚੀਨ ,ਜਪਾਨ,ਅਤੇ ਪੂਲ ਬੀ ਜਰਮਨੀ,ਦੱਖਣੀ ਕੋਰੀਆ,ਨਿਊਜ਼ੀਲੈਂਡ,ਅਰਜਨਟੀਨਾ ਅਨੁਸਾਰ ਵੰਡਿਆ ਗਿਆ ਸੀ । ਇਸ ਵਰਗ ਦਾ ਪਹਿਲਾ ਮੁਕਾਬਲਾ 1987 ਵਿੱਚ ਹਾਲੈਂਡ ਨੇ ਐਮਸਤਲਵੀਨ ਵਿੱਚ ਆਸਟਰੇਲੀਆ ਨੂੰ ਹਰਾਕੇ ਜਿੱਤਿਆ ਸੀ । ਸਨ 2011 ਦਾ 19ਵਾਂ ਮੁਕਾਬਲਾ ਵੀ ਹਾਲੈਂਡ ਨੇ ਆਪਣੀ ਹੀ ਮੇਜ਼ਬਾਨੀ ਅਧੀਨ ਐਮਸਟਰਡਮ ਵਿੱਚ ਅਰਜਨਟੀਨਾ ਨੂੰ 3-3 ਨਾਲ ਬਰਾਬਰ ਰਹਿਣ ਮਗਰੋਂ, ਪਨੈਲਟੀ ਸਟਰੌਕ ਜ਼ਰੀਏ 3-2 ਨਾਲ ਹਰਾਕੇ ਜਿੱਤਿਆ । ਅਗਲਾ 21ਵਾਂ ਮੁਕਾਬਲਾ 2014 ਨੁੰ ਭਾਰਤ ਵਿੱਚ ਹੋਣਾ ਹੈ । ਹੁਣ ਤੱਕ 7 ਮੁਲਕ ਹੀ ਫਾਈਨਲ ਖੇਡੇ ਹਨ । ਹਾਲੈਂਡ-ਆਸਟਰੇਲੀਆ ਨੇ 10-10 ਫਾਈਨਲ ਖੇਡ ਕੇ 6-6 ਜਿੱਤਾਂ ਹਾਸਲ ਕੀਤੀਆਂ ਹਨ,ਪਰ 8 ਵਾਰੀ ਤੀਜਾ ਸਥਾਨ ਲੈਣ ਕਰਕੇ ਹਾਲੈਂਡ ਸਿਖ਼ਰ’ਤੇ ਹੈ । ਆਸਟਰੇਲੀਆ ਨੇ 2 ਵਾਰ ਤੀਜਾ ਅਤੇ 3 ਵਾਰ ਚੌਥਾ ਸਥਾਨ ਲਿਆ ਹੈ । ਅਰਜਨਟੀਨਾਂ ਨੇ 8 ਫਾਈਨਲ ਖੇਡੇ ਹਨ,5 ਵਾਰੀ ਖ਼ਿਤਾਬ ਜੇਤੂ ਬਣਿਆਂ ਹੈ । ਤਿੰਨ ਵਾਰੀ ਦੂਜੀ ਅਤੇ ਇੱਕ ਵਾਰੀ ਤੀਜੀ ਪੁਜ਼ੀਸ਼ਨ ਮੱਲੀ ਹੈ । ਜਰਮਨੀ ਨੇ 6,ਚੀਨ ਨੇ 3 ਅਤੇ ਦੱਖਣੀ ਕੋਰੀਆ ਨੇ 2, ਫਾਈਨਲ ਖੇਡ ਕੇ ਇੱਕ-ਇੱਕ ਹੀ ਜਿੱਤਿਆ ਹੈ । ਇੰਗਲੈਂਡ ਨੇ 5 ਫਰਵਰੀ ਨੂੰ  ਇੱਕ ਫਾਈਨਲ ਖੇਡ ਕੇ ,ਉਹੀ ਅਰਜਨਟੀਨਾ ਤੋਂ 1-0 ਨਾਲ ਹਾਰਿਆ ਹੈ । ਪਰ ਫਾਈਨਲ ਖੇਡਣ ਵਾਲੇ 7 ਵੇਂ ਮੁਲਕ ਵਜੋਂ ਆਪਣਾ ਨਾਂ ਦਰਜ ਕਰਵਾਉਣ ਵਿੱਚ ਸਫ਼ਲ ਰਿਹਾ ਹੈ ।
                      ਲੰਡਨ ਓਲੰਪਿਕ ਤੋਂ ਪਹਿਲਾਂ ਦਾ ਇਹ ਅਹਿਮ ਮੁਕਾਬਲਾ ਸੀ,ਜਿਸ ਦਾ ਮੁਢਲਾ ਰਾਊਂਡ ਰੌਬਿਨ ਗੇੜ 28 ਜਨਵਰੀ ਤੋਂ 31 ਜਨਵਰੀ ਤੱਕ ਚੱਲਿਆ । ਜਦੋਂ ਕਿ 2 ਫਰਵਰੀ ਤੋਂ 5 ਫਰਵਰੀ ਤੱਕ ਨਾਕ-ਆਊਟ ਗੇੜ ਖੇਡਿਆ ਗਿਆ । ਕੁੱਲ ਮਿਲਾਕੇ ਖੇਡੇ ਗਏ 24 ਮੈਚਾਂ ਵਿੱਚ 110 ਗੋਲ ਹੋਏ । ਦੋਹਾਂ ਗਰੁੱਪਾਂ ਵਿੱਚੋਂ 2-2 ਦੇ ਹਿਸਾਬ ਨਾਲ ਰੋਜ਼ਾਨਾ 4-4 ਮੈਚ ਖੇਡੇ ਗਏ । ਜਨਵਰੀ 30,ਪਹਿਲੀ ਫਰਵਰੀ ਅਤੇ 4 ਨੂੰ ਅਰਾਮ ਦੇ ਦਿਨ ਸਨ ।  ਉਦਘਾਟਨੀ ਮੈਚ ਹਾਲੈਂਡ ਅਤੇ ਚੀਨ ਦਰਮਿਆਂਨ ਹੋਇਆ ,ਜੋ 3-1 ਨਾਲ ਹਾਲੈਂਡ ਦੇ ਹਿੱਸੇ ਰਿਹਾ । ਪੂਲ ਏ ਵਿੱਚ ਹਾਲੈਂਡ ਦੀ ਟੀਮ 2 ਜਿੱਤਾਂ, ਇੱਕ ਬਰਾਬਰੀ ਸਦਕਾ 9 ਗੋਲ ਕਰਕੇ ,4 ਕਰਵਾਕੇ +5 ਦੇ ਗਣਿਤ ਅਨੁਸਾਰ 7 ਅੰਕਾਂ ਨਾਲ ਸ਼ਿਖਰ’ਤੇ ਰਹੀ । ਏਸੇ ਹੀ ਜਿੱਤਾਂ – ਹਾਰਾਂ ਦੇ ਹਿਸਾਬ ਨਾਲ 7 ਅੰਕ ਲੈ ਕੇ ਇੰਗਲੈਂਡ ਟੀਮ ਦੂਜੇ ਸਥਾਨ ’ਤੇ ਰਹੀ । ਫ਼ਰਕ ਸਿਰਫ਼ ਇਹ ਰਿਹਾ ਕਿ ਇਸ ਨੇ 8 ਗੋਲ ਕੀਤੇ ਅਤੇ 3 ਗੋਲ ਕਰਵਾਏ । ਚੀਨਣਾਂ ਨੇ ਇੱਕ ਮੈਚ ਜਿੱਤ ਕੇ 3 ਅੰਕ ਲਏ,ਜਦੋਂ ਕਿ ਜਪਾਨ ਦੀ ਟੀਮ ਕੋਈ ਵੀ ਮੈਚ ਨਾ ਜਿੱਤ ਸਕੀ,ਅਤੇ ਨਾ ਹੀ ਉਸਦੀ ਝੋਲੀ ਕੋਈ ਅੰਕ ਪਿਆ ।
                       ਪੂਲ ਬੀ ਵਿੱਚ ਪਹਿਲਾ ਮੈਚ ਜਰਮਨੀ ਨੇ ਕੋਰੀਆ ਨੂੰ 4-2 ਨਾਲ ਹਰਾ ਕੇ ਜਿੱਤਿਆ । ਪਰ ਏਸੇ ਹੀ ਗੋਲ ਅੰਤਰ ਨਾਲ ਅਰਜਨਟੀਨਾਂ ਤੋਂ ਹਾਰ ਦਾ ਦੁੱਖ ਝੱਲਿਆ । ਪਰ ਫਿਰ ਵੀ 2 ਜਿੱਤਾਂ ਇੱਕ ਹਾਰ ਸਦਕਾ ਜਰਮਨੀ 9 ਗੋਲ ਕਰਕੇ,7 ਕਰਵਾਕੇ ,+2 ਅਨੁਸਾਰ 6 ਅੰਕਾਂ ਨਾਲ ਪੂਲ ਵਿੱਚੋਂ ਟਾਪਰ ਬਣਿਆਂ । ਅਰਜਨਟੀਨਾਂ ਇੱਕ ਮੈਚ ਜਿੱਤ ਕੇ,2 ਬਰਾਬਰ ਖੇਡਕੇ,8 ਗੋਲ ਕਰਕੇ 6 ਕਰਵਾਕੇ ,+2 ਮੁਤਾਬਕ 5 ਅੰਕਾਂ ਨਾਲ ਪੂਲ ਵਿੱਚੋਂ ਦੋਮ ਰਿਹਾ । ਕੋਰੀਆ,ਨਿਊਜ਼ੀਲੈਂਡ ਨੇ 2-2 ਬਰਾਬਰੀਆਂ ,1-1 ਹਾਰ ਨਾਲ ,-2,-2 ਗੋਲ ਅੰਤਰ ਤਹਿਤ 2-2 ਅੰਕ ਹੀ ਹਾਸਲ ਕੀਤੇ । ਪਰ ਕੋਰੀਆ ਦਾ 6 ਗੋਲ ਕਰਨ , 8 ਕਰਵਾਉਂਣ ਨਾਲ ਪੂਲ ਵਿੱਚ ਤੀਜਾ ਸਥਾਨ ਰਿਹਾ । ਜਦੋਂ ਕਿ ਨਿਊਜ਼ੀਲੈਂਡ ਦੇ ਗੋਲਾਂ ਦਾ ਹਿਸਾਬ-ਕਿਤਾਬ 5,7 ਰਿਹਾ ।
              ਪਹਿਲੇ ਰਾਊਂਡ ਰੌਬਿਨ ਦੌਰ ਦੇ ਮੈਚਾਂ ਮਗਰੋਂ 2 ਫਰਵਰੀ ਤੋਂ ਨਾਕ ਆਊਟ ਗੇੜ (ਕੁਆਰਟਰ ਫਾਈਨਲ) ਸ਼ੁਰੂ ਹੋਇਆ ਅਤੇ 4 ਮੈਚ ਖੇਡੇ ਗਏ । ਹਾਲੈਂਡ ਨੇ ਨਿਊਜ਼ੀਲੈਂਡ ਨੂੰ 3-0 ਨਾਲ,ਜਰਮਨੀ ਨੇ ਜਪਾਨ ਨੂੰ 3-2 ਨਾਲ,ਇੰਗਲੈਂਡ ਨੇ ਕੋਰੀਆ ਨੂੰ 4-1 ਨਾਲ,ਅਤੇ ਮੇਜ਼ਬਾਨ ਅਰਜਨਟੀਨਾ ਨੇ ਚੀਨ ਨੂੰ 3-2 ਨਾਲ ਸ਼ਿਕੱਸ਼ਤ ਦਿੰਦਿਆ ,ਕਦਮ ਅੱਗੇ ਵਧਾਏ । ਇਸ ਗੇੜ ਵਿੱਚੋਂ ਹਾਰੀਆਂ 4 ਟੀਮਾਂ ਨੇ 3 ਫਰਵਰੀ ਨੂੰ ਦੋ ਕਰਾਸਓਵਰ ਮੈਚ ਖੇਡੇ,ਜਿਨ੍ਹਾਂ ਵਿੱਚ ਜਪਾਨ ਨੇ ਕੋਰੀਆ ਨੂੰ 4-3 ਨਾਲ,ਅਤੇ ਨਿਊਜ਼ੀਲੈਂਡ ਨੇ ਚੀਨ ਨੂੰ 3-2 ਨਾਲ ਮਾਤ ਦਿੱਤੀ । ਇਹਨਾਂ ਦੋਹਾਂ ਮੈਚਾਂ ਦਾ ਫ਼ੈਸਲਾ ਗੋਲਡਨ ਗੋਲ ਜ਼ਰੀਏ ਹੋਇਆ । ਕੁਆਰਟਰ ਫਾਈਨਲ ਦੀਆਂ ਜੇਤੂ ਟੀਮਾਂ ਨੇ 4 ਫਰਵਰੀ ਨੂੰ ਸੈਮੀਫਾਈਨਲ ਮੈਚ ਖੇਡੇ । ਜਿਨ੍ਹਾਂ ਵਿੱਚ ਇੰਗਲੈਂਡ ਨੇ ਜਰਮਨੀ ਨੂੰ 2-0 ਨਾਲ,ਅਰਜਨਟੀਨਾਂ ਨੇ ਹਾਲੈਂਡ ਨੂੰ 2-2 ‘ਤੇ ਬਰਾਬਰ ਰਹਿਣ ਮਗਰੋਂ ,ਪਨੈਲਟੀ ਸ਼ੂਟ ਆਊਟ ਰਾਹੀਂ 2-0 ਨਾਲ ਹਰਾ ਕੇ ਫਾਈਨਲ ਪ੍ਰਵੇਸ਼ ਪਾਇਆ ।
                                ਵੀਹਵੀਂ ਚੈਂਪੀਅਨਜ਼ ਟਰਾਫ਼ੀ ਦੇ ਅਖ਼ੀਰਲੇ ਦਿਨ 5 ਫਰਵਰੀ ਨੂੰ ਵੀ 4 ਮੈਚ ਹੀ ਖੇਡੇ ਗਏ । ਸੱਤਵੇਂ ਅੱਠਵੇਂ ਸਥਾਨ ਲਈ ਚੀਨ ਅਤੇ ਕੋਰੀਆ ਦਾ ਮੈਚ 3-3 ਨਾਲ ਬਰਾਬਰ ਰਹਿਣ’ਤੇ ਪਨੈਲਟੀ ਸ਼ੂਟ ਆਊਟ ਰਾਹੀਂ 3-2 ਨਾਲ ਕੋਰੀਆ ਦੇ ਹਿੱਸੇ ਰਿਹਾ । ਪੰਜਵੇਂ ਸਥਾਨ ਲਈ ਜਪਾਨ ਨੇ ਨਿਊਜ਼ੀਲੈਂਡ ਨੂੰ 4-3 ਨਾਲ ਮਾਤ ਦਿੱਤੀ । ਤੀਜੀ ਪੁਜ਼ੀਸ਼ਨ ਹਾਲੈਂਡ ਨੇ ਜਰਮਨੀ ਨੂੰ 5-4 ਨਾਲ ਹਰਾਕੇ ਹਾਸਲ ਕੀਤੀ । ਟਰਾਫ਼ੀ ਦਾ ਇਹੀ ਉੱਚ ਮੈਚ ਸਕੋਰ ਰਿਹਾ । ਫਾਈਨਲ ਵਿੱਚ ਅਰਜਨਟੀਨਾਂ ਨੇ ਪਹਿਲੀ ਵਾਰੀ ਫਾਈਨਲ ਤੱਕ ਅਪੜੇ ਇੰਗਲੈਂਡ ਨੂੰ 1-0 ਨਾਲ ਸ਼ਿਕੱਸ਼ਤ ਦਿੰਦਿਆਂ ਪੰਜਵੀ ਵਾਰ ਖ਼ਿਤਾਬ ਉੱਤੇ ਕਬਜ਼ਾ ਕਰਕੇ ਜਿੱਤ ਦਾ ਜਸ਼ਨ ਮਨਾਇਆ । ਟਰਾਫ਼ੀ ਦੀ ਵਧੀਆ ਖਿਡਾਰਨ ਅਰਜਨਟੀਨਾਂ ਦੀ ਲੂਸੀਆਨਾ ਆਇਮਰ,ਏਸੇ ਮੁਲਕ ਦੀ ਵਧੀਆ ਗੋਲ ਕੀਪਰ ਬਿਲਿਨ ਸੂਕੀ ਅਖਵਾਈ । ਫ਼ੇਅਰ ਪਲੇਅ ਟਰਾਫ਼ੀ ਜਰਮਨੀ ਨੇ ਜਿੱਤੀ । ਜਦੋਂ ਕਿ ਇੰਗਲੈਂਡ ਦੀ ਕਰਿਸਟਾ ਕੁਲਿਨ,ਜਪਾਨ ਦੀ ਰਿਕਾ ਕੋਮਾਜ਼ਾਵਾ,ਅਤੇ ਕੋਰੀਆ ਦੀ ਲੀ ਸਿਓਨ ਓਕ 5-5 ਗੋਲ ਕਰਕੇ ਟਾਪ ਸਕੋਰਰ ਰਹੀਆਂ । ਪਰ ਹੁਣ ਤੱਕ ਦੇ ਚੈਂਪੀਅਨਜ਼ ਟਰਾਫ਼ੀ ਇਤਿਹਾਸ ਵਿੱਚ ਕੋਰੀਆ ਦੀ ਲਿਮ ਕਿਏ ਸੂਕ ਨੇ 8 ਗੋਲ,ਅਤੇ ਆਸਟਰੇਲੀਆ ਦੀ ਜੈਕੀ ਪਰੀਰਿਆ 7 ਗੋਲ ਕਰਨ ਕਰਕੇ ਸ਼ਿਖ਼ਰਲੀ ਪਾਇਦਾਨ ਉੱਤੇ ਕਾਇਮ ਹਨ ।
                            ***********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232